ਬਾਈਬਲ ਬਦਲਦੀ ਹੈ ਜ਼ਿੰਦਗੀਆਂ
“ਮੇਰੇ ʼਤੇ ਜੂਡੋ-ਕਰਾਟੇ ਵਰਗੇ ਮਾਰਸ਼ਲ ਆਰਟਸ ਦਾ ਜਨੂਨ ਸਵਾਰ ਸੀ”
ਜਨਮ: 1962
ਦੇਸ਼: ਅਮਰੀਕਾ
ਅਤੀਤ: ਮਾਰਸ਼ਲ ਆਰਟਸ ਹੀ ਮੇਰੀ ਜ਼ਿੰਦਗੀ ਸੀ
ਮੇਰੇ ਅਤੀਤ ਬਾਰੇ ਕੁਝ ਗੱਲਾਂ
ਮੈਂ ਜਿਸ ਆਦਮੀ ਨਾਲ ਜੂਡੋ-ਕਰਾਟੇ ਦਾ ਮੁਕਾਬਲਾ ਕਰ ਰਿਹਾ ਸੀ, ਗ਼ਲਤੀ ਨਾਲ ਮੈਂ ਉਸ ਦੇ ਨੱਕ ʼਤੇ ਮਾਰ ਦਿੱਤਾ। ਮੈਂ ਸੋਚਿਆ ਨਹੀਂ ਸੀ ਕਿ ਉਸ ਦੇ ਇੰਨੀ ਜ਼ਿਆਦਾ ਸੱਟ ਲੱਗ ਜਾਵੇਗੀ। ਮੈਂ ਇਸ ਕਰਕੇ ਅੰਦਰੋਂ-ਅੰਦਰੀਂ ਦੋਸ਼ੀ ਮਹਿਸੂਸ ਕਰਨ ਲੱਗਾ ਤੇ ਸੋਚਣ ਲੱਗਾ ਕਿ ਮੈਂ ਅੱਗੇ ਤੋਂ ਮਾਰਸ਼ਲ ਆਰਟ ਕਰਾਂ ਜਾਂ ਨਾ। ਮੈਂ ਇਸ ਖੇਡ ਨੂੰ ਛੱਡਣ ਬਾਰੇ ਕਿਉਂ ਸੋਚਣ ਲੱਗਾ ਜਦਕਿ ਇਸ ਦਾ ਮੇਰੇ ʼਤੇ ਜਨੂਨ ਸਵਾਰ ਸੀ? ਆਓ ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਾਰਸ਼ਲ ਆਰਟਸ ਵਿਚ ਮੈਂ ਦਿਲਚਸਪੀ ਕਿਉਂ ਲੈਣ ਲੱਗਾ।
ਮੇਰੀ ਪਰਵਰਿਸ਼ ਅਮਰੀਕਾ ਦੇ ਨਿਊਯਾਰਕ, ਬਫ਼ਲੋ ਸ਼ਹਿਰ ਵਿਚ ਹੋਈ। ਸਾਡੇ ਪਰਿਵਾਰ ਵਿਚ ਬਹੁਤ ਪਿਆਰ ਸੀ। ਅਸੀਂ ਕੈਥੋਲਿਕ ਧਰਮ ਨੂੰ ਮੰਨਦੇ ਸੀ। ਮੈਂ ਬਚਪਨ ਵਿਚ ਕੈਥੋਲਿਕ ਸਕੂਲ ਜਾਂਦਾ ਹੁੰਦਾ ਸੀ ਅਤੇ ਚਰਚ ਵਿਚ ਸੇਵਾ ਕਰਦਾ ਸੀ। ਸਾਡੇ ਮੰਮੀ-ਡੈਡੀ ਚਾਹੁੰਦੇ ਸੀ ਕਿ ਮੈਂ ਤੇ ਮੇਰੀ ਭੈਣ ਜ਼ਿੰਦਗੀ ਵਿਚ ਸਫ਼ਲ ਹੋਈਏ। ਇਸ ਲਈ ਮੇਰੇ ਮੰਮੀ-ਡੈਡੀ ਨੇ ਕਿਹਾ ਕਿ ਜੇ ਮੈਂ ਪੜ੍ਹਾਈ ਵਿਚ ਵਧੀਆ ਨੰਬਰ ਲਵਾਂਗਾ, ਤਾਂ ਹੀ ਮੈਂ ਸਕੂਲ ਦੀ ਛੁੱਟੀ ਤੋਂ ਬਾਅਦ ਖੇਡਾਂ ਵਿਚ ਹਿੱਸਾ ਲੈ ਸਕਦਾ ਸੀ ਜਾਂ ਪਾਰਟ-ਟਾਈਮ ਕੰਮ ਕਰ ਸਕਦਾ ਸੀ। ਇਸ ਕਰਕੇ ਮੈਂ ਛੋਟੀ ਉਮਰ ਤੋਂ ਆਪਣੇ ਆਪ ਨੂੰ ਅਨੁਸ਼ਾਸਨ ਵਿਚ ਰੱਖਣਾ ਸਿੱਖਿਆ।
