ਪਰਿਵਾਰ ਦੀ ਮਦਦ ਲਈ | ਨੌਜਵਾਨ
ਬਦਲਦੇ ਹਾਲਾਤਾਂ ਅਨੁਸਾਰ ਕਿਵੇਂ ਢਲ਼ੀਏ
ਚੁਣੌਤੀ
-
ਤੁਹਾਡੇ ਪਿਤਾ ਜੀ ਦੀ ਨੌਕਰੀ ਕਰਕੇ ਤੁਹਾਡੇ ਪਰਿਵਾਰ ਨੂੰ ਦੂਜੀ ਜਗ੍ਹਾ ਜਾਣਾ ਪੈ ਰਿਹਾ ਹੈ।
-
ਤੁਹਾਡਾ ਪੱਕਾ ਦੋਸਤ ਤੁਹਾਡੇ ਤੋਂ ਕਿਤੇ ਦੂਰ ਜਾ ਰਿਹਾ ਹੈ।
-
ਤੁਹਾਡੇ ਵੱਡੇ ਭਰਾ ਜਾਂ ਭੈਣ ਦਾ ਵਿਆਹ ਹੋਣ ਕਰਕੇ ਉਸ ਨੂੰ ਘਰ ਛੱਡਣਾ ਪੈ ਰਿਹਾ ਹੈ।
ਤੁਸੀਂ ਇਨ੍ਹਾਂ ਬਦਲਦੇ ਹਾਲਾਤਾਂ ਅਨੁਸਾਰ ਕਿਵੇਂ ਢਲ਼ ਸਕਦੇ ਹੋ?
ਜਿਹੜਾ ਦਰਖ਼ਤ ਹਵਾ ਦੇ ਰੁਖ ਮੁਤਾਬਕ ਝੁਕ ਜਾਂਦਾ ਹੈ, ਉਹ ਤੂਫ਼ਾਨ ਵੇਲੇ ਬਚਿਆ ਰਹਿੰਦਾ ਹੈ। ਉਸ ਦਰਖ਼ਤ ਵਾਂਗ ਤੁਸੀਂ ਵੀ ਬਦਲਦੇ ਹਾਲਾਤਾਂ ਮੁਤਾਬਕ ਢਲ਼ਣਾ ਸਿੱਖ ਸਕਦੇ ਹੋ ਜਿਨ੍ਹਾਂ ’ਤੇ ਤੁਹਾਡਾ ਜ਼ੋਰ ਨਹੀਂ ਚੱਲਦਾ। ਇਹ ਜਾਣਨ ਤੋਂ ਪਹਿਲਾਂ ਕਿ ਤੁਸੀਂ ਕਿਵੇਂ ਢਲ਼ ਸਕਦੇ ਹੋ, ਉਨ੍ਹਾਂ ਗੱਲਾਂ ਵੱਲ ਧਿਆਨ ਦਿਓ ਜੋ ਤੁਹਾਨੂੰ ਬਦਲਦੇ ਹਾਲਾਤਾਂ ਬਾਰੇ ਪਤਾ ਹੋਣੀਆਂ ਚਾਹੀਦੀਆਂ ਹਨ।
ਤੁਹਾਨੂੰ ਕੀ ਪਤਾ ਹੋਣਾ ਚਾਹੀਦਾ
ਹਾਲਾਤਾਂ ’ਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਬਾਈਬਲ ਇਨਸਾਨਾਂ ਬਾਰੇ ਇਕ ਸੱਚਾਈ ਦੱਸਦੀ ਹੈ: “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, CL) ਅੱਜ ਨਹੀਂ ਤਾਂ ਕੱਲ੍ਹ ਤੁਹਾਨੂੰ ਇਸ ਸੱਚਾਈ ਦਾ ਸਾਮ੍ਹਣਾ ਕਰਨਾ ਹੀ ਪਵੇਗਾ। ਬਿਨਾਂ ਸ਼ੱਕ, ਅਚਾਨਕ ਹੋਣ ਵਾਲੇ ਸਾਰੇ ਬਦਲਾਅ ਬੁਰੇ ਨਹੀਂ ਹੁੰਦੇ। ਪਹਿਲਾਂ-ਪਹਿਲਾਂ ਕੁਝ ਬਦਲਾਅ ਸ਼ਾਇਦ ਬੁਰੇ ਲੱਗਣ, ਪਰ ਬਾਅਦ ਵਿਚ ਸ਼ਾਇਦ ਸਾਨੂੰ ਉਨ੍ਹਾਂ ਦਾ ਫ਼ਾਇਦਾ ਹੋਵੇ। ਪਰ ਜ਼ਿਆਦਾਤਰ ਲੋਕ ਆਪਣੀ ਰੁਟੀਨ ਅਨੁਸਾਰ ਕੰਮ ਕਰ ਕੇ ਖ਼ੁਸ਼ ਰਹਿੰਦੇ ਹਨ, ਪਰ ਜਦੋਂ ਤਬਦੀਲੀ ਆਉਂਦੀ ਹੈ
