ਪਾਠ 8
ਪਰਮੇਸ਼ੁਰ ਬੁਰਾਈ ਤੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?
1. ਬੁਰਾਈ ਦੀ ਸ਼ੁਰੂਆਤ ਕਿਵੇਂ ਹੋਈ?
ਧਰਤੀ ’ਤੇ ਬੁਰਾਈ ਉਦੋਂ ਸ਼ੁਰੂ ਹੋਈ ਜਦੋਂ ਸ਼ੈਤਾਨ ਨੇ ਪਹਿਲਾ ਝੂਠ ਬੋਲਿਆ। ਸ਼ੈਤਾਨ ਪਹਿਲਾਂ ਇਕ ਚੰਗਾ ਦੂਤ ਸੀ, ਪਰ ਉਹ “ਸੱਚਾਈ ਦੇ ਰਾਹ ਤੋਂ ਭਟਕ ਗਿਆ।” (ਯੂਹੰਨਾ 8:44) ਉਹ ਚਾਹੁੰਦਾ ਸੀ ਕਿ ਲੋਕ ਪਰਮੇਸ਼ੁਰ ਦੀ ਬਜਾਇ ਉਸ ਦੀ ਪੂਜਾ ਕਰਨ। ਉਸ ਨੇ ਪਹਿਲੀ ਤੀਵੀਂ ਹੱਵਾਹ ਨੂੰ ਝੂਠ ਬੋਲ ਕੇ ਇਸ ਗੱਲ ਲਈ ਮਨਾ ਲਿਆ ਕਿ ਉਹ ਰੱਬ ਦਾ ਕਹਿਣਾ ਮੰਨਣ ਦੀ ਬਜਾਇ ਉਸ ਦਾ ਕਹਿਣਾ ਮੰਨੇ। ਆਦਮ ਨੇ ਵੀ ਹੱਵਾਹ ਵਾਂਗ ਰੱਬ ਤੋਂ ਮੂੰਹ ਮੋੜ ਲਿਆ। ਆਦਮ ਦੇ ਫ਼ੈਸਲੇ ਕਰਕੇ ਦੁਨੀਆਂ ਵਿਚ ਦੁੱਖ ਤੇ ਮੌਤ ਆਈ।—ਉਤਪਤ 3:1-6, 19 ਪੜ੍ਹੋ।
ਜਦ ਸ਼ੈਤਾਨ ਨੇ ਹੱਵਾਹ ਨੂੰ ਰੱਬ ਦੇ ਖ਼ਿਲਾਫ਼ ਜਾਣ ਲਈ ਉਕਸਾਇਆ, ਤਾਂ ਉਸ ਨੇ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ’ਤੇ ਸਵਾਲ ਖੜ੍ਹਾ ਕੀਤਾ। ਇਸ ਤਰ੍ਹਾਂ ਉਸ ਨੇ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕੀਤੀ। ਤਕਰੀਬਨ ਸਾਰੇ ਹੀ ਇਨਸਾਨਾਂ ਨੇ ਸ਼ੈਤਾਨ ਨਾਲ ਮਿਲ ਕੇ ਰੱਬ ਨੂੰ ਆਪਣਾ ਰਾਜਾ ਮੰਨਣ ਤੋਂ ਇਨਕਾਰ ਕੀਤਾ ਹੈ। ਇਸ ਤਰ੍ਹਾਂ ਸ਼ੈਤਾਨ “ਦੁਨੀਆਂ ਦਾ ਹਾਕਮ” ਬਣ ਗਿਆ।—ਯੂਹੰਨਾ 14:30; 1 ਯੂਹੰਨਾ 5:19 ਪੜ੍ਹੋ।
2. ਕੀ ਪਰਮੇਸ਼ੁਰ ਦੀ ਰਚਨਾ ਵਿਚ ਕੋਈ ਨੁਕਸ ਸੀ?
ਪਰਮੇਸ਼ੁਰ ਦੇ ਹੱਥਾਂ ਦੇ ਕੰਮ ਵਿਚ ਕੋਈ ਨੁਕਸ ਨਹੀਂ ਸੀ। ਉਸ ਨੇ ਜਿਨ੍ਹਾਂ ਇਨਸਾਨਾਂ ਤੇ ਦੂਤਾਂ ਨੂੰ ਬਣਾਇਆ ਸੀ, ਉਹ ਉਸ ਦੇ ਹੁਕਮਾਂ ਨੂੰ ਮੰਨਣ ਦੇ ਪੂਰੀ ਤਰ੍ਹਾਂ ਕਾਬਲ ਸਨ। (ਬਿਵਸਥਾ ਸਾਰ 32:4, 5) ਪਰਮੇਸ਼ੁਰ ਨੇ ਸਾਨੂੰ ਇਹ ਫ਼ੈਸਲਾ ਕਰਨ ਦੀ ਆਜ਼ਾਦੀ ਦਿੱਤੀ ਹੈ ਕਿ ਅਸੀਂ ਚੰਗੇ ਕੰਮ ਕਰਾਂਗੇ ਜਾਂ ਮਾੜੇ। ਇਸ ਆਜ਼ਾਦੀ ਕਰਕੇ ਸਾਨੂੰ ਪਰਮੇਸ਼ੁਰ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਮੌਕਾ ਮਿਲਦਾ ਹੈ।—ਯਾਕੂਬ 1:13-15; 1 ਯੂਹੰਨਾ 5:3 ਪੜ੍ਹੋ।
3. ਪਰਮੇਸ਼ੁਰ ਨੇ ਹਾਲੇ ਤਕ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ?
