ਪਰਿਵਾਰ ਦੀ ਮਦਦ ਲਈ | ਮਾਪੇ
ਆਪਣੇ ਬੱਚਿਆਂ ਨੂੰ ਬੁਰੀਆਂ ਖ਼ਬਰਾਂ ਦੇ ਅਸਰ ਤੋਂ ਬਚਾਓ
ਟੀ. ਵੀ., ਫ਼ੋਨ, ਟੈਬਲੇਟ ਅਤੇ ਕੰਪਿਊਟਰ ʼਤੇ ਪਰੇਸ਼ਾਨ ਕਰਨ ਵਾਲੀਆਂ ਖ਼ਬਰਾਂ ਦੀ ਭਰਮਾਰ ਹੈ। ਇਨ੍ਹਾਂ ਖ਼ਬਰਾਂ ਦੀਆਂ ਦਿਲ-ਦਹਿਲਾਉਣ ਵਾਲੀਆਂ ਵੀਡੀਓ ਵੀ ਦਿਖਾਈਆਂ ਜਾਂਦੀਆਂ ਹਨ।
ਬੱਚੇ ਵੀ ਇਹ ਖ਼ਬਰਾਂ ਦੇਖਦੇ ਹਨ।
ਤੁਸੀਂ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹੋ ਤਾਂਕਿ ਉਹ ਬੁਰੀਆਂ ਖ਼ਬਰਾਂ ਸੁਣ ਕੇ ਪਰੇਸ਼ਾਨ ਨਾ ਹੋ ਜਾਣ?
ਬੱਚਿਆਂ ʼਤੇ ਖ਼ਬਰਾਂ ਦਾ ਕੀ ਅਸਰ ਪੈਂਦਾ ਹੈ?
ਬਹੁਤ ਸਾਰੇ ਬੱਚੇ ਬੁਰੀਆਂ ਖ਼ਬਰਾਂ ਦੇਖ ਕੇ ਪਰੇਸ਼ਾਨ ਹੋ ਜਾਂਦੇ ਹਨ। ਸ਼ਾਇਦ ਕੁਝ ਬੱਚੇ ਆਪਣੇ ਦਿਲ ਦੀ ਭਾਵਨਾਵਾਂ ਖੁੱਲ੍ਹ ਕੇ ਨਾ ਦੱਸਣ, ਪਰ ਯਾਦ ਰੱਖੋ ਕਿ ਬੁਰੀਆਂ ਖ਼ਬਰਾਂ ਦਾ ਉਨ੍ਹਾਂ ਦੇ ਦਿਲ-ਦਿਮਾਗ਼ ʼਤੇ ਡੂੰਘਾ ਅਸਰ ਪੈਂਦਾ ਹੈ। a ਉਹ ਉਦੋਂ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਨ ਜਦੋਂ ਉਨ੍ਹਾਂ ਦੇ ਮਾਪੇ ਹੱਦੋਂ ਵੱਧ ਚਿੰਤਾ ਕਰਦੇ ਹਨ।
ਸ਼ਾਇਦ ਬੱਚੇ ਖ਼ਬਰਾਂ ਦਾ ਗ਼ਲਤ ਮਤਲਬ ਕੱਢ ਲੈਣ। ਮਿਸਾਲ ਲਈ, ਕੁਝ ਬੱਚੇ ਖ਼ਬਰਾਂ ਵਿਚ ਜੋ ਦੇਖਦੇ ਹਨ, ਉਹ ਸੋਚਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨਾਲ ਵੀ ਇੱਦਾਂ ਹੀ ਹੋਵੇਗਾ। ਨਾਲੇ ਜਦੋਂ ਛੋਟੇ ਬੱਚੇ ਕਿਸੇ ਘਟਨਾ ਦੀ ਵੀਡੀਓ ਵਾਰ-ਵਾਰ ਦੇਖਦੇ ਹਨ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਘਟਨਾ ਵਾਰ-ਵਾਰ ਵਾਪਰ ਰਹੀ ਹੈ।
ਬੱਚੇ ਸ਼ਾਇਦ ਨਾ ਸਮਝਣ ਕਿ ਖ਼ਬਰਾਂ ਵਿਚ ਕਿਸੇ ਘਟਨਾ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੂੰ ਸ਼ਾਇਦ ਅਹਿਸਾਸ ਨਾ ਹੋਵੇ ਕਿ ਨਿਊਜ਼ ਚੈਨਲ ਇਕ ਕਾਰੋਬਾਰ ਹੈ। ਜਿੰਨੇ ਜ਼ਿਆਦਾ ਲੋਕ ਇਨ੍ਹਾਂ ਚੈਨਲਾਂ ʼਤੇ ਖ਼ਬਰਾਂ ਸੁਣਦੇ ਹਨ, ਇਨ੍ਹਾਂ ਚੈਨਲਾਂ ਨੂੰ ਉੱਨਾ ਹੀ ਫ਼ਾਇਦਾ ਹੁੰਦਾ ਹੈ। ਇਸ ਲਈ ਨਿਊਜ਼ ਚੈਨਲ ਵਾਲੇ ਮਸਾਲੇ ਲਾ ਕੇ ਖ਼ਬਰਾਂ ਪੇਸ਼ ਕਰਦੇ ਹਨ।
