ਸਵਾਲ 2
ਮੈਨੂੰ ਆਪਣੇ ਰੰਗ-ਰੂਪ ਦਾ ਕਿਉਂ ਫ਼ਿਕਰ ਪਿਆ ਰਹਿੰਦਾ ਹੈ?
ਤੁਸੀਂ ਕੀ ਕਰਦੇ?
ਕਲਪਨਾ ਕਰੋ: ਸ਼ੀਸ਼ੇ ਵਿਚ ਆਪਣੇ ਆਪ ਨੂੰ ਦੇਖ ਕੇ ਜੂਲੀਆ ਹਮੇਸ਼ਾ ਸੋਚਦੀ ਹੈ: “ਹਾਇ! ਮੈਂ ਕਿੰਨੀ ਮੋਟੀ ਹਾਂ! ਮੈਨੂੰ ਭਾਰ ਘਟਾਉਣ ਦੀ ਲੋੜ ਹੈ।” ਦੂਜੇ ਪਾਸੇ, ਉਸ ਦੇ ਮਾਪੇ ਅਤੇ ਦੋਸਤ ਉਸ ਨੂੰ ਕਹਿੰਦੇ ਹਨ ਕਿ ਉਹ “ਸੁੱਕੀ ਪਈ” ਹੈ।
ਹਾਲ ਹੀ ਵਿਚ ਜੂਲੀਆ ਸੋਚਣ ਲੱਗ ਪਈ ਕਿ ਉਹ ਕਿਸੇ-ਨਾ-ਕਿਸੇ ਤਰ੍ਹਾਂ “ਘੱਟੋ-ਘੱਟ ਦੋ-ਢਾਈ ਕਿਲੋ” ਭਾਰ ਜ਼ਰੂਰ ਘਟਾਵੇਗੀ। ਬਸ ਉਸ ਨੂੰ ਕੁਝ ਦਿਨ ਖਾਣਾ-ਪੀਣਾ ਛੱਡਣ ਦੀ ਲੋੜ ਹੈ . . .
ਜੇ ਤੁਸੀਂ ਜੂਲੀਆ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ?
ਰੁਕੋ ਤੇ ਸੋਚੋ!
ਆਪਣੇ ਰੰਗ-ਰੂਪ ਬਾਰੇ ਸੋਚਣ ਵਿਚ ਕੋਈ ਬੁਰਾਈ ਨਹੀਂ ਹੈ। ਬਾਈਬਲ ਵਿਚ ਸਾਰਾਹ, ਰਾਖੇਲ, ਅਬੀਗੈਲ, ਯੂਸੁਫ਼, ਦਾਊਦ ਅਤੇ ਹੋਰ ਆਦਮੀਆਂ ਤੇ ਔਰਤਾਂ ਦੀ ਖ਼ੂਬਸੂਰਤੀ ਦੀ ਤਾਰੀਫ਼ ਕੀਤੀ ਗਈ ਹੈ। ਬਾਈਬਲ ਦੱਸਦੀ ਹੈ ਕਿ ਅਬੀਸ਼ਗ ਨਾਂ ਦੀ ਕੁੜੀ “ਬੜੀ ਖੂਬਸੂਰਤ ਸੀ।”
ਪਰ ਅੱਜ-ਕੱਲ੍ਹ ਬਹੁਤ ਸਾਰੇ ਮੁੰਡੇ-ਕੁੜੀਆਂ ਆਪਣੇ ਰੰਗ-ਰੂਪ ਬਾਰੇ ਹੱਦੋਂ ਵੱਧ ਫ਼ਿਕਰ ਕਰਦੇ ਹਨ। ਇਸ ਕਰਕੇ ਉਨ੍ਹਾਂ ਲਈ ਬਹੁਤ ਸਾਰੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਗੌਰ ਕਰੋ:
-
ਅਮਰੀਕਾ ਵਿਚ ਕੀਤੇ ਗਏ ਇਕ ਸਰਵੇਖਣ ਮੁਤਾਬਕ 58 ਪ੍ਰਤਿਸ਼ਤ ਕੁੜੀਆਂ ਆਪਣੇ ਆਪ ਨੂੰ ਮੋਟੀਆਂ ਮੰਨਦੀਆਂ ਸਨ, ਜਦ ਕਿ ਸਿਰਫ਼ 17 ਪ੍ਰਤਿਸ਼ਤ ਕੁੜੀਆਂ ਹੀ ਮੋਟੀਆਂ ਸਨ।
-
ਇਕ ਹੋਰ ਸਰਵੇਖਣ ਮੁਤਾਬਕ 45 ਪ੍ਰਤਿਸ਼ਤ ਔਰਤਾਂ ਦਾ ਭਾਰ ਅਸਲ ਵਿਚ ਬਹੁਤ ਘੱਟ ਸੀ, ਪਰ ਉਹ ਸੋਚਦੀਆਂ ਸਨ ਕਿ ਉਹ ਮੋਟੀਆਂ ਸਨ।
