ਸਮਲਿੰਗੀ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ?
ਕਈ ਦੇਸ਼ਾਂ ਵਿਚ ਸਮਲਿੰਗੀ ਵਿਆਹ ਹਾਲੇ ਵੀ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਪਰ 2015 ਨੂੰ ਅਮਰੀਕਾ ਦੀ ਸੁਪਰੀਮ ਕੋਰਟ ਨੇ ਪੂਰੇ ਦੇਸ਼ ਵਿਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ। ਇਸ ਤੋਂ ਬਾਅਦ ਇਸ ਵਿਸ਼ੇ ਬਾਰੇ ਇੰਟਰਨੈੱਟ ’ਤੇ ਸਭ ਤੋਂ ਜ਼ਿਆਦਾ ਖੋਜ ਕੀਤੀ ਜਾਣ ਲੱਗੀ। ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਸਵਾਲ ਸੀ, “ਬਾਈਬਲ ਸਮਲਿੰਗੀ ਵਿਆਹ ਬਾਰੇ ਕੀ ਕਹਿੰਦੀ ਹੈ?”
ਬਾਈਬਲ ਸਮਲਿੰਗੀ ਲੋਕਾਂ ਦੇ ਵਿਆਹ ਸੰਬੰਧੀ ਕਾਨੂੰਨੀ ਹੱਕਾਂ ਬਾਰੇ ਕੁਝ ਖ਼ਾਸ ਨਹੀਂ ਦੱਸਦੀ। ਸਭ ਤੋਂ ਜ਼ਿਆਦਾ ਜ਼ਰੂਰੀ ਸਵਾਲ ਇਹ ਹੈ: ਬਾਈਬਲ ਸਮਲਿੰਗੀ ਸੰਬੰਧਾਂ ਬਾਰੇ ਕੀ ਕਹਿੰਦੀ ਹੈ?
ਬਾਈਬਲ ਦੀ ਚੰਗੀ ਤਰ੍ਹਾਂ ਜਾਂਚ ਕੀਤੇ ਬਿਨਾਂ ਹੀ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਹ ਇਸ ਸਵਾਲ ਦਾ ਜਵਾਬ ਜਾਣਦੇ ਹਨ, ਪਰ ਉਨ੍ਹਾਂ ਦੇ ਜਵਾਬ ਬਾਈਬਲ ਤੋਂ ਉਲਟ ਹੁੰਦੇ ਹਨ! ਕੁਝ ਕਹਿੰਦੇ ਹਨ ਕਿ ਬਾਈਬਲ ਸਮਲਿੰਗੀ ਸੰਬੰਧਾਂ ਦੀ ਨਿੰਦਿਆ ਕਰਦੀ ਹੈ। ਹੋਰ ਦਾਅਵਾ ਕਰਦੇ ਹਨ ਕਿ ‘ਆਪਣੇ ਗੁਆਂਢੀ ਨੂੰ ਪਿਆਰ’ ਕਰਨ ਬਾਰੇ ਦਿੱਤੇ ਬਾਈਬਲ ਦੇ ਹੁਕਮ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਜਿਨਸੀ ਸੰਬੰਧ ਸਹੀ ਹਨ।
ਬਾਈਬਲ ਕੀ ਕਹਿੰਦੀ ਹੈ?
ਤੁਸੀਂ ਇਨ੍ਹਾਂ ਵਿੱਚੋਂ ਕਿਹੜੀਆਂ ਗੱਲਾਂ ਨੂੰ ਸਹੀ ਮੰਨੋਗੇ?
-
ਬਾਈਬਲ ਸਮਲਿੰਗੀ ਕੰਮਾਂ ਦੀ ਨਿੰਦਿਆ ਕਰਦੀ ਹੈ।
-
ਬਾਈਬਲ ਸਮਲਿੰਗੀ ਕੰਮਾਂ ਨੂੰ ਸਹੀ ਮੰਨਦੀ ਹੈ।
-
ਬਾਈਬਲ ਸਮਲਿੰਗੀ ਲੋਕਾਂ ਨਾਲ ਨਫ਼ਰਤ ਜਾਂ ਪੱਖਪਾਤ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ।
ਜਵਾਬ:
-
ਸਹੀ। ਬਾਈਬਲ ਕਹਿੰਦੀ ਹੈ: ‘ਮੁੰਡੇਬਾਜ਼ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।’ (1 ਕੁਰਿੰਥੀਆਂ 6:9, 10) ਇਹ ਗੱਲ ਔਰਤਾਂ ’ਤੇ ਵੀ ਲਾਗੂ ਹੁੰਦੀ ਹੈ।—ਰੋਮੀਆਂ 1:26.
