ਕੂਚ 17:1-16
17 ਇਜ਼ਰਾਈਲੀਆਂ ਦੀ ਸਾਰੀ ਮੰਡਲੀ ਯਹੋਵਾਹ ਦੇ ਹੁਕਮ ਮੁਤਾਬਕ ਸੀਨ ਦੀ ਉਜਾੜ+ ਤੋਂ ਤੁਰ ਪਈ। ਉਹ ਥਾਂ-ਥਾਂ ਰੁਕੇ ਅਤੇ ਆਖ਼ਰਕਾਰ ਉਨ੍ਹਾਂ ਨੇ ਰਫੀਦੀਮ+ ਵਿਚ ਡੇਰਾ ਲਾਇਆ।+ ਪਰ ਉੱਥੇ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ।
2 ਇਸ ਲਈ ਲੋਕ ਮੂਸਾ ਨਾਲ ਲੜਦੇ+ ਹੋਏ ਕਹਿਣ ਲੱਗੇ: “ਸਾਨੂੰ ਪੀਣ ਲਈ ਪਾਣੀ ਦੇ।” ਪਰ ਮੂਸਾ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰੇ ਨਾਲ ਕਿਉਂ ਲੜ ਰਹੇ ਹੋ? ਤੁਸੀਂ ਕਿਉਂ ਵਾਰ-ਵਾਰ ਯਹੋਵਾਹ ਨੂੰ ਪਰਖਦੇ ਹੋ?”+
3 ਪਰ ਲੋਕ ਬਹੁਤ ਪਿਆਸੇ ਸਨ ਜਿਸ ਕਰਕੇ ਉਹ ਮੂਸਾ ਦੇ ਖ਼ਿਲਾਫ਼ ਬੁੜ-ਬੁੜ ਕਰਦੇ+ ਹੋਏ ਕਹਿਣ ਲੱਗੇ: “ਤੂੰ ਸਾਨੂੰ, ਸਾਡੇ ਪੁੱਤਰਾਂ ਅਤੇ ਸਾਡੇ ਪਸ਼ੂਆਂ ਨੂੰ ਮਿਸਰ ਵਿੱਚੋਂ ਕੱਢ ਕੇ ਇੱਥੇ ਪਿਆਸੇ ਮਰਨ ਲਈ ਕਿਉਂ ਲੈ ਆਇਆ ਹੈਂ?”
4 ਆਖ਼ਰਕਾਰ ਮੂਸਾ ਯਹੋਵਾਹ ਅੱਗੇ ਗਿੜਗਿੜਾਇਆ: “ਮੈਂ ਇਨ੍ਹਾਂ ਲੋਕਾਂ ਦਾ ਕੀ ਕਰਾਂ? ਥੋੜ੍ਹੇ ਸਮੇਂ ਬਾਅਦ ਤਾਂ ਇਹ ਮੈਨੂੰ ਹੀ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣਗੇ!”
5 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਇਜ਼ਰਾਈਲ ਦੇ ਕੁਝ ਬਜ਼ੁਰਗਾਂ ਨੂੰ ਲੈ ਕੇ ਲੋਕਾਂ ਦੇ ਅੱਗੇ-ਅੱਗੇ ਜਾਹ। ਤੂੰ ਆਪਣੇ ਹੱਥ ਵਿਚ ਉਹ ਡੰਡਾ ਵੀ ਲੈ ਜਾਹ ਜਿਸ ਨੂੰ ਤੂੰ ਨੀਲ ਦਰਿਆ ’ਤੇ ਮਾਰਿਆ ਸੀ।+
6 ਦੇਖ, ਮੈਂ ਹੋਰੇਬ ਵਿਚ ਚਟਾਨ ’ਤੇ ਤੇਰੇ ਸਾਮ੍ਹਣੇ ਖੜ੍ਹਾ ਹੋਵਾਂਗਾ। ਤੂੰ ਚਟਾਨ ’ਤੇ ਡੰਡਾ ਮਾਰੀਂ ਅਤੇ ਉਸ ਵਿੱਚੋਂ ਪਾਣੀ ਨਿਕਲ ਆਵੇਗਾ ਅਤੇ ਲੋਕ ਪੀਣਗੇ।”+ ਮੂਸਾ ਨੇ ਇਜ਼ਰਾਈਲ ਦੇ ਬਜ਼ੁਰਗਾਂ ਸਾਮ੍ਹਣੇ ਇਸੇ ਤਰ੍ਹਾਂ ਕੀਤਾ।
7 ਇਸ ਲਈ ਮੂਸਾ ਨੇ ਉਸ ਜਗ੍ਹਾ ਦਾ ਨਾਂ ਮੱਸਾਹ*+ ਅਤੇ ਮਰੀਬਾਹ*+ ਰੱਖਿਆ ਕਿਉਂਕਿ ਇੱਥੇ ਇਜ਼ਰਾਈਲੀ ਮੂਸਾ ਨਾਲ ਲੜੇ ਸਨ ਅਤੇ ਉਨ੍ਹਾਂ ਨੇ ਇਹ ਕਹਿ ਕੇ ਯਹੋਵਾਹ ਨੂੰ ਪਰਖਿਆ ਸੀ:+ “ਕੀ ਯਹੋਵਾਹ ਸਾਡੇ ਵਿਚ ਹੈ ਵੀ ਜਾਂ ਨਹੀਂ?”
