ਭਾਗ 6
ਅੱਯੂਬ ਨੇ ਆਪਣੀ ਵਫ਼ਾਦਾਰੀ ਕਾਇਮ ਰੱਖੀ
ਸ਼ਤਾਨ ਨੇ ਪਰਮੇਸ਼ੁਰ ਅੱਗੇ ਅੱਯੂਬ ਦੀ ਵਫ਼ਾਦਾਰੀ ’ਤੇ ਸਵਾਲ ਉਠਾਇਆ ਸੀ, ਪਰ ਅੱਯੂਬ ਯਹੋਵਾਹ ਪ੍ਰਤਿ ਵਫ਼ਾਦਾਰ ਰਿਹਾ
ਫ਼ਰਜ਼ ਕਰੋ ਕਿ ਪਰਮੇਸ਼ੁਰ ਪ੍ਰਤਿ ਕਿਸੇ ਇਨਸਾਨ ਦੀ ਵਫ਼ਾਦਾਰੀ ਪਰਖੀ ਜਾਣੀ ਹੈ। ਉਸ ਨੂੰ ਔਖੀਆਂ ਤੋਂ ਔਖੀਆਂ ਅਜ਼ਮਾਇਸ਼ਾਂ ਵਿੱਚੋਂ ਲੰਘਾਇਆ ਜਾਵੇਗਾ ਅਤੇ ਆਗਿਆਕਾਰੀ ਕਰਨ ਬਦਲੇ ਉਸ ਨੂੰ ਕੋਈ ਇਨਾਮ ਨਹੀਂ ਮਿਲੇਗਾ। ਕੀ ਅਜਿਹੇ ਹਾਲਾਤਾਂ ਵਿਚ ਉਹ ਇਨਸਾਨ ਵਫ਼ਾਦਾਰ ਰਹੇਗਾ? ਅੱਯੂਬ ਨਾਂ ਦੇ ਬੰਦੇ ਨਾਲ ਇਸੇ ਤਰ੍ਹਾਂ ਹੋਇਆ ਸੀ। ਉਸ ਨੇ ਇਸ ਸਵਾਲ ਦਾ ਸਾਫ਼ ਜਵਾਬ ਦਿੱਤਾ।
ਜਦੋਂ ਇਸਰਾਏਲੀ ਅਜੇ ਮਿਸਰ ਵਿਚ ਹੀ ਸਨ, ਉਦੋਂ ਅਬਰਾਹਾਮ ਦਾ ਰਿਸ਼ਤੇਦਾਰ ਅੱਯੂਬ ਉਸ ਜਗ੍ਹਾ ਰਹਿੰਦਾ ਸੀ ਜੋ ਅੱਜ ਅਰਬ ਵਿਚ ਪੈਂਦਾ ਹੈ। ਉਨ੍ਹੀਂ ਦਿਨੀਂ ਸਵਰਗ ਵਿਚ ਦੂਤ ਪਰਮੇਸ਼ੁਰ ਦੇ ਸਾਮ੍ਹਣੇ ਹਾਜ਼ਰ ਹੋਏ ਅਤੇ ਬਾਗ਼ੀ ਦੂਤ ਸ਼ਤਾਨ ਵੀ ਆਇਆ। ਸਾਰੇ ਦੂਤਾਂ ਦੇ ਸਾਮ੍ਹਣੇ ਯਹੋਵਾਹ ਨੇ ਆਪਣੇ ਵਫ਼ਾਦਾਰ ਭਗਤ ਅੱਯੂਬ ਦੀ ਤਾਰੀਫ਼ ਕਰਦਿਆਂ ਕਿਹਾ ਕਿ ਹੋਰ ਕੋਈ ਵੀ ਇਨਸਾਨ ਅੱਯੂਬ ਜਿੰਨਾ ਖਰਾ ਤੇ ਵਫ਼ਾਦਾਰ ਨਹੀਂ ਸੀ। ਪਰ ਸ਼ਤਾਨ ਨੇ ਦਾਅਵਾ ਕੀਤਾ ਕਿ ਅੱਯੂਬ ਸਿਰਫ਼ ਇਸੇ ਕਰਕੇ ਪਰਮੇਸ਼ੁਰ ਦੀ ਭਗਤੀ ਕਰਦਾ ਸੀ ਕਿਉਂਕਿ ਪਰਮੇਸ਼ੁਰ ਉਸ ਨੂੰ ਬਰਕਤਾਂ ਦਿੰਦਾ ਸੀ ਅਤੇ ਉਸ ਦੀ ਰਾਖੀ ਕਰਦਾ ਸੀ। ਸ਼ਤਾਨ ਨੇ ਕਿਹਾ ਕਿ ਜੇ ਅੱਯੂਬ ਤੋਂ ਸਾਰਾ ਕੁਝ ਖੋਹ ਲਿਆ ਜਾਵੇ, ਤਾਂ ਉਹ ਪਰਮੇਸ਼ੁਰ ਦੀ ਨਿੰਦਿਆ ਕਰੇਗਾ।
