ਉਤਪਤ 6:1-22
6 ਹੁਣ ਜਦੋਂ ਧਰਤੀ ਉੱਤੇ ਇਨਸਾਨਾਂ ਦੀ ਗਿਣਤੀ ਵਧਣੀ ਸ਼ੁਰੂ ਹੋਈ ਅਤੇ ਉਨ੍ਹਾਂ ਦੇ ਧੀਆਂ ਪੈਦਾ ਹੋਈਆਂ,
2 ਤਾਂ ਸੱਚੇ ਪਰਮੇਸ਼ੁਰ ਦੇ ਪੁੱਤਰ*+ ਦੇਖਣ ਲੱਗੇ ਕਿ ਇਨਸਾਨਾਂ ਦੀਆਂ ਧੀਆਂ ਖ਼ੂਬਸੂਰਤ ਸਨ। ਇਸ ਲਈ ਉਨ੍ਹਾਂ ਨੂੰ ਜਿਹੜੀ ਵੀ ਪਸੰਦ ਆਉਂਦੀ ਸੀ, ਉਸ ਨੂੰ ਆਪਣੀ ਪਤਨੀ ਬਣਾ ਲੈਂਦੇ ਸਨ।
3 ਫਿਰ ਯਹੋਵਾਹ ਨੇ ਕਿਹਾ: “ਮੈਂ ਇਨਸਾਨ ਨੂੰ ਹਮੇਸ਼ਾ ਲਈ ਬਰਦਾਸ਼ਤ ਨਹੀਂ ਕਰਾਂਗਾ+ ਕਿਉਂਕਿ ਉਹ ਤਾਂ ਹੱਡ-ਮਾਸ ਦਾ ਬਣਿਆ ਹੈ।* ਇਸ ਕਰਕੇ ਹੁਣ ਇਨਸਾਨ ਦੇ ਦਿਨ 120 ਸਾਲ ਹੋਣਗੇ।”+
4 ਉਨ੍ਹਾਂ ਦਿਨਾਂ ਵਿਚ ਅਤੇ ਬਾਅਦ ਵਿਚ ਧਰਤੀ ਉੱਤੇ ਦੈਂਤ* ਸਨ। ਉਸ ਸਮੇਂ ਦੌਰਾਨ ਸੱਚੇ ਪਰਮੇਸ਼ੁਰ ਦੇ ਪੁੱਤਰ ਇਨਸਾਨਾਂ ਦੀਆਂ ਧੀਆਂ ਨਾਲ ਸਰੀਰਕ ਸੰਬੰਧ ਬਣਾਉਂਦੇ ਰਹੇ ਅਤੇ ਉਨ੍ਹਾਂ ਨੇ ਪੁੱਤਰਾਂ ਨੂੰ ਜਨਮ ਦਿੱਤਾ। ਇਹ ਪੁੱਤਰ ਦੈਂਤ ਸਨ ਅਤੇ ਬਹੁਤ ਹੀ ਤਾਕਤਵਰ ਸਨ ਅਤੇ ਪੁਰਾਣੇ ਜ਼ਮਾਨੇ ਵਿਚ ਮਸ਼ਹੂਰ ਸਨ।
5 ਯਹੋਵਾਹ ਨੇ ਦੇਖਿਆ ਕਿ ਇਸ ਕਾਰਨ ਧਰਤੀ ਉੱਤੇ ਇਨਸਾਨ ਦੀ ਬੁਰਾਈ ਹੱਦੋਂ ਵੱਧ ਹੋ ਗਈ ਸੀ ਅਤੇ ਉਹ ਹਰ ਵੇਲੇ ਆਪਣੇ ਮਨ ਵਿਚ ਸਿਰਫ਼ ਬੁਰਾ ਕਰਨ ਬਾਰੇ ਹੀ ਸੋਚਦਾ ਸੀ।+
6 ਯਹੋਵਾਹ ਨੂੰ ਅਫ਼ਸੋਸ* ਹੋਇਆ ਕਿ ਉਸ ਨੇ ਧਰਤੀ ’ਤੇ ਇਨਸਾਨ ਨੂੰ ਬਣਾਇਆ ਸੀ ਅਤੇ ਉਸ ਦਾ ਮਨ ਬਹੁਤ ਦੁਖੀ ਹੋਇਆ।*+