ਤੁਸੀਂ ਆਪਣੇ ਬੱਚਿਆਂ ਨੂੰ ਬੁਰੀਆਂ ਖ਼ਬਰਾਂ ਦੇ ਅਸਰ ਤੋਂ ਕਿਵੇਂ ਬਚਾ ਸਕਦੇ ਹੋ?
ਆਪਣੇ ਬੱਚਿਆਂ ਨੂੰ ਪਰੇਸ਼ਾਨ ਕਰਨ ਵਾਲੀਆਂ ਖ਼ਬਰਾਂ ਜ਼ਿਆਦਾ ਨਾ ਦੇਖਣ ਦਿਓ। ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਡੇ ਬੱਚਿਆਂ ਨੂੰ ਪਤਾ ਨਹੀਂ ਹੋਣਾ ਚਾਹੀਦਾ ਕਿ ਦੁਨੀਆਂ ਵਿਚ ਕੀ ਹੋ ਰਿਹਾ ਹੈ। ਪਰ ਜਦੋਂ ਉਹ ਵਾਰ-ਵਾਰ ਪਰੇਸ਼ਾਨ ਕਰਨ ਵਾਲੀਆਂ ਖ਼ਬਰਾਂ ਸੁਣਦੇ ਜਾਂ ਦੇਖਦੇ ਹਨ, ਤਾਂ ਉਨ੍ਹਾਂ ਨੂੰ ਇਸ ਦਾ ਨੁਕਸਾਨ ਹੁੰਦਾ ਹੈ।
“ਕਈ ਵਾਰ ਜਦੋਂ ਅਸੀਂ ਕਿਸੇ ਖ਼ਬਰ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਾਂ, ਤਾਂ ਸਾਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਇਸ ਦਾ ਸਾਡੇ ਬੱਚਿਆਂ ʼਤੇ ਕਿੰਨਾ ਮਾੜਾ ਅਸਰ ਪੈਂਦਾ ਹੈ।”–ਮਾਰੀਆ।
ਬਾਈਬਲ ਦਾ ਅਸੂਲ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ।”—ਕਹਾਉਤਾਂ 12:25.
ਧੀਰਜ ਨਾਲ ਸੁਣੋ ਅਤੇ ਪਿਆਰ ਨਾਲ ਜਵਾਬ ਦਿਓ। ਜੇ ਤੁਹਾਡੇ ਬੱਚਿਆਂ ਲਈ ਕਿਸੇ ਘਟਨਾ ਬਾਰੇ ਗੱਲ ਕਰਨੀ ਔਖੀ ਹੈ, ਤਾਂ ਉਨ੍ਹਾਂ ਨੂੰ ਕਹੋ ਕਿ ਉਹ ਇਸ ਬਾਰੇ ਗੱਲ ਕਰਨ ਦੀ ਬਜਾਇ ਇਸ ਘਟਨਾ ਬਾਰੇ ਕੋਈ ਤਸਵੀਰ ਬਣਾਉਣ। ਆਪਣੇ ਬੱਚਿਆਂ ਨਾਲ ਗੱਲ ਕਰਦਿਆਂ ਆਸਾਨ ਸ਼ਬਦ ਵਰਤੋ, ਪਰ ਘਟਨਾ ਬਾਰੇ ਜ਼ਿਆਦਾ ਗੱਲ ਨਾ ਕਰੋ।
“ਸਾਡੀ ਕੁੜੀ ਨੂੰ ਉਦੋਂ ਬਹੁਤ ਵਧੀਆ ਲੱਗਦਾ ਹੈ ਜਦੋਂ ਅਸੀਂ ਉਸ ਦੀ ਗੱਲ ਸੁਣਦੇ ਹਾਂ। ਪਰ ਉਸ ਨੂੰ ਇਹ ਕਹਿਣਾ ਹੀ ਕਾਫ਼ੀ ਨਹੀਂ ਹੁੰਦਾ, ‘ਹਾਦਸੇ ਤਾਂ ਹੁੰਦੇ ਹੀ ਰਹਿੰਦੇ। ਸਾਨੂੰ ਇਨ੍ਹਾਂ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ।’”—ਸੇਰਾਹੀ।
ਬਾਈਬਲ ਦਾ ਅਸੂਲ: “ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ।”—ਯਾਕੂਬ 1:19.
