ਕੀ ਰੱਬ ਦੀਆਂ ਪਵਿੱਤਰ ਲਿਖਤਾਂ ਨੂੰ ਬਦਲ ਦਿੱਤਾ ਗਿਆ ਹੈ?
ਕੁਝ ਲੋਕ ਮੰਨਦੇ ਹਨ ਕਿ ਰੱਬ ਦੀਆਂ ਲਿਖਤਾਂ ਵਿਚ ਬਦਲਾਅ ਕੀਤਾ ਗਿਆ ਹੈ। ਸਦੀਆਂ ਪਹਿਲਾਂ ਯਸਾਯਾਹ ਨਬੀ ਨੇ ਕਿਹਾ ਸੀ ਕਿ ਰੱਬ ਦਾ ਬਚਨ “ਸਦਾ ਤੀਕ ਕਾਇਮ ਰਹੇਗਾ।” (ਯਸਾਯਾਹ 40:8) ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ ਕਿ ਸਾਡੇ ਹੱਥਾਂ ਵਿਚ ਅੱਜ ਜੋ ਰੱਬ ਦਾ ਬਚਨ ਹੈ, ਇਸ ਵਿਚ ਉਹੀ ਵਾਅਦੇ ਹਨ ਜੋ ਉਸ ਨੇ ਸ਼ੁਰੂ ਵਿਚ ਲਿਖਵਾਏ ਸਨ?
ਰੱਬ ਵਿਚ ਇੰਨੀ ਤਾਕਤ ਹੈ ਕਿ ਉਹ ਆਪਣੇ ਬਚਨ ਦੀ ਰਾਖੀ ਕਰ ਸਕਦਾ ਹੈ ਅਤੇ ਇਸ ਵਿਚ ਮਿਲਾਵਟ ਹੋਣ ਤੋਂ ਰੋਕ ਸਕਦਾ ਹੈ। ਪੁਰਾਣੇ ਜ਼ਮਾਨੇ ਵਿਚ ਨਕਲਨਵੀਸ ਬੜੇ ਧਿਆਨ ਨਾਲ ਪਵਿੱਤਰ ਲਿਖਤਾਂ ਦੀਆਂ ਕਾਪੀਆਂ ਬਣਾਉਂਦੇ ਸਨ। ਪਵਿੱਤਰ ਲਿਖਤਾਂ ਦੀਆਂ ਕਾਪੀਆਂ ਬਣਾਉਣ ਤੋਂ ਬਾਅਦ ਨਕਲਨਵੀਸ ਹਰ ਸ਼ਬਦ ਨੂੰ ਗਿਣਦੇ ਸਨ ਤਾਂਕਿ ਉਹ ਜਾਣ ਸਕਣ ਕਿ ਉਨ੍ਹਾਂ ਨੇ ਉਸ ਵਿਚ ਆਪਣੇ ਵੱਲੋਂ ਕੁਝ ਸ਼ਬਦ ਤਾਂ ