Skip to content

ਉਸ ਨੇ ਕੈਦੀਆਂ ਤੋਂ ਸਿੱਖਿਆ

ਉਸ ਨੇ ਕੈਦੀਆਂ ਤੋਂ ਸਿੱਖਿਆ

 ਇਕ ਆਦਮੀ 2011 ਵਿਚ ਇਕ ਸ਼ਰਨਾਰਥੀ ਵਜੋਂ ਐਰੀਟ੍ਰੀਆ ਤੋਂ ਨਾਰਵੇ ਆਇਆ। ਜਦੋਂ ਯਹੋਵਾਹ ਦੇ ਗਵਾਹ ਉਸ ਨੂੰ ਮਿਲੇ, ਤਾਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਐਰੀਟ੍ਰੀਆ ਵਿਚ ਵੀ ਉਹ ਗਵਾਹਾਂ ਨੂੰ ਮਿਲਿਆ ਸੀ। ਉਸ ਨੇ ਕਿਹਾ ਕਿ ਜਦੋਂ ਉਹ ਉੱਥੇ ਫ਼ੌਜ ਵਿਚ ਹੁੰਦਾ ਸੀ, ਤਾਂ ਉਸ ਨੇ ਦੇਖਿਆ ਕਿ ਫ਼ੌਜ ਵਿਚ ਭਰਤੀ ਹੋਣ ਤੋਂ ਸਾਫ਼ ਮਨ੍ਹਾ ਕਰਨ ਕਰਕੇ ਗਵਾਹਾਂ ਨੂੰ ਜੇਲ੍ਹ ਵਿਚ ਸੁੱਟਿਆ ਗਿਆ ਸੀ ਅਤੇ ਉਨ੍ਹਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ।

 ਇਸ ਆਦਮੀ ਦੀ ਜ਼ਿੰਦਗੀ ਵਿਚ ਕੋਈ ਅਜਿਹੀ ਘਟਨਾ ਵਾਪਰੀ ਜਿਸ ਕਰਕੇ ਉਸ ਨੂੰ ਵੀ ਜੇਲ੍ਹ ਜਾਣਾ ਪਿਆ। ਉੱਥੇ ਉਸ ਨੂੰ ਪੌਲਸ ਯਾਸੂ, ਨਗੈਡੀ ਟੈਕਲਾਮਾਰੀਅਮ ਅਤੇ ਈਸੈਕ ਮੋਗੋਸ ਨਾਂ ਦੇ ਤਿੰਨ ਗਵਾਹਾਂ ਨਾਲ ਰੱਖਿਆ ਗਿਆ। ਇਹ ਭਰਾ ਆਪਣੀ ਨਿਹਚਾ ਕਰਕੇ 1994 ਤੋਂ ਜੇਲ੍ਹ ਵਿਚ ਹਨ।

 ਕੈਦ ਵਿਚ ਹੁੰਦਿਆਂ ਇਸ ਆਦਮੀ ਨੇ ਆਪਣੀ ਅੱਖੀਂ ਦੇਖਿਆ ਕਿ ਯਹੋਵਾਹ ਦੇ ਗਵਾਹ ਜੋ ਸਿਖਾਉਂਦੇ ਹਨ, ਉਸ ਮੁਤਾਬਕ ਜੀਉਂਦੇ ਵੀ ਹਨ। ਉਸ ਨੇ ਉਨ੍ਹਾਂ ਦੀ ਈਮਾਨਦਾਰੀ ਦੇ ਨਾਲ-ਨਾਲ ਇਹ ਵੀ ਦੇਖਿਆ ਕਿ ਉਹ ਆਪਣਾ ਖਾਣਾ ਵੀ ਹੋਰ ਕੈਦੀਆਂ ਨਾਲ ਵੰਡ ਕੇ ਖਾ ਰਹੇ ਸਨ। ਨਾਲੇ ਉਸ ਨੇ ਦੇਖਿਆ ਕਿ ਗਵਾਹ ਹਰ ਰੋਜ਼ ਬਾਈਬਲ ਦੀ ਸਟੱਡੀ ਕਰਦੇ ਸਨ ਅਤੇ ਦੂਸਰਿਆਂ ਨੂੰ ਵੀ ਨਾਲ ਬੈਠਣ ਲਈ ਕਹਿੰਦੇ ਸਨ। ਜਦੋਂ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਛੱਡਣ ਲਈ ਇਕ ਪੇਪਰ ʼਤੇ ਦਸਤਖਤ ਕਰਨ ਲਈ ਕਿਹਾ ਗਿਆ, ਤਾਂ ਉਨ੍ਹਾਂ ਨੇ ਸਾਫ਼ ਮਨ੍ਹਾ ਕਰ ਦਿੱਤਾ।

 ਇਸ ਨੇਕਦਿਲ ਆਦਮੀ ʼਤੇ ਇਨ੍ਹਾਂ ਗੱਲਾਂ ਦਾ ਗਹਿਰਾ ਅਸਰ ਪਿਆ ਅਤੇ ਨਾਰਵੇ ਵਿਚ ਆਪਣੇ ਪੈਰ ਜਮਾਉਣ ਤੋਂ ਬਾਅਦ ਉਹ ਜਾਣਨਾ ਚਾਹੁੰਦਾ ਸੀ ਕਿ ਯਹੋਵਾਹ ਦੇ ਗਵਾਹਾਂ ਦੀ ਨਿਹਚਾ ਇੰਨਾ ਮਜ਼ਬੂਤ ਕਿਉਂ ਹੈ। ਸੋ ਜਦੋਂ ਗਵਾਹਾਂ ਨੇ ਉਸ ਨਾਲ ਗੱਲ ਕੀਤੀ, ਤਾਂ ਉਸ ਨੇ ਇਕਦਮ ਸਟੱਡੀ ਕਰਨੀ ਅਤੇ ਸਭਾਵਾਂ ʼਤੇ ਜਾਣਾ ਸ਼ੁਰੂ ਕਰ ਦਿੱਤਾ।

 ਸਤੰਬਰ 2018 ਵਿਚ ਉਸ ਨੇ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈ ਲਿਆ। ਹੁਣ ਉਹ ਮੌਕਾ ਮਿਲਣ ਤੇ ਐਰੀਟ੍ਰੀਆ ਅਤੇ ਸੂਡਾਨ ਤੋਂ ਆਉਂਦੇ ਲੋਕਾਂ ਨੂੰ ਬਾਈਬਲ ਸਟੱਡੀ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ ਤਾਂਕਿ ਉਹ ਮਜ਼ਬੂਤ ਨਿਹਚਾ ਪੈਦਾ ਕਰ ਸਕਣ।