ਪਰਮੇਸ਼ੁਰ ਨੇ ਸ਼ਤਾਨ ਨੂੰ ਅੱਯੂਬ ਦੀ ਪਰੀਖਿਆ ਲੈਣ ਦੀ ਇਜਾਜ਼ਤ ਦਿੱਤੀ। ਪਹਿਲਾਂ ਸ਼ਤਾਨ ਨੇ ਅੱਯੂਬ ਨੂੰ ਕੰਗਾਲ ਕੀਤਾ ਅਤੇ ਉਸ ਦੇ ਸਾਰੇ ਬੱਚੇ ਮਾਰ-ਮੁਕਾਏ। ਫਿਰ ਉਸ ਨੇ ਅੱਯੂਬ ਨੂੰ ਬੀਮਾਰ ਕਰ ਦਿੱਤਾ। ਅੱਯੂਬ ਨੂੰ ਪਤਾ ਨਹੀਂ ਸੀ ਕਿ ਇਨ੍ਹਾਂ ਮੁਸੀਬਤਾਂ ਪਿੱਛੇ ਸ਼ਤਾਨ ਦਾ ਹੱਥ ਸੀ। ਉਸ ਨੂੰ ਇਹ ਨਹੀਂ ਸਮਝ ਆਈ ਕਿ ਪਰਮੇਸ਼ੁਰ ਨੇ ਉਸ ਉੱਤੇ ਇਹ ਮੁਸੀਬਤਾਂ ਕਿਉਂ ਆਉਣ ਦਿੱਤੀਆਂ। ਫਿਰ ਵੀ ਅੱਯੂਬ ਨੇ ਪਰਮੇਸ਼ੁਰ ਤੋਂ ਮੂੰਹ ਨਹੀਂ ਮੋੜਿਆ।
ਫਿਰ ਤਿੰਨ ਦੋਸਤ ਅੱਯੂਬ ਨੂੰ ਮਿਲਣ ਆਏ। ਉਨ੍ਹਾਂ ਨੇ ਅੱਯੂਬ ਨੂੰ ਲੰਬੇ-ਲੰਬੇ ਭਾਸ਼ਣ ਦਿੱਤੇ ਜੋ ਅਸੀਂ ਅੱਯੂਬ ਦੀ ਪੁਸਤਕ ਵਿਚ ਪੜ੍ਹ ਸਕਦੇ ਹਾਂ। ਉਨ੍ਹਾਂ ਨੇ ਅੱਯੂਬ ਨੂੰ ਮਾਨੋ ਇਹ ਕਿਹਾ, ‘ਤੂੰ ਲੁਕ-ਛਿਪ ਕੇ ਪਾਪ ਕੀਤੇ ਹੋਣੇ ਅਤੇ ਰੱਬ ਇਸੇ ਦੀ ਤੈਨੂੰ ਸਜ਼ਾ ਦੇ ਰਿਹਾ ਹੈ। ਆਪਣੇ ਪਾਪ ਕਬੂਲ ਕਰ।’ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਰਮੇਸ਼ੁਰ ਆਪਣੇ ਭਗਤਾਂ ਤੋਂ ਕਦੀ ਖ਼ੁਸ਼ ਨਹੀਂ ਹੁੰਦਾ ਤੇ ਨਾ ਹੀ ਉਨ੍ਹਾਂ ਉੱਤੇ ਭਰੋਸਾ ਰੱਖਦਾ ਹੈ। ਅੱਯੂਬ ਨੇ ਉਨ੍ਹਾਂ ਦੀਆਂ ਗ਼ਲਤ ਗੱਲਾਂ ਨੂੰ ਨਕਾਰਦੇ ਹੋਏ ਪੂਰੇ ਭਰੋਸੇ ਨਾਲ ਕਿਹਾ ਕਿ ਉਹ ਮਰਦੇ ਦਮ ਤਕ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਰਹੇਗਾ!
