ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼ 13:1-18
13 ਅਜਗਰ ਸਮੁੰਦਰ ਦੇ ਰੇਤਲੇ ਕੰਢੇ ਉੱਤੇ ਜਾ ਖੜ੍ਹਾ ਹੋਇਆ।
ਮੈਂ ਸਮੁੰਦਰ ਵਿੱਚੋਂ+ ਇਕ ਵਹਿਸ਼ੀ ਦਰਿੰਦਾ ਨਿਕਲਦਾ ਦੇਖਿਆ।+ ਉਸ ਦੇ ਦਸ ਸਿੰਗ ਅਤੇ ਸੱਤ ਸਿਰ ਸਨ ਅਤੇ ਉਸ ਦੇ ਸਿੰਗਾਂ ਉੱਤੇ ਦਸ ਮੁਕਟ ਸਨ, ਪਰ ਉਸ ਦੇ ਸਿਰਾਂ ਉੱਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੇ ਨਾਂ ਲਿਖੇ ਹੋਏ ਸਨ।
2 ਮੈਂ ਜਿਹੜਾ ਵਹਿਸ਼ੀ ਦਰਿੰਦਾ ਦੇਖਿਆ ਸੀ, ਉਹ ਚੀਤੇ ਵਰਗਾ ਸੀ ਅਤੇ ਉਸ ਦੇ ਪੈਰ ਰਿੱਛ ਦੇ ਪੈਰਾਂ ਵਰਗੇ ਸਨ ਅਤੇ ਉਸ ਦਾ ਮੂੰਹ ਸ਼ੇਰ ਦੇ ਮੂੰਹ ਵਰਗਾ ਸੀ। ਅਜਗਰ+ ਨੇ ਉਸ ਦਰਿੰਦੇ ਨੂੰ ਤਾਕਤ ਅਤੇ ਸਿੰਘਾਸਣ ਅਤੇ ਬਹੁਤ ਸਾਰਾ ਅਧਿਕਾਰ ਦਿੱਤਾ।+
3 ਮੈਂ ਦੇਖਿਆ ਕਿ ਦਰਿੰਦੇ ਦੇ ਇਕ ਸਿਰ ਉੱਤੇ ਬਹੁਤ ਹੀ ਡੂੰਘਾ ਜ਼ਖ਼ਮ ਕੀਤਾ ਹੋਇਆ ਸੀ ਅਤੇ ਲੱਗਦਾ ਸੀ ਕਿ ਉਹ ਮਰ ਗਿਆ ਹੈ। ਪਰ ਉਸ ਦਾ ਇਹ ਜਾਨਲੇਵਾ ਜ਼ਖ਼ਮ ਠੀਕ ਹੋ ਗਿਆ+ ਅਤੇ ਸਾਰੀ ਦੁਨੀਆਂ ਦੇ ਲੋਕ ਵਹਿਸ਼ੀ ਦਰਿੰਦੇ ਦੀ ਵਾਹ-ਵਾਹ ਕਰਦੇ ਹੋਏ ਉਸ ਦੇ ਪਿੱਛੇ-ਪਿੱਛੇ ਤੁਰ ਪਏ।
4 ਉਨ੍ਹਾਂ ਨੇ ਅਜਗਰ ਦੀ ਭਗਤੀ ਕੀਤੀ ਕਿਉਂਕਿ ਉਸ ਨੇ ਵਹਿਸ਼ੀ ਦਰਿੰਦੇ ਨੂੰ ਅਧਿਕਾਰ ਦਿੱਤਾ ਸੀ ਅਤੇ ਉਨ੍ਹਾਂ ਨੇ ਵਹਿਸ਼ੀ ਦਰਿੰਦੇ ਦੀ ਵੀ ਭਗਤੀ ਕਰਦੇ ਹੋਏ ਕਿਹਾ: “ਇਸ ਵਹਿਸ਼ੀ ਦਰਿੰਦੇ ਵਰਗਾ ਕੌਣ ਹੈ ਅਤੇ ਕੌਣ ਇਸ ਨਾਲ ਲੜ ਸਕਦਾ ਹੈ?”
