ਕਮਾਲ ਦਾ ਤੱਤ
ਇਕ ਕਿਤਾਬ ਕਹਿੰਦੀ ਹੈ: “ਜ਼ਿੰਦਗੀ ਲਈ ਕਾਰਬਨ ਨਾਲੋਂ ਹੋਰ ਕੋਈ ਵੀ ਜ਼ਰੂਰੀ ਤੱਤ ਨਹੀਂ ਹੈ।” ਕਾਰਬਨ ਦੀਆਂ ਅਨੋਖੀਆਂ ਖ਼ਾਸੀਅਤਾਂ ਕਰਕੇ ਇਹ ਆਪਣੇ ਆਪ ਨਾਲ ਅਤੇ ਕਈ ਹੋਰ ਰਸਾਇਣਕ ਤੱਤਾਂ ਨਾਲ ਜੁੜ ਕੇ ਲੱਖਾਂ ਹੀ ਯੌਗਿਕ (compounds) ਬਣਾਉਂਦਾ ਹੈ। ਇੱਦਾਂ ਦੇ ਕਈ ਹੋਰ ਨਵੇਂ-ਨਵੇਂ ਯੌਗਿਕਾਂ ਦਾ ਪਤਾ ਲੱਗ ਰਿਹਾ ਹੈ ਜਾਂ ਇਨ੍ਹਾਂ ਨੂੰ ਬਣਾਇਆ ਜਾ ਰਿਹਾ ਹੈ।
ਥੱਲੇ ਦੱਸੀਆਂ ਮਿਸਾਲਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਕਾਰਬਨ ਦੇ ਐਟਮ ਜੁੜ ਕੇ ਵੱਖੋ-ਵੱਖਰੇ ਆਕਾਰ ਬਣਾ ਸਕਦੇ ਹਨ ਜਿਵੇਂ ਲੜੀਆਂ, ਪਿਰਾਮਿਡ, ਛੱਲੇ, ਪਰਤਾਂ ਅਤੇ ਟਿਊਬਾਂ। ਕਾਰਬਨ ਵਾਕਈ ਕਮਾਲ ਦਾ ਤੱਤ ਹੈ! ▪ (g16-E No. 5)
ਹੀਰਾ
ਕਾਰਬਨ ਦੇ ਐਟਮ ਪਿਰਾਮਿਡ ਬਣਾਉਂਦੇ ਹਨ ਜਿਨ੍ਹਾਂ ਨੂੰ ਟੈਟਰਾਹੀਡਰੋਨ ਕਹਿੰਦੇ ਹਨ। ਇਨ੍ਹਾਂ ਠੋਸ ਪਿਰਾਮਿਡਾਂ ਦੇ ਬਣਨ ਨਾਲ ਹੀਰਾ ਬਹੁਤ ਜ਼ਿਆਦਾ ਸਖ਼ਤ ਬਣ ਜਾਂਦਾ ਹੈ। ਹੋਰ ਕੋਈ ਵੀ ਕੁਦਰਤੀ ਤੱਤ ਇੰਨਾ ਸਖ਼ਤ ਨਹੀਂ ਹੁੰਦਾ। ਹੀਰਾ ਕਾਰਬਨ ਦੇ ਐਟਮਾਂ ਦਾ ਇਕ ਅਣੂ ਹੁੰਦਾ ਹੈ।
ਗ੍ਰੈਫਾਈਟ
