ਬਾਈਬਲ ਕੀ ਕਹਿੰਦੀ ਹੈ
ਰੱਬ ਦਾ ਨਾਮ
ਲੱਖਾਂ ਹੀ ਲੋਕ ਰੱਬ ਨੂੰ ਪ੍ਰਭੂ, ਅੱਤ ਮਹਾਨ, ਅੱਲਾ ਜਾਂ ਸਿਰਫ਼ ਰੱਬ ਕਹਿ ਕੇ ਪੁਕਾਰਦੇ ਹਨ। ਪਰ ਰੱਬ ਦਾ ਇਕ ਨਾਮ ਹੈ। ਕੀ ਤੁਹਾਨੂੰ ਉਸ ਦਾ ਨਾਮ ਲੈਣਾ ਚਾਹੀਦਾ ਹੈ?
ਰੱਬ ਦਾ ਨਾਮ ਕੀ ਹੈ?
ਲੋਕੀ ਕੀ ਕਹਿੰਦੇ ਹਨ?
ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਰੱਬ ਦਾ ਨਾਮ ਯਿਸੂ ਹੈ। ਦੂਜੇ ਦਾਅਵਾ ਕਰਦੇ ਹਨ ਕਿ ਸਰਬਸ਼ਕਤੀਮਾਨ ਰੱਬ ਸਿਰਫ਼ ਇੱਕੋ ਹੈ। ਇਸ ਲਈ ਉਸ ਦਾ ਨਾਮ ਲੈਣਾ ਜ਼ਰੂਰੀ ਨਹੀਂ ਹੈ। ਪਰ ਕਈ ਲੋਕ ਬਹਿਸ ਕਰਦੇ ਹਨ ਕਿ ਰੱਬ ਦਾ ਨਾਮ ਲੈਣਾ ਸਹੀ ਨਹੀਂ ਹੈ।
ਬਾਈਬਲ ਕੀ ਕਹਿੰਦੀ ਹੈ?
ਸਰਬਸ਼ਕਤੀਮਾਨ ਰੱਬ ਦਾ ਨਾਮ ਯਿਸੂ ਨਹੀਂ ਹੈ ਕਿਉਂਕਿ ਉਹ ਸਰਬਸ਼ਕਤੀਮਾਨ ਨਹੀਂ ਹੈ। ਦਰਅਸਲ ਯਿਸੂ ਨੇ ਆਪਣੇ ਚੇਲਿਆਂ ਨੂੰ ਰੱਬ ਨੂੰ ਪ੍ਰਾਰਥਨਾ ਕਰਨੀ ਸਿਖਾਈ: “ਹੇ ਪਿਤਾ, ਤੇਰਾ ਨਾਮ ਪਵਿੱਤਰ ਕੀਤਾ ਜਾਵੇ।” (ਲੂਕਾ 11:2) ਯਿਸੂ ਨੇ ਖ਼ੁਦ ਪ੍ਰਾਰਥਨਾ ਕੀਤੀ: “ਹੇ ਪਿਤਾ, ਆਪਣੇ ਨਾਮ ਦੀ ਮਹਿਮਾ ਕਰ।”—ਯੂਹੰਨਾ 12:28.
ਬਾਈਬਲ ਵਿਚ ਰੱਬ ਕਹਿੰਦਾ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ, ਅਤੇ ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ।” (ਯਸਾਯਾਹ 42:8) ਇਬਰਾਨੀ ਭਾਸ਼ਾ ਵਿਚ ਜਿਨ੍ਹਾਂ ਚਾਰ ਅੱਖਰਾਂ ਤੋਂ ਰੱਬ ਦਾ ਨਾਮ ਬਣਿਆ ਹੈ, ਉਨ੍ਹਾਂ ਦਾ ਪੰਜਾਬੀ ਵਿਚ ਅਨੁਵਾਦ “ਯਹੋਵਾਹ” ਕੀਤਾ ਗਿਆ ਹੈ। ਇਬਰਾਨੀ ਲਿਖਤਾਂ ਵਿਚ ਲਗਭਗ 7,000 ਵਾਰ ਇਹ ਨਾਮ ਆਉਂਦਾ ਹੈ। * ਬਾਈਬਲ ਵਿਚ ਇਹ ਨਾਮ ਕਿਸੇ ਵੀ ਖ਼ਿਤਾਬ ਨਾਲੋਂ ਕਿਤੇ ਜ਼ਿਆਦਾ ਵਾਰ ਆਉਂਦਾ ਹੈ, ਜਿਵੇਂ “ਰੱਬ” ਜਾਂ “ਸਰਬਸ਼ਕਤੀਮਾਨ”। ਨਾਲੇ ਯਹੋਵਾਹ ਦਾ ਨਾਮ ਹੋਰ ਕਿਸੇ ਵੀ ਨਾਮ ਨਾਲੋਂ ਕਿਤੇ ਜ਼ਿਆਦਾ ਵਾਰ ਆਉਂਦਾ ਹੈ, ਜਿਵੇਂ ਅਬਰਾਹਾਮ, ਮੂਸਾ ਜਾਂ ਦਾਊਦ।
