ਕੂਚ 34:1-35
34 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਆਪਣੇ ਲਈ ਪਹਿਲਾਂ ਵਰਗੀਆਂ ਪੱਥਰ ਦੀਆਂ ਦੋ ਫੱਟੀਆਂ ਘੜ।+ ਮੈਂ ਉਨ੍ਹਾਂ ਫੱਟੀਆਂ ਉੱਤੇ ਉਹੀ ਗੱਲਾਂ ਲਿਖਾਂਗਾ ਜਿਹੜੀਆਂ ਮੈਂ ਪਹਿਲੀਆਂ ਫੱਟੀਆਂ ’ਤੇ ਲਿਖੀਆਂ ਸਨ+ ਜਿਨ੍ਹਾਂ ਨੂੰ ਤੂੰ ਚਕਨਾਚੂਰ ਕਰ ਦਿੱਤਾ ਸੀ।+
2 ਸਵੇਰ ਲਈ ਤਿਆਰੀ ਕਰ ਕਿਉਂਕਿ ਸਵੇਰੇ ਤੂੰ ਸੀਨਈ ਪਹਾੜ ਦੀ ਚੋਟੀ ’ਤੇ ਮੇਰੇ ਸਾਮ੍ਹਣੇ ਹਾਜ਼ਰ ਹੋਵੇਂਗਾ।+
3 ਹੋਰ ਕੋਈ ਵੀ ਤੇਰੇ ਨਾਲ ਪਹਾੜ ਉੱਤੇ ਨਾ ਜਾਵੇ ਅਤੇ ਨਾ ਹੀ ਪਹਾੜ ਉੱਤੇ ਨਜ਼ਰ ਆਵੇ, ਇੱਥੋਂ ਤਕ ਕਿ ਭੇਡਾਂ-ਬੱਕਰੀਆਂ ਜਾਂ ਗਾਂਵਾਂ-ਬਲਦ ਵੀ ਪਹਾੜ ਦੇ ਸਾਮ੍ਹਣੇ ਨਾ ਚਰਨ।”+
4 ਇਸ ਲਈ ਮੂਸਾ ਨੇ ਪਹਿਲਾਂ ਵਰਗੀਆਂ ਪੱਥਰ ਦੀਆਂ ਦੋ ਫੱਟੀਆਂ ਘੜੀਆਂ ਅਤੇ ਸਵੇਰੇ ਜਲਦੀ ਉੱਠ ਕੇ ਸੀਨਈ ਪਹਾੜ ’ਤੇ ਗਿਆ, ਠੀਕ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। ਉਹ ਆਪਣੇ ਨਾਲ ਪੱਥਰ ਦੀਆਂ ਦੋ ਫੱਟੀਆਂ ਲੈ ਗਿਆ।
5 ਫਿਰ ਯਹੋਵਾਹ ਬੱਦਲ ਵਿਚ ਥੱਲੇ ਆਇਆ+ ਅਤੇ ਉੱਥੇ ਉਸ ਦੇ ਨਾਲ ਖੜ੍ਹਾ ਹੋ ਗਿਆ ਅਤੇ ਯਹੋਵਾਹ ਦੇ ਨਾਂ ਦਾ ਐਲਾਨ ਕੀਤਾ।+
6 ਯਹੋਵਾਹ ਨੇ ਉਸ ਦੇ ਅੱਗਿਓਂ ਦੀ ਲੰਘਦੇ ਹੋਏ ਐਲਾਨ ਕੀਤਾ: “ਯਹੋਵਾਹ, ਯਹੋਵਾਹ, ਦਇਆਵਾਨ+ ਅਤੇ ਰਹਿਮਦਿਲ*+ ਪਰਮੇਸ਼ੁਰ ਜੋ ਛੇਤੀ ਗੁੱਸਾ ਨਹੀਂ ਕਰਦਾ+ ਅਤੇ ਉਹ ਅਟੱਲ ਪਿਆਰ+ ਅਤੇ ਸੱਚਾਈ*+ ਨਾਲ ਭਰਪੂਰ ਹੈ,
