ਭਾਗ 8
ਜੇ ਦੁੱਖਾਂ ਦਾ ਪਹਾੜ ਟੁੱਟ ਪਵੇ
“ਤੁਸੀਂ ਖ਼ੁਸ਼ੀਆਂ ਮਨਾਉਂਦੇ ਹੋ, ਭਾਵੇਂ ਕਿ ਤੁਹਾਨੂੰ ਹੁਣ ਥੋੜ੍ਹੇ ਸਮੇਂ ਲਈ ਕਈ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਕਾਰਨ ਦੁੱਖ ਝੱਲਣਾ ਪੈ ਰਿਹਾ ਹੈ।”—1 ਪਤਰਸ 1:6
ਭਾਵੇਂ ਕਿ ਤੁਹਾਡਾ ਹੱਸਦਾ-ਖੇਡਦਾ ਪਰਿਵਾਰ ਹੈ, ਪਰ ਫਿਰ ਵੀ ਅਚਾਨਕ ਕੋਈ ਘਟਨਾ ਵਾਪਰਨ ʼਤੇ ਤੁਹਾਡੀ ਖ਼ੁਸ਼ੀ ਗਮੀ ਵਿਚ ਬਦਲ ਸਕਦੀ ਹੈ। (ਉਪਦੇਸ਼ਕ ਦੀ ਪੋਥੀ 9:11) ਜਦੋਂ ਅਸੀਂ ਮੁਸ਼ਕਲ ਘੜੀਆਂ ਵਿੱਚੋਂ ਗੁਜ਼ਰਦੇ ਹਾਂ, ਤਾਂ ਪਰਮੇਸ਼ੁਰ ਸਾਨੂੰ ਪਿਆਰ ਨਾਲ ਸੰਭਾਲਦਾ ਹੈ। ਜੇ ਤੁਸੀਂ ਅੱਗੇ ਦੱਸੇ ਬਾਈਬਲ ਦੇ ਅਸੂਲਾਂ ʼਤੇ ਚੱਲੋਗੇ, ਤਾਂ ਤੁਸੀਂ ਅਤੇ ਤੁਹਾਡਾ ਪਰਿਵਾਰ ਹਰ ਔਖੇ ਹਾਲਾਤ ਦਾ ਡਟ ਕੇ ਸਾਮ੍ਹਣਾ ਕਰ ਸਕੇਗਾ।
1 ਯਹੋਵਾਹ ʼਤੇ ਭਰੋਸਾ ਰੱਖੋ
ਬਾਈਬਲ ਕੀ ਕਹਿੰਦੀ ਹੈ: “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਪਰਮੇਸ਼ੁਰ ਤੁਹਾਡੇ ਉੱਤੇ ਮੁਸੀਬਤਾਂ ਨਹੀਂ ਲਿਆਉਂਦਾ। (ਯਾਕੂਬ 1:13) ਜੇ ਤੁਸੀਂ ਪਰਮੇਸ਼ੁਰ ਦੇ ਨੇੜੇ ਰਹੋਗੇ, ਤਾਂ ਉਹ ਤੁਹਾਡੀਆਂ ਉਮੀਦਾਂ ਤੋਂ ਕਿਤੇ ਵਧ ਕੇ ਤੁਹਾਡੀ ਮਦਦ ਕਰੇਗਾ। (ਯਸਾਯਾਹ 41:10) ਇਸ ਲਈ ਤੁਸੀਂ “ਆਪਣਾ ਮਨ ਉਹ ਦੇ ਅੱਗੇ ਖੋਲ੍ਹ ਦਿਓ।”—ਜ਼ਬੂਰਾਂ ਦੀ ਪੋਥੀ 62:8.
ਹਰ ਰੋਜ਼ ਬਾਈਬਲ ਪੜ੍ਹ ਕੇ ਅਤੇ ਉਸ ʼਤੇ ਸੋਚ-ਵਿਚਾਰ ਕਰ ਕੇ ਤੁਹਾਨੂੰ ਦਿਲਾਸਾ ਮਿਲੇਗਾ। ਤਦ ਤੁਸੀਂ ਦੇਖੋਗੇ ਕਿ ਯਹੋਵਾਹ ਕਿਵੇਂ “ਸਾਡੀਆਂ ਸਾਰੀਆਂ ਮੁਸੀਬਤਾਂ ਵਿਚ ਸਾਨੂੰ ਦਿਲਾਸਾ ਦਿੰਦਾ ਹੈ।” (2 ਕੁਰਿੰਥੀਆਂ 1:3, 4; ਰੋਮੀਆਂ 15:4) ਯਹੋਵਾਹ ਤੁਹਾਨੂੰ ਉਹ ‘ਸ਼ਾਂਤੀ ਬਖ਼ਸ਼ੇਗਾ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।’—ਫ਼ਿਲਿੱਪੀਆਂ 4:6, 7, 13.