ਜਦੋਂ ਮੈਂ 17 ਸਾਲਾਂ ਦਾ ਸੀ, ਤਾਂ ਮੈਂ ਮਾਰਸ਼ਲ ਆਰਟਸ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ। ਕਈ ਸਾਲਾਂ ਤਕ ਮੈਂ ਦਿਨ ਵਿਚ ਤਿੰਨ ਘੰਟੇ ਯਾਨੀ ਹਫ਼ਤੇ ਵਿਚ ਛੇ ਦਿਨ ਸਿਖਲਾਈ ਲਈ। ਇਸ ਖੇਡ ਵਿਚ ਹੋਰ ਵੀ ਮਾਹਰ ਬਣਨ ਲਈ, ਮੈਂ ਹਰ ਹਫ਼ਤੇ ਕਈ-ਕਈ ਘੰਟੇ ਇਸ ਦੇ ਵੱਖੋ-ਵੱਖਰੇ ਤਰੀਕਿਆਂ ਬਾਰੇ ਆਪਣੇ ਦਿਮਾਗ਼ ਵਿਚ ਸੋਚਦਾ ਰਹਿੰਦਾ ਸੀ ਅਤੇ ਇਸ ਦੀਆਂ ਵੀਡੀਓਜ਼ ਵੀ ਦੇਖਦਾ ਸੀ। ਮੈਨੂੰ ਅੱਖਾਂ ʼਤੇ ਪੱਟੀ ਬੰਨ੍ਹ ਕੇ ਅਭਿਆਸ ਕਰਨ ਵਿਚ ਬਹੁਤ ਮਜ਼ਾ ਆਉਂਦਾ ਸੀ, ਇੱਥੋਂ ਤਕ ਕੇ ਤਿੱਖੇ ਹਥਿਆਰਾਂ ਨਾਲ ਅਭਿਆਸ ਕਰਦੇ ਵੇਲੇ ਵੀ। ਮੈਂ ਆਪਣੇ ਹੱਥ ਦੇ ਇਕ ਝਟਕੇ ਨਾਲ ਫੱਟੀਆਂ ਜਾਂ ਇੱਟਾਂ ਤੋੜ ਸਕਦਾ ਸੀ। ਮੈਂ ਇਸ ਖੇਡ ਵਿਚ ਮਾਹਰ ਬਣ ਗਿਆ ਅਤੇ ਖੇਡ ਮੁਕਾਬਲਿਆਂ ਵਿਚ ਮੈਂ ਟ੍ਰਾਫੀਆਂ ਜਿੱਤੀਆਂ। ਹੁਣ ਮਾਰਸ਼ਲ ਆਰਟਸ ਹੀ ਮੇਰੀ ਜ਼ਿੰਦਗੀ ਵਿਚ ਸਭ ਕੁਝ ਸੀ।
ਮੈਂ ਸਫ਼ਲਤਾ ਬਾਰੇ ਜੋ ਸੋਚਿਆ ਸੀ, ਉਹ ਸਭ ਕੁਝ ਹਾਸਲ ਕਰ ਲਿਆ ਸੀ। ਮੈਂ ਚੰਗੇ ਨੰਬਰਾਂ ਨਾਲ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ। ਮੈਂ ਇਕ ਵੱਡੀ ਕੰਪਨੀ ਵਿਚ ਕੰਪਿਊਟਰ ਇੰਜੀਨੀਅਰ ਵਜੋਂ ਕੰਮ ਕੀਤਾ। ਕੰਪਨੀ ਨੇ ਮੈਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ। ਮੇਰਾ ਆਪਣਾ ਘਰ ਸੀ ਅਤੇ ਮੇਰੀ ਇਕ ਗਰਲਫ੍ਰੈਂਡ ਸੀ। ਲੋਕਾਂ ਨੂੰ ਲੱਗਦਾ ਸੀ ਕਿ ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਖ਼ੁਸ਼ ਸੀ, ਪਰ ਸੱਚ ਦੱਸਾਂ ਤਾਂ ਮੈਂ ਖ਼ੁਸ਼ ਨਹੀਂ ਸੀ ਕਿਉਂਕਿ ਮੇਰੇ ਮਨ ਵਿਚ ਬਹੁਤ ਸਾਰੇ ਜ਼ਰੂਰੀ ਸਵਾਲ ਸਨ ਜਿਨ੍ਹਾਂ ਦੇ ਜਵਾਬ ਮੈਨੂੰ ਪਤਾ ਨਹੀਂ ਸੀ।
ਬਾਈਬਲ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ
ਆਪਣੇ ਸਵਾਲਾਂ ਦੇ ਜਵਾਬ ਜਾਣਨ ਲਈ ਮੈਂ ਹਫ਼ਤੇ ਵਿਚ ਦੋ ਵਾਰ ਚਰਚ ਜਾਣਾ ਸ਼ੁਰੂ ਕਰ ਦਿੱਤਾ ਅਤੇ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹੁੰਦਾ ਸੀ। ਫਿਰ ਇਕ ਦਿਨ ਆਪਣੇ ਇਕ ਦੋਸਤ ਨਾਲ ਗੱਲ ਕਰ ਕੇ ਮੇਰੀ ਜ਼ਿੰਦਗੀ ਹੀ ਬਦਲ ਗਈ। ਮੈਂ ਆਪਣੇ ਦੋਸਤ ਨੂੰ ਪੁੱਛਿਆ: “ਕੀ ਤੂੰ ਕਦੇ ਸੋਚਿਆ ਕਿ ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ? ਇੱਥੇ ਕਿੰਨੀਆਂ ਮੁਸ਼ਕਲਾਂ ਹਨ ਅਤੇ ਕਿੰਨੀ ਬੇਇਨਸਾਫ਼ੀ ਹੁੰਦੀ ਹੈ!” ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਵੀ ਇਹੀ ਸਵਾਲ ਪੁੱਛੇ ਸਨ ਅਤੇ ਉਸ ਨੂੰ ਬਾਈਬਲ ਵਿੱਚੋਂ ਇਸ ਦੇ ਬਿਲਕੁਲ ਸਹੀ ਜਵਾਬ ਮਿਲੇ। ਉਸ ਨੇ ਮੈਨੂੰ ਇਕ ਕਿਤਾਬ ਦਿੱਤੀ ਜਿਸ ਦਾ ਨਾਂ ਸੀ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ। a ਉਸ ਨੇ ਮੈਨੂੰ ਦੱਸਿਆ ਕਿ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਿਹਾ ਸੀ। ਪਹਿਲਾਂ-ਪਹਿਲ ਤਾਂ ਮੈਂ ਝਿਜਕ ਰਿਹਾ ਸੀ ਕਿਉਂਕਿ ਮੈਂ ਸੋਚਿਆ ਕਿ ਮੈਨੂੰ ਆਪਣੇ ਧਰਮ ਤੋਂ ਇਲਾਵਾ ਕਿਸੇ ਹੋਰ ਦੇ ਪ੍ਰਕਾਸ਼ਨ ਨਹੀਂ ਪੜ੍ਹਨੇ ਚਾਹੀਦੇ। ਫਿਰ ਵੀ, ਆਪਣੇ ਸਵਾਲਾਂ ਦੇ ਜਵਾਬ ਜਾਣਨ ਦੀ ਇੱਛਾ ਹੋਣ ਕਰਕੇ ਮੈਂ ਸੋਚਿਆ ਕਿ ਦੇਖਦਾ ਹਾਂ ਕਿ ਗਵਾਹ ਜੋ ਸਿਖਾਉਂਦੇ ਹਨ, ਉਹ ਸਹੀ ਹੈ ਜਾਂ ਨਹੀਂ।
ਬਾਈਬਲ ਵਿੱਚੋਂ ਮੈਂ ਜੋ ਵੀ ਸਿੱਖਿਆ, ਉਹ ਜਾਣ ਕੇ ਮੈਂ ਹੈਰਾਨ ਰਹਿ ਗਿਆ। ਮੈਂ ਸਿੱਖਿਆ ਕਿ ਪਰਮੇਸ਼ੁਰ ਦਾ ਇਨਸਾਨਾਂ ਲਈ ਅਸਲ ਮਕਸਦ ਹੈ ਕਿ ਉਹ ਸੋਹਣੀ ਧਰਤੀ ʼਤੇ ਹਮੇਸ਼ਾ ਲਈ ਜੀਉਣ। ਉਸ ਦਾ ਇਹ ਮਕਸਦ ਹਾਲੇ ਵੀ ਨਹੀਂ ਬਦਲਿਆ। (ਉਤਪਤ 1:28) ਮੈਂ ਆਪਣੀ ਬਾਈਬਲ (ਕਿੰਗ ਜੇਮਜ਼ ਵਰਯਨ) ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਦੇਖ ਕੇ ਹੈਰਾਨ ਰਹਿ ਗਿਆ। ਮੈਂ ਇਹ ਵੀ ਜਾਣ ਗਿਆ ਕਿ ਪ੍ਰਭੂ ਦੀ ਪ੍ਰਾਰਥਨਾ ਕਰਦੇ ਵੇਲੇ ਮੈਂ ਇਸੇ ਨਾਂ ਬਾਰੇ ਪ੍ਰਾਰਥਨਾ ਕਰਦਾ ਹੁੰਦਾ ਸੀ। (ਜ਼ਬੂਰ 83:18; ਮੱਤੀ 6:9) ਅਖ਼ੀਰ, ਮੈਨੂੰ ਸਮਝ ਆ ਗਈ ਕਿ ਪਰਮੇਸ਼ੁਰ ਥੋੜ੍ਹੇ ਸਮੇਂ ਲਈ ਇਨਸਾਨਾਂ ਨੂੰ ਦੁੱਖ ਝੱਲਣ ਕਿਉਂ ਦੇ ਰਿਹਾ ਹੈ। ਜੋ ਕੁਝ ਮੈਂ ਸਿੱਖਿਆ, ਉਹ ਮੈਨੂੰ ਸਮਝ ਆ ਗਿਆ! ਹੁਣ ਮੈਂ ਬਹੁਤ ਖ਼ੁਸ਼ ਸੀ।
ਮੈਂ ਉਹ ਸਮਾਂ ਕਦੇ ਵੀ ਨਹੀਂ ਭੁੱਲ ਸਕਦਾ ਜਦੋਂ ਮੈਂ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਪਹਿਲੀ ਵਾਰ ਗਿਆ ਸੀ। ਸਾਰੇ ਮੈਨੂੰ ਬੜੇ ਪਿਆਰ ਨਾਲ ਮਿਲੇ ਅਤੇ ਉਨ੍ਹਾਂ ਨੇ ਮੇਰਾ ਨਾਂ ਵੀ ਪੁੱਛਿਆ। ਇਸ ਮੀਟਿੰਗ ਵਿਚ ਖ਼ਾਸ ਪਬਲਿਕ ਭਾਸ਼ਣ ਵਿਚ ਸਮਝਾਇਆ ਗਿਆ ਕਿ ਪਰਮੇਸ਼ੁਰ ਕਿਹੋ ਜਿਹੀਆਂ ਪ੍ਰਾਰਥਨਾਵਾਂ ਸੁਣਦਾ ਹੈ। ਮੈਨੂੰ ਇਹ ਵਿਸ਼ਾ ਬਹੁਤ ਦਿਲਚਸਪ ਲੱਗਾ ਕਿਉਂਕਿ ਮੈਂ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਰਿਹਾ ਸੀ। ਅਗਲੀ ਮੀਟਿੰਗ ਵਿਚ ਮੈਂ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਗਿਆ। ਇਨ੍ਹਾਂ ਮੀਟਿੰਗਾਂ ਵਿਚ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਬੱਚੇ ਵੀ ਪੜ੍ਹੀਆਂ ਜਾਣ ਵਾਲੀਆਂ ਆਇਤਾਂ ਨੂੰ ਬਾਈਬਲ ਵਿੱਚੋਂ ਨਾਲ-ਨਾਲ ਖੋਲ੍ਹ ਰਹੇ ਸਨ। ਸ਼ੁਰੂ-ਸ਼ੁਰੂ ਵਿਚ ਮੈਨੂੰ ਪਤਾ ਨਹੀਂ ਸੀ ਕਿ ਬਾਇਬਲ ਵਿੱਚੋਂ ਆਇਤਾਂ ਕਿਵੇਂ ਲੱਭਣੀਆਂ ਸਨ, ਪਰ ਗਵਾਹਾਂ ਨੇ ਮੇਰੀ ਮਦਦ ਕੀਤੀ ਅਤੇ ਮੈਨੂੰ ਆਇਤਾਂ ਖੋਲ੍ਹਣੀਆਂ ਸਿਖਾਈਆਂ।
ਬਾਕਾਇਦਾ ਮੀਟਿੰਗਾਂ ਵਿਚ ਜਾਣ ਕਰਕੇ ਮੇਰੀ ਯਹੋਵਾਹ ਦੇ ਗਵਾਹਾਂ ਦੀਆਂ ਸਿੱਖਿਆਵਾਂ ਪ੍ਰਤੀ ਕਦਰ ਹੋਰ ਵਧਦੀ ਗਈ। ਇਨ੍ਹਾਂ ਮੀਟਿੰਗਾਂ ਵਿਚ ਮੈਂ ਬਹੁਤ ਕੁਝ ਸਿੱਖਦਾ ਸੀ ਅਤੇ ਮੈਨੂੰ ਹੌਸਲਾ ਮਿਲਦਾ ਸੀ ਤੇ ਮੈਂ ਤਰੋ-ਤਾਜ਼ਾ ਮਹਿਸੂਸ ਕਰਦਾ ਸੀ। ਫਿਰ ਇਕ ਗਵਾਹ ਨੇ ਮੈਨੂੰ ਬਾਈਬਲ ਸਟੱਡੀ ਕਰਨ ਲਈ ਪੁੱਛਿਆ।
ਮੈਂ ਦੇਖਿਆ ਕਿ ਯਹੋਵਾਹ ਦੇ ਗਵਾਹ ਚਰਚ ਦੇ ਲੋਕਾਂ ਨਾਲੋਂ ਬਿਲਕੁਲ ਵੱਖਰੇ ਸਨ। ਮੈਂ ਇਹ ਵੀ ਦੇਖਿਆ ਕਿ ਗਵਾਹਾਂ ਵਿਚ ਕਿੰਨੀ ਏਕਤਾ ਹੈ ਅਤੇ ਇਹੀ ਉਹ ਲੋਕ ਹਨ ਜੋ ਆਪਣੇ ਵੱਲੋਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਗਵਾਹਾਂ ਵਿਚ ਆਪਸੀ ਪਿਆਰ ਦੇਖ ਕੇ ਮੈਨੂੰ ਹੋਰ ਵੀ ਯਕੀਨ ਹੋ ਗਿਆ ਕਿ ਇਹੀ ਲੋਕ ਸੱਚੇ ਮਸੀਹੀ ਹਨ।—ਯੂਹੰਨਾ 13:35.
