Skip to content

Skip to table of contents

6 ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਹੈ?

6 ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਹੈ?

ਕੀ ਰੱਬ ਨੂੰ ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਹੈ? ਬਾਈਬਲ ਦੱਸਦੀ ਹੈ ਕਿ ਜਦ ਪਰਮੇਸ਼ੁਰ ਦੇ ਸੇਵਕ ਪ੍ਰਾਰਥਨਾ ਕਰਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ। (ਲੂਕਾ 22:40; ਯਾਕੂਬ 5:13) ਪ੍ਰਾਰਥਨਾ ਕਰਨ ਨਾਲ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਹੈ, ਸਾਨੂੰ ਹਿੰਮਤ ਮਿਲਦੀ ਹੈ, ਅਸੀਂ ਖ਼ੁਸ਼ ਰਹਿੰਦੇ ਹਾਂ ਤੇ ਸਾਡੀ ਸਿਹਤ ਵੀ ਵਧੀਆ ਰਹਿੰਦੀ ਹੈ। ਉਹ ਕਿਵੇਂ?

ਮੰਨ ਲਓ ਕਿ ਕੋਈ ਤੁਹਾਡੇ ਬੱਚੇ ਨੂੰ ਇਕ ਤੋਹਫ਼ਾ ਦਿੰਦਾ ਹੈ। ਅਜਿਹੇ ਮੌਕੇ ’ਤੇ ਤੁਸੀਂ ਅਕਸਰ ਆਪਣੇ ਬੱਚੇ ਨੂੰ ਧੰਨਵਾਦ ਕਹਿਣ ਲਈ ਕਹਿੰਦੇ ਹੋ। ਅਸੀਂ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਸਿਖਾਉਂਦੇ ਹਾਂ ਕਿ ਜੇ ਉਹ ਕਿਸੇ ਦੇ ਅਹਿਸਾਨਮੰਦ ਹੋਣ, ਤਾਂ ਉਹ ਬੋਲ ਕੇ ਇਸ ਨੂੰ ਜ਼ਾਹਰ ਵੀ ਕਰਨ। ਜਦ ਅਸੀਂ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿਚ ਬਿਆਨ ਕਰਦੇ ਹਾਂ, ਤਾਂ ਇਸ ਦਾ ਸਾਡੇ ਦਿਲ ’ਤੇ ਗਹਿਰਾ ਅਸਰ ਪੈਂਦਾ ਹੈ। ਸੋ ਜਦ ਅਸੀਂ ਪਰਮੇਸ਼ੁਰ ਅੱਗੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਦੇ ਹਾਂ, ਤਾਂ ਉਦੋਂ ਵੀ ਇਸ ਦਾ ਸਾਡੇ ਦਿਲ ’ਤੇ ਗਹਿਰਾ ਅਸਰ ਪੈਂਦਾ ਹੈ। ਆਓ ਦੇਖੀਏ ਕਿਵੇਂ।

ਧੰਨਵਾਦ ਲਈ ਪ੍ਰਾਰਥਨਾ। ਜਦ ਅਸੀਂ ਕਿਸੇ ਗੱਲ ਲਈ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ, ਤਾਂ ਸਾਡਾ ਧਿਆਨ ਚੰਗੀਆਂ ਗੱਲਾਂ ’ਤੇ ਲੱਗਾ ਰਹਿੰਦਾ ਹੈ। ਇਸ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ ਤੇ ਅਸੀਂ ਪਰਮੇਸ਼ੁਰ ਦਾ ਹੋਰ ਵੀ ਅਹਿਸਾਨ ਮੰਨਦੇ ਹਾਂ।​—ਫ਼ਿਲਿੱਪੀਆਂ 4:6.

ਉਦਾਹਰਣ: ਯਹੋਵਾਹ ਨੇ ਯਿਸੂ ਦੀਆਂ ਪ੍ਰਾਰਥਨਾਵਾਂ ਸੁਣੀਆਂ ਤੇ ਉਨ੍ਹਾਂ ਦਾ ਜਵਾਬ ਦਿੱਤਾ, ਇਸ ਲਈ ਯਿਸੂ ਨੇ ਉਸ ਦਾ ਧੰਨਵਾਦ ਕੀਤਾ।​—ਯੂਹੰਨਾ 11:41.