7 ਇਸ ਲਈ ਯਹੋਵਾਹ ਨੇ ਕਿਹਾ: “ਮੈਂ ਇਨਸਾਨਾਂ ਨੂੰ ਧਰਤੀ ਉੱਤੋਂ ਖ਼ਤਮ ਕਰਨ ਜਾ ਰਿਹਾ ਹਾਂ ਜਿਨ੍ਹਾਂ ਨੂੰ ਮੈਂ ਬਣਾਇਆ ਹੈ। ਹਾਂ, ਇਨਸਾਨ ਦੇ ਨਾਲ-ਨਾਲ ਪਾਲਤੂ ਪਸ਼ੂਆਂ, ਘਿਸਰਨ ਵਾਲੇ ਜਾਨਵਰਾਂ ਅਤੇ ਆਕਾਸ਼ ਵਿਚ ਉੱਡਣ ਵਾਲੇ ਜੀਵਾਂ ਨੂੰ ਵੀ ਕਿਉਂਕਿ ਮੈਨੂੰ ਇਨਸਾਨਾਂ ਨੂੰ ਬਣਾਉਣ ’ਤੇ ਅਫ਼ਸੋਸ ਹੈ।”
8 ਪਰ ਯਹੋਵਾਹ ਨੂਹ ਤੋਂ ਖ਼ੁਸ਼ ਸੀ।
9 ਨੂਹ ਦੀ ਜ਼ਿੰਦਗੀ ਵਿਚ ਇਹ ਘਟਨਾਵਾਂ ਵਾਪਰੀਆਂ ਸਨ।
ਨੂਹ ਇਕ ਧਰਮੀ ਇਨਸਾਨ ਸੀ।+ ਉਸ ਨੇ ਆਪਣੇ ਜ਼ਮਾਨੇ ਦੇ ਲੋਕਾਂ* ਵਿਚ ਆਪਣੇ ਆਪ ਨੂੰ ਨਿਰਦੋਸ਼* ਸਾਬਤ ਕੀਤਾ ਸੀ। ਨੂਹ ਸੱਚੇ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ।+
10 ਸਮੇਂ ਦੇ ਬੀਤਣ ਨਾਲ ਉਸ ਦੇ ਤਿੰਨ ਪੁੱਤਰ ਸ਼ੇਮ, ਹਾਮ ਅਤੇ ਯਾਫਥ ਪੈਦਾ ਹੋਏ।+
11 ਪਰ ਦੁਨੀਆਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵਿਗੜੀ ਹੋਈ ਸੀ ਅਤੇ ਧਰਤੀ ਉੱਤੇ ਸਾਰੇ ਪਾਸੇ ਖ਼ੂਨ-ਖ਼ਰਾਬਾ ਹੋ ਰਿਹਾ ਸੀ।
12 ਜੀ ਹਾਂ, ਪਰਮੇਸ਼ੁਰ ਨੇ ਦੇਖਿਆ ਕਿ ਦੁਨੀਆਂ ਵਿਗੜੀ ਹੋਈ ਸੀ;+ ਧਰਤੀ ਉੱਤੇ ਸਾਰੇ ਲੋਕ ਬੁਰਾਈ ਦੇ ਰਾਹ ’ਤੇ ਚੱਲ ਰਹੇ ਸਨ।+
13 ਫਿਰ ਪਰਮੇਸ਼ੁਰ ਨੇ ਨੂਹ ਨੂੰ ਕਿਹਾ: “ਮੈਂ ਸਾਰੇ ਇਨਸਾਨਾਂ ਨੂੰ ਨਾਸ਼ ਕਰਨ ਦਾ ਫ਼ੈਸਲਾ ਕਰ ਲਿਆ ਹੈ ਕਿਉਂਕਿ ਉਨ੍ਹਾਂ ਕਰਕੇ ਧਰਤੀ ਉੱਤੇ ਸਾਰੇ ਪਾਸੇ ਖ਼ੂਨ-ਖ਼ਰਾਬਾ ਹੋ ਰਿਹਾ ਹੈ। ਇਸ ਲਈ ਮੈਂ ਉਨ੍ਹਾਂ ਨੂੰ ਨਾਸ਼ ਕਰ ਦਿਆਂਗਾ ਅਤੇ ਧਰਤੀ ਨੂੰ ਉਜਾੜ ਦਿਆਂਗਾ।+
