ਪਾਠ 23
ਸਾਡਾ ਸਾਹਿੱਤ ਕਿਵੇਂ ਤਿਆਰ ਕੀਤਾ ਜਾਂਦਾ ਹੈ?
ਅਸੀਂ ਪੂਰੀ ਵਾਹ ਲਾ ਕੇ “ਹਰ ਕੌਮ, ਹਰ ਕਬੀਲੇ, ਹਰ ਬੋਲੀ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ” ਨੂੰ “ਖ਼ੁਸ਼ ਖ਼ਬਰੀ” ਸੁਣਾਉਂਦੇ ਹਾਂ। ਇਸ ਲਈ ਅਸੀਂ ਤਕਰੀਬਨ 750 ਭਾਸ਼ਾਵਾਂ ਵਿਚ ਸਾਹਿੱਤ ਤਿਆਰ ਕਰਦੇ ਹਾਂ। (ਪ੍ਰਕਾਸ਼ ਦੀ ਕਿਤਾਬ 14:6) ਅਸੀਂ ਇਹ ਔਖਾ ਕੰਮ ਕਿਵੇਂ ਕਰਦੇ ਹਾਂ? ਇਹ ਕੰਮ ਦੁਨੀਆਂ ਭਰ ਵਿਚ ਲੇਖਕਾਂ ਅਤੇ ਅਨੁਵਾਦਕਾਂ ਦੀ ਮਦਦ ਨਾਲ ਕੀਤਾ ਜਾਂਦਾ ਹੈ ਜੋ ਸਾਰੇ ਯਹੋਵਾਹ ਦੇ ਗਵਾਹ ਹਨ।
ਲੇਖ ਪਹਿਲਾਂ ਅੰਗ੍ਰੇਜ਼ੀ ਵਿਚ ਲਿਖੇ ਜਾਂਦੇ ਹਨ। ਵਰਲਡ ਹੈੱਡ-ਕੁਆਰਟਰ ਵਿਚ ਲੇਖ ਵਿਭਾਗ ਪ੍ਰਬੰਧਕ ਸਭਾ ਦੀ ਨਿਗਰਾਨੀ ਅਧੀਨ ਕੰਮ ਕਰਦਾ ਹੈ। ਇਹ ਵਿਭਾਗ ਹੈੱਡ-ਕੁਆਰਟਰ ਅਤੇ ਕੁਝ ਬ੍ਰਾਂਚ ਆਫ਼ਿਸਾਂ ਵਿਚ ਸੇਵਾ ਕਰ ਰਹੇ ਲੇਖਕਾਂ ਨੂੰ ਲੇਖ ਵਗੈਰਾ ਲਿਖਣ ਦਾ ਕੰਮ ਦਿੰਦਾ ਹੈ। ਵੱਖੋ-ਵੱਖਰੇ ਦੇਸ਼ਾਂ ਵਿਚ ਲੇਖਕ ਹੋਣ ਕਰਕੇ ਹਰ ਤਰ੍ਹਾਂ ਦੇ ਲੋਕਾਂ ਲਈ ਲੇਖ ਲਿਖੇ ਜਾਂਦੇ ਹਨ।
ਅੰਗ੍ਰੇਜ਼ੀ ਵਿਚ ਲਿਖੇ ਲੇਖ ਅਨੁਵਾਦਕਾਂ ਨੂੰ ਭੇਜੇ ਜਾਂਦੇ ਹਨ। ਲੇਖਾਂ ਵਿਚ ਜ਼ਰੂਰੀ ਤਬਦੀਲੀਆਂ ਕਰ ਕੇ ਇਨ੍ਹਾਂ ਨੂੰ ਕੰਪਿਊਟਰ ਰਾਹੀਂ ਦੁਨੀਆਂ ਭਰ ਦੇ ਅਨੁਵਾਦਕਾਂ ਦੀਆਂ ਟੀਮਾਂ ਨੂੰ ਭੇਜਿਆ ਜਾਂਦਾ ਹੈ। ਅਨੁਵਾਦਕ ਇਨ੍ਹਾਂ ਦਾ ਬੜੇ ਧਿਆਨ ਨਾਲ ਅਨੁਵਾਦ ਕਰਦੇ ਹਨ। ਅਨੁਵਾਦਕ ਸੋਹਣੇ ਤੇ ਸਹੀ ਸ਼ਬਦ ਚੁਣਦੇ ਹਨ ਜੋ ਉਨ੍ਹਾਂ ਦੀ ਭਾਸ਼ਾ ਵਿਚ ਅੰਗ੍ਰੇਜ਼ੀ ਲਫ਼ਜ਼ਾਂ ਦਾ ਪੂਰਾ ਮਤਲਬ ਦਿੰਦੇ ਹਨ।