7 ਉਹ ਹਜ਼ਾਰਾਂ ਨਾਲ ਅਟੱਲ ਪਿਆਰ ਕਰਦਾ ਹੈ+ ਅਤੇ ਗ਼ਲਤੀਆਂ, ਅਪਰਾਧ ਤੇ ਪਾਪ ਮਾਫ਼ ਕਰਦਾ ਹੈ,+ ਪਰ ਉਹ ਦੋਸ਼ੀ ਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡੇਗਾ+ ਅਤੇ ਪਿਤਾ ਦੀਆਂ ਗ਼ਲਤੀਆਂ ਦੀ ਸਜ਼ਾ ਉਸ ਦੇ ਪੁੱਤਰਾਂ ਨੂੰ ਅਤੇ ਤੀਜੀ ਅਤੇ ਚੌਥੀ ਪੀੜ੍ਹੀ ਨੂੰ ਦੇਵੇਗਾ।”+
8 ਮੂਸਾ ਨੇ ਝੱਟ ਜ਼ਮੀਨ ਉੱਤੇ ਗੋਡਿਆਂ ਭਾਰ ਬੈਠ ਕੇ ਆਪਣਾ ਸਿਰ ਨਿਵਾਇਆ।
9 ਫਿਰ ਉਸ ਨੇ ਕਿਹਾ: “ਹੇ ਯਹੋਵਾਹ, ਜੇ ਮੇਰੇ ਉੱਤੇ ਤੇਰੀ ਮਿਹਰ ਹੋਈ ਹੈ, ਤਾਂ ਹੇ ਯਹੋਵਾਹ, ਕਿਰਪਾ ਕਰ ਕੇ ਸਾਡੇ ਨਾਲ ਚੱਲ ਅਤੇ ਸਾਡੇ ਵਿਚ ਰਹਿ,+ ਭਾਵੇਂ ਅਸੀਂ ਢੀਠ ਲੋਕ ਹਾਂ।+ ਸਾਡੀਆਂ ਗ਼ਲਤੀਆਂ ਅਤੇ ਪਾਪ ਮਾਫ਼ ਕਰ+ ਅਤੇ ਸਾਨੂੰ ਆਪਣੇ ਲੋਕਾਂ ਵਜੋਂ ਕਬੂਲ ਕਰ।”
10 ਇਹ ਸੁਣ ਕੇ ਪਰਮੇਸ਼ੁਰ ਨੇ ਕਿਹਾ: “ਮੈਂ ਹੁਣ ਇਕ ਇਕਰਾਰ ਕਰਦਾ ਹਾਂ: ਮੈਂ ਤੇਰੇ ਸਾਰੇ ਲੋਕਾਂ ਸਾਮ੍ਹਣੇ ਅਜਿਹੇ ਹੈਰਾਨੀਜਨਕ ਕੰਮ ਕਰਾਂਗਾ ਜੋ ਸਾਰੀ ਧਰਤੀ ਉੱਤੇ ਅਤੇ ਕਿਸੇ ਵੀ ਕੌਮ ਵਿਚ ਕਦੇ ਨਹੀਂ ਕੀਤੇ ਗਏ+ ਅਤੇ ਜਿਨ੍ਹਾਂ ਲੋਕਾਂ ਵਿਚ ਤੂੰ ਵੱਸਦਾ ਹੈਂ, ਉਹ ਸਾਰੇ ਯਹੋਵਾਹ ਦੇ ਕੰਮ ਦੇਖਣਗੇ ਕਿਉਂਕਿ ਮੈਂ ਤੇਰੇ ਲਈ ਅਨੋਖੇ ਕੰਮ ਕਰਾਂਗਾ।+
11 “ਮੈਂ ਤੈਨੂੰ ਅੱਜ ਜੋ ਹੁਕਮ ਦੇ ਰਿਹਾ ਹਾਂ, ਉਸ ਵੱਲ ਧਿਆਨ ਦੇ।+ ਮੈਂ ਤੇਰੇ ਅੱਗਿਓਂ ਅਮੋਰੀਆਂ, ਕਨਾਨੀਆਂ, ਹਿੱਤੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਕੱਢ ਦਿਆਂਗਾ।+
12 ਖ਼ਬਰਦਾਰ ਰਹੀਂ ਕਿ ਤੂੰ ਜਿਸ ਦੇਸ਼ ਵਿਚ ਜਾ ਰਿਹਾ ਹੈਂ, ਉੱਥੇ ਦੇ ਵਾਸੀਆਂ ਨਾਲ ਕੋਈ ਇਕਰਾਰ ਨਾ ਕਰੀਂ,+ ਨਹੀਂ ਤਾਂ ਇਹ ਤੇਰੇ ਲਈ ਫੰਦਾ ਸਾਬਤ ਹੋਵੇਗਾ।+