ਤਬਦੀਲੀਆਂ ਖ਼ਾਸਕਰ ਅੱਲ੍ਹੜ ਉਮਰ ਦੇ ਬੱਚਿਆਂ ਲਈ ਚਿੰਤਾ ਦਾ ਵਿਸ਼ਾ। ਕਿਉਂ? ਅਮਰ * ਨਾਂ ਦਾ ਨੌਜਵਾਨ ਕਹਿੰਦਾ ਹੈ: “ਤੁਹਾਡੇ ਅੰਦਰ ਪਹਿਲਾਂ ਹੀ ਬਹੁਤ ਸਾਰੀਆਂ ਤਬਦੀਲੀਆਂ ਹੋ ਰਹੀਆਂ ਹੁੰਦੀਆਂ ਹਨ। ਬਾਹਰਲੀਆਂ ਤਬਦੀਲੀਆਂ ਤੁਹਾਡੀ ਚਿੰਤਾ ਨੂੰ ਹੋਰ ਵਧਾ ਦਿੰਦੀਆਂ ਹਨ।”
ਇਕ ਹੋਰ ਕਾਰਨ: ਜਦੋਂ ਵੱਡਿਆਂ ਦਾ ਕੋਈ ਹਾਲਾਤ ਬਦਲਦਾ ਹੈ, ਤਾਂ ਉਹ ਆਪਣੇ ਤਜਰਬਿਆਂ ਤੋਂ ਦੇਖ ਸਕਦੇ ਹਨ ਕਿ ਉਨ੍ਹਾਂ ਨੇ ਪਹਿਲਾਂ ਕਿੱਦਾਂ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਮ੍ਹਣਾ ਕੀਤਾ ਸੀ। ਪਰ ਨੌਜਵਾਨਾਂ ਕੋਲ ਇੱਦਾਂ ਦਾ ਘੱਟ ਤਜਰਬਾ ਹੁੰਦਾ ਹੈ।
ਤੁਸੀਂ ਹਾਲਾਤਾਂ ਮੁਤਾਬਕ ਢਲ਼ਣਾ ਸਿੱਖ ਸਕਦੇ ਹੋ। ਹਿੰਮਤ ਨਾ ਹਾਰਨ ਵਾਲਾ ਇਨਸਾਨ ਆਪਣੀ ਮਾੜੀ ਹਾਲਤ ਵਿੱਚੋਂ ਉੱਭਰ ਆਉਂਦਾ ਹੈ ਜਾਂ ਹਾਲਾਤਾਂ ਮੁਤਾਬਕ ਢਲ਼ ਜਾਂਦਾ ਹੈ। ਇੱਦਾਂ ਦਾ ਇਨਸਾਨ ਨਵੇਂ ਪੈਦਾ ਹੋਏ ਹਾਲਾਤ ਨਾਲ ਨਾ ਸਿਰਫ਼ ਜੂਝਦਾ ਹੈ, ਸਗੋਂ ਇਹ ਵੀ ਦੇਖਦਾ ਹੈ ਕਿ ਇਸ ਮੁਸ਼ਕਲ ਹਾਲਾਤ ਤੋਂ ਉਸ ਨੂੰ ਫ਼ਾਇਦਾ ਕੀ ਹੋ ਸਕਦਾ ਹੈ। ਹਿੰਮਤ ਨਾ ਹਾਰਨ ਵਾਲੇ ਅੱਲ੍ਹੜ ਉਮਰ ਦੇ ਬੱਚੇ ਪਰੇਸ਼ਾਨ ਹੋਣ ਤੇ ਨਸ਼ਿਆਂ ਜਾਂ ਸ਼ਰਾਬ ਦਾ ਸਹਾਰਾ ਨਹੀਂ ਲੈਂਦੇ।
ਤੁਸੀਂ ਕੀ ਕਰ ਸਕਦੇ ਹੋ?