ਯਹੋਵਾਹ ਨੇ ਆਪਣੇ ਖ਼ਿਲਾਫ਼ ਬਗਾਵਤ ਕਰਨ ਵਾਲਿਆਂ ਨੂੰ ਕੁਝ ਸਮੇਂ ਲਈ ਰਾਜ ਕਰਨ ਦਾ ਮੌਕਾ ਦਿੱਤਾ ਹੈ। ਕਿਉਂ? ਇਹ ਦਿਖਾਉਣ ਲਈ ਕਿ ਉਸ ਤੋਂ ਬਿਨਾਂ ਵਧੀਆ ਤਰੀਕੇ ਨਾਲ ਰਾਜ ਨਹੀਂ ਕੀਤਾ ਜਾ ਸਕਦਾ। (ਉਪਦੇਸ਼ਕ ਦੀ ਪੋਥੀ 7:29; 8:9) 6,000 ਸਾਲਾਂ ਤੋਂ ਬਾਅਦ ਇਹ ਸਾਬਤ ਹੋ ਚੁੱਕਾ ਹੈ ਕਿ ਸਾਨੂੰ ਰੱਬ ਦੀ ਹਕੂਮਤ ਦੀ ਲੋੜ ਹੈ। ਮਨੁੱਖੀ ਹਾਕਮ ਯੁੱਧ, ਜੁਰਮ, ਬੇਇਨਸਾਫ਼ੀ ਤੇ ਬੀਮਾਰੀਆਂ ਨੂੰ ਖ਼ਤਮ ਨਹੀਂ ਕਰ ਸਕੇ।—ਯਿਰਮਿਯਾਹ 10:23; ਰੋਮੀਆਂ 9:17 ਪੜ੍ਹੋ।
ਜਿਹੜੇ ਲੋਕ ਇਨਸਾਨੀ ਹਕੂਮਤਾਂ ਦੀ ਬਜਾਇ ਰੱਬ ਨੂੰ ਆਪਣਾ ਰਾਜਾ ਮੰਨਦੇ ਹਨ, ਉਨ੍ਹਾਂ ਨੂੰ ਅੱਜ ਵੀ ਫ਼ਾਇਦੇ ਹੁੰਦੇ ਹਨ। (ਯਸਾਯਾਹ 48:17, 18) ਜਲਦੀ ਹੀ ਯਹੋਵਾਹ ਸਾਰੀਆਂ ਮਨੁੱਖੀ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ। ਸਿਰਫ਼ ਉਹੀ ਲੋਕ ਧਰਤੀ ’ਤੇ ਰਹਿਣਗੇ ਜਿਹੜੇ ਰੱਬ ਨੂੰ ਆਪਣਾ ਰਾਜਾ ਮੰਨਦੇ ਹਨ।—ਯਸਾਯਾਹ 11:9; ਦਾਨੀਏਲ 2:44 ਪੜ੍ਹੋ।
ਵੀਡੀਓ ਦੇਖੋ ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?
4. ਪਰਮੇਸ਼ੁਰ ਦੇ ਧੀਰਜ ਕਰਕੇ ਸਾਨੂੰ ਕੀ ਕਰਨ ਦਾ ਮੌਕਾ ਮਿਲਦਾ ਹੈ?
