ਖ਼ੁਸ਼ੀ ਦਾ ਰਾਹ
ਸਿਹਤ ਅਤੇ ਹਾਰ ਨਾ ਮੰਨਣੀ
ਲੰਬੇ ਸਮੇਂ ਤੋਂ ਬੀਮਾਰ ਜਾਂ ਅਪਾਹਜ ਹੋਣ ਦਾ ਇਕ ਵਿਅਕਤੀ ਦੀ ਜ਼ਿੰਦਗੀ ’ਤੇ ਗਹਿਰਾ ਅਸਰ ਪੈ ਸਕਦਾ ਹੈ। ਊਲਫ਼ ਨਾਂ ਦਾ ਵਿਅਕਤੀ ਪਹਿਲਾਂ ਪੂਰੀ ਤਰ੍ਹਾਂ ਤੰਦਰੁਸਤ ਸੀ, ਪਰ ਬਾਅਦ ਵਿਚ ਉਸ ਨੂੰ ਅਧਰੰਗ ਹੋ ਗਿਆ। ਉਹ ਕਹਿੰਦਾ ਹੈ: ‘ਮੈਂ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬ ਗਿਆ। ਮੇਰੀ ਹਿੰਮਤ ਅਤੇ ਤਾਕਤ ਜਾਂਦੀ ਰਹੀ। ਮੈਨੂੰ ਇੱਦਾਂ ਲੱਗਾ ਜਿਵੇਂ ਮੇਰੀ ਜ਼ਿੰਦਗੀ ਖ਼ਤਮ ਹੋ ਗਈ ਹੈ।’
ਊਲਫ਼ ਦੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਸਾਡੇ ਵਿੱਚੋਂ ਕਿਸੇ ਦਾ ਵੀ ਆਪਣੀ ਸਿਹਤ ’ਤੇ ਪੂਰੀ ਤਰ੍ਹਾਂ ਵੱਸ ਨਹੀਂ ਚੱਲਦਾ। ਪਰ ਫਿਰ ਵੀ ਅਸੀਂ ਕੁਝ ਵਧੀਆ ਕਦਮ ਚੱਕ ਕੇ ਆਪਣੀ ਸਿਹਤ ਨੂੰ ਹੋਰ ਖ਼ਰਾਬ ਹੋਣ ਤੋਂ ਬਚਾ ਸਕਦੇ ਹਾਂ। ਪਰ ਉਦੋਂ ਕੀ ਜੇ ਸਾਡੀ ਸਿਹਤ ਲਗਾਤਾਰ ਵਿਗੜਦੀ ਜਾਂਦੀ ਹੈ? ਕੀ ਇਸ ਦਾ ਮਤਲਬ ਇਹ ਹੈ ਕਿ ਅਸੀਂ ਖ਼ੁਸ਼ ਨਹੀਂ ਰਹਿ ਸਕਦੇ? ਬਿਲਕੁਲ ਨਹੀਂ। ਇਸ ਬਾਰੇ ਆਪਾਂ ਬਾਅਦ ਵਿਚ ਗੱਲ ਕਰਾਂਗੇ। ਆਓ ਆਪਾਂ ਪਹਿਲਾਂ ਕੁਝ ਅਸੂਲ ਦੇਖੀਏ ਜਿਨ੍ਹਾਂ ਨਾਲ ਸਾਡੀ ਸਿਹਤ ਚੰਗੀ ਹੋ ਸਕਦੀ ਹੈ।
‘ਹਰ ਗੱਲ ਵਿਚ ਸੰਜਮ ਰੱਖੋ।’ (1 ਤਿਮੋਥਿਉਸ 3:2, 11) ਹੱਦੋਂ ਵੱਧ ਖਾਣ-ਪੀਣ ਦੀ ਆਦਤ ਦਾ ਸਾਡੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਨਾਲੇ ਇਸ ਨਾਲ ਖ਼ਰਚਾ ਵੀ ਵਧਦਾ ਹੈ। “ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ, ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ।”—ਕਹਾਉਤਾਂ 23:20, 21.