5 ਅਜਗਰ ਨੇ ਉਸ ਨੂੰ ਹੰਕਾਰ ਭਰੀਆਂ ਗੱਲਾਂ ਕਰਨ ਅਤੇ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲੀ ਜ਼ਬਾਨ ਦਿੱਤੀ ਅਤੇ ਉਸ ਨੂੰ 42 ਮਹੀਨਿਆਂ ਤਕ ਆਪਣਾ ਕੰਮ ਕਰਨ ਦਾ ਅਧਿਕਾਰ ਦਿੱਤਾ।+
6 ਉਸ ਨੇ ਆਪਣੀ ਜ਼ਬਾਨ ਨਾਲ ਪਰਮੇਸ਼ੁਰ ਦੀ ਯਾਨੀ ਉਸ ਦੇ ਨਾਂ ਦੀ, ਉਸ ਦੇ ਨਿਵਾਸ-ਸਥਾਨ ਦੀ ਅਤੇ ਸਵਰਗ ਵਿਚ ਰਹਿਣ ਵਾਲਿਆਂ ਦੀ ਨਿੰਦਿਆ ਕੀਤੀ।+
7 ਉਸ ਨੂੰ ਪਵਿੱਤਰ ਸੇਵਕਾਂ ਨਾਲ ਲੜਾਈ ਕਰਨ ਅਤੇ ਉਨ੍ਹਾਂ ਨੂੰ ਜਿੱਤਣ ਦੀ ਇਜਾਜ਼ਤ ਦਿੱਤੀ ਗਈ+ ਅਤੇ ਉਸ ਨੂੰ ਹਰ ਕਬੀਲੇ, ਹਰ ਨਸਲ, ਹਰ ਭਾਸ਼ਾ* ਬੋਲਣ ਵਾਲੇ ਲੋਕਾਂ ਅਤੇ ਹਰ ਕੌਮ ਉੱਤੇ ਅਧਿਕਾਰ ਦਿੱਤਾ ਗਿਆ।
8 ਧਰਤੀ ਦੇ ਸਾਰੇ ਵਾਸੀ ਉਸ ਦੀ ਭਗਤੀ ਕਰਨਗੇ। ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਇਨ੍ਹਾਂ ਲੋਕਾਂ ਵਿੱਚੋਂ ਕਿਸੇ ਦਾ ਵੀ ਨਾਂ ਜੀਵਨ ਦੀ ਕਿਤਾਬ ਵਿਚ ਲਿਖਿਆ ਹੋਇਆ ਨਹੀਂ ਹੈ।+ ਇਹ ਕਿਤਾਬ ਉਸ ਲੇਲੇ ਦੀ ਹੈ ਜਿਸ ਨੂੰ ਕੁਰਬਾਨ ਕੀਤਾ ਗਿਆ ਸੀ।+
9 ਤੁਹਾਡੇ ਵਿੱਚੋਂ ਜਿਸ ਦੇ ਕੰਨ ਹਨ, ਉਹ ਧਿਆਨ ਨਾਲ ਸੁਣੇ।+
10 ਜੇ ਕਿਸੇ ਨੂੰ ਗ਼ੁਲਾਮ ਬਣਾਇਆ ਜਾਣਾ ਹੈ, ਤਾਂ ਉਸ ਨੂੰ ਗ਼ੁਲਾਮ ਬਣਾਇਆ ਜਾਵੇਗਾ। ਜਿਹੜਾ ਕਿਸੇ ਨੂੰ ਤਲਵਾਰ ਨਾਲ ਜਾਨੋਂ ਮਾਰਦਾ ਹੈ,* ਤਾਂ ਉਸ ਨੂੰ ਤਲਵਾਰ ਨਾਲ ਜਾਨੋਂ ਮਾਰਿਆ ਜਾਵੇਗਾ।+ ਇਸ ਕਰਕੇ ਪਵਿੱਤਰ ਸੇਵਕਾਂ ਵਾਸਤੇ+ ਧੀਰਜ+ ਅਤੇ ਨਿਹਚਾ+ ਰੱਖਣੀ ਜ਼ਰੂਰੀ ਹੈ।
11 ਮੈਂ ਇਕ ਹੋਰ ਵਹਿਸ਼ੀ ਦਰਿੰਦੇ ਨੂੰ ਧਰਤੀ ਵਿੱਚੋਂ ਨਿਕਲਦਾ ਦੇਖਿਆ। ਲੇਲੇ ਦੇ ਸਿੰਗਾਂ ਵਰਗੇ ਇਸ ਦੇ ਦੋ ਸਿੰਗ ਸਨ, ਪਰ ਇਹ ਇਕ ਅਜਗਰ ਵਾਂਗ ਬੋਲਣ ਲੱਗ ਪਿਆ।+
12 ਇਹ ਦਰਿੰਦਾ ਪਹਿਲੇ ਦਰਿੰਦੇ+ ਸਾਮ੍ਹਣੇ ਉਸੇ ਦਾ ਸਾਰਾ ਅਧਿਕਾਰ ਵਰਤਦਾ ਹੈ। ਇਹ ਧਰਤੀ ਅਤੇ ਉਸ ਉੱਤੇ ਰਹਿੰਦੇ ਸਾਰੇ ਲੋਕਾਂ ਤੋਂ ਪਹਿਲੇ ਵਹਿਸ਼ੀ ਦਰਿੰਦੇ ਦੀ ਭਗਤੀ ਕਰਾਉਂਦਾ ਹੈ ਜਿਸ ਦਾ ਜਾਨਲੇਵਾ ਜ਼ਖ਼ਮ ਠੀਕ ਹੋ ਗਿਆ ਸੀ।+