-
ਗ਼ਲਤ। ਬਾਈਬਲ ਸਿਖਾਉਂਦੀ ਹੈ ਕਿ ਸਿਰਫ਼ ਉਸ ਆਦਮੀ-ਔਰਤ ਨੂੰ ਹੀ ਜਿਨਸੀ ਸੰਬੰਧ ਰੱਖਣੇ ਚਾਹੀਦੇ ਹਨ ਜੋ ਇਕ-ਦੂਜੇ ਨਾਲ ਵਿਆਹੇ ਹੋਏ ਹਨ।—ਉਤਪਤ 1:27, 28; ਕਹਾਉਤਾਂ 5:18, 19.
-
3. ਗ਼ਲਤ। ਭਾਵੇਂ ਬਾਈਬਲ ਸਮਲਿੰਗੀ ਕੰਮਾਂ ਦੀ ਨਿੰਦਿਆ ਕਰਦੀ ਹੈ, ਪਰ ਇਹ ਸਮਲਿੰਗੀ ਲੋਕਾਂ ਨਾਲ ਪੱਖਪਾਤ, ਨਫ਼ਰਤ ਜਾਂ ਬੁਰਾ ਸਲੂਕ ਕਰਨ ਲਈ ਨਹੀਂ ਕਹਿੰਦੀ।—ਰੋਮੀਆਂ 12:18. [1]
ਯਹੋਵਾਹ ਦੇ ਗਵਾਹ ਕੀ ਮੰਨਦੇ ਹਨ?
ਗਵਾਹ ਮੰਨਦੇ ਹਨ ਕਿ ਬਾਈਬਲ ਵਿਚ ਦੱਸੇ ਗਏ ਉੱਚੇ ਨੈਤਿਕ ਅਸੂਲਾਂ ਅਨੁਸਾਰ ਜੀਉਣਾ ਸਭ ਤੋਂ ਵਧੀਆ ਹੈ ਅਤੇ ਉਹ ਇਨ੍ਹਾਂ ਅਸੂਲਾਂ ’ਤੇ ਆਪਣੀ ਇੱਛਾ ਨਾਲ ਚੱਲਦੇ ਹਨ। (ਯਸਾਯਾਹ 48:17) [2] ਇਸ ਦਾ ਮਤਲਬ ਹੈ ਕਿ ਯਹੋਵਾਹ ਦੇ ਗਵਾਹ ਹਰ ਤਰ੍ਹਾਂ ਦੇ ਗ਼ਲਤ ਜਿਨਸੀ ਸੰਬੰਧਾਂ ਤੋਂ ਦੂਰ ਰਹਿੰਦੇ ਹਨ ਜਿਨ੍ਹਾਂ ਵਿਚ ਸਮਲਿੰਗੀ ਸੰਬੰਧ ਵੀ ਸ਼ਾਮਲ ਹਨ। (1 ਕੁਰਿੰਥੀਆਂ 6:18) [3] ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ ਕਿ ਉਹ ਕਿਸ ਤਰੀਕੇ ਨਾਲ ਜ਼ਿੰਦਗੀ ਜੀਉਣਗੇ ਤੇ ਇਹ ਉਨ੍ਹਾਂ ਦਾ ਹੱਕ ਵੀ ਹੈ।
ਯਹੋਵਾਹ ਦੇ ਗਵਾਹ ਇਸ ਉੱਤਮ ਅਸੂਲ ’ਤੇ ਚੱਲਦੇ ਹਨ ਕਿ ਜਿਸ ਤਰ੍ਹਾਂ ਉਹ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਨਾਲ ਪੇਸ਼ ਆਉਣ, ਉਹ ਦੂਸਰਿਆਂ ਨਾਲ ਉਸੇ ਤਰ੍ਹਾਂ ਪੇਸ਼ ਆਉਂਦੇ ਹਨ