13 ਪਰ ਤੂੰ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਈਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਈਂ ਅਤੇ ਪੂਜਾ-ਖੰਭੇ* ਵੱਢ ਦੇਈਂ।+
14 ਤੂੰ ਕਿਸੇ ਹੋਰ ਦੇਵਤੇ ਅੱਗੇ ਮੱਥਾ ਨਾ ਟੇਕੀਂ+ ਕਿਉਂਕਿ ਯਹੋਵਾਹ* ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ।* ਹਾਂ, ਉਹ ਅਜਿਹਾ ਪਰਮੇਸ਼ੁਰ ਹੈ ਜੋ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ।+
15 ਤੁਸੀਂ ਖ਼ਬਰਦਾਰ ਰਹਿਓ ਕਿ ਉਸ ਦੇਸ਼ ਦੇ ਵਾਸੀਆਂ ਨਾਲ ਕੋਈ ਇਕਰਾਰ ਨਾ ਕਰਿਓ ਕਿਉਂਕਿ ਜਦੋਂ ਉਹ ਆਪਣੇ ਦੇਵੀ-ਦੇਵਤਿਆਂ ਨਾਲ ਹਰਾਮਕਾਰੀ* ਕਰਨਗੇ ਅਤੇ ਉਨ੍ਹਾਂ ਅੱਗੇ ਬਲ਼ੀਆਂ ਚੜ੍ਹਾਉਣਗੇ,+ ਤਾਂ ਕੋਈ-ਨਾ-ਕੋਈ ਤੁਹਾਨੂੰ ਸੱਦਾ ਦੇਵੇਗਾ ਅਤੇ ਤੁਸੀਂ ਉਸ ਦੁਆਰਾ ਚੜ੍ਹਾਈਆਂ ਬਲ਼ੀਆਂ ਖਾਓਗੇ।+
16 ਫਿਰ ਤੁਸੀਂ ਜ਼ਰੂਰ ਆਪਣੇ ਪੁੱਤਰਾਂ ਦੇ ਵਿਆਹ ਉਨ੍ਹਾਂ ਦੀਆਂ ਧੀਆਂ ਨਾਲ ਕਰ ਦਿਓਗੇ+ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਦੇਵਤਿਆਂ ਨਾਲ ਹਰਾਮਕਾਰੀ ਕਰਨਗੀਆਂ ਅਤੇ ਤੁਹਾਡੇ ਪੁੱਤਰਾਂ ਤੋਂ ਵੀ ਆਪਣੇ ਦੇਵਤਿਆਂ ਨਾਲ ਹਰਾਮਕਾਰੀ ਕਰਾਉਣਗੀਆਂ।+
17 “ਤੂੰ ਕਿਸੇ ਵੀ ਦੇਵੀ-ਦੇਵਤੇ ਦੀ ਧਾਤ ਦੀ ਮੂਰਤ ਨਾ ਬਣਾਈਂ।+
18 “ਤੂੰ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਈਂ।+ ਤੂੰ ਬੇਖਮੀਰੀ ਰੋਟੀ ਖਾਈਂ, ਠੀਕ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਸੀ; ਤੂੰ ਅਬੀਬ*+ ਮਹੀਨੇ ਦੌਰਾਨ ਮਿਥੇ ਹੋਏ ਸਮੇਂ ’ਤੇ ਸੱਤ ਦਿਨ ਇਸ ਤਰ੍ਹਾਂ ਕਰੀਂ ਕਿਉਂਕਿ ਤੂੰ ਅਬੀਬ ਮਹੀਨੇ ਮਿਸਰ ਵਿੱਚੋਂ ਨਿਕਲਿਆ ਸੀ।
