ਇਹ ਕਿਸ ਦਾ ਕਮਾਲ ਹੈ?
ਕੈਬੇਜ ਵਾਈਟ ਤਿਤਲੀ ਦਾ ਤਿਕੋਣਾ ਪੋਜ਼
ਇਕ ਤਿਤਲੀ ਉੱਡਣ ਤੋਂ ਪਹਿਲਾਂ ਆਪਣੇ ਖੰਭਾਂ ਵਿਚਲੀਆਂ ਮਾਸ-ਪੇਸ਼ੀਆਂ ਨੂੰ ਗਰਮ ਕਰਨ ਲਈ ਸੂਰਜ ਦੇ ਨਿੱਘ ’ਤੇ ਨਿਰਭਰ ਕਰਦੀ ਹੈ। ਪਰ ਬੱਦਲਵਾਈ ਵਾਲੇ ਦਿਨਾਂ ਦੌਰਾਨ ਇਹ ਤਿਤਲੀ ਦੂਸਰੀਆਂ ਤਿਤਲੀਆਂ ਨਾਲੋਂ ਪਹਿਲਾਂ ਉਡਾਣ ਭਰ ਲੈਂਦੀ ਹੈ। ਇਸ ਦਾ ਕੀ ਕਾਰਨ ਹੈ?
ਜ਼ਰਾ ਸੋਚੋ: ਉੱਡਣ ਤੋਂ ਪਹਿਲਾਂ ਤਰ੍ਹਾਂ-ਤਰ੍ਹਾਂ ਦੀਆਂ ਤਿਤਲੀਆਂ ਆਪਣੇ ਖੰਭ ਜੋੜ ਕੇ ਜਾਂ ਇਨ੍ਹਾਂ ਨੂੰ ਖੁੱਲ੍ਹੇ ਰੱਖ ਕੇ ਧੁੱਪ ਸੇਕਦੀਆਂ ਹਨ। ਪਰ ਕੈਬੇਜ ਵਾਈਟ ਤਿਤਲੀ ਤਿਕੋਣਾ ਪੋਜ਼ ਬਣਾ ਕੇ ਧੁੱਪ ਸੇਕਦੀ ਹੈ। ਖੋਜ ਤੋਂ ਪਤਾ ਲੱਗਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸੇਕ ਲੈਣ ਲਈ ਤਿਤਲੀ ਨੂੰ ਹਰ ਖੰਭ ਲਗਭਗ 17 ਡਿਗਰੀ ਦੇ ਕੋਣ ’ਤੇ ਰੱਖਣ ਦੀ ਲੋੜ ਹੁੰਦੀ ਹੈ। ਇਸ ਪੋਜ਼ ਕਰਕੇ ਸੂਰਜ ਦੀ ਊਰਜਾ ਉਸ ਦੇ ਖੰਭਾਂ ਵਿਚਲੀਆਂ ਮਾਸ-ਪੇਸ਼ੀਆਂ ਨੂੰ ਉਡਾਣ ਭਰਨ ਲਈ ਗਰਮ ਕਰਦੀ ਹੈ।
ਇੰਗਲੈਂਡ ਦੀ ਐਕਸੀਟਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਜਾਂਚ-ਪੜਤਾਲ ਕੀਤੀ ਕਿ ਕੈਬੇਜ ਵਾਈਟ ਤਿਤਲੀ ਦੇ ਤਿਕੋਣੇ ਪੋਜ਼ ਦੀ ਨਕਲ ਕਰਦਿਆਂ ਉਹ ਸੋਲਰ ਪੈਨਲਾਂ ਨੂੰ ਹੋਰ ਵਧੀਆ ਕਿਵੇਂ ਬਣਾ ਸਕਦੇ ਸਨ। ਇਸ ਤਰ੍ਹਾਂ ਕਰ ਕੇ ਉਹ ਲਗਭਗ 50 ਪ੍ਰਤਿਸ਼ਤ ਜ਼ਿਆਦਾ ਬਿਜਲੀ ਪੈਦਾ ਕਰ ਸਕੇ।
ਖੋਜਕਾਰਾਂ ਨੇ ਇਹ ਵੀ ਦੇਖਿਆ ਕਿ ਤਿਤਲੀ ਦੇ ਖੰਭ ਬਹੁਤ ਲਿਸ਼ਕਦੇ ਹਨ। ਤਿਤਲੀ ਦੇ ਤਿਕੋਣੇ ਪੋਜ਼ ਅਤੇ ਲਿਸ਼ਕਦੇ ਖੰਭਾਂ ਦੀ ਨਕਲ ਕਰਦਿਆਂ ਖੋਜਕਾਰਾਂ ਨੇ ਹਲਕੇ ਅਤੇ ਹੋਰ ਵਧੀਆ ਸੋਲਰ ਪੈਨਲ ਬਣਾਏ ਹਨ। ਇਸ ਕਰਕੇ ਇਨ੍ਹਾਂ ਖੋਜਕਾਰਾਂ ਵਿੱਚੋਂ ਪ੍ਰੋਫ਼ੈਸਰ ਰਿਚਰਡ ਨਾਂ ਦੇ ਖੋਜਕਾਰ ਨੇ ਕੈਬੇਜ ਵਾਈਟ ਤਿਤਲੀ ਨੂੰ “ਸੂਰਜ ਦੀ ਊਰਜਾ ਜਮ੍ਹਾ ਕਰਨ ਵਿਚ ਮਾਹਰ” ਕਿਹਾ।
ਤੁਹਾਡਾ ਕੀ ਖ਼ਿਆਲ ਹੈ? ਕੀ ਕੈਬੇਜ ਵਾਈਟ ਤਿਤਲੀ ਦਾ ਤਿਕੋਣਾ ਪੋਜ਼ ਵਿਕਾਸਵਾਦ ਦਾ ਨਤੀਜਾ ਹੈ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ?