3 ਪ੍ਰਾਰਥਨਾ ਕਿਵੇਂ ਕਰੀਏ?
ਜਦੋਂ ਪ੍ਰਾਰਥਨਾ ਕਰਨ ਦੀ ਗੱਲ ਆਉਂਦੀ ਹੈ, ਤਾਂ ਕਈ ਧਰਮਾਂ ਵਿਚ ਇਸ ਗੱਲ ’ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਕਿ ਅਸੀਂ ਖੜ੍ਹੇ ਹੋ ਕੇ ਜਾਂ ਬੈਠ ਕੇ ਪ੍ਰਾਰਥਨਾ ਕਰੀਏ ਤੇ ਕੁਝ ਖ਼ਾਸ ਸ਼ਬਦ ਕਹੀਏ। ਬਾਈਬਲ ਇਸ ਬਾਰੇ ਕੁਝ ਜ਼ਰੂਰੀ ਗੱਲਾਂ ਦੱਸਦੀ ਹੈ ਕਿ ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ।
ਬਾਈਬਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਭਗਤਾਂ ਨੇ ਅਲੱਗ-ਅਲੱਗ ਥਾਂ ’ਤੇ ਅਤੇ ਅਲੱਗ-ਅਲੱਗ ਸਮੇਂ ’ਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। ਕੁਝ ਲੋਕਾਂ ਨੇ ਬੋਲ ਕੇ ਪ੍ਰਾਰਥਨਾ ਕੀਤੀ ਤੇ ਕਈਆਂ ਨੇ ਆਪਣੇ ਮਨ ਵਿਚ। ਕਦੇ ਉਨ੍ਹਾਂ ਨੇ ਆਕਾਸ਼ ਵੱਲ ਦੇਖ ਕੇ ਅਤੇ ਕਦੇ ਸਿਰ ਝੁਕਾ ਕੇ ਪ੍ਰਾਰਥਨਾ ਕੀਤੀ। ਪ੍ਰਾਰਥਨਾ ਕਰਨ ਲਈ ਤਸਵੀਰਾਂ, ਮਾਲਾ ਜਪਣ ਜਾਂ ਕਿਤਾਬਾਂ ਵਰਤਣ ਦੀ ਬਜਾਇ ਉਨ੍ਹਾਂ ਸਾਰਿਆਂ ਨੇ ਦਿਲੋਂ ਪ੍ਰਾਰਥਨਾ ਕੀਤੀ। ਪਰ ਕਿਹੜੀ ਗੱਲ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਦੀ ਸੁਣੀ?
ਜਿੱਦਾਂ ਪਿਛਲੇ ਲੇਖ ਵਿਚ ਦੱਸਿਆ ਗਿਆ ਸੀ, ਉਨ੍ਹਾਂ ਸਾਰਿਆਂ ਨੇ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ, ਇਸੇ ਲਈ ਉਨ੍ਹਾਂ ਦੀ ਸੁਣੀ ਗਈ। ਬਾਈਬਲ ਇਸ ਦਾ ਇਕ ਹੋਰ ਕਾਰਨ ਦੱਸਦੀ ਹੈ। ਪਹਿਲਾ ਯੂਹੰਨਾ 5:14 ਵਿਚ ਲਿਖਿਆ ਹੈ: “ਸਾਨੂੰ ਉਸ ਉੱਤੇ ਭਰੋਸਾ ਹੈ ਕਿ ਅਸੀਂ ਉਸ ਦੀ ਇੱਛਾ ਅਨੁਸਾਰ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।” ਸੋ ਇਸ ਤੋਂ ਪਤਾ ਲੱਗਦਾ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਰੱਬ ਦੀ ਇੱਛਾ ਮੁਤਾਬਕ ਹੋਣੀਆਂ ਚਾਹੀਦੀਆਂ ਹਨ। ਪਰ ਅਸੀਂ ਇਹ ਕਿਵੇਂ ਕਰ ਸਕਦੇ ਹਾਂ?