19 “ਇਨਸਾਨ ਦਾ ਹਰ ਜੇਠਾ* ਮੇਰਾ ਹੈ+ ਅਤੇ ਪਾਲਤੂ ਪਸ਼ੂਆਂ ਦਾ ਵੀ, ਚਾਹੇ ਉਹ ਬਲਦ ਦਾ ਹੋਵੇ ਜਾਂ ਭੇਡ ਦਾ।+
20 ਤੂੰ ਗਧੇ ਦੇ ਪਹਿਲੇ ਵਛੇਰੇ ਨੂੰ ਭੇਡ ਦੀ ਕੁਰਬਾਨੀ ਦੇ ਕੇ ਛੁਡਾਈਂ। ਪਰ ਜੇ ਤੂੰ ਵਛੇਰਾ ਨਹੀਂ ਛੁਡਾਉਂਦਾ, ਤਾਂ ਉਸ ਦੀ ਧੌਣ ਤੋੜ ਦੇਈਂ। ਅਤੇ ਤੂੰ ਆਪਣੇ ਸਾਰੇ ਜੇਠੇ ਮੁੰਡਿਆਂ ਨੂੰ ਛੁਡਾਈਂ।+ ਕੋਈ ਵੀ ਮੇਰੇ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ।
21 “ਤੂੰ ਛੇ ਦਿਨ ਕੰਮ ਕਰੀਂ, ਪਰ ਸੱਤਵੇਂ ਦਿਨ ਆਰਾਮ ਕਰੀਂ।*+ ਇੱਥੋਂ ਤਕ ਕਿ ਜਦੋਂ ਵਾਹੀ ਕਰਨ ਜਾਂ ਵਾਢੀ ਦਾ ਸਮਾਂ ਹੋਵੇ, ਉਦੋਂ ਵੀ ਤੂੰ ਆਰਾਮ ਕਰੀਂ।
22 “ਤੂੰ ਕਣਕ ਦੀ ਵਾਢੀ ਕਰ ਕੇ ਇਸ ਦੇ ਪਹਿਲੇ ਫਲ ਨਾਲ ਹਫ਼ਤਿਆਂ ਦਾ ਤਿਉਹਾਰ ਮਨਾਈਂ ਅਤੇ ਸਾਲ ਦੇ ਅਖ਼ੀਰ ਵਿਚ ਫ਼ਸਲ ਇਕੱਠੀ ਕਰਨ ਦਾ ਤਿਉਹਾਰ।*+
23 “ਸਾਲ ਵਿਚ ਤਿੰਨ ਵਾਰ ਤੁਹਾਡੇ ਸਾਰੇ ਆਦਮੀ ਸੱਚੇ ਪ੍ਰਭੂ ਯਹੋਵਾਹ, ਇਜ਼ਰਾਈਲ ਦੇ ਪਰਮੇਸ਼ੁਰ ਸਾਮ੍ਹਣੇ ਹਾਜ਼ਰ ਹੋਣ।+
24 ਕਿਉਂਕਿ ਮੈਂ ਤੇਰੇ ਅੱਗਿਓਂ ਕੌਮਾਂ ਨੂੰ ਕੱਢ ਦਿਆਂਗਾ+ ਅਤੇ ਮੈਂ ਤੁਹਾਡਾ ਇਲਾਕਾ ਵਧਾਵਾਂਗਾ ਅਤੇ ਜਦੋਂ ਤੁਸੀਂ ਸਾਲ ਵਿਚ ਤਿੰਨ ਵਾਰ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਹਾਜ਼ਰ ਹੋਵੋਗੇ, ਤਾਂ ਕੋਈ ਵੀ ਤੁਹਾਡੇ ਦੇਸ਼ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ।