ਅਸਲੀਅਤ ਨੂੰ ਸਵੀਕਾਰੋ। ਬਿਨਾਂ ਸ਼ੱਕ ਤੁਸੀਂ ਜ਼ਿੰਦਗੀ ਆਪਣੇ ਮੁਤਾਬਕ ਚਲਾਉਣੀ ਚਾਹੁੰਦੇ ਹੋ, ਪਰ ਇਹ ਮੁਮਕਿਨ ਨਹੀਂ ਹੈ। ਤੁਹਾਡੇ ਦੋਸਤ ਦੂਰ ਚਲੇ ਜਾਂਦੇ ਹਨ ਜਾਂ ਵਿਆਹ ਕਰਾ ਲੈਂਦੇ ਹਨ; ਭੈਣ-ਭਰਾ ਵੱਡੇ ਹੋ ਕੇ ਘਰੋਂ ਚਲੇ ਜਾਂਦੇ ਹਨ; ਹਾਲਾਤ ਬਦਲਣ ਕਰਕੇ ਸ਼ਾਇਦ ਤੁਹਾਡੇ ਪਰਿਵਾਰ ਨੂੰ ਆਪਣੇ ਦੋਸਤਾਂ-ਮਿੱਤਰਾਂ ਜਾਂ ਮਾਹੌਲ ਨੂੰ ਛੱਡ ਕੇ ਜਾਣਾ ਪਵੇ। ਇਸ ਲਈ ਨਿਰਾਸ਼ ਕਰਨ ਵਾਲੀਆਂ ਗੱਲਾਂ ਬਾਰੇ ਸੋਚੀ ਜਾਣ ਦੀ ਬਜਾਇ ਵਧੀਆ ਹੋਵੇਗਾ ਕਿ ਤੁਸੀਂ ਅਸਲੀਅਤ ਨੂੰ ਸਵੀਕਾਰੋ।
ਅਗਾਂਹ ਦੀ ਸੋਚੋ। ਪਿਛਲੀਆਂ ਗੱਲਾਂ ਬਾਰੇ ਸੋਚੀ ਜਾਣਾ ਇਸ ਤਰ੍ਹਾਂ ਹੈ ਜਿਵੇਂ ਡ੍ਰਾਈਵਰ ਸੜਕ ’ਤੇ ਕਾਰ ਚਲਾਉਂਦੇ ਵੇਲੇ ਸ਼ੀਸ਼ੇ ਵਿੱਚੋਂ ਪਿੱਛੇ ਦੇਖੀ ਜਾਵੇ। ਕਦੇ-ਕਦੇ ਪਿੱਛੇ ਦੇਖਣ ਨਾਲ ਫ਼ਾਇਦਾ ਹੁੰਦਾ ਹੈ, ਪਰ ਤੁਹਾਨੂੰ ਅੱਗੇ ਧਿਆਨ ਦੇਣ ਦੀ ਜ਼ਿਆਦਾ ਲੋੜ ਹੈ। ਬਦਲਦੇ ਹਾਲਾਤਾਂ ਬਾਰੇ ਵੀ ਇਹ ਗੱਲ ਸੱਚ ਹੈ। ਆਪਣੀਆਂ ਨਜ਼ਰਾਂ ਭਵਿੱਖ ’ਤੇ ਟਿਕਾਈ ਰੱਖਣ ਦੀ ਕੋਸ਼ਿਸ਼ ਕਰੋ। (ਕਹਾਉਤਾਂ 4:25) ਮਿਸਾਲ ਲਈ, ਤੁਸੀਂ ਅਗਲੇ ਮਹੀਨੇ ਜਾਂ 6 ਮਹੀਨਿਆਂ ਲਈ ਕਿਹੜਾ ਟੀਚਾ ਰੱਖ ਸਕਦੇ ਹੋ?
ਚੰਗੀਆਂ ਗੱਲਾਂ ’ਤੇ ਧਿਆਨ ਲਾਓ। ਲੌਰਾ ਨਾਂ ਦੀ ਕੁੜੀ ਕਹਿੰਦੀ ਹੈ: “ਤੁਹਾਡੇ ਰਵੱਈਏ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਹਿੰਮਤੀ ਹੋ ਕਿ ਨਹੀਂ। ਤੁਸੀਂ ਜਿਨ੍ਹਾਂ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹੋ, ਦੇਖੋ ਕਿ ਉਨ੍ਹਾਂ ਵਿਚ ਕਿਹੜੀ ਚੰਗੀ ਗੱਲ ਹੈ।” ਕੀ ਤੁਸੀਂ ਬਦਲੇ ਹਾਲਾਤ ਦਾ ਘੱਟੋ-ਘੱਟ ਇਕ ਫ਼ਾਇਦਾ ਦੇਖ ਸਕਦੇ ਹੋ?