ਇਸ ਦੇ ਨਾਲ-ਨਾਲ ਯਹੋਵਾਹ ਦੇ ਗਵਾਹ ‘ਸਾਰਿਆਂ ਨਾਲ ਬਣਾ ਕੇ ਰੱਖਣ’ ਦੀ ਕੋਸ਼ਿਸ਼ ਕਰਦੇ ਹਨ। (ਇਬਰਾਨੀਆਂ 12:14) ਭਾਵੇਂ ਉਹ ਸਮਲਿੰਗੀ ਕੰਮਾਂ ਨੂੰ ਪਸੰਦ ਨਹੀਂ ਕਰਦੇ, ਪਰ ਉਹ ਆਪਣੇ ਵਿਚਾਰ ਦੂਜਿਆਂ ਉੱਤੇ ਨਹੀਂ ਥੋਪਦੇ ਤੇ ਨਾ ਹੀ ਉਹ ਸਮਲਿੰਗੀ ਲੋਕਾਂ ਨਾਲ ਨਫ਼ਰਤ ਕਰਦੇ ਹਨ ਜਾਂ ਉਨ੍ਹਾਂ ਉੱਤੇ ਹਮਲਿਆਂ ਦੇ ਕਿੱਸੇ ਸੁਣ ਕੇ ਖ਼ੁਸ਼ ਹੁੰਦੇ ਹਨ। ਯਹੋਵਾਹ ਦੇ ਗਵਾਹ ਇਸ ਉੱਤਮ ਅਸੂਲ ’ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ: ਜਿਸ ਤਰ੍ਹਾਂ ਉਹ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਨਾਲ ਪੇਸ਼ ਆਉਣ, ਉਹ ਦੂਸਰਿਆਂ ਨਾਲ ਉਸੇ ਤਰ੍ਹਾਂ ਪੇਸ਼ ਆਉਂਦੇ ਹਨ।—ਮੱਤੀ 7:12.
ਕੀ ਬਾਈਬਲ ਪੱਖਪਾਤ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ?
ਕੁਝ ਲੋਕ ਕਹਿਣਗੇ ਕਿ ਬਾਈਬਲ ਸਮਲਿੰਗੀ ਲੋਕਾਂ ਨਾਲ ਪੱਖਪਾਤ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ ਅਤੇ ਬਾਈਬਲ ਦੇ ਉੱਚੇ ਨੈਤਿਕ ਮਿਆਰਾਂ ’ਤੇ ਚੱਲਣ ਵਾਲੇ ਲੋਕ ਕੱਟੜ ਹਨ। ਇਸ ਲਈ ਉਹ ਦਾਅਵਾ ਕਰਦੇ ਹਨ: ‘ਬਾਈਬਲ ਉਸ ਜ਼ਮਾਨੇ ਵਿਚ ਲਿਖੀ ਗਈ ਸੀ ਜਦੋਂ ਤੰਗ ਸੋਚ ਵਾਲੇ ਲੋਕ ਰਹਿੰਦੇ ਸਨ। ਅੱਜ ਅਸੀਂ ਸਾਰੀਆਂ ਨਸਲਾਂ, ਕੌਮਾਂ ਅਤੇ ਹਰ ਤਰ੍ਹਾਂ ਦੇ ਜਿਨਸੀ ਸੰਬੰਧ ਰੱਖਣ ਵਾਲਿਆਂ ਨੂੰ ਪਸੰਦ ਕਰਦੇ ਹਾਂ।’ ਉਨ੍ਹਾਂ ਦੀ ਸੋਚ ਮੁਤਾਬਕ ਸਮਲਿੰਗੀ ਕੰਮਾਂ ਤੋਂ ਦੂਰ ਰਹਿਣਾ ਵੱਖੋ-ਵੱਖਰੇ ਰੰਗ ਦੇ ਲੋਕਾਂ ਤੋਂ ਦੂਰ ਰਹਿਣ ਦੇ ਬਰਾਬਰ ਹੈ। ਕੀ ਇਹ ਤੁਲਨਾ ਕਰਨੀ ਸਹੀ ਹੈ? ਨਹੀਂ। ਕਿਉਂ ਨਹੀਂ?