-
ਕੁਝ ਨੌਜਵਾਨ ਐਨੋਰੈਕਸੀਆ ਨਾਂ ਦੀ ਬੀਮਾਰੀ ਦੇ ਸ਼ਿਕਾਰ ਹੋ ਗਏ ਹਨ। ਇਸ ਬੀਮਾਰੀ ਦੇ ਰੋਗੀ ਨੂੰ ਲੱਗਦਾ ਹੈ ਕਿ ਉਸ ਦਾ ਭਾਰ ਬਹੁਤ ਜ਼ਿਆਦਾ ਹੈ ਅਤੇ ਆਪਣਾ ਭਾਰ ਘਟਾਉਣ ਦੇ ਚੱਕਰ ਵਿਚ ਉਹ ਆਪਣੇ ਆਪ ਨੂੰ ਭੁੱਖਾ ਰੱਖਦਾ ਹੈ। ਇਹ ਬੀਮਾਰੀ ਜਾਨਲੇਵਾ ਹੋ ਸਕਦੀ ਹੈ।
ਆਪਣੇ ਆਪ ਨੂੰ ਅੰਦਰੋਂ ਨਿਖਾਰੋ!
ਸੱਚ ਤਾਂ ਇਹ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਹਾਂ, ਉਸ ਕਰਕੇ ਲੋਕ ਸਾਨੂੰ ਪਸੰਦ ਜਾਂ ਨਾਪਸੰਦ ਕਰਨਗੇ। ਜ਼ਰਾ ਰਾਜਾ ਦਾਊਦ ਦੇ ਪੁੱਤਰ ਅਬਸ਼ਾਲੋਮ ਬਾਰੇ ਸੋਚੋ। ਉਸ ਬਾਰੇ ਬਾਈਬਲ ਕਹਿੰਦੀ ਹੈ:
“ਸਾਰੇ ਇਸਰਾਈਲ ਵਿਚ ਅਬਸ਼ਾਲੋਮ ਜਿੰਨਾ ਸੋਹਣਾ ਜਵਾਨ ਕੋਈ ਦੂਜਾ ਨਹੀਂ ਸੀ। ਅਬਸ਼ਾਲੋਮ ਵਿਚ ਪੈਰਾਂ ਤੋਂ ਲੈ ਕੇ ਸਿਰ ਤਕ ਕੋਈ ਕਮੀ ਨਹੀਂ ਸੀ।”
—2 ਸਮੂਏਲ 14:25, CL.
ਪਰ ਅਬਸ਼ਾਲੋਮ ਬਹੁਤ ਹੀ ਘਮੰਡੀ ਅਤੇ ਮੱਕਾਰ ਸੀ ਅਤੇ ਉਸ ਵਿਚ ਆਪਣੇ ਆਪ ਨੂੰ ਵੱਡਾ ਬਣਾਉਣ ਦੀ ਲਾਲਸਾ ਸੀ। ਇਸ ਲਈ ਬਾਈਬਲ ਉਸ ਦੀ ਸਿਫ਼ਤ ਕਰਨ ਦੀ ਬਜਾਇ ਦੱਸਦੀ ਹੈ ਕਿ ਉਹ ਬੇਸ਼ਰਮ, ਬੇਵਫ਼ਾ, ਦਗ਼ਾਬਾਜ਼ ਅਤੇ ਖ਼ੂਨੀ ਸੀ ਅਤੇ ਅੰਦਰੋਂ ਨਫ਼ਰਤ ਨਾਲ ਭਰਿਆ ਹੋਇਆ ਸੀ।
ਇਸ ਕਰਕੇ ਬਾਈਬਲ ਸਾਨੂੰ ਇਹ ਸਲਾਹ ਦਿੰਦੀ ਹੈ:
“ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ।”
—ਕੁਲੁੱਸੀਆਂ 3:10.
“ਤੁਸੀਂ ਆਪਣੇ ਬਾਹਰੀ ਰੂਪ ਨੂੰ ਸ਼ਿੰਗਾਰਨ ਵਿਚ ਨਾ [ਲੱਗੇ] ਰਹੋ, . . . ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰੋ।”
—1 ਪਤਰਸ 3:3, 4.