ਵਿਕਟੋਰੀਆ ਨਾਂ ਦੀ ਕੁੜੀ ਯਾਦ ਕਰਦੀ ਹੈ ਕਿ ਜਦੋਂ ਉਹ ਅੱਲ੍ਹੜ ਉਮਰ ਦੀ ਸੀ, ਤਾਂ ਉਸ ਦੇ ਸਾਰੇ ਦੋਸਤ ਕਿਸੇ ਹੋਰ ਜਗ੍ਹਾ ਜਾ ਕੇ ਰਹਿਣ ਲੱਗ ਪਏ। ਉਹ ਕਹਿੰਦੀ ਹੈ: “ਮੈਂ ਬਹੁਤ ਇਕੱਲੀ ਮਹਿਸੂਸ ਕਰਦੀ ਸੀ ਤੇ ਸੋਚਦੀ ਸੀ ਕਿ ਸਾਰਾ ਕੁਝ ਪਹਿਲਾਂ ਵਰਗਾ ਰਹਿੰਦਾ, ਤਾਂ ਕਿੰਨਾ ਚੰਗਾ ਹੁੰਦਾ। ਪਰ ਬੀਤੇ ਸਮੇਂ ਤੇ ਝਾਤ ਮਾਰਨ ਤੇ ਮੈਂ ਸੋਚਿਆ ਕਿ ਉਦੋਂ ਮੈਂ ਹਾਲੇ ਨਿਆਣੀ ਸੀ। ਮੈਨੂੰ ਅਹਿਸਾਸ ਹੋਇਆ ਕਿ ਵੱਡੇ ਹੋਣ ਦੇ ਨਾਲ-ਨਾਲ ਕੁਝ ਤਾਂ ਬਦਲਣਾ ਚਾਹੀਦਾ ਹੈ। ਫਿਰ ਮੈਨੂੰ ਲੱਗਾ ਕਿ ਮੈਂ ਹੋਰ ਨਵੇਂ ਦੋਸਤ ਬਣਾ ਸਕਦੀ ਹਾਂ ਜੋ ਮੇਰੇ ਨੇੜੇ-ਤੇੜੇ ਸਨ।”
ਪਿਛਲੀਆਂ ਗੱਲਾਂ ਬਾਰੇ ਸੋਚੀ ਜਾਣਾ ਇਸ ਤਰ੍ਹਾਂ ਹੈ ਜਿਵੇਂ ਕਾਰ ਚਲਾਉਂਦੇ ਵੇਲੇ ਸ਼ੀਸ਼ੇ ਵਿੱਚੋਂ ਪਿੱਛੇ ਦੇਖੀ ਜਾਣਾ
ਦੂਜਿਆਂ ਲਈ ਕੁਝ ਕਰੋ। ਬਾਈਬਲ ਕਹਿੰਦੀ ਹੈ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।” (ਫ਼ਿਲਿੱਪੀਆਂ 2:4) ਜੇ ਤੁਸੀਂ ਦੂਜਿਆਂ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਉਨ੍ਹਾਂ ਦੀ ਮਦਦ ਕਰੋਗੇ, ਤਾਂ ਤੁਹਾਡੀ ਖ਼ੁਦ ਦੀ ਸਮੱਸਿਆ ਹੱਲ ਹੋ ਸਕਦੀ ਹੈ। 17 ਸਾਲਾਂ ਦੀ ਆਨਾ ਕਹਿੰਦੀ ਹੈ: “ਜਿੱਦਾਂ-ਜਿੱਦਾਂ ਮੈਂ ਵੱਡੀ ਹੋਈ, ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਉਦੋਂ ਬਹੁਤ ਚੰਗਾ ਲੱਗਦਾ ਸੀ ਜਦੋਂ ਮੈਂ ਕਿਸੇ ਅਜਿਹੇ ਵਿਅਕਤੀ ਦੀ ਮਦਦ ਕਰਦੀ ਸੀ ਜੋ ਮੇਰੇ ਵਰਗੇ ਹਾਲਾਤ ਜਾਂ ਇਸ ਤੋਂ ਵੀ ਬੁਰੇ ਹਾਲਾਤ ਵਿੱਚੋਂ ਗੁਜ਼ਰ ਰਿਹਾ ਹੁੰਦਾ ਸੀ!” ▪ (g16-E No. 4)
^ ਪੈਰਾ 11 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।