ਕਿਉਂਕਿ ਸਮਲਿੰਗੀ ਕੰਮਾਂ ਤੋਂ ਦੂਰ ਰਹਿਣ ਅਤੇ ਸਮਲਿੰਗੀ ਲੋਕਾਂ ਤੋਂ ਦੂਰ ਰਹਿਣ ਵਿਚ ਫ਼ਰਕ ਹੈ। ਬਾਈਬਲ ਕਹਿੰਦੀ ਹੈ ਕਿ ਮਸੀਹੀਆਂ ਨੂੰ ਹਰ ਤਰ੍ਹਾਂ ਦੇ ਲੋਕਾਂ ਦਾ ਆਦਰ ਕਰਨਾ ਚਾਹੀਦਾ ਹੈ। (1 ਪਤਰਸ 2:17) [4] ਪਰ ਇਸ ਦਾ ਮਤਲਬ ਇਹ ਨਹੀਂ ਕਿ ਮਸੀਹੀਆਂ ਨੂੰ ਹਰ ਤਰ੍ਹਾਂ ਦੇ ਚਾਲ-ਚਲਣ ਨੂੰ ਸਹੀ ਮੰਨਣਾ ਚਾਹੀਦਾ ਹੈ।
ਜ਼ਰਾ ਇਸ ਮਿਸਾਲ ’ਤੇ ਗੌਰ ਕਰੋ: ਮੰਨ ਲਓ ਕਿ ਤੁਸੀਂ ਸਿਗਰਟ ਨੂੰ ਨੁਕਸਾਨਦੇਹ, ਇੱਥੋਂ ਤਕ ਕਿ ਘਿਣਾਉਣੀ ਸਮਝਦੇ ਹੋ। ਪਰ ਉਦੋਂ ਕੀ ਜੇ ਤੁਹਾਡੇ ਨਾਲ ਕੰਮ ਕਰਨ ਵਾਲਾ ਸਿਗਰਟ-ਬੀੜੀ ਪੀਂਦਾ ਹੈ? ਕੀ ਤੁਹਾਨੂੰ ਤੰਗ ਸੋਚ ਵਾਲਾ ਸਮਝਿਆ ਜਾਵੇਗਾ ਕਿਉਂਕਿ ਸਿਗਰਟ ਬਾਰੇ ਤੁਹਾਡਾ ਨਜ਼ਰੀਆ ਉਸ ਦੇ ਨਜ਼ਰੀਏ ਤੋਂ ਅਲੱਗ ਹੈ? ਜੇ ਉਹ ਸਿਗਰਟ ਪੀਂਦਾ ਹੈ ਅਤੇ ਤੁਸੀਂ ਨਹੀਂ ਪੀਂਦੇ, ਤਾਂ ਇਸ ਦਾ ਇਹ ਮਤਲਬ ਹੋਵੇਗਾ ਕਿ ਤੁਸੀਂ ਉਸ ਨਾਲ ਪੱਖਪਾਤ ਕਰਦੇ ਹੋ? ਜੇ ਤੁਹਾਡੇ ਨਾਲ ਕੰਮ ਕਰਨ ਵਾਲਾ ਤੁਹਾਨੂੰ ਸਿਗਰਟ ਬਾਰੇ ਆਪਣਾ ਨਜ਼ਰੀਆ ਬਦਲਣ ਲਈ ਕਹੇ, ਤਾਂ ਕੀ ਉਹ ਤੰਗ ਸੋਚ ਵਾਲਾ ਅਤੇ ਕੱਟੜ ਨਹੀਂ ਹੋਵੇਗਾ?
ਯਹੋਵਾਹ ਦੇ ਗਵਾਹ ਬਾਈਬਲ ਵਿਚ ਦੱਸੇ ਨੈਤਿਕ ਅਸੂਲਾਂ ਮੁਤਾਬਕ ਜੀਉਣ ਦਾ ਫ਼ੈਸਲਾ ਕਰਦੇ ਹਨ। ਉਹ ਉਨ੍ਹਾਂ ਕੰਮਾਂ ਨੂੰ ਸਹੀ ਨਹੀਂ ਠਹਿਰਾਉਂਦੇ ਜਿਨ੍ਹਾਂ ਨੂੰ ਬਾਈਬਲ ਮਨ੍ਹਾ ਕਰਦੀ ਹੈ। ਪਰ ਜਿਨ੍ਹਾਂ ਲੋਕਾਂ ਦੇ ਕੰਮ ਉਨ੍ਹਾਂ ਨਾਲੋਂ ਵੱਖਰੇ ਹਨ, ਉਹ ਉਨ੍ਹਾਂ ਦਾ ਨਾ ਤਾਂ ਮਜ਼ਾਕ ਉਡਾਉਂਦੇ ਹਨ ਤੇ ਨਾ ਹੀ ਉਨ੍ਹਾਂ ਨਾਲ ਬੁਰਾ ਸਲੂਕ ਕਰਦੇ ਹਨ।
ਕੀ ਬਾਈਬਲ ਵਿਚ ਦੱਸੀ ਸੋਚ ਜ਼ਾਲਮਾਨਾ ਹੈ?
ਉਨ੍ਹਾਂ ਲੋਕਾਂ ਬਾਰੇ ਕੀ ਜਿਨ੍ਹਾਂ ਵਿਚ ਸਮਲਿੰਗੀ ਕੰਮ ਕਰਨ ਦਾ ਝੁਕਾਅ ਹੁੰਦਾ ਹੈ? ਕੀ ਉਹ ਜਨਮ ਤੋਂ ਹੀ ਇਸ ਤਰ੍ਹਾਂ ਦੇ ਹੁੰਦੇ ਹਨ? ਜੇ ਹਾਂ, ਤਾਂ ਕੀ ਇਹ ਕਹਿਣਾ ਉਨ੍ਹਾਂ ਲੋਕਾਂ ’ਤੇ ਜ਼ੁਲਮ ਨਹੀਂ ਹੋਵੇਗਾ ਕਿ ਉਨ੍ਹਾਂ ਲਈ ਆਪਣੀਆਂ ਲਾਲਸਾਵਾਂ ਪੂਰੀਆਂ ਕਰਨੀਆਂ ਗ਼ਲਤ ਹਨ?
ਬਾਈਬਲ ਇਸ ਬਾਰੇ ਕੁਝ ਨਹੀਂ ਕਹਿੰਦੀ ਕਿ ਲੋਕ ਜਨਮ ਤੋਂ ਹੀ ਸਮਲਿੰਗੀ ਹੁੰਦੇ ਹਨ। ਪਰ ਬਾਈਬਲ ਇਹ ਜ਼ਰੂਰ ਕਹਿੰਦੀ ਹੈ ਕਿ ਕੁਝ ਗੱਲਾਂ ਨੇ ਇਨਸਾਨਾਂ ਦੇ ਧੁਰ ਅੰਦਰ ਤਕ ਜੜ੍ਹ ਫੜੀ ਹੁੰਦੀ ਹੈ। ਫਿਰ ਵੀ ਬਾਈਬਲ ਦੱਸਦੀ ਹੈ ਕਿ ਜੇ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਗ਼ਲਤ ਕੰਮਾਂ ਨੂੰ ਛੱਡਣਾ ਚਾਹੀਦਾ ਹੈ ਜਿਨ੍ਹਾਂ ਵਿਚ ਸਮਲਿੰਗੀ ਕੰਮ ਵੀ ਸ਼ਾਮਲ ਹਨ।—2 ਕੁਰਿੰਥੀਆਂ 10:4, 5.
ਕਈ ਸ਼ਾਇਦ ਕਹਿਣਗੇ ਕਿ ਬਾਈਬਲ ਜੋ ਕਹਿੰਦੀ ਹੈ, ਉਹ ਲੋਕਾਂ ’ਤੇ ਜ਼ੁਲਮ ਹੈ। ਪਰ ਉਨ੍ਹਾਂ ਦਾ ਦਾਅਵਾ ਇਸ ਸੋਚ ’ਤੇ ਆਧਾਰਿਤ ਹੈ ਕਿ ਸਾਨੂੰ ਆਪਣੀਆਂ ਲਾਲਸਾਵਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਜਾਂ ਇਹ ਲਾਲਸਾਵਾਂ ਇੰਨੀਆਂ ਅਹਿਮ ਹਨ ਕਿ ਇਨ੍ਹਾਂ ਨੂੰ ਕਾਬੂ ਨਹੀਂ ਕੀਤਾ ਜਾਣਾ ਚਾਹੀਦਾ ਜਾਂ ਕਾਬੂ ਕੀਤਾ ਹੀ ਨਹੀਂ ਜਾ ਸਕਦਾ। ਪਰ ਬਾਈਬਲ ਇਹ ਦੱਸ ਕੇ ਇਨਸਾਨਾਂ ਨੂੰ ਮਾਣ ਦਿੰਦੀ ਹੈ ਕਿ ਉਹ ਆਪਣੀਆਂ ਲਾਲਸਾਵਾਂ ਨੂੰ ਕਾਬੂ ਕਰ ਸਕਦੇ ਹਨ। ਜਾਨਵਰਾਂ ਦੇ ਉਲਟ, ਉਹ ਆਪਣੀਆਂ ਲਾਲਸਾਵਾਂ ਪੂਰੀਆਂ ਨਾ ਕਰਨ ਦਾ ਫ਼ੈਸਲਾ ਕਰ ਸਕਦੇ ਹਨ।—ਕੁਲੁੱਸੀਆਂ 3:5. [5]
ਕਹਾਉਤਾਂ 22:24; 29:22) ਬਾਈਬਲ ਇਹ ਵੀ ਕਹਿੰਦੀ ਹੈ: ‘ਗੁੱਸਾ, ਕ੍ਰੋਧ ਕਰਨੋਂ ਹਟ ਜਾਓ।’—ਜ਼ਬੂਰਾਂ ਦੀ ਪੋਥੀ 37:8; ਅਫ਼ਸੀਆਂ 4:31.
