ਕੀ ਸਾਰੇ ਧਰਮ ਇੱਕੋ ਜਿਹੇ ਹਨ? ਕੀ ਇਹ ਸਾਰੇ ਰੱਬ ਨੂੰ ਮਨਜ਼ੂਰ ਹਨ?
ਬਾਈਬਲ ਕਹਿੰਦੀ ਹੈ
ਨਹੀਂ। ਸਾਰੇ ਧਰਮ ਇੱਕੋ ਜਿਹੇ ਨਹੀਂ ਹਨ। ਬਾਈਬਲ ਵਿਚ ਅਜਿਹੇ ਕਈ ਧਰਮਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਰੱਬ ਨੂੰ ਮਨਜ਼ੂਰ ਨਹੀਂ ਹਨ। ਇਹ ਧਰਮ ਦੋ ਤਰ੍ਹਾਂ ਦੇ ਹੁੰਦੇ ਹਨ।
1: ਝੂਠੇ ਈਸ਼ਵਰਾਂ ਦੀ ਭਗਤੀ ਕਰਨ ਵਾਲੇ
ਬਾਈਬਲ ਵਿਚ ਝੂਠੇ ਈਸ਼ਵਰਾਂ ਦੀ ਭਗਤੀ ਕਰਨ ਨੂੰ “ਵਿਅਰਥ ਅਤੇ ਬੇਕਾਰ” ਕਿਹਾ ਗਿਆ ਹੈ। (ਯਿਰਮਿਯਾਹ 10:3-5; 16:19, 20) ਯਹੋਵਾਹ a ਪਰਮੇਸ਼ੁਰ ਨੇ ਪੁਰਾਣੇ ਜ਼ਮਾਨੇ ਵਿਚ ਇਜ਼ਰਾਈਲ ਕੌਮ ਨੂੰ ਹੁਕਮ ਦਿੱਤਾ ਸੀ: ‘ਮੇਰੇ ਤੋਂ ਇਲਾਵਾ ਤੁਹਾਡਾ ਕੋਈ ਹੋਰ ਈਸ਼ਵਰ ਨਾ ਹੋਵੇ।’ (ਕੂਚ 20:3, 23; 23:24) ਜਦੋਂ ਇਜ਼ਰਾਈਲੀਆਂ ਨੇ ਦੂਸਰੇ ਈਸ਼ਵਰਾਂ ਦੀ ਭਗਤੀ ਕੀਤੀ, ਤਾਂ ‘ਯਹੋਵਾਹ ਦਾ ਗੁੱਸਾ ਭੜਕ ਉੱਠਿਆ।’—ਗਿਣਤੀ 25:3; ਲੇਵੀਆਂ 20:2; ਨਿਆਈਆਂ 2:13, 14.
ਰੱਬ ਬਦਲਿਆ ਨਹੀਂ ਹੈ। ਅੱਜ ਵੀ ਬਹੁਤ ਸਾਰੇ “ਈਸ਼ਵਰ” ਮੰਨੇ ਜਾਂਦੇ ਹਨ, ਪਰ ਯਹੋਵਾਹ ਉਨ੍ਹਾਂ ਦੀ ਭਗਤੀ ਬਾਰੇ ਅਜੇ ਵੀ ਉਸੇ ਤਰ੍ਹਾਂ ਮਹਿਸੂਸ ਕਰਦਾ ਹੈ। (1 ਕੁਰਿੰਥੀਆਂ 8:5, 6; ਗਲਾਤੀਆਂ 4:8) ਜਿਹੜੇ ਲੋਕ ਸੱਚੇ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੁੰਦੇ ਹਨ, ਉਹ ਉਨ੍ਹਾਂ ਨੂੰ ਹੁਕਮ ਦਿੰਦਾ ਹੈ ਕਿ ਉਹ ਉਨ੍ਹਾਂ ਧਰਮਾਂ ਤੋਂ ਨਾਤਾ ਤੋੜ ਲੈਣ ਜੋ ਗ਼ਲਤ ਸਿੱਖਿਆ ਦਿੰਦੇ ਹਨ। ਉਹ ਕਹਿੰਦਾ ਹੈ: “ਉਨ੍ਹਾਂ ਵਿੱਚੋਂ ਨਿਕਲ ਆਓ ਅਤੇ ਆਪਣੇ ਆਪ ਨੂੰ ਵੱਖ ਕਰੋ।” (2 ਕੁਰਿੰਥੀਆਂ 6:14-17) ਜ਼ਰਾ ਸੋਚੋ, ਜੇ ਸਾਰੇ ਧਰਮ ਇੱਕੋ ਜਿਹੇ ਹਨ ਅਤੇ ਰੱਬ ਨੂੰ ਮਨਜ਼ੂਰ ਹਨ, ਤਾਂ ਫਿਰ ਰੱਬ ਨੇ ਇਹ ਹੁਕਮ ਕਿਉਂ ਦਿੱਤਾ?
2: ਸੱਚੇ ਰੱਬ ਦੀ ਭਗਤੀ ਉਸ ਤਰੀਕੇ ਨਾਲ ਕਰਨ ਵਾਲੇ ਜੋ ਉਸ ਨੂੰ ਮਨਜ਼ੂਰ ਨਹੀਂ
ਕਈ ਵਾਰ ਇਜ਼ਰਾਈਲੀਆਂ ਨੇ ਅਜਿਹੀਆਂ ਸਿੱਖਿਆਵਾਂ ਅਤੇ ਰੀਤੀ-ਰਿਵਾਜਾਂ ਮੁਤਾਬਕ ਰੱਬ ਦੀ ਭਗਤੀ ਕੀਤੀ ਜੋ ਦਰਅਸਲ ਦੂਸਰੇ ਧਰਮਾਂ ਤੋਂ ਸਨ। ਯਹੋਵਾਹ ਨੇ ਸੱਚੀ ਭਗਤੀ ਵਿਚ ਦੂਸਰੇ ਧਰਮਾਂ ਦੀ ਇਸ ਮਿਲਾਵਟ ਨੂੰ ਠੁਕਰਾ ਦਿੱਤਾ। (ਕੂਚ 32:8; ਬਿਵਸਥਾ ਸਾਰ 12:2-4) ਯਿਸੂ ਨੇ ਆਪਣੇ ਸਮੇਂ ਦੇ ਧਾਰਮਿਕ ਆਗੂਆਂ ਦੀ ਨਿੰਦਿਆ ਕੀਤੀ ਕਿਉਂਕਿ ਉਹ ਪਰਮੇਸ਼ੁਰ ਦੀ ਭਗਤੀ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਸੀ। ਉਹ ਧਰਮੀ ਹੋਣ ਦਾ ਸਿਰਫ਼ ਦਿਖਾਵਾ ਕਰਦੇ ਸੀ, ਪਰ ਅਸਲ ਵਿਚ ਉਨ੍ਹਾਂ ਨੇ “ਮੂਸਾ ਦੇ ਕਾਨੂੰਨ ਦੀਆਂ ਜ਼ਿਆਦਾ ਜ਼ਰੂਰੀ ਗੱਲਾਂ, ਜਿਵੇਂ ਕਿ ਨਿਆਂ, ਦਇਆ ਅਤੇ ਵਫ਼ਾਦਾਰੀ ਨੂੰ ਨਜ਼ਰਅੰਦਾਜ਼” ਕੀਤਾ ਸੀ।—ਮੱਤੀ 23:23.
ਉਸੇ ਤਰ੍ਹਾਂ ਅੱਜ ਸਿਰਫ਼ ਉਹੀ ਧਰਮ ਰੱਬ ਨੂੰ ਮਨਜ਼ੂਰ ਹੈ ਜਿਸ ਦੀ ਨੀਂਹ ਸੱਚਾਈ ʼਤੇ ਟਿਕੀ ਹੈ। ਇਹ ਸੱਚਾਈ ਬਾਈਬਲ ਵਿਚ ਪਾਈ ਜਾਂਦੀ ਹੈ। (ਯੂਹੰਨਾ 4:24; 17:17; 2 ਤਿਮੋਥਿਉਸ 3:16, 17) ਜਿਨ੍ਹਾਂ ਧਰਮਾਂ ਦੀਆਂ ਸਿੱਖਿਆਵਾਂ ਬਾਈਬਲ ਨਾਲ ਮੇਲ ਨਹੀਂ ਖਾਂਦੀਆਂ, ਉਹ ਧਰਮ ਦਰਅਸਲ ਲੋਕਾਂ ਨੂੰ ਰੱਬ ਤੋਂ ਦੂਰ ਲੈ ਜਾਂਦੇ ਹਨ। ਲੋਕਾਂ ਨੂੰ ਲੱਗਦਾ ਹੈ ਕਿ ਬਾਈਬਲ ਤ੍ਰਿਏਕ ਦੀ ਸਿੱਖਿਆ, ਅਮਰ ਆਤਮਾ ਅਤੇ ਨਰਕ ਦੀ ਸਿੱਖਿਆ ਦਿੰਦੀ ਹੈ। ਪਰ ਅਸਲ ਵਿਚ ਇਹ ਸਿੱਖਿਆਵਾਂ ਉਹ ਲੋਕ ਦਿੰਦੇ ਹਨ ਜੋ ਝੂਠੇ ਈਸ਼ਵਰਾਂ ਦੀ ਭਗਤੀ ਕਰਦੇ ਹਨ। ਇਨ੍ਹਾਂ ਸਿੱਖਿਆਵਾਂ ਨੂੰ ਮੰਨਣ ਵਾਲਿਆਂ ਦੀ ਭਗਤੀ “ਬੇਕਾਰ” ਹੈ ਕਿਉਂਕਿ ਉਹ ਰੱਬ ਦੀਆਂ ਮੰਗਾਂ ਦੀ ਬਜਾਇ ਧਾਰਮਿਕ ਰੀਤੀ-ਰਿਵਾਜਾਂ ਨੂੰ ਅਹਿਮੀਅਤ ਦਿੰਦੇ ਹਨ।—ਮਰਕੁਸ 7:7, 8.
ਰੱਬ ਉਨ੍ਹਾਂ ਲੋਕਾਂ ਨਾਲ ਨਫ਼ਰਤ ਕਰਦਾ ਹੈ ਜੋ ਧਰਮੀ ਹੋਣ ਦਾ ਦਿਖਾਵਾ ਕਰਦੇ ਹਨ। (ਤੀਤੁਸ 1:16) ਸੱਚਾ ਧਰਮ ਲੋਕਾਂ ਨੂੰ ਰੱਬ ਦੇ ਨੇੜੇ ਲੈ ਕੇ ਜਾਂਦਾ ਹੈ, ਉਹ ਉਨ੍ਹਾਂ ਨੂੰ ਸਿਰਫ਼ ਰੀਤੀ-ਰਿਵਾਜਾਂ ʼਤੇ ਚੱਲਣਾ ਨਹੀਂ ਸਿਖਾਉਂਦਾ, ਸਗੋਂ ਇਸ ਦਾ ਅਸਰ ਉਨ੍ਹਾਂ ਦੇ ਰੋਜ਼ਮੱਰਾ ਦੇ ਫ਼ੈਸਲਿਆਂ ʼਤੇ ਪੈਂਦਾ ਹੈ। ਮਿਸਾਲ ਲਈ, ਬਾਈਬਲ ਕਹਿੰਦੀ ਹੈ: ‘ਜਿਹੜਾ ਇਨਸਾਨ ਸੋਚਦਾ ਹੈ ਕਿ ਉਹ ਪਰਮੇਸ਼ੁਰ ਦੀ ਭਗਤੀ ਕਰਦਾ ਹੈ, ਪਰ ਆਪਣੀ ਜ਼ਬਾਨ ਨੂੰ ਕੱਸ ਕੇ ਲਗਾਮ ਨਹੀਂ ਪਾਉਂਦਾ, ਤਾਂ ਉਹ ਆਪਣੇ ਹੀ ਦਿਲ ਨੂੰ ਧੋਖਾ ਦਿੰਦਾ ਹੈ ਅਤੇ ਉਸ ਦੀ ਭਗਤੀ ਵਿਅਰਥ ਹੈ। ਸਾਡੇ ਪਿਤਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹੋ ਜਿਹਾ ਧਰਮ ਸ਼ੁੱਧ ਅਤੇ ਪਾਕ ਹੈ: ਮੁਸੀਬਤਾਂ ਵਿਚ ਯਤੀਮਾਂ ਅਤੇ ਵਿਧਵਾਵਾਂ ਦਾ ਧਿਆਨ ਰੱਖਣਾ ਅਤੇ ਆਪਣੇ ਆਪ ਨੂੰ ਦੁਨੀਆਂ ਦੀ ਗੰਦਗੀ ਤੋਂ ਸਾਫ਼ ਰੱਖਣਾ।’—ਯਾਕੂਬ 1:26, 27; ਫੁੱਟਨੋਟ।
a ਯਹੋਵਾਹ ਸੱਚੇ ਪਰਮੇਸ਼ੁਰ ਦਾ ਨਾਮ ਹੈ ਜਿਵੇਂ ਬਾਈਬਲ ਵਿਚ ਦੱਸਿਆ ਗਿਆ ਹੈ।