Skip to content

Skip to table of contents

ਮੁੱਖ ਪੰਨੇ ਤੋਂ | ਆਪਣੀਆਂ ਆਦਤਾਂ ਕਿਵੇਂ ਸੁਧਾਰੀਏ

3 ਦੂਰ ਦੀ ਸੋਚੋ

3 ਦੂਰ ਦੀ ਸੋਚੋ

ਇਕ ਮਾਹਰ ਮੁਤਾਬਕ ਨਵੀਂ ਆਦਤ ਪਾਉਣ ਲਈ 21 ਦਿਨ ਲੱਗਦੇ ਹਨ। ਪਰ ਹਕੀਕਤ ਤਾਂ ਇਹ ਹੈ ਕਿ ਖੋਜਕਾਰਾਂ ਮੁਤਾਬਕ ਕੁਝ ਲੋਕਾਂ ਨੂੰ ਵੱਡੀਆਂ-ਵੱਡੀਆਂ ਤਬਦੀਲੀਆਂ ਕਰਨ ਲਈ ਘੱਟ ਸਮਾਂ ਲੱਗਦਾ ਹੈ ਤੇ ਕਈ ਲੋਕਾਂ ਨੂੰ ਬਹੁਤ ਜ਼ਿਆਦਾ। ਕੀ ਇਹ ਜਾਣ ਕੇ ਸਾਨੂੰ ਨਿਰਾਸ਼ ਹੋ ਜਾਣਾ ਚਾਹੀਦਾ?

ਇਕ ਮਿਸਾਲ ਲੈ ਲਓ: ਮੰਨ ਲਓ ਕਿ ਤੁਸੀਂ ਹਫ਼ਤੇ ਵਿਚ ਤਿੰਨ ਵਾਰ ਕਸਰਤ ਕਰਨ ਦੀ ਚੰਗੀ ਆਦਤ ਪਾਉਣੀ ਚਾਹੁੰਦੇ ਹੋ।

  • ਪਹਿਲੇ ਹਫ਼ਤੇ ਤੁਸੀਂ ਆਪਣਾ ਇਹ ਟੀਚਾ ਪੂਰਾ ਕਰ ਲੈਂਦੇ ਹੋ।

  • ਦੂਜੇ ਹਫ਼ਤੇ ਤੁਸੀਂ ਇਕ ਦਿਨ ਕਸਰਤ ਨਹੀਂ ਕਰਦੇ।

  • ਤੀਸਰੇ ਹਫ਼ਤੇ ਤੁਸੀਂ ਫਿਰ ਤੋਂ ਆਪਣਾ ਟੀਚਾ ਪੂਰਾ ਕਰ ਲੈਂਦੇ ਹੋ।

  • ਚੌਥੇ ਹਫ਼ਤੇ ਤੁਸੀਂ ਮਸਾਂ ਹੀ ਇਕ ਵਾਰ ਕਸਰਤ ਕਰਦੇ ਹੋ।

  • ਪੰਜਵੇਂ ਹਫ਼ਤੇ ਤੁਸੀਂ ਫਿਰ ਆਪਣਾ ਟੀਚਾ ਪੂਰਾ ਕਰ ਲੈਂਦੇ ਹੋ ਅਤੇ ਇਸ ਤੋਂ ਬਾਅਦ ਤੁਸੀਂ ਹਰ ਹਫ਼ਤੇ ਤਿੰਨ ਵਾਰ ਕਸਰਤ ਕਰਦੇ ਹੋ।

ਨਵੀਂ ਆਦਤ ਪਾਉਣ ਲਈ ਤੁਹਾਨੂੰ ਪੰਜ ਹਫ਼ਤੇ ਲੱਗੇ। ਤੁਹਾਨੂੰ ਸ਼ਾਇਦ ਇਹ ਬਹੁਤ ਲੰਬਾ ਸਮਾਂ ਲੱਗੇ, ਪਰ ਜਦੋਂ ਤੁਸੀਂ ਆਪਣੇ ਟੀਚੇ ’ਤੇ ਪਹੁੰਚ ਜਾਂਦੇ ਹੋ, ਤਾਂ ਤੁਹਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਤੁਸੀਂ ਇਕ ਚੰਗੀ ਆਦਤ ਪਾ ਲਈ।

ਬਾਈਬਲ ਦਾ ਅਸੂਲ: ‘ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ।’ਕਹਾਉਤਾਂ 24:16.