ਤੁਸੀਂ ਕੀ ਕਰ ਸਕਦੇ ਹੋ:
-
ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਤੁਸੀਂ ਠੰਢੇ ਦਿਮਾਗ਼ ਨਾਲ ਸਹੀ-ਸਹੀ ਸੋਚ ਸਕੋ
-
ਸਾਰੇ ਤਰੀਕਿਆਂ ʼਤੇ ਸੋਚ-ਵਿਚਾਰ ਕਰੋ ਤੇ ਫਿਰ ਆਪਣੇ ਪਰਿਵਾਰ ਲਈ ਸਭ ਤੋਂ ਵਧੀਆ ਤਰੀਕਾ ਚੁਣੋ
2 ਆਪਣਾ ਤੇ ਆਪਣੇ ਪਰਿਵਾਰ ਦਾ ਖ਼ਿਆਲ ਰੱਖੋ
ਬਾਈਬਲ ਕੀ ਕਹਿੰਦੀ ਹੈ: “ਸਿਆਣਾ ਪੁਰਸ਼ ਗਿਆਨ ਨੂੰ ਪ੍ਰਾਪਤ ਕਰਦਾ ਹੈ, ਅਤੇ ਬੁੱਧਵਾਨ ਦੇ ਕੰਨ ਗਿਆਨ ਦੀ ਭਾਲ ਕਰਦੇ ਹਨ।” (ਕਹਾਉਤਾਂ 18:15) ਪਰਿਵਾਰ ਦੇ ਸਾਰੇ ਜੀਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੀ ਸੁਣਨ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੀਆਂ ਕੀ ਲੋੜਾਂ ਹਨ।—ਕਹਾਉਤਾਂ 20:5.
ਉਦੋਂ ਕੀ ਜੇ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਪਿਆਰਾ ਦੋਸਤ ਗੁਜ਼ਰ ਜਾਵੇ? ਆਪਣੇ ਜਜ਼ਬਾਤਾਂ ਨੂੰ ਦਿਲ ਵਿਚ ਦਬਾ ਕੇ ਨਾ ਰੱਖੋ। ਯਾਦ ਕਰੋ ਕਿ ਯਿਸੂ ਵੀ ਰੋਇਆ ਸੀ। (ਯੂਹੰਨਾ 11:35; ਉਪਦੇਸ਼ਕ ਦੀ ਪੋਥੀ 3:4) ਆਰਾਮ ਕਰਨਾ ਅਤੇ ਸੌਣਾ ਵੀ ਬਹੁਤ ਜ਼ਰੂਰੀ ਹੈ। (ਉਪਦੇਸ਼ਕ ਦੀ ਪੋਥੀ 4:6) ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਹਾਨੂੰ ਦੁੱਖ ਸਹਿਣ ਵਿਚ ਮਦਦ ਮਿਲੇਗੀ।
ਤੁਸੀਂ ਕੀ ਕਰ ਸਕਦੇ ਹੋ:
-
ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰਨ ਦੀ ਆਦਤ ਪਾਓ ਤਾਂਕਿ ਕੋਈ ਮੁਸੀਬਤ ਆਉਣ ਤੇ ਉਹ ਤੁਹਾਡੇ ਨਾਲ ਬੇਝਿਜਕ ਗੱਲ ਕਰ ਸਕਣ
-