ਸ਼ੈਤਾਨ ਨੇ ਦਾਅਵਾ ਕੀਤਾ ਸੀ ਕਿ ਕੋਈ ਵੀ ਇਨਸਾਨ ਯਹੋਵਾਹ ਪਰਮੇਸ਼ੁਰ ਦੀ ਦਿਲੋਂ ਸੇਵਾ ਨਹੀਂ ਕਰੇਗਾ, ਸਗੋਂ ਆਪਣੇ ਸੁਆਰਥ ਲਈ ਕਰੇਗਾ। ਕੀ ਤੁਸੀਂ ਸ਼ੈਤਾਨ ਨੂੰ ਝੂਠਾ ਸਾਬਤ ਕਰਨਾ ਚਾਹੁੰਦੇ ਹੋ? ਤੁਹਾਡੇ ਕੋਲ ਇਸ ਤਰ੍ਹਾਂ ਕਰਨ ਦਾ ਮੌਕਾ ਹੈ! ਰੱਬ ਦੇ ਧੀਰਜ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ-ਢੰਗ ਰਾਹੀਂ ਇਹ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਅਸੀਂ ਰੱਬ ਦੇ ਰਾਜ ਨੂੰ ਚਾਹੁੰਦੇ ਹਾਂ ਜਾਂ ਮਨੁੱਖਾਂ ਦੇ ਰਾਜ ਨੂੰ।—ਅੱਯੂਬ 1:8-12; ਕਹਾਉਤਾਂ 27:11 ਪੜ੍ਹੋ।
5. ਅਸੀਂ ਪਰਮੇਸ਼ੁਰ ਨੂੰ ਆਪਣਾ ਰਾਜਾ ਕਿਵੇਂ ਮੰਨ ਸਕਦੇ ਹਾਂ?
ਜਦ ਅਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਸਿੱਖਿਆ ਲੈਂਦੇ ਹਾਂ ਅਤੇ ਉਸ ਮੁਤਾਬਕ ਭਗਤੀ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਪਰਮੇਸ਼ੁਰ ਹੀ ਸਾਡਾ ਰਾਜਾ ਹੈ। (ਯੂਹੰਨਾ 4:23) ਅਸੀਂ ਯਿਸੂ ਵਾਂਗ ਨਾ ਤਾਂ ਰਾਜਨੀਤੀ ਵਿਚ ਤੇ ਨਾ ਹੀ ਲੜਾਈਆਂ ਵਿਚ ਹਿੱਸਾ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਸ਼ੈਤਾਨ ਦੀ ਹਕੂਮਤ ਨੂੰ ਰੱਦ ਕਰਦੇ ਹਾਂ।—ਯੂਹੰਨਾ 17:14 ਪੜ੍ਹੋ।
ਸ਼ੈਤਾਨ ਸਾਨੂੰ ਬੁਰੇ ਅਤੇ ਗੰਦੇ-ਮੰਦੇ ਕੰਮ ਕਰਨ ਲਈ ਭਰਮਾਉਂਦਾ ਹੈ। ਜਦ ਅਸੀਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ, ਤਾਂ ਸ਼ਾਇਦ ਸਾਡੇ ਦੋਸਤ-ਮਿੱਤਰ ਤੇ ਰਿਸ਼ਤੇਦਾਰ ਸਾਡਾ ਮਜ਼ਾਕ ਉਡਾਉਣ ਜਾਂ ਵਿਰੋਧ ਕਰਨ। (1 ਪਤਰਸ 4:3, 4) ਸੋ ਸਾਨੂੰ ਜ਼ਰੂਰੀ ਫ਼ੈਸਲਾ ਕਰਨ ਦੀ ਲੋੜ ਹੈ। ਕੀ ਅਸੀਂ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਾਂਗੇ ਜਿਹੜੇ ਰੱਬ ਨੂੰ ਪਿਆਰ ਕਰਦੇ ਹਨ? ਕੀ ਅਸੀਂ ਰੱਬ ਦਾ ਕਹਿਣਾ ਮੰਨਾਂਗੇ? ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਸ਼ੈਤਾਨ ਦੇ ਇਸ ਦਾਅਵੇ ਨੂੰ ਝੂਠਾ ਸਾਬਤ ਕਰਾਂਗੇ ਕਿ ਕੋਈ ਵੀ ਇਨਸਾਨ ਦਬਾਅ ਹੇਠ ਆ ਕੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਰਹੇਗਾ।—1 ਕੁਰਿੰਥੀਆਂ 6:9, 10; 15:33 ਪੜ੍ਹੋ।
ਇਨਸਾਨਾਂ ਲਈ ਪਰਮੇਸ਼ੁਰ ਦੇ ਪਿਆਰ ਦੇ ਸਬੂਤ ਤੋਂ ਸਾਨੂੰ ਗਾਰੰਟੀ ਮਿਲਦੀ ਹੈ ਕਿ ਉਹ ਬੁਰਾਈ ਤੇ ਦੁੱਖਾਂ ਦਾ ਅੰਤ ਜ਼ਰੂਰ ਕਰੇਗਾ। ਜਿਹੜੇ ਦਿਖਾਉਂਦੇ ਹਨ ਕਿ ਉਹ ਇਸ ਗੱਲ ’ਤੇ ਭਰੋਸਾ ਕਰਦੇ ਹਨ ਉਹ ਧਰਤੀ ਉੱਤੇ ਹਮੇਸ਼ਾ ਦਾ ਜੀਵਨ ਪਾਉਣਗੇ।—ਯੂਹੰਨਾ 3:16 ਪੜ੍ਹੋ।