ਕਹਾਉਤਾਂ 10:1-32
10 ਸੁਲੇਮਾਨ ਦੀਆਂ ਕਹਾਵਤਾਂ।+
ਬੁੱਧੀਮਾਨ ਪੁੱਤਰ ਆਪਣੇ ਪਿਤਾ ਨੂੰ ਖ਼ੁਸ਼ ਕਰਦਾ ਹੈ,+ਪਰ ਮੂਰਖ ਪੁੱਤਰ ਆਪਣੀ ਮਾਂ ਨੂੰ ਦੁੱਖ ਦਿੰਦਾ ਹੈ।
2 ਬੁਰਾਈ ਨਾਲ ਖੱਟੀ ਧਨ-ਦੌਲਤ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ,ਪਰ ਨੇਕੀ ਮੌਤ ਤੋਂ ਬਚਾ ਲੈਂਦੀ ਹੈ।+
3 ਯਹੋਵਾਹ ਧਰਮੀ ਨੂੰ ਭੁੱਖਾ ਨਹੀਂ ਰਹਿਣ ਦੇਵੇਗਾ,+ਪਰ ਉਹ ਦੁਸ਼ਟ ਦੀ ਲਾਲਸਾ ਪੂਰੀ ਕਰਨ ਤੋਂ ਨਾਂਹ ਕਰ ਦੇਵੇਗਾ।
4 ਆਲਸੀ ਹੱਥ ਗ਼ਰੀਬ ਬਣਾ ਦੇਣਗੇ,+ਪਰ ਮਿਹਨਤੀ ਹੱਥ ਅਮੀਰ ਬਣਾਉਂਦੇ ਹਨ।+
5 ਡੂੰਘੀ ਸਮਝ ਤੋਂ ਕੰਮ ਲੈਣ ਵਾਲਾ ਪੁੱਤਰ ਗਰਮੀਆਂ ਵਿਚ ਫ਼ਸਲ ਇਕੱਠੀ ਕਰਦਾ ਹੈ,ਪਰ ਬੇਸ਼ਰਮ ਪੁੱਤਰ ਵਾਢੀ ਦੌਰਾਨ ਘੂਕ ਸੁੱਤਾ ਰਹਿੰਦਾ ਹੈ।+
6 ਧਰਮੀ ਦੇ ਸਿਰ ’ਤੇ ਬਰਕਤਾਂ ਰਹਿੰਦੀਆਂ ਹਨ,+ਪਰ ਦੁਸ਼ਟ ਦਾ ਮੂੰਹ ਹਿੰਸਾ ਨੂੰ ਲੁਕਾਉਂਦਾ ਹੈ।
7 ਧਰਮੀ ਇਨਸਾਨ ਨੂੰ ਯਾਦ ਕਰ ਕੇ* ਉਸ ਨੂੰ ਅਸੀਸਾਂ ਦਿੱਤੀਆਂ ਜਾਂਦੀਆਂ ਹਨ,+ਪਰ ਦੁਸ਼ਟ ਦਾ ਨਾਂ ਗਲ਼-ਸੜ ਜਾਵੇਗਾ।+
8 ਬੁੱਧੀਮਾਨ ਇਨਸਾਨ ਹਿਦਾਇਤਾਂ* ਮੰਨੇਗਾ,+ਪਰ ਮੂਰਖਤਾ ਭਰੀਆਂ ਗੱਲਾਂ ਕਰਨ ਵਾਲਾ ਕੁਚਲ ਦਿੱਤਾ ਜਾਵੇਗਾ।+
9 ਖਰੇ ਰਾਹ ’ਤੇ ਤੁਰਨ ਵਾਲਾ ਸੁਰੱਖਿਅਤ ਚੱਲੇਗਾ,+ਪਰ ਟੇਢੀਆਂ ਚਾਲਾਂ ਚੱਲਣ ਵਾਲਾ ਫੜਿਆ ਜਾਵੇਗਾ।+
10 ਜਿਹੜਾ ਧੋਖਾ ਦੇਣ ਲਈ ਅੱਖ ਮਾਰਦਾ ਹੈ, ਉਹ ਦੁੱਖ ਪਹੁੰਚਾਉਂਦਾ ਹੈ+ਅਤੇ ਮੂਰਖਤਾ ਭਰੀਆਂ ਗੱਲਾਂ ਕਰਨ ਵਾਲਾ ਕੁਚਲ ਦਿੱਤਾ ਜਾਵੇਗਾ।+
11 ਧਰਮੀ ਦਾ ਮੂੰਹ ਜ਼ਿੰਦਗੀ ਦਾ ਸੋਮਾ ਹੈ,+ਪਰ ਦੁਸ਼ਟਾਂ ਦਾ ਮੂੰਹ ਹਿੰਸਾ ਨੂੰ ਲੁਕਾਉਂਦਾ ਹੈ।+