ਪਰ ਅੱਯੂਬ ਨੇ ਇਕ ਗ਼ਲਤੀ ਕੀਤੀ: ਉਸ ਨੇ ਆਪਣੀ ਸਫ਼ਾਈ ਪੇਸ਼ ਕਰਨ ਬਾਰੇ ਕੁਝ ਜ਼ਿਆਦਾ ਹੀ ਸੋਚਿਆ। ਨੌਜਵਾਨ ਅਲੀਹੂ ਚੁੱਪ-ਚਾਪ ਇਨ੍ਹਾਂ ਚਾਰਾਂ ਬੰਦਿਆਂ ਦੀ ਬਹਿਸਬਾਜ਼ੀ ਸੁਣ ਰਿਹਾ ਸੀ, ਪਰ ਫਿਰ ਉਸ ਨੇ ਗੱਲ ਕਰਨੀ ਸ਼ੁਰੂ ਕੀਤੀ। ਅਲੀਹੂ ਨੇ ਅੱਯੂਬ ਨੂੰ ਝਿੜਕਿਆ ਕਿਉਂਕਿ ਉਸ ਨੇ ਯਹੋਵਾਹ ਅਤੇ ਉਸ ਦੀ ਹਕੂਮਤ ਬਾਰੇ ਸੋਚਣ ਦੀ ਬਜਾਇ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਦੀ ਕੋਸ਼ਿਸ਼ ਕੀਤੀ। ਅਲੀਹੂ ਨੇ ਅੱਯੂਬ ਦੇ ਝੂਠੇ ਦੋਸਤਾਂ ਨੂੰ ਵੀ ਸਖ਼ਤੀ ਨਾਲ ਝਿੜਕਿਆ।
ਫਿਰ ਯਹੋਵਾਹ ਪਰਮੇਸ਼ੁਰ ਨੇ ਅੱਯੂਬ ਨਾਲ ਖ਼ੁਦ ਗੱਲ ਕਰ ਕੇ ਉਸ ਦੀ ਸੋਚ ਨੂੰ ਸੁਧਾਰਿਆ। ਸ੍ਰਿਸ਼ਟੀ ਦੀਆਂ ਮਿਸਾਲਾਂ ਦੇ ਕੇ ਯਹੋਵਾਹ ਨੇ ਉਸ ਨੂੰ ਸਮਝਾਇਆ ਕਿ ਇਨਸਾਨ ਪਰਮੇਸ਼ੁਰ ਦੇ ਮੁਕਾਬਲੇ ਕਿੰਨਾ ਛੋਟਾ ਹੈ। ਅੱਯੂਬ ਨੇ ਹਲੀਮੀ ਨਾਲ ਪਰਮੇਸ਼ੁਰ ਦੀ ਤਾੜਨਾ ਮੰਨੀ। “ਤਰਸ ਅਤੇ ਦਇਆ ਨਾਲ ਭਰਪੂਰ” ਹੋਣ ਕਰਕੇ ਪਰਮੇਸ਼ੁਰ ਯਹੋਵਾਹ ਨੇ ਅੱਯੂਬ ਦੀ ਬੀਮਾਰੀ ਠੀਕ ਕੀਤੀ ਅਤੇ ਉਸ ਨੂੰ ਦੁਗਣੀ ਧਨ-ਦੌਲਤ ਦਿੱਤੀ। (ਯਾਕੂਬ 5:11, CL) ਅਤੇ ਪਰਮੇਸ਼ੁਰ ਦੀ ਬਰਕਤ ਨਾਲ ਉਸ ਦੇ ਘਰ ਦਸ ਹੋਰ ਬੱਚੇ ਹੋਏ। ਅਜ਼ਮਾਇਸ਼ਾਂ ਵਿਚ ਵੀ ਯਹੋਵਾਹ ਪ੍ਰਤਿ ਵਫ਼ਾਦਾਰ ਰਹਿ ਕੇ ਅੱਯੂਬ ਨੇ ਸ਼ਤਾਨ ਦੇ ਦਾਅਵੇ ਦਾ ਮੂੰਹ-ਤੋੜ ਜਵਾਬ ਦਿੱਤਾ।