ਨਫ਼ਰਤ ਦਾ ਚੱਕਰ ਕਿਵੇਂ ਤੋੜੀਏ?
2 | ਬਦਲਾ ਨਾ ਲਓ
ਬਾਈਬਲ ਦੀ ਸਿੱਖਿਆ:
“ਬੁਰਾਈ ਦੇ ਵੱਟੇ ਬੁਰਾਈ ਨਾ ਕਰੋ। . . . ਜੇ ਹੋ ਸਕੇ, ਤਾਂ ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ। . . . ਬਦਲਾ ਨਾ ਲਓ, . . . ਕਿਉਂਕਿ ਲਿਖਿਆ ਹੈ: “‘ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਉਨ੍ਹਾਂ ਨੂੰ ਸਜ਼ਾ ਦਿਆਂਗਾ,’ ਯਹੋਵਾਹ ਕਹਿੰਦਾ ਹੈ।”—ਰੋਮੀਆਂ 12:17-19.
ਇਸ ਸਿੱਖਿਆ ਦਾ ਕੀ ਮਤਲਬ ਹੈ?
ਜੇ ਤੁਹਾਡੇ ਨਾਲ ਕੋਈ ਗ਼ਲਤ ਕਰਦਾ ਹੈ, ਤਾਂ ਗੁੱਸਾ ਚੜ੍ਹਨਾ ਕੁਦਰਤੀ ਹੈ। ਪਰ ਰੱਬ ਚਾਹੁੰਦਾ ਹੈ ਕਿ ਤੁਸੀਂ ਬਦਲਾ ਨਾ ਲਓ। ਇਸ ਦੀ ਬਜਾਇ, ਉਹ ਚਾਹੁੰਦਾ ਹੈ ਕਿ ਤੁਸੀਂ ਧੀਰਜ ਰੱਖੋ ਕਿਉਂਕਿ ਉਹ ਜਲਦ ਹੀ ਸਭ ਕੁਝ ਠੀਕ ਕਰੇਗਾ। —ਜ਼ਬੂਰ 37:7, 10.
ਤੁਸੀਂ ਕੀ ਕਰ ਸਕਦੇ ਹੋ?
ਜਦੋਂ ਪਾਪੀ ਇਨਸਾਨ ਬਦਲਾ ਲੈਂਦੇ ਹਨ, ਤਾਂ ਨਫ਼ਰਤ ਦਾ ਚੱਕਰ ਚੱਲਦਾ ਹੀ ਰਹਿੰਦਾ ਹੈ। ਇਸ ਲਈ ਜੇ ਕੋਈ ਤੁਹਾਨੂੰ ਠੇਸ ਜਾਂ ਨੁਕਸਾਨ ਪਹੁੰਚਾਉਂਦਾ ਹੈ, ਤਾਂ ਬਦਲਾ ਨਾ ਲਓ। ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖੋ ਤੇ ਸ਼ਾਂਤੀ ਨਾਲ ਪੇਸ਼ ਆਓ। ਕਈ ਵਾਰ ਕਿਸੇ ਗੱਲ ਨੂੰ ਨਜ਼ਰਅੰਦਾਜ਼ ਕਰਨਾ ਵਧੀਆ ਹੁੰਦਾ ਹੈ। (ਕਹਾਉਤਾਂ 19:11) ਪਰ ਕਈ ਵਾਰ ਕਿਸੇ ਮਾਮਲੇ ਬਾਰੇ ਕਦਮ ਚੁੱਕਣਾ ਵਧੀਆ ਹੁੰਦਾ ਹੈ। ਮਿਸਾਲ ਲਈ, ਜੇ ਤੁਸੀਂ ਕਿਸੇ ਅਪਰਾਧ ਦੇ ਸ਼ਿਕਾਰ ਹੋਏ ਹੋ, ਤਾਂ ਤੁਸੀਂ ਇਸ ਬਾਰੇ ਪੁਲਿਸ ਨੂੰ ਰਿਪੋਰਟ ਕਰਨ ਦਾ ਫ਼ੈਸਲਾ ਕਰ ਸਕਦੇ ਹੋ।
ਬਦਲਾ ਲੈਣ ਨਾਲ ਆਪਣਾ ਹੀ ਨੁਕਸਾਨ ਹੁੰਦਾ ਹੈ
ਪਰ ਉਦੋਂ ਕੀ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਮੁਸ਼ਕਲ ਦਾ ਹੱਲ ਸ਼ਾਂਤੀ ਨਾਲ ਨਹੀਂ ਕੱਢਿਆ ਜਾ ਸਕਦਾ? ਜਾਂ ਉਦੋਂ ਕੀ ਜਦੋਂ ਤੁਸੀਂ ਮਾਮਲੇ ਨੂੰ ਸ਼ਾਂਤੀ ਨਾਲ ਹੱਲ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰ ਲਈ ਹੈ? ਫਿਰ ਵੀ ਬਦਲਾ ਨਾ ਲਓ। ਕਿਉਂ? ਕਿਉਂਕਿ ਬਦਲਾ ਲੈਣ ਨਾਲ ਮਾਮਲਾ ਵਿਗੜੇਗਾ। ਇਸ ਦੀ ਬਜਾਇ, ਨਫ਼ਰਤ ਦੇ ਚੱਕਰ ਨੂੰ ਤੋੜੋ। ਭਰੋਸਾ ਰੱਖੋ ਕਿ ਰੱਬ ਜਿਸ ਤਰੀਕੇ ਨਾਲ ਮੁਸ਼ਕਲਾਂ ਦਾ ਹੱਲ ਕੱਢਦਾ ਹੈ, ਉਹ ਤਰੀਕਾ ਸਹੀ ਹੁੰਦਾ ਹੈ। “ਉਸ ਉੱਤੇ ਭਰੋਸਾ ਰੱਖ ਅਤੇ ਉਹ ਤੇਰੀ ਖ਼ਾਤਰ ਕਦਮ ਚੁੱਕੇਗਾ।”—ਜ਼ਬੂਰ 37:3-5.