ਬੱਚਿਆਂ ਨੂੰ ਸਮਝਾਓ ਕਿ ਖ਼ਬਰਾਂ ਵਿਚ ਕਿਸੇ ਘਟਨਾ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾਂਦਾ ਹੈ। ਮਿਸਾਲ ਲਈ, ਅਗਵਾ ਹੋਣ ਦੀ ਖ਼ਬਰ ਇਸ ਤਰ੍ਹਾਂ ਪੇਸ਼ ਕੀਤੀ ਜਾਂਦੀ ਹੈ ਜਿਵੇਂ ਅਜਿਹੀਆਂ ਵਾਰਦਾਤਾਂ ਆਏ ਦਿਨ ਵਾਪਰਦੀਆਂ ਹੋਣ। ਆਪਣੇ ਬੱਚਿਆਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਦੀ ਸੁਰੱਖਿਆ ਲਈ ਕਿਹੜੇ ਕਦਮ ਚੁੱਕੇ ਹਨ। ਨਾਲੇ ਯਾਦ ਰੱਖੋ ਕਿ ਖ਼ਬਰਾਂ ਵਿਚ ਉਨ੍ਹਾਂ ਘਟਨਾਵਾਂ ਬਾਰੇ ਹੀ ਦੱਸਿਆ ਜਾਂਦਾ ਹੈ ਜੋ ਘੱਟ ਹੀ ਵਾਪਰਦੀਆਂ ਹਨ।
“ਜੇ ਤੁਹਾਡੇ ਬੱਚੇ ਡਰੇ-ਸਹਿਮੇ ਹੋਏ ਹਨ, ਤਾਂ ਉਨ੍ਹਾਂ ਦਾ ਡਰ ਦੂਰ ਕਰਨ ਦੀ ਕੋਸ਼ਿਸ਼ ਕਰੋ। ਬੁਰੀਆਂ ਗੱਲਾਂ ਸੋਚਣ ਦੀ ਬਜਾਇ ਚੰਗੀਆਂ ਗੱਲਾਂ ʼਤੇ ਧਿਆਨ ਲਾਉਣ ਵਿਚ ਉਨ੍ਹਾਂ ਦੀ ਮਦਦ ਕਰੋ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਵਧੀਆ ਲੱਗੇਗਾ।”—ਲੋਰਡ।
ਬਾਈਬਲ ਦਾ ਅਸੂਲ: “ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੁੱਲ੍ਹਾਂ ਨੂੰ ਗਿਆਨ ਦਿੰਦਾ ਹੈ।”—ਕਹਾਉਤਾਂ 16:23.
a ਇਨ੍ਹਾਂ ਗੱਲਾਂ ਬਾਰੇ ਚਿੰਤਾ ਕਰਨ ਕਰਕੇ ਛੋਟੇ ਬੱਚੇ ਸ਼ਾਇਦ ਰਾਤ ਨੂੰ ਬਿਸਤਰੇ ʼਤੇ ਪਿਸ਼ਾਬ ਕਰਨ ਲੱਗ ਪੈਣ ਜਾਂ ਸਕੂਲ ਜਾਣ ਅਤੇ ਆਪਣੇ ਮਾਪਿਆਂ ਤੋਂ ਦੂਰ ਜਾਣ ਤੋਂ ਡਰਨ।