ਕੰਪਿਊਟਰ ਦੀ ਮਦਦ ਨਾਲ ਕੰਮ ਤੇਜ਼ੀ ਨਾਲ ਹੁੰਦਾ ਹੈ। ਕੰਪਿਊਟਰ ਲੇਖਕਾਂ ਅਤੇ ਅਨੁਵਾਦਕਾਂ ਦੀ ਜਗ੍ਹਾ ਨਹੀਂ ਲੈ ਸਕਦੇ। ਪਰ ਕੰਪਿਊਟਰ ਵਿਚ ਡਿਕਸ਼ਨਰੀਆਂ ਅਤੇ ਰਿਸਰਚ ਕਰਨ ਦੇ ਸਾਧਨਾਂ ਕਰਕੇ ਉਨ੍ਹਾਂ ਨੂੰ ਆਪਣਾ ਕੰਮ ਕਰਨ ਵਿਚ ਮਦਦ ਮਿਲਦੀ ਹੈ। ਯਹੋਵਾਹ ਦੇ ਗਵਾਹਾਂ ਨੇ ਮੈੱਪਸ (ਮਲਟੀਲੈਂਗੂਏਜ ਇਲੈਕਟ੍ਰਾਨਿਕ ਪਬਲਿਸ਼ਿੰਗ ਸਿਸਟਮ) ਨਾਂ ਦਾ ਪ੍ਰੋਗ੍ਰਾਮ ਤਿਆਰ ਕੀਤਾ ਹੈ। ਇਸ ਪ੍ਰੋਗ੍ਰਾਮ ਦੀ ਮਦਦ ਨਾਲ ਸੈਂਕੜੇ ਭਾਸ਼ਾਵਾਂ ਵਿਚ ਜਾਣਕਾਰੀ ਨੂੰ ਕੰਪਿਊਟਰ ’ਤੇ ਟਾਈਪ ਕੀਤਾ ਜਾ ਸਕਦਾ ਹੈ, ਇਸ ਨਾਲ ਤਸਵੀਰਾਂ ਜੋੜੀਆਂ ਜਾ ਸਕਦੀਆਂ ਹਨ ਅਤੇ ਇਸ ਨੂੰ ਛਾਪਣ ਲਈ ਤਿਆਰ ਕੀਤਾ ਜਾ ਸਕਦਾ ਹੈ।
ਅਸੀਂ ਇੰਨੀਆਂ ਸਾਰੀਆਂ ਭਾਸ਼ਾਵਾਂ ਵਿਚ ਸਾਹਿੱਤ ਤਿਆਰ ਕਰਨ ਲਈ ਇੰਨੀ ਮਿਹਨਤ ਕਿਉਂ ਕਰਦੇ ਹਾਂ, ਉਨ੍ਹਾਂ ਭਾਸ਼ਾਵਾਂ ਵਿਚ ਵੀ ਜੋ ਸਿਰਫ਼ ਕੁਝ ਹਜ਼ਾਰ ਲੋਕ ਬੋਲਦੇ ਹਨ? ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।”
-
ਪ੍ਰਕਾਸ਼ਨ ਕਿਵੇਂ ਤਿਆਰ ਕੀਤੇ ਜਾਂਦੇ ਹਨ?
-
ਅਸੀਂ ਇੰਨੀਆਂ ਸਾਰੀਆਂ ਭਾਸ਼ਾਵਾਂ ਵਿਚ ਆਪਣੇ ਪ੍ਰਕਾਸ਼ਨਾਂ ਦਾ ਅਨੁਵਾਦ ਕਿਉਂ ਕਰਦੇ ਹਾਂ?