ਜ਼ਰਾ ਇਸ ਗੱਲ ’ਤੇ ਗੌਰ ਕਰੋ: ਕੁਝ ਮਾਹਰ ਕਹਿੰਦੇ ਹਨ ਕਿ ਕੁਝ ਔਗੁਣ ਜਿਵੇਂ ਕਿ ਗੁੱਸਾ ਜਮਾਂਦਰੂ ਹੋ ਸਕਦਾ ਹੈ। ਬਾਈਬਲ ਕੋਈ ਖ਼ਾਸ ਜਾਣਕਾਰੀ ਨਹੀਂ ਦਿੰਦੀ ਕਿ ਗੁੱਸਾ ਜਮਾਂਦਰੂ ਹੁੰਦਾ ਹੈ। ਪਰ ਇਹ ਇੰਨਾ ਜ਼ਰੂਰ ਦੱਸਦੀ ਹੈ ਕਿ ਕੁਝ ਲੋਕ “ਕ੍ਰੋਧੀ” ਅਤੇ ‘ਗੁੱਸੇ ਵਾਲੇ’ ਹੁੰਦੇ ਹਨ। (ਇੱਦਾਂ ਦੇ ਲੋਕ ਘੱਟ ਹੀ ਹੋਣਗੇ ਜੋ ਇਸ ਸਲਾਹ ਨਾਲ ਸਹਿਮਤ ਨਹੀਂ ਹੋਣਗੇ ਜਾਂ ਕਹਿਣਗੇ ਕਿ ਇਹ ਸਲਾਹ ਗੁੱਸਾ ਕਰਨ ਦਾ ਝੁਕਾਅ ਰੱਖਣ ਵਾਲਿਆਂ ’ਤੇ ਜ਼ੁਲਮ ਹੈ। ਅਸਲ ਵਿਚ ਜਿਹੜੇ ਮਾਹਰ ਮੰਨਦੇ ਹਨ ਕਿ ਗੁੱਸਾ ਇਕ ਇਨਸਾਨ ਦੇ ਜੀਨਾਂ ਵਿਚ ਹੁੰਦਾ ਹੈ, ਉਹ ਗੁੱਸੇ ’ਤੇ ਕਾਬੂ ਪਾਉਣ ਵਿਚ ਲੋਕਾਂ ਦੀ ਮਦਦ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ।
ਯਹੋਵਾਹ ਦੇ ਗਵਾਹ ਵੀ ਉਸ ਹਰ ਕੰਮ ਤੋਂ ਦੂਰ ਰਹਿਣ ਲਈ ਸਖ਼ਤ ਮਿਹਨਤ ਕਰਦੇ ਹਨ ਜੋ ਬਾਈਬਲ ਦੇ ਅਸੂਲਾਂ ਦੇ ਉਲਟ ਹੈ। ਇਨ੍ਹਾਂ ਕੰਮਾਂ ਵਿਚ ਇਕ ਤੀਵੀਂ-ਆਦਮੀ ਦੇ ਨਾਜਾਇਜ਼ ਸੰਬੰਧ ਵੀ ਸ਼ਾਮਲ ਹਨ ਜੋ ਇਕ-ਦੂਜੇ ਨਾਲ ਵਿਆਹੇ ਹੋਏ ਨਹੀਂ ਹਨ। ਇਨ੍ਹਾਂ ਸਾਰੀਆਂ ਗੱਲਾਂ ਲਈ ਬਾਈਬਲ ਦੀ ਸਲਾਹ ਲਾਗੂ ਹੁੰਦੀ ਹੈ: “ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਵਿੱਤਰਤਾ ਅਤੇ ਆਦਰਯੋਗ ਤਰੀਕੇ ਨਾਲ ਆਪਣੇ ਸਰੀਰ ਨੂੰ ਕਿਵੇਂ ਕਾਬੂ ਵਿਚ ਰੱਖਣਾ ਹੈ, ਨਾ ਕਿ ਕਾਮ-ਵਾਸ਼ਨਾ ਦੇ ਲਾਲਚ ਨਾਲ।”
“ਤੁਹਾਡੇ ਵਿੱਚੋਂ ਕੁਝ ਪਹਿਲਾਂ ਅਜਿਹੇ ਹੀ ਸਨ”