12 ਨਫ਼ਰਤ ਝਗੜਿਆਂ ਨੂੰ ਛੇੜਦੀ ਹੈ,ਪਰ ਪਿਆਰ ਸਾਰੇ ਅਪਰਾਧਾਂ ਨੂੰ ਢਕ ਲੈਂਦਾ ਹੈ।+
13 ਸੂਝ-ਬੂਝ ਰੱਖਣ ਵਾਲੇ ਇਨਸਾਨ ਦੇ ਬੁੱਲ੍ਹਾਂ ’ਤੇ ਬੁੱਧ ਹੁੰਦੀ ਹੈ,+ਪਰ ਬੇਅਕਲ* ਦੀ ਪਿੱਠ ਲਈ ਛਿਟੀ ਹੁੰਦੀ ਹੈ।+
14 ਬੁੱਧੀਮਾਨ ਗਿਆਨ ਨੂੰ ਸਾਂਭ ਕੇ ਰੱਖਦੇ ਹਨ,+ਪਰ ਮੂਰਖ ਦਾ ਮੂੰਹ ਬਰਬਾਦੀ ਨੂੰ ਸੱਦਾ ਦਿੰਦਾ ਹੈ।+
15 ਅਮੀਰ ਆਦਮੀ ਦੀ ਧਨ-ਦੌਲਤ ਉਸ ਲਈ ਕਿਲੇਬੰਦ ਸ਼ਹਿਰ ਹੈ।
ਪਰ ਗ਼ਰੀਬਾਂ ਦੀ ਗ਼ਰੀਬੀ ਉਨ੍ਹਾਂ ਲਈ ਬਰਬਾਦੀ ਹੈ।+
16 ਧਰਮੀ ਦੇ ਕੰਮ ਜ਼ਿੰਦਗੀ ਵੱਲ ਲੈ ਜਾਂਦੇ ਹਨ,ਪਰ ਦੁਸ਼ਟ ਦੀ ਕਮਾਈ ਪਾਪ ਵੱਲ ਲੈ ਜਾਂਦੀ ਹੈ।+
17 ਅਨੁਸ਼ਾਸਨ ਵੱਲ ਧਿਆਨ ਦੇਣ ਵਾਲਾ ਜ਼ਿੰਦਗੀ ਦਾ ਰਾਹ ਦਿਖਾਉਂਦਾ ਹੈ,*ਪਰ ਜਿਹੜਾ ਤਾੜਨਾ ਨੂੰ ਕਬੂਲ ਨਹੀਂ ਕਰਦਾ, ਉਹ ਦੂਜਿਆਂ ਨੂੰ ਭਟਕਾ ਦਿੰਦਾ ਹੈ।
18 ਜਿਹੜਾ ਆਪਣੀ ਨਫ਼ਰਤ ਨੂੰ ਲੁਕਾਉਂਦਾ ਹੈ, ਉਹ ਝੂਠ ਬੋਲਦਾ ਹੈ+ਅਤੇ ਜਿਹੜਾ ਬਦਨਾਮ ਕਰਨ ਵਾਲੀਆਂ ਗੱਲਾਂ* ਫੈਲਾਉਂਦਾ ਹੈ, ਉਹ ਮੂਰਖ ਹੈ।
19 ਬਹੁਤੀਆਂ ਗੱਲਾਂ ਕਰਨ ਨਾਲ ਗ਼ਲਤੀ ਤੋਂ ਬਚਿਆ ਨਹੀਂ ਜਾ ਸਕਦਾ,+ਪਰ ਆਪਣੇ ਬੁੱਲ੍ਹਾਂ ਨੂੰ ਰੋਕੀ ਰੱਖਣ ਵਾਲਾ ਸਮਝਦਾਰ ਹੁੰਦਾ ਹੈ।+
20 ਧਰਮੀ ਦੀ ਜ਼ਬਾਨ ਖਾਲਸ ਚਾਂਦੀ ਵਰਗੀ ਹੈ,+ਪਰ ਦੁਸ਼ਟ ਦਾ ਦਿਲ ਕਿਸੇ ਕੰਮ ਦਾ ਨਹੀਂ।
21 ਧਰਮੀ ਦੇ ਬੁੱਲ੍ਹ ਬਹੁਤਿਆਂ ਦਾ ਪੋਸ਼ਣ ਕਰਦੇ* ਹਨ,+ਪਰ ਮੂਰਖ ਅਕਲ ਦੀ ਘਾਟ ਕਰਕੇ ਮਰ ਜਾਂਦੇ ਹਨ।+
22 ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ+ਅਤੇ ਉਹ ਇਸ ਨਾਲ ਕੋਈ ਸੋਗ* ਨਹੀਂ ਮਿਲਾਉਂਦਾ।
23 ਮੂਰਖ ਸ਼ਰਮਨਾਕ ਕੰਮ ਕਰਨ ਨੂੰ ਖੇਡ ਸਮਝਦਾ ਹੈ,ਪਰ ਸੂਝ-ਬੂਝ ਤੋਂ ਕੰਮ ਲੈਣ ਵਾਲੇ ਨੂੰ ਬੁੱਧ ਹਾਸਲ ਹੁੰਦੀ ਹੈ।+