25 “ਤੂੰ ਮੇਰੀ ਬਲ਼ੀ ਦੇ ਲਹੂ ਨਾਲ ਕੋਈ ਵੀ ਖਮੀਰੀ ਚੀਜ਼ ਨਾ ਚੜ੍ਹਾਈਂ।+ ਪਸਾਹ ਦੇ ਤਿਉਹਾਰ ’ਤੇ ਚੜ੍ਹਾਈ ਬਲ਼ੀ ਦਾ ਮਾਸ ਸਵੇਰ ਤਕ ਨਾ ਰੱਖਿਆ ਜਾਵੇ।+
26 “ਤੂੰ ਆਪਣੀ ਜ਼ਮੀਨ ਦੀ ਪਹਿਲੀ ਪੈਦਾਵਾਰ ਦਾ ਸਭ ਤੋਂ ਉੱਤਮ ਫਲ ਆਪਣੇ ਪਰਮੇਸ਼ੁਰ ਯਹੋਵਾਹ ਦੇ ਘਰ ਲਿਆਈਂ।+
“ਤੂੰ ਮੇਮਣੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਨਾ ਉਬਾਲੀਂ।”+
27 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: “ਤੂੰ ਇਹ ਸਾਰੀਆਂ ਗੱਲਾਂ ਲਿਖੀਂ+ ਕਿਉਂਕਿ ਮੈਂ ਇਨ੍ਹਾਂ ਗੱਲਾਂ ਮੁਤਾਬਕ ਤੇਰੇ ਅਤੇ ਇਜ਼ਰਾਈਲ ਨਾਲ ਇਕਰਾਰ ਕੀਤਾ ਹੈ।”+
28 ਅਤੇ ਉਹ ਯਹੋਵਾਹ ਨਾਲ 40 ਦਿਨ ਅਤੇ 40 ਰਾਤਾਂ ਰਿਹਾ ਅਤੇ ਇਸ ਦੌਰਾਨ ਉਸ ਨੇ ਨਾ ਰੋਟੀ ਖਾਧੀ ਤੇ ਨਾ ਪਾਣੀ ਪੀਤਾ।+ ਅਤੇ ਉਸ* ਨੇ ਇਕਰਾਰ ਦੀਆਂ ਸਾਰੀਆਂ ਗੱਲਾਂ ਯਾਨੀ ਦਸ ਹੁਕਮ* ਪੱਥਰ ਦੀਆਂ ਫੱਟੀਆਂ ਉੱਤੇ ਲਿਖੇ।+
29 ਫਿਰ ਮੂਸਾ ਸੀਨਈ ਪਹਾੜ ਤੋਂ ਥੱਲੇ ਆ ਗਿਆ ਅਤੇ ਉਸ ਦੇ ਹੱਥਾਂ ਵਿਚ ਗਵਾਹੀ ਦੀਆਂ ਦੋ ਫੱਟੀਆਂ ਸਨ।+ ਜਦੋਂ ਉਹ ਪਹਾੜੋਂ ਥੱਲੇ ਆਇਆ, ਤਾਂ ਮੂਸਾ ਨੂੰ ਪਤਾ ਨਹੀਂ ਸੀ ਕਿ ਉਸ ਦੇ ਚਿਹਰੇ ਤੋਂ ਕਿਰਨਾਂ ਨਿਕਲ ਰਹੀਆਂ ਸਨ ਕਿਉਂਕਿ ਉਸ ਨੇ ਪਰਮੇਸ਼ੁਰ ਨਾਲ ਗੱਲ ਕੀਤੀ ਸੀ।
30 ਜਦੋਂ ਹਾਰੂਨ ਅਤੇ ਸਾਰੇ ਇਜ਼ਰਾਈਲੀਆਂ ਨੇ ਦੇਖਿਆ ਕਿ ਉਸ ਦੇ ਚਿਹਰੇ ਤੋਂ ਕਿਰਨਾਂ ਨਿਕਲ ਰਹੀਆਂ ਸਨ, ਤਾਂ ਉਹ ਉਸ ਦੇ ਨੇੜੇ ਜਾਣ ਤੋਂ ਡਰੇ।+
31 ਪਰ ਮੂਸਾ ਨੇ ਉਨ੍ਹਾਂ ਨੂੰ ਬੁਲਾਇਆ, ਇਸ ਲਈ ਹਾਰੂਨ ਅਤੇ ਮੰਡਲੀ ਦੇ ਸਾਰੇ ਆਗੂ ਉਸ ਕੋਲ ਆਏ ਅਤੇ ਉਸ ਨੇ ਉਨ੍ਹਾਂ ਨਾਲ ਗੱਲ ਕੀਤੀ।
32 ਇਸ ਤੋਂ ਬਾਅਦ ਸਾਰੇ ਇਜ਼ਰਾਈਲੀ ਉਸ ਕੋਲ ਗਏ ਅਤੇ ਉਸ ਨੇ ਉਹ ਸਾਰੇ ਹੁਕਮ ਉਨ੍ਹਾਂ ਨੂੰ ਦੱਸੇ ਜੋ ਯਹੋਵਾਹ ਨੇ ਸੀਨਈ ਪਹਾੜ ਉੱਤੇ ਉਸ ਨੂੰ ਦਿੱਤੇ ਸਨ।+
33 ਜਦੋਂ ਮੂਸਾ ਉਨ੍ਹਾਂ ਨਾਲ ਗੱਲ ਕਰ ਹਟਦਾ ਸੀ, ਤਾਂ ਕੱਪੜੇ ਨਾਲ ਆਪਣਾ ਚਿਹਰਾ ਢਕ ਲੈਂਦਾ ਸੀ।+
34 ਪਰ ਜਦੋਂ ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਉਸ ਦੇ ਸਾਮ੍ਹਣੇ ਹਾਜ਼ਰ ਹੁੰਦਾ ਸੀ, ਤਾਂ ਉਹ ਆਪਣੇ ਚਿਹਰੇ ਤੋਂ ਕੱਪੜਾ ਹਟਾ ਲੈਂਦਾ ਸੀ।+ ਫਿਰ ਜਦੋਂ ਉਹ ਬਾਹਰ ਜਾਂਦਾ ਸੀ, ਤਾਂ ਇਜ਼ਰਾਈਲੀਆਂ ਨੂੰ ਉਹ ਸਾਰੇ ਹੁਕਮ ਦੱਸਦਾ ਸੀ ਜੋ ਉਸ ਨੂੰ ਪਰਮੇਸ਼ੁਰ ਦਿੰਦਾ ਸੀ।+
35 ਅਤੇ ਇਜ਼ਰਾਈਲੀਆਂ ਨੇ ਦੇਖਿਆ ਕਿ ਉਸ ਦੇ ਚਿਹਰੇ ਤੋਂ ਕਿਰਨਾਂ ਨਿਕਲ ਰਹੀਆਂ ਸਨ; ਫਿਰ ਮੂਸਾ ਦੁਬਾਰਾ ਕੱਪੜੇ ਨਾਲ ਆਪਣਾ ਚਿਹਰਾ ਢਕ ਲੈਂਦਾ ਸੀ ਜਦ ਤਕ ਉਹ ਪਰਮੇਸ਼ੁਰ* ਨਾਲ ਗੱਲ ਕਰਨ ਨਹੀਂ ਜਾਂਦਾ ਸੀ।+
ਫੁਟਨੋਟ
^ ਜਾਂ, “ਵਫ਼ਾਦਾਰੀ।”
^ ਜਾਂ, “ਹਮਦਰਦ।”
^ ਇਬ, “ਯਹੋਵਾਹ, ਉਸ ਦਾ ਨਾਂ।”
^ ਇਬ, “ਜੋ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰਦਾ ਜੋ ਉਸ ਦਾ ਮੁਕਾਬਲਾ ਕਰਦੇ ਹਨ।”
^ ਯਾਨੀ, ਉਨ੍ਹਾਂ ਦੀ ਭਗਤੀ ਕਰਨਗੇ।
^ ਵਧੇਰੇ ਜਾਣਕਾਰੀ 2.15 ਦੇਖੋ।
^ ਇਬ, “ਕੁੱਖ ਦਾ ਖੋਲ੍ਹਣ ਵਾਲਾ।”
^ ਜਾਂ, “ਸਬਤ ਮਨਾਈਂ।”
^ ਇਸ ਨੂੰ ਛੱਪਰਾਂ (ਡੇਰਿਆਂ) ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।
^ ਇਬ, “ਦਸ ਸ਼ਬਦ।”
^ ਯਾਨੀ, ਯਹੋਵਾਹ। ਆਇਤ 1 ਦੇਖੋ।
^ ਇਬ, “ਉਸ।”