ਪਹਿਲੀ ਸਦੀ ਵਿਚ ਜਿਹੜੇ ਲੋਕ ਮਸੀਹੀ ਬਣਨਾ ਚਾਹੁੰਦੇ ਸਨ, ਉਨ੍ਹਾਂ ਦੇ ਪਿਛੋਕੜ ਤੇ ਜੀਉਣ ਦਾ ਤਰੀਕਾ ਵੱਖੋ-ਵੱਖਰਾ ਸੀ ਅਤੇ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਵੱਡੀਆਂ-ਵੱਡੀਆਂ ਤਬਦੀਲੀਆਂ ਕਰਨੀਆਂ ਪਈਆਂ। ਮਿਸਾਲ ਲਈ, ਬਾਈਬਲ ਅਜਿਹੇ ਲੋਕਾਂ ਬਾਰੇ ਦੱਸਦੀ ਹੈ ਜੋ ‘ਹਰਾਮਕਾਰ, ਮੂਰਤੀ-ਪੂਜਕ, ਗ਼ੈਰ ਆਦਮੀ ਜਾਂ ਤੀਵੀਂ ਨਾਲ ਸੰਬੰਧ ਰੱਖਣ ਵਾਲੇ, ਜਨਾਨੜੇ’ ਸਨ ਅਤੇ ਅੱਗੇ ਬਾਈਬਲ ਕਹਿੰਦੀ ਹੈ: “ਤੁਹਾਡੇ ਵਿੱਚੋਂ ਕੁਝ ਪਹਿਲਾਂ ਅਜਿਹੇ ਹੀ ਸਨ।”
“ਤੁਹਾਡੇ ਵਿੱਚੋਂ ਕੁਝ ਪਹਿਲਾਂ ਅਜਿਹੇ ਹੀ ਸਨ,” ਕਹਿਣ ਤੋਂ ਕੀ ਬਾਈਬਲ ਦਾ ਇਹ ਭਾਵ ਹੈ ਕਿ ਸਮਲਿੰਗੀ ਕੰਮ ਛੱਡਣ ਵਾਲਿਆਂ ਵਿਚ ਇਹ ਇੱਛਾਵਾਂ ਦੁਬਾਰਾ ਕਦੇ ਨਹੀਂ ਆਉਣਗੀਆਂ? ਨਹੀਂ ਇਹ ਮਤਲਬ ਨਹੀਂ ਹੈ ਕਿਉਂਕਿ ਬਾਈਬਲ ਇਹ ਵੀ ਹੱਲਾਸ਼ੇਰੀ ਦਿੰਦੀ ਹੈ: “ਜੇ ਤੁਸੀਂ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਰਹੋਗੇ, ਤਾਂ ਤੁਸੀਂ ਸਰੀਰ ਦੀ ਕੋਈ ਵੀ ਗ਼ਲਤ ਇੱਛਾ ਪੂਰੀ ਨਹੀਂ ਕਰੋਗੇ।”
ਧਿਆਨ ਦਿਓ ਕਿ ਬਾਈਬਲ ਇਹ ਨਹੀਂ ਕਹਿੰਦੀ ਕਿ ਇਕ ਮਸੀਹੀ ਦੇ ਦਿਲ ਵਿਚ ਕਦੇ ਵੀ ਗ਼ਲਤ ਇੱਛਾ ਨਹੀਂ ਆਵੇਗੀ। ਇਸ ਦੀ ਬਜਾਇ, ਬਾਈਬਲ ਕਹਿੰਦੀ ਹੈ ਕਿ ਇਹ ਇਕ ਇਨਸਾਨ ਦਾ ਆਪਣਾ ਫ਼ੈਸਲਾ ਹੋਵੇਗਾ ਕਿ ਉਹ ਇਹ ਇੱਛਾ ਪੂਰੀ ਨਹੀਂ ਕਰੇਗਾ। ਮਸੀਹੀ ਇਨ੍ਹਾਂ ਇੱਛਾਵਾਂ ਨੂੰ ਪੂਰਾ ਕਰਨ ਬਾਰੇ ਸੋਚੀ ਜਾਣ ਦੀ ਬਜਾਇ ਇਨ੍ਹਾਂ ’ਤੇ ਕਾਬੂ ਪਾਉਣਾ ਸਿੱਖਦੇ ਹਨ।