ਆਪਣੇ ਸਰੀਰ ਨੂੰ ਅਸ਼ੁੱਧ ਨਾ ਕਰੋ। “ਆਓ ਆਪਾਂ ਤਨ ਅਤੇ ਮਨ ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ।” (2 ਕੁਰਿੰਥੀਆਂ 7:1) ਜਿਹੜੇ ਲੋਕ ਤਮਾਖੂ ਦਾ ਸੇਵਨ ਕਰਦੇ ਹਨ, ਨਸ਼ੇ ਕਰਦੇ ਹਨ ਜਾਂ ਹੱਦੋਂ ਵੱਧ ਸ਼ਰਾਬ ਪੀਂਦੇ ਹਨ, ਉਹ ਆਪਣੇ ਸਰੀਰਾਂ ਨੂੰ ਗੰਦਾ ਕਰਦੇ ਹਨ। ਅਮਰੀਕਾ ਵਿਚ ਰੋਗ ਨਿਯੰਤ੍ਰਣ ਅਤੇ ਰੋਕਥਾਮ ਕੇਂਦਰ ਦੀ ਰਿਪੋਰਟ ਅਨੁਸਾਰ ਸਿਗਰਟ ਪੀਣ “ਨਾਲ ਬੀਮਾਰੀਆਂ ਲੱਗਦੀਆਂ ਹਨ, ਇਕ ਵਿਅਕਤੀ ਕਈ ਕੰਮ ਕਰਨ ਦੇ ਕਾਬਲ ਨਹੀਂ ਰਹਿੰਦਾ ਅਤੇ ਸਰੀਰ ਦੇ ਲਗਭਗ ਹਰ ਅੰਗ ਨੂੰ ਨੁਕਸਾਨ ਪਹੁੰਚਦਾ ਹੈ।”
ਆਪਣੇ ਸਰੀਰ ਅਤੇ ਆਪਣੀ ਜ਼ਿੰਦਗੀ ਨੂੰ ਕੀਮਤੀ ਤੋਹਫ਼ੇ ਵਾਂਗ ਸਮਝੋ। “ਉਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ।” (ਰਸੂਲਾਂ ਦੇ ਕੰਮ 17:28) ਇਹ ਸੱਚਾਈ ਜਾਣ ਕੇ ਅਸੀਂ ਪ੍ਰੇਰਿਤ ਹੁੰਦੇ ਹਾਂ ਕਿ ਅਸੀਂ ਬੇਲੋੜੇ ਖ਼ਤਰੇ ਮੁੱਲ ਨਾ ਲਈਏ, ਚਾਹੇ ਅਸੀਂ ਕੰਮ ’ਤੇ ਹੋਈਏ, ਗੱਡੀ ਚਲਾਉਂਦੇ ਹੋਈਏ ਜਾਂ ਮਨੋਰੰਜਨ ਦੀ ਚੋਣ ਕਰ ਰਹੇ ਹੋਈਏ। ਕੁਝ ਪਲਾਂ ਦੇ ਮਜ਼ੇ ਲਈ ਪੂਰੀ ਜ਼ਿੰਦਗੀ ਅਪਾਹਜ ਹੋਣਾ ਸਮਝਦਾਰੀ ਨਹੀਂ ਹੈ!
ਜ਼ਬੂਰਾਂ ਦੀ ਪੋਥੀ 37:8 ਕਹਿੰਦਾ ਹੈ: “ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ।” ਨਾਲੇ ਬਾਈਬਲ ਇਹ ਵੀ ਕਹਿੰਦੀ ਹੈ: “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ।”—ਮੱਤੀ 6:34.
ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ’ਤੇ ਕਾਬੂ ਪਾਓ। ਮਨ ਦਾ ਸਰੀਰ ਨਾਲ ਗਹਿਰਾ ਸੰਬੰਧ ਹੁੰਦਾ ਹੈ। ਇਸ ਲਈ ਹੱਦੋਂ ਵੱਧ ਚਿੰਤਾ, ਗੁੱਸਾ, ਈਰਖਾ ਅਤੇ ਹੋਰ ਨੁਕਸਾਨ ਪਹੁੰਚਾਉਣ ਵਾਲੀਆਂ ਭਾਵਨਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰੋ।ਚੰਗੀਆਂ ਗੱਲਾਂ ਵੱਲ ਧਿਆਨ ਲਾਉਣ ਦੀ ਕੋਸ਼ਿਸ਼ ਕਰੋ। ਕਹਾਉਤਾਂ 14:30 ਕਹਿੰਦਾ ਹੈ: “ਸ਼ਾਂਤ ਮਨ ਸਰੀਰ ਦਾ ਜੀਉਣ ਹੈ।” ਬਾਈਬਲ ਇਹ ਵੀ ਕਹਿੰਦੀ ਹੈ: “ਖੁਸ਼ ਦਿਲੀ ਦਵਾ ਵਾਂਙੁ ਚੰਗਾ ਕਰਦੀ ਹੈ।” (ਕਹਾਉਤਾਂ 17:22) ਵਿਗਿਆਨ ਮੁਤਾਬਕ ਵੀ ਇਹ ਸਲਾਹ ਸਹੀ ਹੈ। ਸਕਾਟਲੈਂਡ ਵਿਚ ਰਹਿਣ ਵਾਲਾ ਇਕ ਡਾਕਟਰ ਕਹਿੰਦਾ ਹੈ: “ਜੇ ਤੁਸੀਂ ਖ਼ੁਸ਼ ਰਹਿੰਦੇ ਹੋ, ਤਾਂ ਭਵਿੱਖ ਵਿਚ ਤੁਸੀਂ ਉਸ ਵਿਅਕਤੀ ਦੇ ਮੁਕਾਬਲੇ ਘੱਟ ਬੀਮਾਰ ਹੋਵੋਗੇ ਜੋ ਖ਼ੁਸ਼ ਨਹੀਂ ਰਹਿੰਦਾ।”
ਹਾਰ ਮੰਨਣ ਦੀ ਬਜਾਇ ਹਿੰਮਤ ਬਣਾਈ ਰੱਖੋ। ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਗਏ ਊਲਫ਼ ਵਾਂਗ ਸ਼ਾਇਦ ਸਾਡੇ ਕੋਲ ਵੀ ਮੁਸ਼ਕਲ ਸਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਾ ਹੋਵੇ। ਪਰ ਅਸੀਂ ਮੁਸ਼ਕਲਾਂ ਨੂੰ ਸਹਿਣ ਦੇ ਤਰੀਕੇ ਲੱਭ ਸਕਦੇ ਹਾਂ। ਕਈ ਲੋਕ ਘੋਰ ਨਿਰਾਸ਼ਾ ਵਿਚ ਡੁੱਬ ਜਾਂਦੇ ਹਨ ਜਿਸ ਕਰਕੇ ਹਾਲਾਤ ਹੋਰ ਵਿਗੜਦੇ ਹਨ। ਕਹਾਉਤਾਂ 24:10 ਕਹਿੰਦਾ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।”
ਕਈ ਸ਼ਾਇਦ ਪਹਿਲਾਂ-ਪਹਿਲ ਨਿਰਾਸ਼ ਹੋਣ, ਪਰ ਬਾਅਦ ਵਿਚ ਉਹ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ’ਤੇ ਕਾਬੂ ਪਾ ਲੈਂਦੇ ਹਨ। ਉਹ ਹਾਲਾਤਾਂ ਮੁਤਾਬਕ ਢਲ਼ ਜਾਂਦੇ ਹਨ। ਉਹ ਮੁਸ਼ਕਲਾਂ ਸਹਿਣ ਦੇ ਤਰੀਕੇ ਲੱਭ ਲੈਂਦੇ ਹਨ। ਊਲਫ਼ ਨੇ ਵੀ ਇਸੇ ਤਰ੍ਹਾਂ ਕੀਤਾ। ਉਹ ਕਹਿੰਦਾ ਹੈ ਕਿ ਬਹੁਤ ਜ਼ਿਆਦਾ ਪ੍ਰਾਰਥਨਾ ਕਰਨ ਅਤੇ ਬਾਈਬਲ ਦੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਨਾਲ ਉਹ “ਮੁਸ਼ਕਲਾਂ ’ਤੇ ਧਿਆਨ ਲਾਉਣ ਦੀ ਬਜਾਇ ਇਸ ਗੱਲ ਵੱਲ ਧਿਆਨ ਲਾ ਪਾਇਆ ਕਿ ਉਹ ਹੋਰ ਕੀ ਕੁਝ ਕਰ ਸਕਦਾ ਹੈ।” ਇਸ ਤੋਂ ਇਲਾਵਾ, ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਲੋਕਾਂ ਵਾਂਗ ਉਸ ਨੇ ਆਪਣੇ ਵਿਚ ਤਰਸ ਅਤੇ ਹਮਦਰਦੀ ਵਰਗੇ ਗੁਣ ਪੈਦਾ ਕੀਤੇ। ਇਨ੍ਹਾਂ ਗੁਣਾਂ ਕਰਕੇ ਉਹ ਦੂਜਿਆਂ ਨੂੰ ਬਾਈਬਲ ਦਾ ਦਿਲਾਸੇ ਭਰਿਆ ਸੰਦੇਸ਼ ਦੱਸਣ ਲਈ ਪ੍ਰੇਰਿਤ ਹੋਇਆ।
ਸਟੀਵ ਨਾਂ ਦੇ ਇਕ ਹੋਰ ਆਦਮੀ ਨੇ ਵੀ ਬਹੁਤ ਦੁੱਖ ਝੱਲੇ। ਪੰਦਰਾਂ ਸਾਲਾਂ ਦੀ ਉਮਰ ਵਿਚ ਉਸ ਦਾ ਗਰਦਨ ਤੋਂ ਥੱਲੇ ਦਾ ਸਾਰਾ ਹਿੱਸਾ ਨਕਾਰਾ ਹੋ ਗਿਆ। ਅਠਾਰਾਂ ਸਾਲਾਂ ਦੀ ਉਮਰ ਤਕ ਉਸ ਦੀਆਂ ਬਾਹਾਂ ਵਿਚ ਜਾਨ ਆ ਗਈ। ਫਿਰ ਉਹ ਯੂਨੀਵਰਸਿਟੀ ਚਲਾ ਗਿਆ ਜਿੱਥੇ ਉਹ ਜਲਦੀ ਹੀ ਨਸ਼ੇ ਕਰਨ, ਸ਼ਰਾਬ ਪੀਣ ਅਤੇ ਅਨੈਤਿਕ ਕੰਮ ਕਰਨ ਲੱਗ ਪਿਆ। ਬਾਈਬਲ ਦੀ ਸਟੱਡੀ ਸ਼ੁਰੂ ਕਰਨ ਤੋਂ ਬਾਅਦ ਹੀ ਉਸ ਨੂੰ ਉਮੀਦ ਮਿਲੀ ਜਿਸ ਕਰਕੇ ਜ਼ਿੰਦਗੀ ਪ੍ਰਤੀ ਉਸ ਦਾ ਨਜ਼ਰੀਆ ਹੀ ਬਦਲ ਗਿਆ। ਇਸ ਕਰਕੇ ਉਹ ਆਪਣੀਆਂ ਬੁਰੀਆਂ ਆਦਤਾਂ ਛੱਡ ਸਕਿਆ। ਉਹ ਕਹਿੰਦਾ ਹੈ: “ਹੁਣ ਮੇਰੀ ਜ਼ਿੰਦਗੀ ਵਿਚ ਖਾਲੀਪਣ ਨਹੀਂ ਹੈ। ਹੁਣ ਮੇਰੀ ਜ਼ਿੰਦਗੀ ਵਿਚ ਖ਼ੁਸ਼ੀ ਤੇ ਸ਼ਾਂਤੀ ਹੈ। ਨਾਲੇ ਮੈਂ ਸੰਤੁਸ਼ਟ ਹਾਂ।”
ਸਟੀਵ ਅਤੇ ਊਲਫ਼ ਦੀਆਂ ਗੱਲਾਂ ਤੋਂ ਜ਼ਬੂਰਾਂ ਦੀ ਪੋਥੀ 19:7, 8 ਦੇ ਸ਼ਬਦ ਯਾਦ ਆਉਂਦੇ ਹਨ। ਇੱਥੇ ਲਿਖਿਆ: “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, . . . ਯਹੋਵਾਹ ਦੇ ਫ਼ਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ, ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ।”