ਮੁੱਖ ਪੰਨੇ ਤੋਂ | ਸਭ ਤੋਂ ਉੱਤਮ ਤੋਹਫ਼ਾ ਕਿਹੜਾ ਹੈ?
“ਸਭ ਤੋਂ ਵਧੀਆ ਤੋਹਫ਼ਾ ਜੋ ਮੈਨੂੰ ਮਿਲਿਆ”
ਜਦੋਂ 13 ਸਾਲ ਦੀ ਇਕ ਕੁੜੀ ਨੂੰ ਤੋਹਫ਼ੇ ਵਿਚ ਇਕ ਪਾਲਤੂ ਕੁੱਤਾ ਦਿੱਤਾ ਗਿਆ, ਤਾਂ ਉਸ ਨੇ ਇਹ ਸ਼ਬਦ ਕਹੇ। ਬਿਜ਼ਨਿਸ ਕਰਨ ਵਾਲੀ ਇਕ ਔਰਤ ਨੇ ਕਿਹਾ ਕਿ ਹਾਈ ਸਕੂਲ ਵਿਚ ਪੜ੍ਹਦੇ ਵੇਲੇ ਉਸ ਦੇ ਡੈਡੀ ਨੇ ਉਸ ਨੂੰ ਕੰਪਿਊਟਰ ਦਿੱਤਾ ਸੀ। ਇਸ ਤੋਹਫ਼ੇ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਇਕ ਪਤੀ ਨੂੰ ਉਸ ਦੀ ਪਤਨੀ ਨੇ ਪਹਿਲੀ ਸਾਲ-ਗਿਰ੍ਹਾ ’ਤੇ ਆਪਣੀ ਹੱਥੀਂ ਕਾਰਡ ਬਣਾ ਕੇ ਦਿੱਤਾ। ਉਸ ਪਤੀ ਨੂੰ ਲੱਗਾ ਕਿ ਇਹ ਤੋਹਫ਼ਾ ਉਸ ਲਈ ਸਭ ਤੋਂ ਵਧੀਆ ਸੀ।
ਹਰ ਸਾਲ ਬਹੁਤ ਸਾਰੇ ਲੋਕ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਕਿਸੇ ਖ਼ਾਸ ਮੌਕੇ ’ਤੇ “ਸਭ ਤੋਂ ਵਧੀਆ” ਤੋਹਫ਼ਾ ਦੇਣਾ ਚਾਹੁੰਦੇ ਹਨ। ਇਸ ਨੂੰ ਲੱਭਣ ਲਈ ਉਹ ਬਹੁਤ ਕੋਸ਼ਿਸ਼ ਕਰਦੇ ਹਨ ਤੇ ਕਾਫ਼ੀ ਸਮਾਂ ਲਾਉਂਦੇ ਹਨ ਤਾਂਕਿ ਲੋਕ ਉਨ੍ਹਾਂ ਨੂੰ ਵੀ ਉੱਪਰ ਦੱਸੀਆਂ ਗੱਲਾਂ ਕਹਿਣ। ਤੁਹਾਡੇ ਬਾਰੇ ਕੀ? ਕੀ ਤੁਸੀਂ ਵੀ ਇੱਦਾਂ ਦੇ ਤੋਹਫ਼ੇ ਦੇਣੇ ਜਾਂ ਲੈਣੇ ਚਾਹੋਗੇ ਜਿਨ੍ਹਾਂ ਦੀ ਕਦਰ ਕੀਤੀ ਜਾਵੇ?
ਇੱਦਾਂ ਸੋਚਣਾ ਵਧੀਆ ਹੋ ਸਕਦਾ ਹੈ। ਨਾ ਸਿਰਫ਼ ਇਸ ਕਰਕੇ ਕਿ ਤੋਹਫ਼ਾ ਲੈਣ ਵਾਲੇ ਨੂੰ ਕਿੱਦਾਂ ਦਾ ਲੱਗੇਗਾ, ਸਗੋਂ ਇਸ ਕਰਕੇ ਵੀ ਕਿ ਤੋਹਫ਼ਾ ਦੇਣ ਵਾਲੇ ਨੂੰ ਕਿੱਦਾਂ ਦਾ ਲੱਗੇਗਾ। ਬਾਈਬਲ ਕਹਿੰਦੀ ਹੈ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂਲਾਂ ਦੇ ਕੰਮ 20:35) ਇਹ ਸੱਚ ਹੈ ਕਿ ਉਦੋਂ ਖ਼ੁਸ਼ੀ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ, ਜਦੋਂ ਤੋਹਫ਼ਾ ਲੈਣ ਵਾਲਾ ਇਸ ਦੀ ਬਹੁਤ ਕਦਰ ਕਰਦਾ ਹੈ।
ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੋਹਫ਼ਾ ਦੇ ਕੇ ਤੁਹਾਨੂੰ ਅਤੇ ਤੋਹਫ਼ਾ ਲੈਣ ਵਾਲੇ ਨੂੰ ਖ਼ੁਸ਼ੀ ਮਿਲੇ? ਭਾਵੇਂ ਤੁਹਾਨੂੰ ਲੱਗਦਾ ਹੈ ਕਿ ਜੋ ਤੋਹਫ਼ਾ ਤੁਹਾਡੀਆਂ ਨਜ਼ਰਾਂ ਵਿਚ “ਸਭ ਤੋਂ ਵਧੀਆ” ਹੈ, ਉਹ ਤੁਸੀਂ ਨਹੀਂ ਦੇ ਸਕਦੇ, ਪਰ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੋਹਫ਼ਾ ਲੈਣ ਵਾਲਾ ਤੁਹਾਡੇ ਤੋਹਫ਼ੇ ਦੀ ਕਦਰ ਕਰੇ?