ਕੁਝ ਲੋਕ ਮੰਨਦੇ ਹਨ ਕਿ ਆਦਰਮਈ ਤਰੀਕੇ ਨਾਲ ਵੀ ਰੱਬ ਦਾ ਨਾਮ ਲੈਣਾ ਸਹੀ ਨਹੀਂ ਹੈ। ਪਰ ਬਾਈਬਲ ਵਿਚ ਯਹੋਵਾਹ ਨੇ ਕਿਤੇ ਵੀ ਆਦਰ ਨਾਲ ਆਪਣਾ ਨਾਮ ਲੈਣ ਤੋਂ ਨਹੀਂ ਰੋਕਿਆ। ਇਸ ਦੀ ਬਜਾਇ, ਬਾਈਬਲ ਤੋਂ ਪਤਾ ਲੱਗਦਾ ਹੈ ਕਿ ਰੱਬ ਦੇ ਸੇਵਕ ਬਿਨਾਂ ਝਿਜਕੇ ਉਸ ਦਾ ਨਾਮ ਲੈਂਦੇ ਸਨ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਉਹ ਨਾਮ ਦਿੱਤੇ ਜਿਸ ਵਿਚ ਯਹੋਵਾਹ ਦਾ ਨਾਮ ਆਉਂਦਾ ਸੀ, ਜਿਵੇਂ ਏਲੀਯਾਹ, ਜਿਸ ਦਾ ਮਤਲਬ ਹੈ “ਮੇਰਾ ਰੱਬ ਯਹੋਵਾਹ ਹੈ” ਅਤੇ ਜ਼ਕਰਯਾਹ, ਜਿਸ ਦਾ ਮਤਲਬ ਹੈ “ਯਹੋਵਾਹ ਨੇ ਮੈਨੂੰ ਯਾਦ ਕੀਤਾ।” ਨਾਲੇ ਉਹ ਹਰ ਰੋਜ਼ ਇਕ-ਦੂਜੇ ਨਾਲ ਗੱਲਾਂ ਕਰਦਿਆਂ ਵੀ ਰੱਬ ਦਾ ਨਾਮ ਲੈਣ ਤੋਂ ਝਿਜਕਦੇ ਨਹੀਂ ਸਨ।—ਰੂਥ 2:4.
ਰੱਬ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਮ ਲਈਏ। ਸਾਨੂੰ ‘ਯਹੋਵਾਹ ਦਾ ਧੰਨਵਾਦ ਕਰਨ, ਉਹ ਦਾ ਨਾਮ ਲੈ ਕੇ ਪੁਕਾਰਨ’ ਦੀ ਹੱਲਾਸ਼ੇਰੀ ਦਿੱਤੀ ਗਈ ਹੈ। (ਜ਼ਬੂਰਾਂ ਦੀ ਪੋਥੀ 105:1) ਉਹ ਉਨ੍ਹਾਂ ਵੱਲ ਖ਼ਾਸ ਧਿਆਨ ਦਿੰਦਾ ਹੈ ਜੋ “ਉਸ ਦੇ ਨਾਮ ਦਾ ਵਿਚਾਰ” ਕਰਦੇ ਹਨ।—ਮਲਾਕੀ 3:16.
“ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!”—ਜ਼ਬੂਰਾਂ ਦੀ ਪੋਥੀ 83:18.
ਰੱਬ ਦੇ ਨਾਮ ਦਾ ਕੀ ਮਤਲਬ ਹੈ?
ਕੁਝ ਵਿਦਵਾਨ ਮੰਨਦੇ ਹਨ ਕਿ ਇਬਰਾਨੀ ਵਿਚ ਯਹੋਵਾਹ ਦੇ ਨਾਮ ਦਾ ਮਤਲਬ ਹੈ, “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ।” ਇਸ ਤੋਂ ਪਤਾ ਲੱਗਦਾ ਹੈ ਉਹ ਜੋ ਚਾਹੇ ਬਣ ਸਕਦਾ ਹੈ ਅਤੇ ਆਪਣਾ ਮਕਸਦ ਪੂਰਾ ਕਰਨ ਲਈ ਆਪਣੀ ਸ੍ਰਿਸ਼ਟੀ ਤੋਂ ਕੁਝ ਵੀ ਕਰਵਾ ਸਕਦਾ ਹੈ। ਸਿਰਫ਼ ਸਰਬਸ਼ਕਤੀਮਾਨ ਤੇ ਸਿਰਜਣਹਾਰ ਹੀ ਇਸ ਨਾਮ ’ਤੇ ਖਰਾ ਉੱਤਰ ਸਕਦਾ ਹੈ।
ਰੱਬ ਦਾ ਨਾਮ ਲੈ ਕੇ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?