ਇਸ ਤਰ੍ਹਾਂ ਬਾਈਬਲ ਦੱਸਦੀ ਹੈ ਕਿ ਕਿਸੇ ਕੰਮ ਨੂੰ ਕਰਨ ਦਾ ਝੁਕਾਅ ਰੱਖਣ ਅਤੇ ਉਸ ਕੰਮ ਨੂੰ ਅੰਜਾਮ ਦੇਣ ਵਿਚ ਫ਼ਰਕ ਹੈ। (ਰੋਮੀਆਂ 7:16-25) ਜਿਹੜਾ ਇਨਸਾਨ ਸਮਲਿੰਗੀ ਕੰਮ ਕਰਨ ਦਾ ਝੁਕਾਅ ਰੱਖਦਾ ਹੈ, ਉਹ ਇਸ ਝੁਕਾਅ ’ਤੇ ਉਸੇ ਤਰ੍ਹਾਂ ਕਾਬੂ ਪਾ ਸਕਦਾ ਹੈ ਜਿਸ ਤਰ੍ਹਾਂ ਉਹ ਕਿਸੇ ਹੋਰ ਗ਼ਲਤ ਇੱਛਾ ’ਤੇ ਕਾਬੂ ਪਾਉਂਦਾ ਹੈ ਜਿਵੇਂ ਕਿ ਗੁੱਸਾ, ਹਰਾਮਕਾਰੀ ਤੇ ਲਾਲਚ।
ਯਹੋਵਾਹ ਦੇ ਗਵਾਹ ਬਾਈਬਲ ਵਿਚ ਦਿੱਤੇ ਉੱਚੇ-ਸੁੱਚੇ ਮਿਆਰਾਂ ਅਨੁਸਾਰ ਜੀਉਂਦੇ ਹਨ, ਪਰ ਉਹ ਆਪਣੇ ਵਿਚਾਰ ਦੂਜਿਆਂ ’ਤੇ ਨਹੀਂ ਥੋਪਦੇ ਤੇ ਨਾ ਹੀ ਉਹ ਆਪਣੇ ਤੋਂ ਵੱਖਰਾ ਜੀਵਨ-ਢੰਗ ਜੀਉਣ ਵਾਲਿਆਂ ਦੇ ਹੱਕਾਂ ਦੀ ਰਾਖੀ ਲਈ ਬਣਾਏ ਕਾਨੂੰਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਯਹੋਵਾਹ ਦੇ ਗਵਾਹ ਚੰਗਾ ਸੰਦੇਸ਼ ਦਿੰਦੇ ਹਨ ਤੇ ਉਹ ਇਹ ਸੰਦੇਸ਼ ਜੋਸ਼ ਨਾਲ ਉਨ੍ਹਾਂ ਸਾਰੇ ਲੋਕਾਂ ਨੂੰ ਸੁਣਾਉਂਦੇ ਹਨ ਜੋ ਸੁਣਨਾ ਚਾਹੁੰਦੇ ਹਨ।
^ 1. ਰੋਮੀਆਂ 12:18: ‘ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖੋ।’
^ 2. ਯਸਾਯਾਹ 48:17: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ।”
^ 3. 1 ਕੁਰਿੰਥੀਆਂ 6:18: “ਹਰਾਮਕਾਰੀ ਤੋਂ ਭੱਜੋ।”
^ 4. 1 ਪਤਰਸ 2:17: “ਸਾਰਿਆਂ ਦਾ ਆਦਰ ਕਰੋ।”
^ 5. ਕੁਲੁੱਸੀਆਂ 3:5: “ਇਸ ਲਈ, ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ, ਗੰਦ-ਮੰਦ, ਕਾਮ-ਵਾਸ਼ਨਾ, ਬੁਰੀ ਇੱਛਾ ਅਤੇ ਲੋਭ।”
^ 6. ਯਾਕੂਬ 1:14, 15: “ਹਰ ਕੋਈ ਆਪਣੀ ਇੱਛਾ ਦੇ ਬਹਿਕਾਵੇ ਵਿਚ ਆ ਕੇ ਪਰੀਖਿਆਵਾਂ ਵਿਚ ਪੈਂਦਾ ਹੈ। ਫਿਰ ਇਹ ਇੱਛਾ ਅੰਦਰ ਹੀ ਅੰਦਰ ਪਲ਼ਦੀ ਰਹਿੰਦੀ ਹੈ ਅਤੇ ਇਹ ਪਾਪ ਨੂੰ ਜਨਮ ਦਿੰਦੀ ਹੈ।”