ਰੱਬ ਦੀ ਇੱਛਾ ਮੁਤਾਬਕ ਪ੍ਰਾਰਥਨਾ ਕਰਨ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਇੱਛਾ ਹੈ ਕੀ। ਉਸ ਦੀ ਇੱਛਾ ਜਾਣਨ ਲਈ ਸਾਨੂੰ ਉਸ ਦਾ ਬਚਨ ਬਾਈਬਲ ਪੜ੍ਹਨ ਦੀ ਲੋੜ ਹੈ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਰੱਬ ਉਦੋਂ ਤਕ ਸਾਡੀ ਪ੍ਰਾਰਥਨਾ ਨਹੀਂ ਸੁਣੇਗਾ ਜਦ ਤਕ ਅਸੀਂ ਬਾਈਬਲ ਦੀ ਹਰ ਗੱਲ ਜ਼ਬਾਨੀ ਯਾਦ ਨਹੀਂ ਕਰ ਲੈਂਦੇ? ਨਹੀਂ। ਰੱਬ ਤਾਂ ਸਿਰਫ਼ ਇੰਨਾ ਚਾਹੁੰਦਾ ਹੈ ਕਿ ਅਸੀਂ ਉਸ ਦੀ ਮਰਜ਼ੀ ਜਾਣਨ ਦੀ ਕੋਸ਼ਿਸ਼ ਕਰੀਏ ਅਤੇ ਉਸ ਮੁਤਾਬਕ ਕੰਮ ਕਰੀਏ। (ਮੱਤੀ 7:21-23) ਫਿਰ ਉਹ ਸਾਡੀ ਜ਼ਰੂਰ ਸੁਣੇਗਾ।
ਜੇ ਅਸੀਂ ਪਰਮੇਸ਼ੁਰ ਦੀ ਇੱਛਾ ਮੁਤਾਬਕ, ਨਿਹਚਾ ਨਾਲ ਅਤੇ ਯਿਸੂ ਦੇ ਨਾਂ ’ਤੇ ਪ੍ਰਾਰਥਨਾ ਕਰੀਏ, ਤਾਂ ਪਰਮੇਸ਼ੁਰ ਸਾਡੀ ਜ਼ਰੂਰ ਸੁਣੇਗਾ
ਯਹੋਵਾਹ ਅਤੇ ਉਸ ਦੀ ਇੱਛਾ ਬਾਰੇ ਸਿੱਖਣ ਨਾਲ ਸਾਡੀ ਨਿਹਚਾ ਵਧੇਗੀ। ਜੇ ਸਾਨੂੰ ਪਰਮੇਸ਼ੁਰ ’ਤੇ ਨਿਹਚਾ ਹੋਵੇਗੀ, ਤਾਂ ਹੀ ਉਹ ਸਾਡੀ ਪ੍ਰਾਰਥਨਾ ਸੁਣੇਗਾ। ਯਿਸੂ ਨੇ ਕਿਹਾ ਸੀ: “ਨਿਹਚਾ ਨਾਲ ਤੁਸੀਂ ਪ੍ਰਾਰਥਨਾ ਵਿਚ ਜੋ ਵੀ ਮੰਗੋਗੇ, ਉਹ ਸਭ ਕੁਝ ਤੁਹਾਨੂੰ ਮਿਲੇਗਾ।” (ਮੱਤੀ 21:22) ਨਿਹਚਾ ਕਰਨ ਦਾ ਮਤਲਬ ਅੰਨ੍ਹੇਵਾਹ ਭਰੋਸਾ ਕਰਨਾ ਨਹੀਂ ਹੈ। ਸਗੋਂ ਇਸ ਦਾ ਮਤਲਬ ਹੈ ਕਿ ਅਸੀਂ ਕਿਸੇ ਗੱਲ ’ਤੇ ਇਸ ਲਈ ਨਿਹਚਾ ਕਰੀਏ ਕਿਉਂਕਿ ਸਾਡੇ ਕੋਲ ਉਸ ’ਤੇ ਵਿਸ਼ਵਾਸ ਕਰਨ ਦਾ ਪੱਕਾ ਸਬੂਤ ਹੈ, ਭਾਵੇਂ ਕਿ ਅਸੀਂ ਉਸ ਨੂੰ ਦੇਖ ਨਹੀਂ ਸਕਦੇ। (ਇਬਰਾਨੀਆਂ 11:1) ਬਾਈਬਲ ਵਿਚ ਇਸ ਗੱਲ ਦੇ ਢੇਰ ਸਾਰੇ ਸਬੂਤ ਹਨ ਕਿ ਪਰਮੇਸ਼ੁਰ ਸੱਚ-ਮੁੱਚ ਹੈ, ਉਸ ’ਤੇ ਭਰੋਸਾ ਕੀਤਾ ਜਾ ਸਕਦਾ ਹੈ ਅਤੇ ਉਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜੋ ਉਸ ’ਤੇ ਨਿਹਚਾ ਕਰਦੇ ਹਨ। ਨਾਲੇ ਅਸੀਂ ਉਸ ਨੂੰ ਇਹ ਵੀ ਬੇਨਤੀ ਕਰ ਸਕਦੇ ਹਾਂ ਕਿ ਉਹ ਸਾਡੀ ਨਿਹਚਾ ਵਧਾਵੇ। ਯਹੋਵਾਹ ਖ਼ੁਸ਼ੀ-ਖ਼ੁਸ਼ੀ ਸਾਡੀ ਇਹ ਲੋੜ ਪੂਰੀ ਕਰਦਾ ਹੈ।—ਲੂਕਾ 17:5; ਯਾਕੂਬ 1:17.
ਯਿਸੂ ਨੇ ਪ੍ਰਾਰਥਨਾ ਕਰਨ ਬਾਰੇ ਇਕ ਹੋਰ ਜ਼ਰੂਰੀ ਗੱਲ ਦੱਸੀ। ਉਸ ਨੇ ਕਿਹਾ: “ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਵਾਇ ਉਸ ਦੇ ਜੋ ਮੇਰੇ ਰਾਹੀਂ ਆਉਂਦਾ ਹੈ।” (ਯੂਹੰਨਾ 14:6) ਸੋ ਸਾਨੂੰ ਯਿਸੂ ਰਾਹੀਂ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਵੀ ਕਿਹਾ ਸੀ ਕਿ ਉਹ ਉਸ ਦੇ ਨਾਂ ’ਤੇ ਪ੍ਰਾਰਥਨਾ ਕਰਨ। (ਯੂਹੰਨਾ 14:13; 15:16) ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਯਿਸੂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਗੋਂ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਵੇਲੇ ਕਹਿਣਾ ਚਾਹੀਦਾ ਹੈ ਕਿ ਅਸੀਂ ਯਿਸੂ ਦੇ ਨਾਂ ’ਤੇ ਪ੍ਰਾਰਥਨਾ ਕਰ ਰਹੇ ਹਾਂ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਯਿਸੂ ਕਰਕੇ ਹੀ ਆਪਣੇ ਪਿਤਾ ਨਾਲ ਗੱਲ ਕਰ ਸਕਦੇ ਹਾਂ।
ਇਕ ਵਾਰ ਯਿਸੂ ਦੇ ਚੇਲਿਆਂ ਨੇ ਉਸ ਨੂੰ ਕਿਹਾ: “ਪ੍ਰਭੂ, ਸਾਨੂੰ ਪ੍ਰਾਰਥਨਾ ਕਰਨੀ ਸਿਖਾ।” (ਲੂਕਾ 11:1) ਉਹ ਇਹ ਨਹੀਂ ਪੁੱਛ ਰਹੇ ਸਨ ਕਿ ਉਹ ਕਿਸ ਨੂੰ ਪ੍ਰਾਰਥਨਾ ਕਰਨ ਤੇ ਕਿਵੇਂ ਪ੍ਰਾਰਥਨਾ ਕਰਨ। ਸਗੋਂ ਉਹ ਇਹ ਜਾਣਨਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਪ੍ਰਾਰਥਨਾ ਵਿਚ ਕੀ ਕਹਿਣਾ ਚਾਹੀਦਾ ਹੈ।