Skip to content

Skip to table of contents

ਪਰਿਵਾਰ ਦੀ ਮਦਦ ਲਈ | ਮਾਪੇ

ਬੱਚਿਆਂ ਨੂੰ ਨਿਮਰ ਬਣਨਾ ਸਿਖਾਓ

ਬੱਚਿਆਂ ਨੂੰ ਨਿਮਰ ਬਣਨਾ ਸਿਖਾਓ

ਚੁਣੌਤੀ

  • ਤੁਹਾਡੇ ਮੁੰਡੇ ਨੂੰ ਲੱਗਦਾ ਹੈ ਕਿ ਉਸ ਤੋਂ ਵਧੀਆ ਤਾਂ ਕੋਈ ਹੋਰ ਹੈ ਹੀ ਨਹੀਂ। ਉਹ ਤਾਂ ਅਜੇ ਸਿਰਫ਼ ਦਸਾਂ ਸਾਲਾਂ ਦਾ ਹੀ ਹੈ।

  • ਉਹ ਚਾਹੁੰਦਾ ਹੈ ਕਿ ਸਾਰੇ ਜਣੇ ਉਸ ਦੇ ਅੱਗੇ-ਪਿੱਛੇ ਘੁੰਮਣ।

ਤੁਸੀਂ ਸ਼ਾਇਦ ਸੋਚੋ: ‘ਉਹ ਇੱਦਾਂ ਦਾ ਕਿਉਂ ਹੋ ਗਿਆ? ਮੈਂ ਚਾਹੁੰਦੀ ਸੀ ਕਿ ਉਹ ਆਪਣੇ ਬਾਰੇ ਚੰਗਾ ਸੋਚੇ, ਪਰ ਇਹ ਨਹੀਂ ਕਿ ਦੂਜੇ ਉਸ ਦੇ ਸਾਮ੍ਹਣੇ ਕੁਝ ਵੀ ਨਹੀਂ ਹਨ!’

ਕੀ ਤੁਸੀਂ ਆਪਣੇ ਬੱਚੇ ਨੂੰ ਨੀਵਾਂ ਮਹਿਸੂਸ ਕਰਵਾਏ ਬਿਨਾਂ ਉਸ ਨੂੰ ਨਿਮਰ ਬਣਨਾ ਸਿਖਾ ਸਕਦੇ ਹੋ?

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ?

ਹਾਲ ਹੀ ਦੇ ਦਹਾਕਿਆਂ ਵਿਚ ਮਾਪਿਆਂ ਨੂੰ ਹੱਲਾਸ਼ੇਰੀ ਦਿੱਤੀ ਗਈ ਸੀ ਕਿ ਉਹ ਆਪਣੇ ਬੱਚਿਆਂ ਦੀਆਂ ਸਾਰੀਆਂ ਖ਼ਾਹਸ਼ਾਂ ਪੂਰੀਆਂ ਕਰਨ; ਉਨ੍ਹਾਂ ਦੀ ਦਿਲ ਖੋਲ੍ਹ ਕੇ ਤਾਰੀਫ਼ ਕਰਨ ਭਾਵੇਂ ਉਨ੍ਹਾਂ ਨੇ ਇਸ ਦੇ ਲਾਇਕ ਕੋਈ ਕੰਮ ਨਾ ਵੀ ਕੀਤਾ ਹੋਵੇ ਅਤੇ ਉਨ੍ਹਾਂ ਨੂੰ ਨਾ ਤਾਂ ਝਿੜਕਣ ਤੇ ਨਾ ਹੀ ਸੁਧਾਰਨ। ਇਹ ਹੱਲਾਸ਼ੇਰੀ ਇਸ ਕਰਕੇ ਦਿੱਤੀ ਗਈ ਸੀ ਤਾਂਕਿ ਬੱਚਿਆਂ ਨੂੰ ਖ਼ਾਸ ਮਹਿਸੂਸ ਕਰਵਾਇਆ ਜਾਵੇ ਜਿਸ ਕਰਕੇ ਉਨ੍ਹਾਂ ਦਾ ਆਪਣੇ ਆਪ ’ਤੇ ਭਰੋਸਾ ਵਧੇ। ਪਰ ਇਸ ਦਾ ਕੀ ਨਤੀਜਾ ਨਿਕਲਿਆ? ਇਕ ਕਿਤਾਬ ਦੱਸਦੀ ਹੈ: “ਇਸ ਕਰਕੇ ਬੱਚੇ ਖ਼ੁਸ਼ ਰਹਿਣ ਤੇ ਸਮਝਦਾਰ ਬਣਨ ਦੀ ਬਜਾਇ ਇੰਨੇ ਘਮੰਡੀ ਬਣ ਗਏ ਹਨ ਕਿ ਉਹ ਕਿਸੇ ਹੋਰ ਨੂੰ ਕੁਝ ਸਮਝਦੇ ਹੀ ਨਹੀਂ।”