14 ਤੂੰ ਆਪਣੇ ਲਈ ਰਾਲ਼ ਵਾਲੀ ਲੱਕੜ* ਦੀ ਕਿਸ਼ਤੀ* ਬਣਾਈਂ।+ ਤੂੰ ਕਿਸ਼ਤੀ ਵਿਚ ਕਮਰੇ ਬਣਾਈਂ ਅਤੇ ਉਸ ਨੂੰ ਅੰਦਰੋਂ-ਬਾਹਰੋਂ ਤਾਰਕੋਲ*+ ਨਾਲ ਲਿੱਪੀਂ।
15 ਤੂੰ ਉਸ ਨੂੰ ਇਸ ਤਰ੍ਹਾਂ ਬਣਾਈਂ: ਕਿਸ਼ਤੀ ਦੀ ਲੰਬਾਈ 300 ਹੱਥ, ਚੁੜਾਈ 50 ਹੱਥ ਅਤੇ ਉਚਾਈ 30 ਹੱਥ* ਹੋਵੇ।
16 ਤੂੰ ਉਸ ਦੀ ਛੱਤ ਤੋਂ ਇਕ ਹੱਥ* ਥੱਲੇ ਕਿਸ਼ਤੀ ਵਿਚ ਰੌਸ਼ਨੀ ਵਾਸਤੇ ਖਿੜਕੀ* ਰੱਖੀਂ। ਤੂੰ ਕਿਸ਼ਤੀ ਦੇ ਇਕ ਪਾਸੇ ਦਰਵਾਜ਼ਾ ਰੱਖੀਂ+ ਅਤੇ ਉਸ ਵਿਚ ਪਹਿਲੀ ਮੰਜ਼ਲ, ਦੂਜੀ ਮੰਜ਼ਲ ਅਤੇ ਤੀਜੀ ਮੰਜ਼ਲ ਹੋਵੇ।
17 “ਮੈਂ ਧਰਤੀ ਉੱਤੇ ਜਲ-ਪਰਲੋ ਲਿਆ ਕੇ+ ਆਕਾਸ਼ ਹੇਠ ਸਾਰੇ ਇਨਸਾਨਾਂ ਤੇ ਜੀਵ-ਜੰਤੂਆਂ* ਨੂੰ ਜਿਨ੍ਹਾਂ ਵਿਚ ਜੀਵਨ ਦਾ ਸਾਹ ਹੈ, ਖ਼ਤਮ ਕਰਨ ਜਾ ਰਿਹਾ ਹਾਂ। ਧਰਤੀ ’ਤੇ ਹਰ ਚੀਜ਼ ਮਿਟ ਜਾਵੇਗੀ।+
18 ਅਤੇ ਮੈਂ ਤੇਰੇ ਨਾਲ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਬਚਾਵਾਂਗਾ। ਤੂੰ ਕਿਸ਼ਤੀ ਵਿਚ ਜਾਈਂ ਅਤੇ ਤੇਰੇ ਨਾਲ ਤੇਰੀ ਪਤਨੀ, ਤੇਰੇ ਪੁੱਤਰ ਅਤੇ ਨੂੰਹਾਂ ਜਾਣ।+
19 ਅਤੇ ਕਿਸ਼ਤੀ ਵਿਚ ਹਰ ਕਿਸਮ ਦੇ ਜੀਉਂਦੇ ਜੀਵ-ਜੰਤੂਆਂ+ ਦਾ ਜੋੜਾ-ਜੋੜਾ ਯਾਨੀ ਨਰ ਤੇ ਮਾਦਾ+ ਲੈ ਕੇ ਜਾਈਂ ਤਾਂਕਿ ਉਹ ਵੀ ਤੇਰੇ ਨਾਲ ਬਚ ਜਾਣ।
20 ਉੱਡਣ ਵਾਲੇ ਜੀਵ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ, ਪਾਲਤੂ ਪਸ਼ੂ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਅਤੇ ਜ਼ਮੀਨ ਉੱਤੇ ਘਿਸਰਨ ਵਾਲੇ ਜਾਨਵਰ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ, ਹਰੇਕ ਦਾ ਜੋੜਾ-ਜੋੜਾ ਕਿਸ਼ਤੀ ਵਿਚ ਤੇਰੇ ਕੋਲ ਆਉਣਗੇ ਤਾਂਕਿ ਉਹ ਬਚ ਜਾਣ।+
