ਪੁਲਿਸ ਜੋਸਫ਼ ਨਾਲ ਗਈ
ਜੇ ਤੁਸੀਂ ਇਕ ਯਹੋਵਾਹ ਦੇ ਗਵਾਹ ਹੋ, ਤਾਂ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਘਰ-ਘਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ ਪੁਲਿਸ ਤੁਹਾਡੇ ਨਾਲ-ਨਾਲ ਜਾਵੇ? ਇਹ ਤਜਰਬਾ 2017 ਵਿਚ ਮਾਈਕ੍ਰੋਨੇਸ਼ੀਆ ਵਿਚ ਜੋਸਫ਼ ਨਾਲ ਹੋਇਆ। ਉਹ ਤੇ ਹੋਰ ਤਿੰਨ ਗਵਾਹ ਦੂਰ-ਦੁਰਾਡੇ ਟਾਪੂਆਂ ਵਿਚ ਲੋਕਾਂ ਤਕ ਪਹੁੰਚਣ ਲਈ ਇਕ ਖ਼ਾਸ ਮੁਹਿੰਮ ਵਿਚ ਹਿੱਸਾ ਲੈ ਰਹੇ ਸਨ।
ਦੁਪਹਿਰ ਦੇ 12 ਕੁ ਵਜੇ ਚਾਰ ਗਵਾਹ ਇਕ ਛੋਟੇ ਜਿਹੇ ਟਾਪੂ ʼਤੇ ਪਹੁੰਚੇ ਜਿੱਥੇ ਲਗਭਗ 600 ਜਣੇ ਰਹਿੰਦੇ ਸਨ। ਸਮੁੰਦਰ ਦੇ ਕੰਢੇ ʼਤੇ ਟਾਪੂ ਦੇ ਮੇਅਰ ਨੇ ਗਵਾਹਾਂ ਦਾ ਸੁਆਗਤ ਕੀਤਾ। ਜੋਸਫ਼ ਦੱਸਦਾ ਹੈ ਕਿ ਅੱਗੇ ਕੀ ਹੋਇਆ: “ਮੇਅਰ ਨੇ ਕਿਹਾ ਕਿ ਪੁਲਿਸ ਦੀ ਗੱਡੀ ਸਾਨੂੰ ਸਾਰੇ ਘਰਾਂ ਵਿਚ ਲੈ ਕੇ ਜਾਵੇਗੀ। ਇਹ ਸੁਣ ਕੇ ਅਸੀਂ ਹੈਰਾਨ ਰਹਿ ਗਏ, ਪਰ ਅਸੀਂ ਆਦਰਮਈ ਤਰੀਕੇ ਨਾਲ ਮਨ੍ਹਾ ਕਰ ਦਿੱਤਾ। ਅਸੀਂ ਲੋਕਾਂ ਨੂੰ ਉੱਦਾਂ ਹੀ ਜਾ ਕੇ ਮਿਲਣਾ ਚਾਹੁੰਦੇ ਸੀ ਜਿੱਦਾਂ ਅਸੀਂ ਆਮ ਤੌਰ ਤੇ ਕਰਦੇ ਹਾਂ।”
ਪ੍ਰਚਾਰਕ ਤੁਰ ਕੇ ਜਾਣ ਲਈ ਤਿਆਰ ਸਨ ਅਤੇ ਉਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਗੱਲ ਕਰਨ ਦਾ ਇਰਾਦਾ ਕੀਤਾ ਹੋਇਆ ਸੀ। ਗਵਾਹਾਂ ਨੇ ਕਿਹਾ: “ਲੋਕ ਪਰਾਹੁਣਚਾਰੀ ਕਰਨ ਵਾਲੇ ਸਨ ਅਤੇ ਸਾਡਾ ਸੰਦੇਸ਼ ਸੁਣਨ ਲਈ ਤਿਆਰ ਸਨ। ਇਸ ਕਰਕੇ ਹਰ ਘਰ ਵਿਚ ਸਾਡੀ ਉਮੀਦ ਤੋਂ ਜ਼ਿਆਦਾ ਸਮਾਂ ਲੱਗ ਜਾਂਦਾ ਸੀ।”