ਬਹੁਤ ਸਾਰੇ ਬੱਚਿਆਂ ਦੀ ਪਰਵਰਿਸ਼ ਇੱਦਾਂ ਦੇ ਮਾਹੌਲ ਵਿਚ ਹੋਈ ਹੈ ਜਿੱਥੇ ਬਿਨਾਂ ਵਜ੍ਹਾ ਬੱਚਿਆਂ ਦੀ ਤਾਰੀਫ਼ ਕੀਤੀ ਜਾਂਦੀ ਹੈ। ਇਸ ਕਰਕੇ ਉਹ ਆਉਣ ਵਾਲੀਆਂ ਮੁਸ਼ਕਲਾਂ ਅਤੇ ਜ਼ਿੰਦਗੀ ਵਿਚ ਮਿਲਣ ਵਾਲੀ ਨਾਕਾਮਯਾਬੀ ਦਾ ਸਾਮ੍ਹਣਾ ਕਰਨ ਲਈ ਤਿਆਰ ਨਹੀਂ ਹੁੰਦੇ। ਨਾਲੇ ਉਹ ਨੁਕਤਾਚੀਨੀ ਵੀ ਨਹੀਂ ਸਹਿ ਪਾਉਂਦੇ। ਉਨ੍ਹਾਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਸਿਰਫ਼ ਆਪਣੀਆਂ ਹੀ ਖ਼ਾਹਸ਼ਾਂ ਪੂਰੀਆਂ ਕਰਨ। ਇਸ ਕਰਕੇ ਵੱਡੇ ਹੋ ਕੇ ਉਨ੍ਹਾਂ ਲਈ ਅਜਿਹੇ ਦੋਸਤ ਬਣਾਉਣੇ ਔਖੇ ਹੁੰਦੇ ਹਨ ਜੋ ਜ਼ਿੰਦਗੀ ਭਰ ਉਨ੍ਹਾਂ ਦਾ ਸਾਥ ਦੇਣ। ਨਤੀਜੇ ਵਜੋਂ, ਇਨ੍ਹਾਂ ਵਿੱਚੋਂ ਬਹੁਤ ਸਾਰੇ ਚਿੰਤਾ ਅਤੇ ਨਿਰਾਸ਼ਾ ਵਿਚ ਡੁੱਬ ਜਾਂਦੇ ਹਨ।

ਬੱਚੇ ਆਪਣੇ ਬਾਰੇ ਚੰਗਾ ਉਦੋਂ ਸੋਚਦੇ ਹਨ, ਜਦੋਂ ਉਨ੍ਹਾਂ ਦੀ ਵਧੀਆ ਕੰਮ ਕਰਨ ’ਤੇ ਤਾਰੀਫ਼ ਕੀਤੀ ਜਾਂਦੀ ਹੈ, ਨਾ ਕਿ ਬਿਨਾਂ ਵਜ੍ਹਾ। ਇਸ ਲਈ ਸਿਰਫ਼ ਆਪਣੇ ਆਪ ’ਤੇ ਹੀ ਭਰੋਸਾ ਰੱਖਣਾ ਕਾਫ਼ੀ ਨਹੀਂ ਹੈ। ਉਨ੍ਹਾਂ ਨੂੰ ਹੁਨਰ ਸਿੱਖਣ, ਅਭਿਆਸ ਕਰਨ ਅਤੇ ਇਸ ਵਿਚ ਸੁਧਾਰ ਕਰਦੇ ਰਹਿਣ ਦੀ ਲੋੜ ਹੈ। (ਕਹਾਉਤਾਂ 22:29) ਉਨ੍ਹਾਂ ਨੂੰ ਦੂਜਿਆਂ ਦੀਆਂ ਲੋੜਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। (1 ਕੁਰਿੰਥੀਆਂ 10:24) ਇੱਦਾਂ ਕਰਨ ਲਈ ਨਿਮਰ ਬਣਨ ਦੀ ਲੋੜ ਹੈ।

ਤੁਸੀਂ ਕੀ ਕਰ ਸਕਦੇ ਹੋ?

ਸੱਚੀ ਤਾਰੀਫ਼ ਕਰੋ। ਜੇ ਤੁਹਾਡੀ ਧੀ ਦੇ ਸਕੂਲ ਵਿਚ ਚੰਗੇ ਨੰਬਰ ਆਉਂਦੇ ਹਨ, ਤਾਂ ਉਸ ਦੀ ਤਾਰੀਫ਼ ਕਰੋ। ਜੇ ਉਸ ਦੇ ਘੱਟ ਨੰਬਰ ਆਉਂਦੇ ਹਨ, ਤਾਂ ਇਸ ਦਾ ਦੋਸ਼ ਸਿਰਫ਼ ਅਧਿਆਪਕ ਦੇ ਮੱਥੇ ਨਾ ਮੜ੍ਹੋ। ਇਸ ਤਰ੍ਹਾਂ ਤੁਹਾਡੀ ਧੀ ਨਿਮਰਤਾ ਦਾ ਸਬਕ ਸਿੱਖ ਸਕੇਗੀ। ਉਸ ਨੂੰ ਦੱਸੋ ਕਿ ਉਹ ਅਗਲੀ ਵਾਰ ਕਿਵੇਂ ਵਧੀਆ ਨੰਬਰ ਲਿਆ ਸਕਦੀ ਹੈ। ਅਗਲੀ ਵਾਰ ਚੰਗੇ ਨੰਬਰ ਆਉਣ ’ਤੇ ਉਸ ਦੀ ਤਾਰੀਫ਼ ਕਰੋ।

ਲੋੜ ਪੈਣ ’ਤੇ ਸੁਧਾਰੋ। ਇਸ ਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਆਪਣੇ ਬੱਚੇ ਦੀ ਹਰ ਛੋਟੀ ਤੋਂ ਛੋਟੀ ਗ਼ਲਤੀ ’ਤੇ ਉਸ ਨੂੰ ਝਿੜਕਣ ਦੀ ਲੋੜ ਹੈ। (ਕੁਲੁੱਸੀਆਂ 3:21) ਗੰਭੀਰ ਗ਼ਲਤੀਆਂ ’ਤੇ ਤਾੜਨਾ ਜ਼ਰੂਰ ਦੇਣੀ ਚਾਹੀਦੀ ਹੈ। ਗ਼ਲਤ ਰਵੱਈਆ ਦਿਖਾਉਣ ’ਤੇ ਵੀ ਤਾੜਨਾ ਦਿੱਤੀ ਜਾਣੀ ਚਾਹੀਦੀ ਹੈ। ਜੇ ਬੱਚਿਆਂ ਨੂੰ ਤਾੜਨਾ ਨਹੀਂ ਦਿੱਤੀ ਜਾਵੇਗੀ, ਤਾਂ ਉਨ੍ਹਾਂ ਦੀਆਂ ਆਦਤਾਂ ਹੋਰ ਵਿਗੜ ਜਾਣਗੀਆਂ।

ਮੰਨ ਲਓ, ਤੁਹਾਡੇ ਮੁੰਡੇ ਨੂੰ ਸ਼ੇਖ਼ੀਆਂ ਮਾਰਨ ਦੀ ਆਦਤ ਹੈ। ਜੇ ਉਸ ਨੂੰ ਸੁਧਾਰਿਆ ਨਹੀਂ ਗਿਆ, ਤਾਂ ਉਹ ਕਿਸੇ ਨੂੰ ਵੀ ਕੁਝ ਨਹੀਂ ਸਮਝੇਗਾ ਅਤੇ ਉਸ ਦੀ ਕਿਸੇ ਨਾਲ ਵੀ ਨਹੀਂ ਬਣੇਗੀ। ਇਸ ਲਈ ਆਪਣੇ ਬੱਚੇ ਨੂੰ ਸਮਝਾਓ ਕਿ ਸ਼ੇਖ਼ੀਆਂ ਮਾਰਨ ਕਰਕੇ ਉਸ ਨੂੰ ਕੋਈ ਪਸੰਦ ਨਹੀਂ ਕਰੇਗਾ ਅਤੇ ਉਸ ਨੂੰ ਸ਼ਰਮਿੰਦਾ ਹੋਣਾ ਪਵੇਗਾ। (ਕਹਾਉਤਾਂ 27:2) ਉਸ ਨੂੰ ਇਹ ਵੀ ਸਮਝਾਓ ਕਿ ਜਿਹੜਾ ਵਿਅਕਤੀ ਆਪਣੇ ਬਾਰੇ ਸਹੀ ਨਜ਼ਰੀਆ ਰੱਖਦਾ ਹੈ, ਉਸ ਨੂੰ ਆਪਣੀਆਂ ਕਾਬਲੀਅਤਾਂ ਦਾ ਦੂਜਿਆਂ ਸਾਮ੍ਹਣੇ ਢੰਡੋਰਾ ਪਿੱਟਣ ਦੀ ਲੋੜ ਨਹੀਂ ਹੁੰਦੀ। ਇਸ ਤਰ੍ਹਾਂ ਪਿਆਰ ਨਾਲ ਤਾੜਨਾ ਦੇਣ ਕਰਕੇ ਬੱਚੇ ਨੂੰ ਨੀਵਾਂ ਮਹਿਸੂਸ ਕਰਵਾਏ ਬਿਨਾਂ ਨਿਮਰਤਾ ਦਾ ਸਬਕ ਸਿਖਾਇਆ ਜਾ ਸਕਦਾ ਹੈ।​—ਬਾਈਬਲ ਦਾ ਅਸੂਲ: ਮੱਤੀ 23:12.

ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਲਈ ਤਿਆਰ ਕਰੋ। ਬੱਚੇ ਦੀ ਹਰ ਇੱਛਾ ਪੂਰੀ ਕਰਨ ਕਰਕੇ ਉਹ ਭੂਹੇ ਚੜ੍ਹ ਸਕਦਾ ਹੈ। ਮਿਸਾਲ ਲਈ, ਜੇ ਤੁਹਾਡਾ ਬੱਚਾ ਉਹ ਚੀਜ਼ ਮੰਗਦਾ ਹੈ ਜਿਸ ਨੂੰ ਤੁਸੀਂ ਖ਼ਰੀਦ ਨਹੀਂ ਸਕਦੇ, ਤਾਂ ਉਸ ਨੂੰ ਸਿਖਾਓ ਕਿ ਥੋੜ੍ਹੇ ਪੈਸਿਆਂ ਨਾਲ ਗੁਜ਼ਾਰਾ ਕਿਵੇਂ ਚਲਾਇਆ ਜਾ ਸਕਦਾ ਹੈ। ਜੇ ਤੁਸੀਂ ਛੁੱਟੀਆਂ ਦੀ ਯੋਜਨਾ ਬਣਾਉਣ ਤੋਂ ਬਾਅਦ ਕਿਸੇ ਕਾਰਨ ਨਹੀਂ ਜਾ ਪਾਉਂਦੇ, ਤਾਂ ਤੁਸੀਂ ਆਪਣੇ ਬੱਚੇ ਨੂੰ ਸਮਝਾ ਸਕਦੇ ਹੋ ਕਿ ਇਸ ਤਰ੍ਹਾਂ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਨਾਲੇ ਉਸ ਨੂੰ ਇਹ ਵੀ ਦੱਸੋ ਕਿ ਤੁਸੀਂ ਇੱਦਾਂ ਹੋਣ ’ਤੇ ਕੀ ਕਰਦੇ ਹੋ। ਆਪਣੇ ਬੱਚਿਆਂ ਨੂੰ ਹਰ ਮੁਸ਼ਕਲ ਤੋਂ ਬਚਾਉਣ ਦੀ ਬਜਾਇ ਕਿਉਂ ਨਾ ਉਨ੍ਹਾਂ ਨੂੰ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਕਰੋ?​—ਬਾਈਬਲ ਦਾ ਅਸੂਲ: ਕਹਾਉਤਾਂ 29:21.

ਖੁੱਲ੍ਹੇ ਦਿਲ ਵਾਲੇ ਬਣਨਾ ਸਿਖਾਓ। ਆਪਣੀ ਮਿਸਾਲ ਰਾਹੀਂ ਆਪਣੇ ਬੱਚੇ ਨੂੰ ਸਿਖਾਓ ਕਿ “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂਲਾਂ ਦੇ ਕੰਮ 20:35) ਕਿਵੇਂ? ਇਕੱਠੇ ਮਿਲ ਕੇ ਤੁਸੀਂ ਉਨ੍ਹਾਂ ਵਿਅਕਤੀਆਂ ਦੇ ਨਾਂ ਲਿਖ ਸਕਦੇ ਹੋ ਜਿਨ੍ਹਾਂ ਨੂੰ ਖ਼ਰੀਦਾਰੀ, ਆਉਣ-ਜਾਣ ਲਈ ਗੱਡੀ ਜਾਂ ਮੁਰੰਮਤ ਦੇ ਕਿਸੇ ਕੰਮ ਵਿਚ ਮਦਦ ਦੀ ਲੋੜ ਹੈ। ਜਦੋਂ ਤੁਸੀਂ ਇਨ੍ਹਾਂ ਵਿਅਕਤੀਆਂ ਦੀ ਮਦਦ ਕਰਦੇ ਹੋ, ਤਾਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾਓ। ਤੁਹਾਡੇ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਦੂਜਿਆਂ ਦੀ ਮਦਦ ਕਰ ਕੇ ਤੁਹਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ। ਆਪਣੀ ਮਿਸਾਲ ਰਾਹੀਂ ਆਪਣੇ ਬੱਚਿਆਂ ਨੂੰ ਨਿਮਰ ਬਣਨਾ ਸਿਖਾਓ। ਇਹ ਸਿਖਾਉਣ ਦਾ ਸਭ ਤੋਂ ਜ਼ਬਰਦਸਤ ਤਰੀਕਾ ਹੈ।​—ਬਾਈਬਲ ਦਾ ਅਸੂਲ: ਲੂਕਾ 6:38.