13 ਇਹ ਵੱਡੀਆਂ-ਵੱਡੀਆਂ ਨਿਸ਼ਾਨੀਆਂ ਦਿਖਾਉਂਦਾ ਹੈ, ਇੱਥੋਂ ਤਕ ਕਿ ਇਹ ਲੋਕਾਂ ਸਾਮ੍ਹਣੇ ਆਕਾਸ਼ੋਂ ਧਰਤੀ ਉੱਤੇ ਅੱਗ ਵਰ੍ਹਾਉਂਦਾ ਹੈ।
14 ਇਸ ਨੂੰ ਵਹਿਸ਼ੀ ਦਰਿੰਦੇ ਦੀਆਂ ਨਜ਼ਰਾਂ ਦੇ ਸਾਮ੍ਹਣੇ ਨਿਸ਼ਾਨੀਆਂ ਦਿਖਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਜਿਨ੍ਹਾਂ ਨਾਲ ਇਹ ਧਰਤੀ ਉੱਤੇ ਰਹਿੰਦੇ ਸਾਰੇ ਲੋਕਾਂ ਨੂੰ ਗੁਮਰਾਹ ਕਰਦਾ ਹੈ ਅਤੇ ਉਨ੍ਹਾਂ ਨੂੰ ਉਸ ਵਹਿਸ਼ੀ ਦਰਿੰਦੇ ਦੀ ਮੂਰਤੀ ਬਣਾਉਣ ਲਈ ਕਹਿੰਦਾ ਹੈ+ ਜਿਸ ਦੇ ਤਲਵਾਰ ਨਾਲ ਜ਼ਖ਼ਮ ਕੀਤਾ ਗਿਆ ਸੀ, ਪਰ ਉਹ ਠੀਕ ਹੋ ਗਿਆ ਸੀ।+
15 ਇਸ ਨੂੰ ਇਜਾਜ਼ਤ ਦਿੱਤੀ ਗਈ ਕਿ ਉਹ ਵਹਿਸ਼ੀ ਦਰਿੰਦੇ ਦੀ ਮੂਰਤੀ ਵਿਚ ਜਾਨ* ਪਾਵੇ ਤਾਂਕਿ ਵਹਿਸ਼ੀ ਦਰਿੰਦੇ ਦੀ ਮੂਰਤੀ ਬੋਲੇ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਮਰਵਾ ਦੇਵੇ ਜਿਹੜੇ ਵਹਿਸ਼ੀ ਦਰਿੰਦੇ ਦੀ ਮੂਰਤੀ ਦੀ ਭਗਤੀ ਕਰਨ ਤੋਂ ਇਨਕਾਰ ਕਰਦੇ ਹਨ।
16 ਇਸ ਨੇ ਸਾਰੇ ਵੱਡੇ ਤੇ ਛੋਟੇ, ਅਮੀਰ ਤੇ ਗ਼ਰੀਬ, ਆਜ਼ਾਦ ਤੇ ਗ਼ੁਲਾਮ ਲੋਕਾਂ ਨੂੰ ਮਜਬੂਰ ਕੀਤਾ ਕਿ ਉਹ ਆਪਣੇ ਸੱਜੇ ਹੱਥ ਉੱਤੇ ਜਾਂ ਆਪਣੇ ਮੱਥੇ ਉੱਤੇ ਨਿਸ਼ਾਨ ਲਗਵਾਉਣ।+
17 ਉਹ ਨਿਸ਼ਾਨ ਵਹਿਸ਼ੀ ਦਰਿੰਦੇ ਦਾ ਨਾਂ+ ਜਾਂ ਉਸ ਦੇ ਨਾਂ ਦਾ ਨੰਬਰ ਹੈ।+ ਜਿਨ੍ਹਾਂ ਉੱਤੇ ਇਹ ਨਿਸ਼ਾਨ ਨਹੀਂ ਹੈ, ਉਹ ਨਾ ਤਾਂ ਕੁਝ ਖ਼ਰੀਦ ਸਕਣਗੇ ਅਤੇ ਨਾ ਹੀ ਕੁਝ ਵੇਚ ਸਕਣਗੇ।
18 ਇਸ ਗੱਲ ਨੂੰ ਸਮਝਣ ਲਈ ਬੁੱਧ ਦੀ ਲੋੜ ਹੈ: ਜਿਸ ਕੋਲ ਡੂੰਘੀ ਸਮਝ ਹੈ, ਉਹ ਵਹਿਸ਼ੀ ਦਰਿੰਦੇ ਦੇ ਨੰਬਰ ਦਾ ਹਿਸਾਬ ਲਾਵੇ ਕਿਉਂਕਿ ਇਹ ਇਨਸਾਨੀ ਨੰਬਰ ਹੈ ਅਤੇ ਉਸ ਦਾ ਨੰਬਰ 666 ਹੈ।+
ਫੁਟਨੋਟ
^ ਜਾਂ, “ਬੋਲੀ।”
^ ਮੱਤੀ 13:35, ਫੁਟਨੋਟ ਦੇਖੋ।
^ ਜਾਂ ਸੰਭਵ ਹੈ, “ਜੇ ਕਿਸੇ ਨੂੰ ਤਲਵਾਰ ਨਾਲ ਮਾਰਿਆ ਜਾਣਾ ਹੈ।”
^ ਯੂਨਾ, “ਸਾਹ।”