ਜ਼ਬੂਰ 21:1-13
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
21 ਹੇ ਯਹੋਵਾਹ, ਤੇਰੀ ਤਾਕਤ ਕਰਕੇ ਰਾਜਾ ਖ਼ੁਸ਼ ਹੁੰਦਾ ਹੈ;+ਉਹ ਤੇਰੇ ਮੁਕਤੀ ਦੇ ਕੰਮਾਂ ਕਰਕੇ ਕਿੰਨਾ ਖ਼ੁਸ਼ ਹੁੰਦਾ ਹੈ!+
2 ਤੂੰ ਉਸ ਦੇ ਮਨ ਦੀ ਮੁਰਾਦ ਪੂਰੀ ਕੀਤੀ ਹੈ+ਅਤੇ ਤੂੰ ਉਸ ਦੀ ਬੇਨਤੀ ਅਣਸੁਣੀ ਨਹੀਂ ਕੀਤੀ। (ਸਲਹ)
3 ਤੂੰ ਬੇਸ਼ੁਮਾਰ ਬਰਕਤਾਂ ਲੈ ਕੇ ਉਸ ਨੂੰ ਮਿਲਦਾ ਹੈਂ;ਤੂੰ ਉਸ ਦੇ ਸਿਰ ’ਤੇ ਕੁੰਦਨ ਸੋਨੇ ਦਾ ਮੁਕਟ ਰੱਖਦਾ ਹੈਂ।+
4 ਉਸ ਨੇ ਤੇਰੇ ਕੋਲੋਂ ਜ਼ਿੰਦਗੀ ਮੰਗੀ ਅਤੇ ਤੂੰ ਉਸ ਨੂੰ ਦੇ ਦਿੱਤੀ,+ਹਾਂ, ਹਮੇਸ਼ਾ-ਹਮੇਸ਼ਾ ਲਈ ਲੰਬੀ ਉਮਰ।*
5 ਤੇਰੇ ਮੁਕਤੀ ਦੇ ਕੰਮਾਂ ਕਰਕੇ ਉਸ ਦੀ ਬਹੁਤ ਸ਼ੋਭਾ ਹੁੰਦੀ ਹੈ।+
ਤੂੰ ਉਸ ਨੂੰ ਮਹਿਮਾ ਅਤੇ ਸ਼ਾਨੋ-ਸ਼ੌਕਤ ਬਖ਼ਸ਼ਦਾ ਹੈਂ।
6 ਉਸ ਉੱਤੇ ਤੇਰੀ ਬਰਕਤ ਹਮੇਸ਼ਾ ਰਹੇਗੀ;+ਤੂੰ ਆਪਣੀ ਹਜ਼ੂਰੀ ਵਿਚ ਉਸ ਨੂੰ ਖ਼ੁਸ਼ੀ ਦਿੰਦਾ ਹੈਂ।+
7 ਰਾਜੇ ਨੂੰ ਯਹੋਵਾਹ ’ਤੇ ਭਰੋਸਾ ਹੈ;+ਅੱਤ ਮਹਾਨ ਉਸ ਨੂੰ ਅਟੱਲ ਪਿਆਰ ਕਰਦਾ ਹੈ, ਇਸ ਲਈ ਉਸ ਨੂੰ ਕਦੇ ਹਿਲਾਇਆ ਨਹੀਂ ਜਾ ਸਕਦਾ।*+
8 ਤੇਰਾ ਹੱਥ ਤੇਰੇ ਸਾਰੇ ਦੁਸ਼ਮਣਾਂ ਨੂੰ ਫੜ ਲਵੇਗਾ;ਤੇਰਾ ਸੱਜਾ ਹੱਥ ਉਨ੍ਹਾਂ ਨੂੰ ਫੜ ਲਵੇਗਾ ਜੋ ਤੈਨੂੰ ਨਫ਼ਰਤ ਕਰਦੇ ਹਨ।
9 ਤੂੰ ਉਨ੍ਹਾਂ ਨੂੰ ਬਲ਼ਦੀ ਭੱਠੀ ਵਰਗਾ ਬਣਾ ਦੇਵੇਂਗਾ ਜਦੋਂ ਤੂੰ ਮਿਥੇ ਹੋਏ ਸਮੇਂ ਤੇ ਉਨ੍ਹਾਂ ਦੀ ਜਾਂਚ ਕਰੇਂਗਾ।
ਯਹੋਵਾਹ ਕ੍ਰੋਧ ਵਿਚ ਆ ਕੇ ਉਨ੍ਹਾਂ ਨੂੰ ਨਿਗਲ਼ ਜਾਵੇਗਾ ਅਤੇ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇਗੀ।+
10 ਤੂੰ ਉਨ੍ਹਾਂ ਦੀ ਔਲਾਦ ਨੂੰ ਧਰਤੀ ਤੋਂਅਤੇ ਉਨ੍ਹਾਂ ਦੀ ਸੰਤਾਨ ਨੂੰ ਮਨੁੱਖ ਦੇ ਪੁੱਤਰਾਂ ਵਿੱਚੋਂ ਨਾਸ਼ ਕਰ ਦੇਵੇਂਗਾ।
11 ਕਿਉਂਕਿ ਉਨ੍ਹਾਂ ਨੇ ਤੇਰੇ ਨਾਲ ਬੁਰਾ ਕਰਨ ਦਾ ਇਰਾਦਾ ਕੀਤਾ ਸੀ;+ਉਨ੍ਹਾਂ ਦੀਆਂ ਸਾਜ਼ਸ਼ਾਂ ਕਾਮਯਾਬ ਨਹੀਂ ਹੋਣਗੀਆਂ।+
12 ਤੂੰ ਆਪਣੀ ਕਮਾਨ ਨਾਲ ਉਨ੍ਹਾਂ ’ਤੇ* ਨਿਸ਼ਾਨਾ ਸਾਧ ਕੇਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦੇਵੇਂਗਾ।+
13 ਹੇ ਯਹੋਵਾਹ, ਉੱਠ ਅਤੇ ਆਪਣੀ ਤਾਕਤ ਦਿਖਾ।
ਅਸੀਂ ਤੇਰੇ ਬਲ ਦਾ ਗੁਣਗਾਨ ਕਰਾਂਗੇ।*
ਫੁਟਨੋਟ
^ ਇਬ, “ਦਿਨਾਂ ਦੀ ਲੰਬਾਈ।”
^ ਜਾਂ, “ਉਹ ਨਹੀਂ ਡੋਲੇਗਾ।”
^ ਇਬ, “ਉਨ੍ਹਾਂ ਦੇ ਮੂੰਹਾਂ ’ਤੇ।”
^ ਇਬ, “ਗੀਤ ਗਾ ਕੇ ਅਤੇ ਸੰਗੀਤ ਵਜਾ ਕੇ ਗੁਣਗਾਨ ਕਰਾਂਗੇ।”