ਜਿੰਨਾ ਜ਼ਿਆਦਾ ਮੈਂ ਬਾਈਬਲ ਬਾਰੇ ਸਿੱਖਦਾ ਗਿਆ, ਉੱਨਾ ਜ਼ਿਆਦਾ ਬਾਈਬਲ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਣ ਲਈ ਮੈਂ ਆਪਣੇ ਵਿਚ ਬਦਲਾਅ ਕਰਦਾ ਗਿਆ। ਪਰ ਮੈਨੂੰ ਲੱਗਦਾ ਸੀ ਕਿ ਮੈਂ ਕਦੇ ਵੀ ਮਾਰਸ਼ਲ ਆਰਟਸ ਨਹੀਂ ਛੱਡ ਸਕਦਾ। ਮੈਨੂੰ ਮਾਰਸ਼ਲ ਆਰਟਸ ਦਾ ਅਭਿਆਸ ਕਰਨਾ ਅਤੇ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣਾ ਬਹੁਤ ਚੰਗਾ ਲੱਗਦਾ ਸੀ। ਜਦੋਂ ਮੈਂ ਇਹ ਗੱਲ ਮੈਨੂੰ ਸਟੱਡੀ ਕਰਾਉਣ ਵਾਲੇ ਭਰਾ ਨੂੰ ਦੱਸੀ, ਤਾਂ ਉਸ ਨੇ ਮੈਨੂੰ ਬੜੇ ਪਿਆਰ ਨਾਲ ਕਿਹਾ: “ਤੂੰ ਬਸ ਸਟੱਡੀ ਕਰਦਾ ਰਹਿ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਤੂੰ ਸਹੀ ਫ਼ੈਸਲਾ ਲਵੇਂਗਾ।” ਮੈਂ ਇਹੀ ਸੁਣਨਾ ਚਾਹੁੰਦਾ ਸੀ! ਜਿੰਨਾ ਜ਼ਿਆਦਾ ਮੈਂ ਸਟੱਡੀ ਕਰਦਾ ਗਿਆ, ਉੱਨਾ ਜ਼ਿਆਦਾ ਮੇਰੇ ਅੰਦਰ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਇੱਛਾ ਵਧਦੀ ਗਈ।
ਮੇਰੀ ਜ਼ਿੰਦਗੀ ਵਿਚ ਨਵਾਂ ਮੋੜ ਉਦੋਂ ਆਇਆ, ਜਦੋਂ ਮੈਂ ਆਪਣੇ ਨਾਲ ਮੁਕਾਬਲਾ ਕਰਨ ਵਾਲੇ ਆਦਮੀ ਦੇ ਨੱਕ ʼਤੇ ਗ਼ਲਤੀ ਨਾਲ ਮਾਰ ਦਿੱਤਾ ਸੀ, ਇਸ ਗੱਲ ਦਾ ਜ਼ਿਕਰ ਮੈਂ ਸ਼ੁਰੂ ਵਿਚ ਕੀਤਾ ਸੀ। ਇਸ ਘਟਨਾ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਜੇ ਮੈਂ ਮਾਰਸ਼ਲ ਆਰਟਸ ਦਾ ਅਭਿਆਸ ਕਰਦਾ ਰਿਹਾ, ਤਾਂ ਕੀ ਮੈਂ ਇਕ ਸ਼ਾਂਤੀ-ਪਸੰਦ ਮਸੀਹ ਕਹਾ ਸਕਾਂਗਾ। ਮੈਂ ਯਸਾਯਾਹ 2:3, 4 ਤੋਂ ਸਿੱਖਿਆ ਕਿ ਯਹੋਵਾਹ ਦੀਆਂ ਹਿਦਾਇਤਾਂ ਮੰਨਣ ਵਾਲੇ “ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।” ਨਾਲੇ ਯਿਸੂ ਨੇ ਵੀ ਸਿਖਾਇਆ ਕਿ ਬੇਇਨਸਾਫ਼ੀ ਹੋਣ ਤੇ ਵੀ ਸਾਨੂੰ ਕਿਸੇ ʼਤੇ ਹੱਥ ਨਹੀਂ ਚੁੱਕਣਾ ਚਾਹੀਦਾ। (ਮੱਤੀ 26:52) ਇਸ ਲਈ ਮੈਂ ਆਪਣੀ ਮਨ-ਪਸੰਦ ਖੇਡ ਛੱਡ ਦਿੱਤੀ।