ਆਪਸ ਵਿਚ ਘੁੱਟ ਕੇ ਜੁੜੇ ਹੋਏ ਕਾਰਬਨ ਦੇ ਐਟਮਾਂ ਦੀਆਂ ਢਿੱਲੀਆਂ ਪਰਤਾਂ ਹੁੰਦੀਆਂ ਹਨ ਜੋ ਇਕ-ਦੂਜੇ ਤੋਂ ਇਸ ਤਰ੍ਹਾਂ ਅਲੱਗ ਹੋ ਸਕਦੀਆਂ ਹਨ ਜਿਵੇਂ ਤਹਿ ਲਾ ਕੇ ਰੱਖੇ ਹੋਏ ਕਾਗਜ਼। ਇਨ੍ਹਾਂ ਖ਼ਾਸੀਅਤਾਂ ਕਰਕੇ ਗ੍ਰੈਫਾਈਟ ਗ੍ਰੀਸ (lubricant) ਵਾਂਗ ਕੰਮ ਕਰਦਾ ਹੈ ਅਤੇ ਪੈਂਸਿਲਾਂ ਦੇ ਸਿੱਕੇ ਵਿਚ ਪਾਇਆ ਜਾਂਦਾ ਮੁੱਖ ਤੱਤ ਹੈ।
ਗ੍ਰਾਫੀਨ
ਇਹ ਕਾਰਬਨ ਦੇ ਐਟਮਾਂ ਦੀ ਇੱਕੋ ਪਰਤ ਹੁੰਦੀ ਹੈ ਜਿਸ ਵਿਚ ਐਟਮਾਂ ਦੇ ਛੇਕੋਣੇ ਆਕਾਰ ਵਾਲੇ ਖ਼ਾਨਿਆਂ ਦੀ ਜਾਲ਼ੀ ਜਿਹੀ ਬਣੀ ਹੁੰਦੀ ਹੈ। ਗ੍ਰਾਫੀਨ ਸਟੀਲ ਤੋਂ ਕਈ ਗੁਣਾ ਜ਼ਿਆਦਾ ਮਜ਼ਬੂਤ ਹੁੰਦਾ ਹੈ। ਪੈਂਸਿਲ ਦੀ ਇਕ ਲਕੀਰ ਵਿਚ ਗ੍ਰਾਫੀਨ ਦੀ ਥੋੜ੍ਹੀ ਜਿਹੀ ਮਾਤਰਾ ਦੀ ਇਕ ਪਰਤ ਜਾਂ ਕਈ ਪਰਤਾਂ ਹੁੰਦੀਆਂ ਹਨ।
ਫੂਲੇਰੀਨ
ਕਾਰਬਨ ਦੇ ਇਹ ਖੋਖਲੇ ਅਣੂ ਕਈ ਆਕਾਰਾਂ ਵਿਚ ਹੁੰਦੇ ਹਨ ਜਿਵੇਂ ਕਿ ਬਾਰੀਕ-ਬਾਰੀਕ ਗੋਲੇ ਅਤੇ ਟਿਊਬਾਂ ਜਿਨ੍ਹਾਂ ਨੂੰ ਨੈਨੋਟਿਊਬਾਂ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਨੈਨੋਮੀਟਰਾਂ (ਇਕ ਮੀਟਰ ਦਾ ਅਰਬਵਾਂ ਹਿੱਸਾ) ਵਿਚ ਮਾਪਿਆ ਜਾਂਦਾ ਹੈ।
ਜੀਵ-ਜੰਤੂ
ਜਿਨ੍ਹਾਂ ਸੈੱਲਾਂ ਤੋਂ ਪੇੜ-ਪੌਦੇ, ਜਾਨਵਰ ਅਤੇ ਇਨਸਾਨ ਬਣੇ ਹੋਏ ਹਨ, ਉਨ੍ਹਾਂ ਸੈੱਲਾਂ ਦੀ ਬਣਤਰ ਕਾਰਬਨ ਤੋਂ ਬਗੈਰ ਨਹੀਂ ਹੋ ਸਕਦੀ ਜੋ ਕਾਰਬੋਹਾਈਡ੍ਰੇਟਸ, ਚਰਬੀ ਅਤੇ ਅਮੀਨੋ ਐਸਿਡ ਵਿਚ ਮਿਲਦਾ ਹੈ।
“[ਰੱਬ] ਦੇ ਗੁਣ . . . ਉਸ ਦੀਆਂ ਬਣਾਈਆਂ ਚੀਜ਼ਾਂ ਤੋਂ . . . ਦੇਖੇ ਜਾ ਸਕਦੇ ਹਨ।”