ਮਾਫ਼ੀ ਲਈ ਪ੍ਰਾਰਥਨਾ। ਜਦ ਸਾਡੇ ਕੋਲੋਂ ਕੋਈ ਗ਼ਲਤੀ ਹੋ ਜਾਂਦੀ ਹੈ ਤੇ ਅਸੀਂ ਪਰਮੇਸ਼ੁਰ ਕੋਲੋਂ ਮਾਫ਼ੀ ਮੰਗਦੇ ਹਾਂ, ਤਾਂ ਸਾਨੂੰ ਆਪਣੀ ਗ਼ਲਤੀ ਦਾ ਹੋਰ ਵੀ ਅਹਿਸਾਸ ਹੁੰਦਾ ਹੈ। ਸਾਨੂੰ ਬਹੁਤ ਬੁਰਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਦਾ ਦਿਲ ਦੁਖੀ ਕੀਤਾ ਅਤੇ ਫਿਰ ਅਸੀਂ ਠਾਣ ਲੈਂਦੇ ਹਾਂ ਕਿ ਅਸੀਂ ਇਹ ਗ਼ਲਤੀ ਦੁਬਾਰਾ ਨਹੀਂ ਕਰਾਂਗੇ। ਪਰਮੇਸ਼ੁਰ ਤੋਂ ਮਾਫ਼ੀ ਮੰਗਣ ਤੋਂ ਬਾਅਦ ਅਸੀਂ ਆਪਣੀਆਂ ਗ਼ਲਤੀਆਂ ਕਰਕੇ ਜ਼ਿਆਦਾ ਨਿਰਾਸ਼ ਨਹੀਂ ਹੁੰਦੇ।

ਉਦਾਹਰਣ: ਜਦ ਦਾਊਦ ਨੇ ਪਾਪ ਕੀਤਾ, ਤਾਂ ਉਸ ਨੂੰ ਬਹੁਤ ਦੁੱਖ ਹੋਇਆ ਅਤੇ ਉਸ ਨੇ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਤੋਂ ਮਾਫ਼ੀ ਮੰਗੀ।​—ਜ਼ਬੂਰ 51.

ਸੇਧ ਅਤੇ ਬੁੱਧ ਲਈ ਪ੍ਰਾਰਥਨਾ। ਜਦ ਅਸੀਂ ਕੋਈ ਫ਼ੈਸਲਾ ਕਰਨ ਲਈ ਪਰਮੇਸ਼ੁਰ ਤੋਂ ਬੁੱਧ ਮੰਗਦੇ ਹਾਂ, ਤਾਂ ਅਸੀਂ ਹੋਰ ਵੀ ਨਿਮਰ ਹੋ ਜਾਂਦੇ ਹਾਂ। ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਆਪਣੀ ਤਾਕਤ ਨਾਲ ਕੁਝ ਨਹੀਂ ਕਰ ਸਕਦੇ ਤੇ ਸਾਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਹੈ। ਇੱਦਾਂ ਅਸੀਂ ਪਰਮੇਸ਼ੁਰ ’ਤੇ ਭਰੋਸਾ ਰੱਖਣਾ ਸਿੱਖਦੇ ਹਾਂ।​—ਕਹਾਉਤਾਂ 3:5, 6.

ਉਦਾਹਰਣ: ਰਾਜਾ ਸੁਲੇਮਾਨ ਨੇ ਨਿਮਰ ਹੋ ਕੇ ਪਰਮੇਸ਼ੁਰ ਤੋਂ ਬੁੱਧ ਮੰਗੀ ਤਾਂਕਿ ਉਹ ਇਜ਼ਰਾਈਲ ਕੌਮ ’ਤੇ ਚੰਗੀ ਤਰ੍ਹਾਂ ਰਾਜ ਕਰ ਸਕੇ।​—1 ਰਾਜਿਆਂ 3:5-12.

ਮਦਦ ਲਈ ਪ੍ਰਾਰਥਨਾ। ਜਦ ਅਸੀਂ ਕਿਸੇ ਤਕਲੀਫ਼ ਵਿਚ ਹੁੰਦੇ ਹਾਂ ਤੇ ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ, ਤਾਂ ਸਾਨੂੰ ਪਰਮੇਸ਼ੁਰ ਨੂੰ ਆਪਣੇ ਦਿਲ ਦਾ ਹਾਲ ਦੱਸਣਾ ਚਾਹੀਦਾ ਹੈ। ਇੱਦਾਂ ਕਰਨ ਨਾਲ ਸਾਨੂੰ ਮਨ ਦੀ ਸ਼ਾਂਤੀ ਮਿਲੇਗੀ ਤੇ ਅਸੀਂ ਖ਼ੁਦ ਦੀ ਬਜਾਇ ਪਰਮੇਸ਼ੁਰ ’ਤੇ ਭਰੋਸਾ ਰੱਖਾਂਗੇ।​—ਜ਼ਬੂਰ 62:8.

