ਪਾਠ 15
ਤੁਹਾਨੂੰ ਬਾਈਬਲ ਸਟੱਡੀ ਕਿਉਂ ਕਰਦੇ ਰਹਿਣਾ ਚਾਹੀਦਾ ਹੈ?
1. ਬਾਈਬਲ ਸਟੱਡੀ ਜਾਰੀ ਰੱਖਣ ਨਾਲ ਤੁਹਾਨੂੰ ਕੀ ਫ਼ਾਇਦਾ ਹੋਵੇਗਾ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਈਬਲ ਦੀਆਂ ਮੁੱਖ ਸਿੱਖਿਆਵਾਂ ਬਾਰੇ ਜਾਣ ਕੇ ਯਹੋਵਾਹ ਲਈ ਤੁਹਾਡਾ ਪਿਆਰ ਵਧਿਆ ਹੈ। ਇਸ ਪਿਆਰ ਨੂੰ ਬਰਕਰਾਰ ਰੱਖਣ ਲਈ ਤੁਹਾਨੂੰ ਮਿਹਨਤ ਕਰਨ ਦੀ ਲੋੜ ਹੈ। (1 ਪਤਰਸ 2:2) ਹਮੇਸ਼ਾ ਦੀ ਜ਼ਿੰਦਗੀ ਦੀ ਤੁਹਾਡੀ ਉਮੀਦ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਨ ਦੁਆਰਾ ਉਸ ਦੇ ਨੇੜੇ ਜਾਂਦੇ ਰਹੋ।—ਯੂਹੰਨਾ 17:3; ਯਹੂਦਾਹ 21 ਪੜ੍ਹੋ।
ਜਿਉਂ-ਜਿਉਂ ਪਰਮੇਸ਼ੁਰ ਬਾਰੇ ਤੁਹਾਡਾ ਗਿਆਨ ਵਧਦਾ ਜਾਂਦਾ ਹੈ, ਤਿਉਂ-ਤਿਉਂ ਤੁਹਾਡੀ ਨਿਹਚਾ ਮਜ਼ਬੂਤ ਹੁੰਦੀ ਜਾਵੇਗੀ। ਅਤੇ ਨਿਹਚਾ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਿਚ ਤੁਹਾਡੀ ਮਦਦ ਕਰੇਗੀ। (ਇਬਰਾਨੀਆਂ 11:1, 6) ਇਸ ਨਾਲ ਤੁਹਾਨੂੰ ਤੋਬਾ ਕਰਨ ਅਤੇ ਆਪਣੀ ਜ਼ਿੰਦਗੀ ਵਿਚ ਜ਼ਰੂਰੀ ਤਬਦੀਲੀਆਂ ਕਰਨ ਦੀ ਪ੍ਰੇਰਣਾ ਮਿਲੇਗੀ।—ਰਸੂਲਾਂ ਦੇ ਕੰਮ 3:19 ਪੜ੍ਹੋ।
2. ਪਰਮੇਸ਼ੁਰ ਦਾ ਗਿਆਨ ਲੈ ਕੇ ਤੁਸੀਂ ਦੂਜਿਆਂ ਨੂੰ ਕੀ ਫ਼ਾਇਦਾ ਪਹੁੰਚਾ ਸਕਦੇ ਹੋ?
ਜਦੋਂ ਸਾਡੇ ਕੋਲ ਕੋਈ ਖ਼ੁਸ਼ ਖ਼ਬਰੀ ਹੁੰਦੀ ਹੈ, ਤਾਂ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਜੋ ਕੁਝ ਤੁਸੀਂ ਸਿੱਖਿਆ ਹੈ, ਉਹੋ ਤੁਸੀਂ ਦੂਜਿਆਂ ਨਾਲ ਸਾਂਝਾ ਕਰਨਾ ਚਾਹੋਗੇ। ਬਾਈਬਲ ਸਟੱਡੀ ਜਾਰੀ ਰੱਖਣ ਨਾਲ ਤੁਸੀਂ ਬਾਈਬਲ ਵਰਤਣੀ ਸਿੱਖੋਗੇ ਜਿਸ ਦੀ ਮਦਦ ਨਾਲ ਤੁਸੀਂ ਦੂਜਿਆਂ ਨੂੰ ਯਹੋਵਾਹ ’ਤੇ ਆਪਣੀ ਨਿਹਚਾ ਅਤੇ ਖ਼ੁਸ਼ ਖ਼ਬਰੀ ਬਾਰੇ ਸਮਝਾ ਸਕੋਗੇ।—ਰੋਮੀਆਂ 10:13-15 ਪੜ੍ਹੋ।
ਜ਼ਿਆਦਾਤਰ ਲੋਕ ਪਹਿਲਾਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸਾਂਝੀ ਕਰਦੇ ਹਨ। ਉਨ੍ਹਾਂ ਦੇ ਨਾਲ ਸੋਚ-ਸਮਝ ਕੇ ਗੱਲ ਕਰੋ। ਇਹ ਕਹਿਣ ਦੀ ਬਜਾਇ ਕਿ ਉਨ੍ਹਾਂ ਦਾ ਧਰਮ ਗ਼ਲਤ ਹੈ, ਉਨ੍ਹਾਂ ਨੂੰ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਦੱਸੋ। ਨਾਲੇ ਇਹ ਵੀ ਯਾਦ ਰੱਖੋ ਕਿ ਲੋਕ ਅਕਸਰ ਤੁਹਾਡੀਆਂ ਗੱਲਾਂ ਨਾਲੋਂ ਤੁਹਾਡੇ ਨੇਕ ਚਾਲ-ਚਲਣ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।—2 ਤਿਮੋਥਿਉਸ 2:24, 25 ਪੜ੍ਹੋ।
3. ਤੁਸੀਂ ਪਰਮੇਸ਼ੁਰ ਨਾਲ ਕਿਹੋ ਜਿਹੇ ਰਿਸ਼ਤੇ ਦਾ ਆਨੰਦ ਮਾਣ ਸਕਦੇ ਹੋ?
ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਨ ਨਾਲ ਤੁਸੀਂ ਉਸ ਦੇ ਨੇੜੇ ਜਾਓਗੇ। ਫਿਰ ਯਹੋਵਾਹ ਨਾਲ ਤੁਹਾਡਾ ਖ਼ਾਸ ਰਿਸ਼ਤਾ ਬਣੇਗਾ। ਹਾਂ, ਤੁਸੀਂ ਉਸ ਦੇ ਪਰਿਵਾਰ ਦੇ ਮੈਂਬਰ ਬਣ ਸਕੋਗੇ।—2 ਕੁਰਿੰਥੀਆਂ 6:18 ਪੜ੍ਹੋ।
4. ਤੁਸੀਂ ਹੋਰ ਤਰੱਕੀ ਕਿਵੇਂ ਕਰ ਸਕਦੇ ਹੋ?
ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਦੇ ਰਹਿਣ ਨਾਲ ਤੁਸੀਂ ਉਸ ਬਾਰੇ ਆਪਣੇ ਗਿਆਨ ਨੂੰ ਵਧਾਉਂਦੇ ਜਾਓਗੇ। (ਇਬਰਾਨੀਆਂ 5:13, 14) ਕਿਸੇ ਯਹੋਵਾਹ ਦੇ ਗਵਾਹ ਨੂੰ ਪੁੱਛੋ ਕਿ ਉਹ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤ ਕੇ ਤੁਹਾਡੇ ਨਾਲ ਬਾਈਬਲ ਦੀ ਸਟੱਡੀ ਕਰੇ। ਤੁਸੀਂ ਪਰਮੇਸ਼ੁਰ ਦੇ ਬਚਨ ਤੋਂ ਜਿੰਨਾ ਜ਼ਿਆਦਾ ਸਿੱਖੋਗੇ, ਉੱਨਾ ਹੀ ਜ਼ਿਆਦਾ ਤੁਸੀਂ ਜ਼ਿੰਦਗੀ ਵਿਚ ਸਫ਼ਲ ਹੋਵੋਗੇ।—ਜ਼ਬੂਰਾਂ ਦੀ ਪੋਥੀ 1:1-3; 73:27, 28 ਪੜ੍ਹੋ।
ਖ਼ੁਸ਼ ਖ਼ਬਰੀ ਸਾਨੂੰ ਖ਼ੁਸ਼ਦਿਲ ਪਰਮੇਸ਼ੁਰ ਯਹੋਵਾਹ ਤੋਂ ਮਿਲਦੀ ਹੈ। ਤੁਸੀਂ ਪਰਮੇਸ਼ੁਰ ਦੇ ਲੋਕਾਂ ਦੇ ਨਜ਼ਦੀਕ ਜਾ ਕੇ ਉਸ ਦੇ ਨਜ਼ਦੀਕ ਜਾ ਸਕਦੇ ਹੋ। (ਇਬਰਾਨੀਆਂ 10:24, 25) ਯਹੋਵਾਹ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿਣ ਨਾਲ ਤੁਸੀਂ ਅਸਲੀ ਜ਼ਿੰਦਗੀ ਯਾਨੀ ਹਮੇਸ਼ਾ ਦੀ ਜ਼ਿੰਦਗੀ ਵੱਲ ਕਦਮ ਵਧਾਉਂਦੇ ਜਾਓਗੇ। ਪਰਮੇਸ਼ੁਰ ਦੇ ਨੇੜੇ ਜਾਣਾ ਤੁਹਾਡੇ ਲਈ ਸਭ ਤੋਂ ਵਧੀਆ ਗੱਲ ਹੈ।—1 ਤਿਮੋਥਿਉਸ 1:11; 6:19 ਪੜ੍ਹੋ।