8 ਫਿਰ ਅਮਾਲੇਕੀਆਂ+ ਨੇ ਆ ਕੇ ਰਫੀਦੀਮ ਵਿਚ ਇਜ਼ਰਾਈਲੀਆਂ ਨਾਲ ਲੜਾਈ ਕੀਤੀ।+
9 ਇਸ ਲਈ ਮੂਸਾ ਨੇ ਯਹੋਸ਼ੁਆ+ ਨੂੰ ਕਿਹਾ: “ਤੂੰ ਕੁਝ ਆਦਮੀ ਚੁਣ ਅਤੇ ਉਨ੍ਹਾਂ ਨੂੰ ਲੈ ਕੇ ਅਮਾਲੇਕੀਆਂ ਨਾਲ ਸਾਡੇ ਲਈ ਲੜ। ਕੱਲ੍ਹ ਮੈਂ ਆਪਣੇ ਹੱਥ ਵਿਚ ਸੱਚੇ ਪਰਮੇਸ਼ੁਰ ਦਾ ਡੰਡਾ ਲੈ ਕੇ ਪਹਾੜ ਦੀ ਚੋਟੀ ’ਤੇ ਖੜ੍ਹਾ ਹੋਵਾਂਗਾ।”
10 ਯਹੋਸ਼ੁਆ ਨੇ ਮੂਸਾ ਦੇ ਕਹੇ ਮੁਤਾਬਕ ਅਮਾਲੇਕੀਆਂ ਨਾਲ ਲੜਾਈ ਕੀਤੀ+ ਅਤੇ ਮੂਸਾ, ਹਾਰੂਨ ਅਤੇ ਹੂਰ+ ਪਹਾੜ ਦੀ ਚੋਟੀ ’ਤੇ ਚਲੇ ਗਏ।
11 ਜਦ ਤਕ ਮੂਸਾ ਆਪਣੇ ਹੱਥ ਉੱਪਰ ਚੁੱਕੀ ਰੱਖਦਾ ਸੀ, ਤਦ ਤਕ ਇਜ਼ਰਾਈਲੀ ਜਿੱਤਦੇ ਸਨ। ਪਰ ਜਦੋਂ ਹੀ ਉਹ ਆਪਣੇ ਹੱਥ ਥੱਲੇ ਕਰਦਾ ਸੀ, ਤਾਂ ਅਮਾਲੇਕੀ ਜਿੱਤਦੇ ਸਨ।
12 ਜਦ ਮੂਸਾ ਦੇ ਹੱਥ ਥੱਕ ਗਏ, ਤਾਂ ਉਨ੍ਹਾਂ ਨੇ ਇਕ ਪੱਥਰ ਲਿਆਂਦਾ ਅਤੇ ਮੂਸਾ ਉਸ ਉੱਤੇ ਬੈਠ ਗਿਆ। ਫਿਰ ਹਾਰੂਨ ਅਤੇ ਹੂਰ ਨੇ ਦੋਵੇਂ ਪਾਸਿਓਂ ਮੂਸਾ ਦੇ ਹੱਥਾਂ ਨੂੰ ਸਹਾਰਾ ਦਿੱਤਾ ਤਾਂਕਿ ਉਸ ਦੇ ਹੱਥ ਸੂਰਜ ਡੁੱਬਣ ਤਕ ਉੱਪਰ ਰਹਿਣ।
13 ਇਸ ਤਰ੍ਹਾਂ ਯਹੋਸ਼ੁਆ ਨੇ ਅਮਾਲੇਕੀਆਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ।+
14 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਸ ਗੱਲ ਨੂੰ ਯਾਦ ਰੱਖਣ ਲਈ* ਇਕ ਕਿਤਾਬ ਵਿਚ ਲਿਖ ਲੈ ਅਤੇ ਯਹੋਸ਼ੁਆ ਨੂੰ ਇਸ ਬਾਰੇ ਦੱਸ, ‘ਮੈਂ ਅਮਾਲੇਕੀਆਂ ਦਾ ਨਾਂ ਇਸ ਧਰਤੀ ਤੋਂ ਪੂਰੀ ਤਰ੍ਹਾਂ ਮਿਟਾ ਦਿਆਂਗਾ ਅਤੇ ਉਨ੍ਹਾਂ ਨੂੰ ਕਦੀ ਯਾਦ ਨਹੀਂ ਕੀਤਾ ਜਾਵੇਗਾ।’”+
15 ਇਸ ਤੋਂ ਬਾਅਦ ਮੂਸਾ ਨੇ ਇਕ ਵੇਦੀ ਬਣਾਈ ਅਤੇ ਉਸ ਦਾ ਨਾਂ ਯਹੋਵਾਹ-ਨਿੱਸੀ* ਰੱਖਿਆ।
16 ਉਸ ਨੇ ਕਿਹਾ: “ਅਮਾਲੇਕੀਆਂ ਨੇ ਯਾਹ ਦੇ ਸਿੰਘਾਸਣ ਦੇ ਖ਼ਿਲਾਫ਼ ਹੱਥ ਚੁੱਕਿਆ ਹੈ।+ ਇਸ ਲਈ ਯਹੋਵਾਹ ਪੀੜ੍ਹੀਓ-ਪੀੜ੍ਹੀ ਅਮਾਲੇਕੀਆਂ ਨਾਲ ਯੁੱਧ ਕਰਦਾ ਰਹੇਗਾ।”+
ਫੁਟਨੋਟ
^ ਮਤਲਬ “ਪਰੀਖਿਆ; ਅਜ਼ਮਾਇਸ਼।”
^ ਮਤਲਬ “ਝਗੜਾ।”
^ ਜਾਂ, “ਇਕ ਯਾਦਗਾਰ ਵਜੋਂ।”
^ ਮਤਲਬ “ਯਹੋਵਾਹ ਮੇਰਾ ਝੰਡਾ ਹੈ।”