ਉਦਾਹਰਣ: ਦੁਸ਼ਮਣ ਫ਼ੌਜ ਵੱਲੋਂ ਹਮਲਾ ਹੋਣ ਤੇ ਰਾਜਾ ਆਸਾ ਨੇ ਯਹੋਵਾਹ ਤੋਂ ਮਦਦ ਮੰਗੀ।​—2 ਇਤਿਹਾਸ 14:11.

ਦੂਸਰਿਆਂ ਲਈ ਪ੍ਰਾਰਥਨਾ। ਜਦ ਅਸੀਂ ਦੂਸਰਿਆਂ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਖ਼ੁਦ ਦੀ ਬਜਾਇ ਦੂਜਿਆਂ ਬਾਰੇ ਸੋਚਦੇ ਹਾਂ, ਉਨ੍ਹਾਂ ਨਾਲ ਹਮਦਰਦੀ ਰੱਖਦੇ ਹਾਂ ਤੇ ਉਨ੍ਹਾਂ ਦੇ ਦਰਦ ਨੂੰ ਸਮਝਦੇ ਹਾਂ।

ਉਦਾਹਰਣ: ਯਿਸੂ ਆਪਣੇ ਚੇਲਿਆਂ ਲਈ ਪ੍ਰਾਰਥਨਾ ਕਰਦਾ ਸੀ।​—ਯੂਹੰਨਾ 17:9-17.

ਮਹਿਮਾ ਦੀ ਪ੍ਰਾਰਥਨਾ। ਜੇ ਅਸੀਂ ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ਤੇ ਉਸ ਦੇ ਗੁਣਾਂ ਲਈ ਉਸ ਦੀ ਮਹਿਮਾ ਕਰੀਏ, ਤਾਂ ਸਾਡੇ ਦਿਲ ਵਿਚ ਉਸ ਲਈ ਪਿਆਰ ਅਤੇ ਆਦਰ ਵਧੇਗਾ। ਨਾਲੇ ਅਸੀਂ ਉਸ ਦੇ ਹੋਰ ਵੀ ਨੇੜੇ ਆਵਾਂਗੇ।

ਉਦਾਹਰਣ: ਦਾਊਦ ਨੇ ਪਰਮੇਸ਼ੁਰ ਦੀ ਬਣਾਈ ਸ੍ਰਿਸ਼ਟੀ ਦੇਖ ਕੇ ਉਸ ਦੀ ਮਹਿਮਾ ਕੀਤੀ।​—ਜ਼ਬੂਰ 8.

ਅੱਜ ਦੇ ਹਾਲਾਤਾਂ ਕਰਕੇ ਅਸੀਂ ਕਈ ਵਾਰ ਪਰੇਸ਼ਾਨ ਹੋ ਜਾਂਦੇ ਹਾਂ, ਪਰ ਪ੍ਰਾਰਥਨਾ ਕਰਨ ਨਾਲ ਸਾਨੂੰ ‘ਪਰਮੇਸ਼ੁਰ ਦੀ ਸ਼ਾਂਤੀ ਮਿਲੇਗੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।’ (ਫ਼ਿਲਿੱਪੀਆਂ 4:7) ਨਾਲੇ ਇਸ ਨਾਲ ਸਾਡੀ ਸਿਹਤ ਵੀ ਵਧੀਆ ਰਹੇਗੀ। (ਕਹਾਉਤਾਂ 14:30) ਪਰ ਕੀ ਸਿਰਫ਼ ਪ੍ਰਾਰਥਨਾ ਕਰਨੀ ਹੀ ਕਾਫ਼ੀ ਹੈ? ਜਾਂ ਸਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ?

ਪ੍ਰਾਰਥਨਾ ਕਰਨ ਨਾਲ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਹੈ, ਸਾਨੂੰ ਹਿੰਮਤ ਮਿਲਦੀ ਹੈ, ਅਸੀਂ ਖ਼ੁਸ਼ ਰਹਿੰਦੇ ਹਾਂ ਅਤੇ ਸਾਡੀ ਸਿਹਤ ਵੀ ਵਧੀਆ ਰਹਿੰਦੀ ਹੈ