ਰੱਬ ਦਾ ਨਾਮ ਜਾਣ ਕੇ ਉਸ ਬਾਰੇ ਤੁਹਾਡੀ ਸੋਚ ਬਦਲ ਜਾਵੇਗੀ। ਤੁਹਾਡੇ ਲਈ ਰੱਬ ਨਾਲ ਕਰੀਬੀ ਰਿਸ਼ਤਾ ਜੋੜਨਾ ਹੋਰ ਵੀ ਸੌਖਾ ਹੋ ਜਾਵੇਗਾ। ਤੁਸੀਂ ਉਸ ਵਿਅਕਤੀ ਨਾਲ ਕਰੀਬੀ ਰਿਸ਼ਤਾ ਕਿਵੇਂ ਜੋੜ ਸਕਦੇ ਹੋ ਜਿਸ ਦਾ ਤੁਹਾਨੂੰ ਨਾਮ ਹੀ ਨਹੀਂ ਪਤਾ? ਰੱਬ ਨੇ ਆਪਣਾ ਨਾਮ ਤੁਹਾਨੂੰ ਇਸ ਲਈ ਦੱਸਿਆ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਨੇੜੇ ਆਓ।—ਯਾਕੂਬ 4:8.
ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਹਮੇਸ਼ਾ ਆਪਣੇ ਨਾਮ ’ਤੇ ਖਰਾ ਉਤਰੇਗਾ ਕਿਉਂਕਿ ਉਹ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ। ਇਸੇ ਕਰਕੇ ਬਾਈਬਲ ਦੱਸਦੀ ਹੈ: “ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ।” (ਜ਼ਬੂਰਾਂ ਦੀ ਪੋਥੀ 9:10) ਜਿੱਦਾਂ-ਜਿੱਦਾਂ ਤੁਸੀਂ ਸਿੱਖੋਗੇ ਕਿ ਯਹੋਵਾਹ ਦਾ ਨਾਮ ਉਸ ਦੇ ਗੁਣਾਂ ਨਾਲ ਜੁੜਿਆ ਹੋਇਆ ਹੈ, ਜਿਵੇਂ ਪਿਆਰ, ਦਇਆ, ਤਰਸ ਅਤੇ ਨਿਆਂ, ਉੱਦਾਂ-ਉੱਦਾਂ ਉਸ ’ਤੇ ਤੁਹਾਡਾ ਭਰੋਸਾ ਵਧੇਗਾ। (ਕੂਚ 34:5-7) ਸਾਨੂੰ ਇਹ ਜਾਣ ਕੇ ਕਿੰਨੀ ਤਸੱਲੀ ਮਿਲਦੀ ਹੈ ਕਿ ਯਹੋਵਾਹ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ ਅਤੇ ਕਦੇ ਵੀ ਆਪਣੇ ਗੁਣਾਂ ਤੋਂ ਉਲਟ ਕੰਮ ਨਹੀਂ ਕਰਦਾ।
ਸਰਬਸ਼ਕਤੀਮਾਨ ਪਰਮੇਸ਼ੁਰ ਬਾਰੇ ਜਾਣਨਾ ਸਨਮਾਨ ਦੀ ਗੱਲ ਹੈ। ਇਸ ਨਾਲ ਤੁਹਾਨੂੰ ਹੁਣ ਅਤੇ ਆਉਣ ਵਾਲੇ ਸਮੇਂ ਵਿਚ ਬਰਕਤਾਂ ਮਿਲ ਸਕਦੀਆਂ ਹਨ। ਰੱਬ ਵਾਅਦਾ ਕਰਦਾ ਹੈ: “ਉਸ ਨੇ ਮੇਰੇ ਨਾਂ ਨੂੰ ਜਾਣਿਆ ਹੈ, ਇਸ ਲਈ ਮੈਂ ਉਸ ਦੀ ਰਖਿਆ ਕਰਾਂਗਾ।”—ਭਜਨ 91:14, CL.
“ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ।”—ਯੋਏਲ 2:32.
^ ਪੈਰਾ 9 ਬਾਈਬਲ ਦੇ ਬਹੁਤ ਸਾਰੇ ਅਨੁਵਾਦਾਂ ਵਿੱਚੋਂ ਰੱਬ ਦਾ ਨਾਮ ਕੱਢ ਕੇ ਉਸ ਦੀ ਥਾਂ “ਪ੍ਰਭੂ” ਪਾ ਦਿੱਤਾ ਗਿਆ ਹੈ। ਜਦ ਕਿ ਕੁਝ ਹੋਰ ਅਨੁਵਾਦਾਂ ਵਿਚ ਖ਼ਾਸ ਆਇਤਾਂ ਜਾਂ ਫੁਟਨੋਟਾਂ ਵਿਚ ਰੱਬ ਦਾ ਨਾਮ ਪਾਇਆ ਗਿਆ ਹੈ। ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਵਿਚ ਉਨ੍ਹਾਂ ਥਾਵਾਂ ’ਤੇ ਰੱਬ ਦਾ ਨਾਮ ਪਾਇਆ ਗਿਆ ਹੈ ਜਿਨ੍ਹਾਂ ਥਾਵਾਂ ’ਤੇ ਪੁਰਾਣੀਆਂ ਹੱਥ-ਲਿਖਤਾਂ ਵਿਚ ਇਹ ਨਾਮ ਸੀ।