ਮੁੱਖ ਪੰਨੇ ਤੋਂ
ਜਦੋਂ ਆਪਣਾ ਕੋਈ ਗੁਜ਼ਰ ਜਾਂਦਾ ਹੈ
“ਧੀਏ, ਰੱਬ ਨੂੰ ਪਤਾ ਕੀ ਚੰਗਾ ਹੈ। . . . ਨਾ . . . ਰੋ।”
ਕਿਸੇ ਨੇ ਇਹ ਗੱਲ ਬਾਰਬਰਾ * ਦੇ ਕੰਨ ਵਿਚ ਕਹੀ। ਉਸ ਵੇਲੇ ਉਸ ਦੇ ਪਿਤਾ ਦਾ ਸੰਸਕਾਰ ਹੋ ਰਿਹਾ ਸੀ ਜਿਸ ਦੀ ਕਾਰ ਦੁਰਘਟਨਾ ਵਿਚ ਮੌਤ ਹੋ ਗਈ ਸੀ।
ਬਾਰਬਰਾ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਸੀ। ਭਾਵੇਂ ਉੱਪਰ ਦੱਸੇ ਸ਼ਬਦ ਉਸ ਦੇ ਪਰਿਵਾਰ ਦੇ ਇਕ ਨਜ਼ਦੀਕੀ ਦੋਸਤ ਨੇ ਕਹੇ ਸਨ, ਪਰ ਹੌਸਲਾ ਮਿਲਣ ਦੀ ਬਜਾਇ ਉਸ ਦੇ ਦਿਲ ਨੂੰ ਸੱਟ ਵੱਜੀ। ਉਹ ਖ਼ੁਦ ਨੂੰ ਵਾਰ-ਵਾਰ ਇਹੀ ਕਹਿੰਦੀ ਰਹੀ, “ਮੇਰੇ ਪਿਤਾ ਦੀ ਮੌਤ ਚੰਗੀ ਗੱਲ ਨਹੀਂ ਸੀ।” ਕੁਝ ਸਾਲਾਂ ਬਾਅਦ ਜਦੋਂ ਬਾਰਬਰਾ ਨੇ ਇਕ ਕਿਤਾਬ ਵਿਚ ਇਸ ਘਟਨਾ ਦਾ ਦੁਬਾਰਾ ਜ਼ਿਕਰ ਕੀਤਾ, ਤਾਂ ਇਸ ਤੋਂ ਸਾਫ਼ ਦੇਖਿਆ ਜਾ ਸਕਦਾ ਸੀ ਕਿ ਉਹ ਹਾਲੇ ਵੀ ਦੁਖੀ ਸੀ।
ਬਾਰਬਰਾ ਨੇ ਆਪਣੇ ਤਜਰਬੇ ਤੋਂ ਦੇਖਿਆ ਕਿ ਕਿਸੇ ਦੀ ਮੌਤ ਦੇ ਗਮ ਨੂੰ ਇੰਨੀ ਛੇਤੀ ਨਹੀਂ ਭੁਲਾਇਆ ਜਾ ਸਕਦਾ, ਖ਼ਾਸ ਕਰਕੇ ਜੇ ਇਕ ਇਨਸਾਨ ਦਾ ਗੁਜ਼ਰ ਚੁੱਕੇ ਵਿਅਕਤੀ ਨਾਲ ਬਹੁਤ ਪਿਆਰ ਹੋਵੇ। ਬਾਈਬਲ ਵਿਚ ਮੌਤ ਬਾਰੇ ਠੀਕ ਹੀ ਕਿਹਾ ਗਿਆ ਹੈ ਕਿ ਇਹ “ਆਖ਼ਰੀ ਦੁਸ਼ਮਣ” ਹੈ। (1 ਕੁਰਿੰਥੀਆਂ 15:26) ਇਹ ਅਚਾਨਕ ਸਾਡੀ ਜ਼ਿੰਦਗੀ ਵਿਚ ਕਹਿਰ ਢਾਹ ਦਿੰਦੀ ਹੈ ਜਿਸ ਦਾ ਸਾਮ੍ਹਣਾ ਕਰਨ ਲਈ ਅਸੀਂ ਤਿਆਰ ਨਹੀਂ ਹੁੰਦੇ। ਕਿਸੇ ਦਾ ਇਸ ’ਤੇ ਵੱਸ ਨਹੀਂ ਚੱਲਦਾ ਤੇ ਇਹ ਸਾਡੇ ਪਿਆਰਿਆਂ ਨੂੰ ਖੋਹ ਕੇ ਲੈ ਜਾਂਦੀ ਹੈ। ਕੋਈ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕਦਾ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਜਦੋਂ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਮੌਤ ਅਤੇ ਇਸ ਦੇ ਅਸਰਾਂ ਨਾਲ ਕਿਵੇਂ ਸਿੱਝ ਸਕਦੇ ਹਾਂ।
ਤੁਸੀਂ ਸ਼ਾਇਦ ਸੋਚੋ: ‘ਗਮ ਨੂੰ ਭੁਲਾਉਣ ਵਿਚ ਕਿੰਨਾ ਕੁ ਸਮਾਂ ਲੱਗਦਾ ਹੈ? ਇਕ ਇਨਸਾਨ ਆਪਣੇ ਗਮ ਨੂੰ ਕਿਵੇਂ ਭੁਲਾ ਸਕਦਾ ਹੈ? ਮੈਂ ਉਨ੍ਹਾਂ ਨੂੰ ਕਿਵੇਂ ਹੌਸਲਾ ਦੇ ਸਕਦਾ ਹਾਂ ਜਿਹੜੇ ਸੋਗ ਮਨਾ ਰਹੇ ਹਨ? ਕੀ ਸਾਡੇ ਮਰ ਚੁੱਕੇ ਪਿਆਰਿਆਂ ਲਈ ਕੋਈ ਉਮੀਦ ਹੈ?’ ▪ (w16-E No. 3)
[ਫੁਟਨੋਟ]
^ ਪੈਰਾ 4 ਨਾਂ ਬਦਲਿਆ ਗਿਆ ਹੈ।