21 ਤੂੰ ਹਰ ਕਿਸਮ ਦਾ ਭੋਜਨ ਇਕੱਠਾ ਕਰ ਕੇ ਕਿਸ਼ਤੀ ਵਿਚ ਰੱਖੀਂ ਤਾਂਕਿ ਤੇਰੇ ਅਤੇ ਜਾਨਵਰਾਂ ਦੇ ਖਾਣ ਲਈ ਭੋਜਨ ਹੋਵੇ।”+
22 ਅਤੇ ਨੂਹ ਨੇ ਸਭ ਕੁਝ ਉਵੇਂ ਕੀਤਾ ਜਿਵੇਂ ਪਰਮੇਸ਼ੁਰ ਨੇ ਉਸ ਨੂੰ ਹੁਕਮ ਦਿੱਤਾ ਸੀ। ਉਸ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ।+
ਫੁਟਨੋਟ
^ ਜਾਂ, “ਦੂਤ।”
^ ਜਾਂ, “ਕਿਉਂਕਿ ਉਹ ਆਪਣੇ ਸਰੀਰ ਦੀਆਂ ਇੱਛਾਵਾਂ ਮੁਤਾਬਕ ਚੱਲਦਾ ਹੈ।”
^ ਜਾਂ, “ਉਸ ਦੇ ਦਿਲ ਨੂੰ ਠੇਸ ਲੱਗੀ।”
^ ਜਾਂ, “ਦੁਖੀ।”
^ ਇਬ, “ਆਪਣੀਆਂ ਪੀੜ੍ਹੀਆਂ।”
^ ਜਾਂ, “ਬੇਕਸੂਰ।”
^ ਇਬ, “ਗੋਫਰ ਦੇ ਦਰਖ਼ਤਾਂ ਦੀ ਲੱਕੜ,” ਰਾਲ ਵਾਲੀ ਲੱਕੜ, ਸੰਭਵ ਤੌਰ ਤੇ ਸਰੂ ਦਾ ਦਰਖ਼ਤ।
^ ਇਬ, “ਬਕਸਾ।” ਮੰਨਿਆ ਜਾਂਦਾ ਹੈ ਕਿ ਇਹ ਕਿਸ਼ਤੀ ਇਕ ਬਕਸੇ ਵਰਗੀ ਸੀ ਅਤੇ ਇਸ ਦਾ ਹੇਠਲਾ ਪਾਸਾ ਚਪਟਾ ਸੀ।
^ ਜਾਂ, “ਲੁੱਕ।”
^ ਯਾਨੀ, ਲੰਬਾਈ ਲਗਭਗ 438 ਫੁੱਟ, ਚੁੜਾਈ ਲਗਭਗ 73 ਫੁੱਟ ਅਤੇ ਉਚਾਈ ਲਗਭਗ 44 ਫੁੱਟ।
^ ਲਗਭਗ 44 ਸੈਂਟੀਮੀਟਰ। ਵਧੇਰੇ ਜਾਣਕਾਰੀ 2.14 ਦੇਖੋ।
^ ਇਬ, “ਸੋਹਾਰ।” ਇਸ ਸੰਬੰਧੀ ਇਕ ਵਿਚਾਰ ਇਹ ਹੈ ਕਿ “ਸੋਹਾਰ” ਸ਼ਬਦ ਰੌਸ਼ਨੀ ਵਾਸਤੇ ਖਿੜਕੀ ਨੂੰ ਨਹੀਂ, ਸਗੋਂ ਛੱਤ ਨੂੰ ਸੰਕੇਤ ਕਰਦਾ ਹੈ ਜਿਸ ’ਤੇ ਇਕ ਹੱਥ ਢਲਾਣ ਰੱਖੀ ਗਈ ਸੀ।
^ ਇਬ, “ਸਾਰੇ ਸਰੀਰਾਂ।”