ਬਾਈਬਲ ਸਾਨੂੰ ਦੂਰ ਦੀ ਸੋਚਣ ਦਾ ਉਤਸ਼ਾਹ ਦਿੰਦੀ ਹੈ। ਇਹ ਗੱਲ ਜ਼ਿਆਦਾ ਮਾਅਨੇ ਨਹੀਂ ਰੱਖਦੀ ਕਿ ਤੁਸੀਂ ਕਿੰਨੀ ਵਾਰ ਡਿੱਗਦੇ ਹੋ, ਸਗੋਂ ਇਹ ਮਾਅਨੇ ਰੱਖਦੀ ਹੈ ਕਿ ਤੁਸੀਂ ਕਿੰਨੀ ਵਾਰ ਫਿਰ ਤੋਂ ਉੱਠ ਖੜ੍ਹੇ ਹੁੰਦੇ ਹੋ।

ਇਹ ਗੱਲ ਜ਼ਿਆਦਾ ਮਾਅਨੇ ਨਹੀਂ ਰੱਖਦੀ ਕਿ ਅਸੀਂ ਕਿੰਨੀ ਵਾਰ ਡਿੱਗਦੇ ਹਾਂ, ਸਗੋਂ ਇਹ ਮਾਅਨੇ ਰੱਖਦੀ ਹੈ ਕਿ ਅਸੀਂ ਕਿੰਨੀ ਵਾਰ ਫਿਰ ਤੋਂ ਉੱਠ ਖੜ੍ਹੇ ਹੁੰਦੇ ਹਾਂ

ਤੁਸੀਂ ਕੀ ਕਰ ਸਕਦੇ ਹੋ

  • ਜੇ ਤੁਸੀਂ ਇਕ ਵਾਰ ਹਾਰ ਗਏ, ਤਾਂ ਤੁਹਾਨੂੰ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਤੁਸੀਂ ਕਦੇ ਵੀ ਆਪਣੇ ਟੀਚੇ ’ਤੇ ਨਹੀਂ ਪਹੁੰਚ ਸਕਦੇ। ਆਪਣਾ ਟੀਚਾ ਪੂਰਾ ਕਰਦੇ ਸਮੇਂ ਹਮੇਸ਼ਾ ਯਾਦ ਰੱਖੋ ਕਿ ਤੁਹਾਨੂੰ ਵਿਚ-ਵਿਚ ਹਾਰ ਦਾ ਵੀ ਮੂੰਹ ਦੇਖਣਾ ਪੈ ਸਕਦਾ ਹੈ।

  • ਉਨ੍ਹਾਂ ਸਮਿਆਂ ਨੂੰ ਧਿਆਨ ਵਿਚ ਰੱਖੋ ਜਦੋਂ ਤੁਸੀਂ ਸਹੀ ਕੰਮ ਕਰ ਰਹੇ ਸੀ। ਮਿਸਾਲ ਲਈ, ਜੇ ਤੁਸੀਂ ਆਪਣੇ ਬੱਚਿਆਂ ਨਾਲ ਆਪਣਾ ਗੱਲ ਕਰਨ ਦਾ ਤਰੀਕਾ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਆਪਣੇ ਆਪ ਨੂੰ ਪੁੱਛੋ: ‘ਪਿਛਲੀ ਵਾਰ ਕਦੋਂ ਮੇਰਾ ਆਪਣੇ ਬੱਚਿਆਂ ਤੇ ਚਿਲਾਉਣ ਦਾ ਮਨ ਕੀਤਾ, ਪਰ ਮੈਂ ਚਿਲਾਇਆ ਨਹੀਂ? ਮੈਂ ਇਸ ਦੀ ਬਜਾਇ ਕੀ ਕੀਤਾ ਸੀ? ਮੈਂ ਦੁਬਾਰਾ ਉਹੀ ਕਿਵੇਂ ਕਰ ਸਕਦਾ ਹਾਂ?’ ਇਸ ਤਰ੍ਹਾਂ ਤੁਸੀਂ ਆਪਣੀਆਂ ਅਸਫ਼ਲਤਾਵਾਂ ਦੀ ਬਜਾਇ ਕਾਮਯਾਬੀਆਂ ਉੱਤੇ ਧਿਆਨ ਲਾਈ ਰੱਖੋਗੇ।

ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਬਾਈਬਲ ਦੇ ਅਸੂਲ ਜ਼ਿੰਦਗੀ ਦੇ ਹੋਰ ਮਾਮਲਿਆਂ ਵਿਚ ਸਾਡੀ ਮਦਦ ਕਿਵੇਂ ਕਰ ਸਕਦੇ ਹਨ, ਜਿਵੇਂ ਚਿੰਤਾ ਦਾ ਸਾਮ੍ਹਣਾ ਕਰਨਾ, ਪਰਿਵਾਰ ਵਿਚ ਖ਼ੁਸ਼ੀਆਂ ਲਿਆਉਣਾ ਅਤੇ ਸੱਚੀ ਖ਼ੁਸ਼ੀ ਪਾਉਣਾ? ਕਿਸੇ ਵੀ ਯਹੋਵਾਹ ਦੇ ਗਵਾਹ ਨਾਲ ਗੱਲ ਕਰੋ ਜਾਂ ਸਾਡੀ ਵੈੱਬਸਾਈਟ jw.org ’ਤੇ ਜਾਓ। ▪ (g16-E No. 4)