ਇਸ ਤੋਂ ਬਾਅਦ ਮੈਂ ਬਾਈਬਲ ਦੀ ਇਹ ਸਲਾਹ ਮੰਨੀ ਕਿ “ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣ ਦਾ ਟੀਚਾ ਰੱਖ ਅਤੇ ਇਸ ਟੀਚੇ ਤਕ ਪਹੁੰਚਣ ਲਈ ਅਭਿਆਸ ਕਰਦਾ ਰਹਿ।” (1 ਤਿਮੋਥਿਉਸ 4:7) ਜਿੰਨਾ ਸਮਾਂ ਤੇ ਤਾਕਤ ਮੈਂ ਪਹਿਲਾਂ ਮਾਰਸ਼ਲ ਆਰਟਸ ਵਿਚ ਲਾਉਂਦਾ ਸੀ, ਉਹ ਹੁਣ ਮੈਂ ਪਰਮੇਸ਼ੁਰ ਦੇ ਨੇੜੇ ਜਾਣ ਤੇ ਉਸ ਦੀ ਸੇਵਾ ਕਰਨ ਵਿਚ ਲਗਾਉਣ ਲੱਗ ਪਿਆ। ਮੈਂ ਬਾਈਬਲ ਵਿਚ ਜੋ ਕੁਝ ਸਿੱਖ ਰਿਹਾ ਸੀ, ਉਹ ਮੇਰੀ ਗਰਲਫ੍ਰੈਂਡ ਨੂੰ ਚੰਗਾ ਨਹੀਂ ਲੱਗ ਰਿਹਾ ਸੀ। ਇਸ ਲਈ ਅਸੀਂ ਵੱਖ ਹੋ ਗਏ। ਮੈਂ 24 ਜਨਵਰੀ 1987 ਨੂੰ ਬਪਤਿਸਮਾ ਲੈ ਕੇ ਯਹੋਵਾਹ ਦਾ ਇਕ ਗਵਾਹ ਬਣ ਗਿਆ। ਇਸ ਤੋਂ ਬਾਅਦ ਮੈਂ ਪੂਰੇ ਸਮੇਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਖ਼ੁਸ਼ੀ-ਖ਼ੁਸ਼ੀ ਲੋਕਾਂ ਨੂੰ ਬਾਈਬਲ ਵਿੱਚੋਂ ਸਿਖਾਉਣ ਵਿਚ ਆਪਣਾ ਸਮਾਂ ਲਗਾਉਣ ਲੱਗ ਪਿਆ। ਉਦੋਂ ਤੋਂ ਮੈਂ ਪੂਰੇ ਸਮੇਂ ਦੀ ਸੇਵਾ ਜਾਰੀ ਰੱਖੀ ਅਤੇ ਕੁਝ ਸਮੇਂ ਲਈ ਮੈਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡਕੁਆਰਟਰ ਵਿਚ ਵੀ ਸੇਵਾ ਕੀਤੀ।
ਮੈਨੂੰ ਫ਼ਾਇਦਾ ਹੋਇਆ
ਹੁਣ ਮੈਂ ਪਰਮੇਸ਼ੁਰ ਬਾਰੇ ਸੱਚਾਈ ਜਾਣ ਗਿਆ ਹਾਂ। ਮੈਨੂੰ ਉਹ ਚੀਜ਼ ਮਿਲ ਗਈ ਹੈ ਜਿਸ ਦੀ ਮੈਂ ਹਮੇਸ਼ਾ ਕਮੀ ਮਹਿਸੂਸ ਕਰਦਾ ਸੀ ਅਤੇ ਮੇਰੀ ਜ਼ਿੰਦਗੀ ਦਾ ਖਾਲੀਪਣ ਦੂਰ ਹੋ ਗਿਆ ਹੈ। ਮੇਰੀ ਜ਼ਿੰਦਗੀ ਦਾ ਹੁਣ ਇਕ ਮਕਸਦ ਹੈ ਅਤੇ ਮੇਰੀ ਕੋਲ ਵਧੀਆ ਭਵਿੱਖ ਦੀ ਉਮੀਦ ਹੈ। ਮੈਂ ਸੱਚ-ਮੁੱਚ ਖ਼ੁਸ਼ ਹਾਂ! ਹਾਲੇ ਵੀ ਮੈਨੂੰ ਕਸਰਤ ਕਰਨੀ ਚੰਗੀ ਲੱਗਦੀ ਹੈ, ਪਰ ਇਹੀ ਮੇਰੇ ਲਈ ਸਭ ਕੁਝ ਨਹੀਂ ਹੈ। ਹੁਣ ਮੇਰੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਜ਼ਰੂਰੀ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨੀ ਹੈ।
ਜਦੋਂ ਮੈਂ ਮਾਰਸ਼ਲ ਆਰਟਸ ਖੇਡਦਾ ਹੁੰਦਾ ਸੀ, ਤਾਂ ਮੈਂ ਹਮੇਸ਼ਾ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਚੁਕੰਨਾ ਰਹਿੰਦਾ ਸੀ। ਮੈਂ ਅਕਸਰ ਇਹ ਸੋਚਦਾ ਰਹਿੰਦਾ ਸੀ ਕਿ ਜੇ ਕਿਸੇ ਨੇ ਮੇਰੇ ʼਤੇ ਹਮਲਾ ਕਰ ਦਿੱਤਾ, ਤਾਂ ਮੈਂ ਖ਼ੁਦ ਨੂੰ ਕਿਵੇਂ ਬਚਾਵਾਂਗਾ। ਹਾਲੇ ਵੀ ਮੈਂ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਚੁਕੰਨਾ ਰਹਿੰਦਾ ਹਾਂ, ਪਰ ਹੁਣ ਕਾਰਨ ਵੱਖਰਾ ਹੈ, ਉਹ ਹੈ ਉਨ੍ਹਾਂ ਦੀ ਮਦਦ ਕਰਨੀ। ਬਾਈਬਲ ਨੇ ਮੇਰੀ ਇਕ ਦਿਆਲੂ ਇਨਸਾਨ ਬਣਨ ਅਤੇ ਮੇਰੀ ਪਤਨੀ ਬਰੇਂਡਾ ਦਾ ਇਕ ਬਿਹਤਰ ਪਤੀ ਬਣਨ ਵਿਚ ਮਦਦ ਕੀਤੀ ਹੈ।
ਮੇਰੇ ʼਤੇ ਮਾਰਸ਼ਲ ਆਰਟਸ ਦਾ ਜਨੂਨ ਸਵਾਰ ਸੀ, ਪਰ ਹੁਣ ਮੇਰੇ ʼਤੇ ਕਿਸੇ ਹੋਰ ਵਧੀਆ ਚੀਜ਼ ਦਾ ਜਨੂਨ ਸਵਾਰ ਹੈ। ਬਾਈਬਲ ਦੇ ਇਹ ਸ਼ਬਦ ਬਿਲਕੁਲ ਸੱਚ ਸਾਬਤ ਹੋਏ: “ਸਰੀਰਕ ਅਭਿਆਸ ਦਾ ਕੁਝ ਹੱਦ ਤਕ ਹੀ ਫ਼ਾਇਦਾ ਹੁੰਦਾ ਹੈ, ਪਰ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਸਾਰੀਆਂ ਗੱਲਾਂ ਵਿਚ ਫ਼ਾਇਦਾ ਹੁੰਦਾ ਹੈ ਕਿਉਂਕਿ ਇਸ ਕਰਕੇ ਸਾਨੂੰ ਨਾ ਸਿਰਫ਼ ਅੱਜ ਦੀ ਜ਼ਿੰਦਗੀ ਵਿਚ, ਸਗੋਂ ਭਵਿੱਖ ਵਿਚ ਮਿਲਣ ਵਾਲੀ ਜ਼ਿੰਦਗੀ ਵਿਚ ਵੀ ਬਰਕਤਾਂ ਮਿਲਣਗੀਆਂ।”—1 ਤਿਮੋਥਿਉਸ 4:8.
a ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਜਾਂਦੀ ਸੀ।