ਜੇ ਤੁਸੀਂ ਸੋਹਣੇ ਦਿੱਸਣਾ ਚਾਹੁੰਦੇ ਹੋ, ਤਾਂ ਇਸ ਵਿਚ ਕੋਈ ਹਰਜ਼ ਨਹੀਂ ਹੈ, ਪਰ ਇਸ ਤੋਂ ਜ਼ਿਆਦਾ ਜ਼ਰੂਰੀ ਹੈ ਤੁਹਾਡਾ ਸੁਭਾਅ। ਤੁਹਾਡੇ ਤਕੜੇ ਸਰੀਰ ਜਾਂ ਬਾਹਰੀ ਖ਼ੂਬਸੂਰਤੀ ਦੀ ਬਜਾਇ ਲੋਕ ਤੁਹਾਡੇ ਗੁਣਾਂ ਕਰਕੇ ਤੁਹਾਨੂੰ ਪਸੰਦ ਕਰਨਗੇ! ਫਿਲੀਸ਼ੀਆ ਨਾਂ ਦੀ ਕੁੜੀ ਕਹਿੰਦੀ ਹੈ: “ਇਹ ਸੱਚ ਹੈ ਕਿ ਚਿਹਰੇ ਦੀ ਖ਼ੂਬਸੂਰਤੀ ਵੱਲ ਇਕਦਮ ਸਾਰਿਆਂ ਦਾ ਧਿਆਨ ਜਾਂਦਾ ਹੈ, ਪਰ ਲੋਕ ਤੁਹਾਡੇ ਚੰਗੇ ਸੁਭਾਅ ਅਤੇ ਗੁਣਾਂ ਕਰਕੇ ਤੁਹਾਨੂੰ ਯਾਦ ਰੱਖਦੇ ਹਨ।”
ਜਾਣੋ ਕਿ ਤੁਸੀਂ ਕਿੱਦਾਂ ਦੇ ਲੱਗਦੇ ਹੋ
ਕੀ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖ ਕੇ ਅਕਸਰ ਨਿਰਾਸ਼ ਹੋ ਜਾਂਦੇ ਹੋ?
ਕੀ ਤੁਸੀਂ ਕਦੀ ਸੋਹਣੇ ਦਿੱਸਣ ਲਈ ਆਪਣੇ ਚਿਹਰੇ ਜਾਂ ਹੋਰ ਅੰਗਾਂ ਦਾ ਓਪਰੇਸ਼ਨ ਕਰਾਉਣ ਜਾਂ ਖਾਣ-ਪੀਣ ਤੋਂ ਹੱਦੋਂ ਵੱਧ ਪਰਹੇਜ਼ ਕਰਨ ਬਾਰੇ ਸੋਚਿਆ ਹੈ?
ਜੇ ਤੁਹਾਨੂੰ ਮੌਕਾ ਮਿਲੇ, ਤਾਂ ਤੁਸੀਂ ਆਪਣੇ ਸਰੀਰ ਵਿਚ ਕੀ ਬਦਲਾਅ ਕਰੋਗੇ? (ਹੇਠਾਂ ਨਿਸ਼ਾਨ ਲਗਾਓ।)
-
ਕੱਦ
-
ਭਾਰ
-
ਵਾਲ਼
-
ਸਰੀਰ ਦੀ ਬਣਾਵਟ
-
ਚਿਹਰਾ
-
ਰੰਗ
ਜੇ ਤੁਸੀਂ ਪਹਿਲੇ ਦੋ ਸਵਾਲਾਂ ਦੇ ਜਵਾਬ “ਹਾਂ” ਵਿਚ ਦਿੱਤੇ ਹਨ ਅਤੇ ਤੀਸਰੇ ਵਿਚ ਦੋ ਜਾਂ ਤਿੰਨ ਚੀਜ਼ਾਂ ’ਤੇ ਨਿਸ਼ਾਨ ਲਗਾਏ ਹਨ, ਤਾਂ ਧਿਆਨ ਦਿਓ: ਹੋ ਸਕਦਾ ਹੈ ਕਿ ਤੁਸੀਂ ਆਪਣੇ ਵਿਚ ਜਿੰਨੀਆਂ ਕਮੀਆਂ ਦੇਖਦੇ ਹੋ, ਹੋਰ ਲੋਕ ਨਹੀਂ ਦੇਖਦੇ। ਆਪਣੇ ਰੰਗ-ਰੂਪ ਜਾਂ ਕੱਦ-ਕਾਠ ਬਾਰੇ ਹੱਦੋਂ ਵੱਧ ਚਿੰਤਾ ਕਰਨੀ ਬਹੁਤ ਆਸਾਨ ਹੈ।