ਉਨ੍ਹਾਂ ਨਾਲ ਗੱਲ ਕਰੋ ਜੋ ਤੁਹਾਡੇ ਵਰਗੇ ਹਾਲਾਤਾਂ ਵਿੱਚੋਂ ਗੁਜ਼ਰ ਚੁੱਕੇ ਹਨ
3 ਦੂਜਿਆਂ ਦਾ ਸਹਾਰਾ ਲਓ
ਬਾਈਬਲ ਕੀ ਕਹਿੰਦੀ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾਉਤਾਂ 17:17) ਹੋ ਸਕਦਾ ਹੈ ਕਿ ਤੁਹਾਡੇ ਦੋਸਤ-ਮਿੱਤਰ ਤੁਹਾਨੂੰ ਸਹਾਰਾ ਦੇਣਾ ਚਾਹੁੰਦੇ ਹੋਣ, ਪਰ ਸ਼ਾਇਦ ਉਨ੍ਹਾਂ ਨੂੰ ਪਤਾ ਨਾ ਲੱਗੇ ਕਿ ਉਹ ਤੁਹਾਡੀ ਕਿਵੇਂ ਮਦਦ ਕਰਨ। ਉਨ੍ਹਾਂ ਨੂੰ ਸਾਫ਼-ਸਾਫ਼ ਆਪਣੀਆਂ ਲੋੜਾਂ ਬਾਰੇ ਦੱਸੋ। (ਕਹਾਉਤਾਂ 12:25) ਨਾਲੇ ਬਾਈਬਲ ਨੂੰ ਸਮਝਣ ਵਾਲੇ ਪਰਮੇਸ਼ੁਰ ਦੇ ਲੋਕਾਂ ਤੋਂ ਮਦਦ ਲਓ ਜੋ ਬਾਈਬਲ ਤੋਂ ਤੁਹਾਨੂੰ ਸਲਾਹ ਦੇ ਸਕਦੇ ਹਨ।—ਯਾਕੂਬ 5:14.
ਜੇ ਤੁਸੀਂ ਪਰਮੇਸ਼ੁਰ ਅਤੇ ਉਸ ਦੇ ਵਾਅਦਿਆਂ ਉੱਤੇ ਪੱਕਾ ਵਿਸ਼ਵਾਸ ਰੱਖਣ ਵਾਲੇ ਲੋਕਾਂ ਨਾਲ ਮਿਲਦੇ-ਗਿਲ਼ਦੇ ਹੋ, ਤਾਂ ਉਹ ਤੁਹਾਨੂੰ ਸਹਾਰਾ ਦਿੰਦੇ ਰਹਿਣਗੇ। ਜੇ ਤੁਸੀਂ ਨਿਰਾਸ਼ ਲੋਕਾਂ ਨੂੰ ਹੌਸਲਾ ਦੇਵੋਗੇ, ਤਾਂ ਤੁਹਾਨੂੰ ਖ਼ੁਦ ਨੂੰ ਦਿਲਾਸਾ ਮਿਲੇਗਾ। ਦੂਸਰਿਆਂ ਨੂੰ ਆਪਣੇ ਵਿਸ਼ਵਾਸਾਂ ਅਤੇ ਯਹੋਵਾਹ ਦੇ ਵਾਅਦਿਆਂ ਬਾਰੇ ਦੱਸੋ। ਲੋੜਵੰਦਾਂ ਨੂੰ ਮਦਦ ਦਿੰਦੇ ਰਹੋ। ਨਾਲੇ ਉਨ੍ਹਾਂ ਤੋਂ ਦੂਰ-ਦੂਰ ਨਾ ਰਹੋ ਜੋ ਤੁਹਾਨੂੰ ਪਿਆਰ ਕਰਦੇ ਅਤੇ ਤੁਹਾਡਾ ਫ਼ਿਕਰ ਕਰਦੇ ਹਨ।—ਕਹਾਉਤਾਂ 18:1; 1 ਕੁਰਿੰਥੀਆਂ 15:58.
ਤੁਸੀਂ ਕੀ ਕਰ ਸਕਦੇ ਹੋ:
-
ਕਿਸੇ ਨਜ਼ਦੀਕੀ ਦੋਸਤ ਨਾਲ ਗੱਲ ਕਰੋ ਅਤੇ ਉਸ ਦੀ ਮਦਦ ਸਵੀਕਾਰ ਕਰੋ
-
ਹਿਚਕਿਚਾਉਣ ਦੀ ਬਜਾਇ ਉਸ ਨੂੰ ਦੱਸੋ ਤੁਹਾਨੂੰ ਕੀ-ਕੀ ਚਾਹੀਦਾ ਹੈ