24 ਦੁਸ਼ਟ ਨੂੰ ਜਿਸ ਚੀਜ਼ ਦਾ ਡਰ ਹੈ, ਉਹੀ ਉਸ ’ਤੇ ਆ ਪਵੇਗੀ;ਪਰ ਧਰਮੀ ਦੀ ਇੱਛਾ ਪੂਰੀ ਕੀਤੀ ਜਾਵੇਗੀ।+
25 ਤੂਫ਼ਾਨ ਥੰਮ੍ਹ ਜਾਣ ਤੇ ਦੁਸ਼ਟ ਮਿਟ ਚੁੱਕਾ ਹੋਵੇਗਾ,+ਪਰ ਧਰਮੀ ਇਨਸਾਨ ਉਹ ਨੀਂਹ ਹੈ ਜੋ ਹਮੇਸ਼ਾ ਟਿਕੀ ਰਹਿੰਦੀ ਹੈ।+
26 ਜਿਵੇਂ ਦੰਦਾਂ ਨੂੰ ਸਿਰਕਾ ਅਤੇ ਅੱਖਾਂ ਨੂੰ ਧੂੰਆਂ ਲੱਗਦਾ ਹੈ,ਉਸੇ ਤਰ੍ਹਾਂ ਆਲਸੀ ਇਨਸਾਨ ਆਪਣੇ ਭੇਜਣ ਵਾਲੇ* ਨੂੰ ਲੱਗਦਾ ਹੈ।
27 ਯਹੋਵਾਹ ਦਾ ਡਰ ਉਮਰ ਵਧਾਉਂਦਾ ਹੈ,+ਪਰ ਦੁਸ਼ਟਾਂ ਦੇ ਸਾਲ ਘਟਾਏ ਜਾਣਗੇ।+
28 ਧਰਮੀਆਂ ਦੀ ਆਸ ਖ਼ੁਸ਼ੀ ਦਿੰਦੀ ਹੈ,+ਪਰ ਦੁਸ਼ਟਾਂ ਦੀ ਉਮੀਦ ਮਿਟ ਜਾਵੇਗੀ।+
29 ਯਹੋਵਾਹ ਦਾ ਰਾਹ ਨਿਰਦੋਸ਼ ਇਨਸਾਨ ਲਈ ਪੱਕਾ ਕਿਲਾ ਹੈ,+ਪਰ ਬੁਰੇ ਕੰਮ ਕਰਨ ਵਾਲਿਆਂ ਲਈ ਇਹ ਬਰਬਾਦੀ ਹੈ।+
30 ਧਰਮੀ ਇਨਸਾਨ ਨੂੰ ਕਦੇ ਨਹੀਂ ਡੇਗਿਆ ਜਾਵੇਗਾ,+ਪਰ ਦੁਸ਼ਟ ਫਿਰ ਕਦੇ ਧਰਤੀ ’ਤੇ ਨਹੀਂ ਵੱਸਣਗੇ।+
31 ਧਰਮੀ ਦੇ ਮੂੰਹੋਂ ਬੁੱਧ ਦੀਆਂ ਗੱਲਾਂ ਨਿਕਲਦੀਆਂ ਹਨ,*ਪਰ ਖੋਟੀਆਂ ਗੱਲਾਂ ਕਰਨ ਵਾਲੀ ਜੀਭ ਕੱਟ ਦਿੱਤੀ ਜਾਵੇਗੀ।
32 ਧਰਮੀ ਦੇ ਬੁੱਲ੍ਹ ਮਨਭਾਉਂਦੀਆਂ ਗੱਲਾਂ ਕਰਨੀਆਂ ਜਾਣਦੇ ਹਨ,ਪਰ ਦੁਸ਼ਟਾਂ ਦਾ ਮੂੰਹ ਖੋਟੀਆਂ ਗੱਲਾਂ ਕਰਦਾ ਹੈ।
ਫੁਟਨੋਟ
^ ਜਾਂ, “ਦੀ ਨੇਕਨਾਮੀ ਕਰਕੇ।”
^ ਇਬ, “ਹੁਕਮ।”
^ ਇਬ, “ਦਿਲ ਦੀ ਕਮੀ ਵਾਲੇ।”
^ ਜਾਂ ਸੰਭਵ ਹੈ, “ਜ਼ਿੰਦਗੀ ਦੇ ਰਾਹ ਉੱਤੇ ਹੈ।”
^ ਜਾਂ, “ਅਫ਼ਵਾਹਾਂ।”
^ ਜਾਂ, “ਨੂੰ ਸੇਧ ਦਿੰਦੇ।”
^ ਜਾਂ, “ਦੁੱਖ-ਦਰਦ; ਮੁਸ਼ਕਲ।”
^ ਜਾਂ, “ਮਾਲਕ।”
^ ਜਾਂ, “ਬੁੱਧ ਦਾ ਫਲ ਪੈਦਾ ਕਰਦਾ ਹੈ।”