ਸ਼ਾਮ ਨੂੰ ਪੁਲਿਸ ਦੀ ਗੱਡੀ ਦੋ ਵਾਰੀ ਜੋਸਫ਼ ਕੋਲੋਂ ਦੀ ਲੰਘੀ ਅਤੇ ਤੀਜੀ ਵਾਰ ਲੰਘਦਿਆਂ ਰੁਕ ਗਈ। ਪੁਲਿਸ ਵਾਲਿਆਂ ਨੇ ਜੋਸਫ਼ ਤੋਂ ਪੁੱਛਿਆ ਕਿ ਜੇ ਉਸ ਨੇ ਅਜੇ ਹੋਰ ਘਰਾਂ ਵਿਚ ਜਾਣਾ ਸੀ, ਤਾਂ ਉਹ ਉਸ ਨੂੰ ਲੈ ਕੇ ਜਾ ਸਕਦੇ ਸਨ। ਜੋਸਫ਼ ਦੱਸਦਾ ਹੈ: “ਮੈਂ ਉਨ੍ਹਾਂ ਨੂੰ ਨਾਂਹ ਕਹਿ ਦਿੱਤੀ। ਪਰ ਇਸ ਵਾਰ ਉਨ੍ਹਾਂ ਨੇ ਜ਼ੋਰ ਪਾਉਂਦਿਆਂ ਕਿਹਾ, ‘ਤੇਰੇ ਕੋਲ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ। ਇਸ ਕਰਕੇ ਅਸੀਂ ਤੈਨੂੰ ਬਾਕੀ ਦੇ ਘਰਾਂ ਵਿਚ ਲੈ ਜਾਵਾਂਗੇ।’ ਮੈਂ ਦੁਬਾਰਾ ਤੋਂ ਉਨ੍ਹਾਂ ਨੂੰ ਮਨ੍ਹਾ ਨਾ ਕਰ ਸਕਿਆ ਕਿਉਂਕਿ ਮੈਂ ਅਜੇ ਹੋਰ ਬਹੁਤ ਘਰਾਂ ਵਿਚ ਜਾਣਾ ਸੀ। ਜਿੱਦਾਂ-ਜਿੱਦਾਂ ਅਸੀਂ ਹਰ ਘਰ ਜਾਂਦੇ ਸੀ, ਅਫ਼ਸਰ ਮੈਨੂੰ ਪਰਿਵਾਰ ਦਾ ਨਾਂ ਦੱਸਦੇ ਸਨ ਅਤੇ ਕਹਿੰਦੇ ਸਨ ਕਿ ਜੇ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਕੋਈ ਬਾਹਰ ਨਾ ਆਇਆ, ਤਾਂ ਉਹ ਘਰ-ਮਾਲਕ ਨੂੰ ਖ਼ਬਰਦਾਰ ਕਰਨ ਲਈ ਗੱਡੀ ਦਾ ਹਾਰਨ ਵਜਾਉਣਗੇ।
“ਉਨ੍ਹਾਂ ਵੱਲੋਂ ਮਦਦ ਮਿਲਣ ਕਰਕੇ ਅਸੀਂ ਉਸ ਦਿਨ ਸਾਰੇ ਘਰਾਂ ਵਿਚ ਜਾ ਸਕੇ। ਅਸੀਂ ਕਾਫ਼ੀ ਪ੍ਰਕਾਸ਼ਨ ਦਿੱਤੇ ਅਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਨਾਲ ਦੁਬਾਰਾ ਮਿਲਣ ਦੇ ਪ੍ਰਬੰਧ ਕੀਤੇ।”
ਪੁਲਿਸ ਵਾਲਿਆਂ ਨੇ ਜੋਸਫ਼ ਨੂੰ ਕਿਹਾ ਕਿ ਉਨ੍ਹਾਂ ਨੂੰ “ਖ਼ੁਸ਼ ਖ਼ਬਰੀ ਫੈਲਾਉਣ ਵਿਚ ਵਾਕਈ ਖ਼ੁਸ਼ੀ ਮਿਲੀ।” ਸੂਰਜ ਡੁੱਬਣ ਤੋਂ ਬਾਅਦ ਜਦੋਂ ਗਵਾਹ ਉੱਥੋਂ ਵਾਪਸ ਜਾਣ ਲੱਗੇ, ਤਾਂ ਸਮੁੰਦਰੀ ਕੰਢੇ ʼਤੇ ਆ ਕੇ ਅਫ਼ਸਰਾਂ ਨੇ ਚਿਹਰਿਆਂ ʼਤੇ ਮੁਸਕਾਨ ਤੇ ਹੱਥਾਂ ਵਿਚ ਪ੍ਰਕਾਸ਼ਨ ਲਈ ਉਨ੍ਹਾਂ ਨੂੰ ਅਲਵਿਦਾ ਕਿਹਾ।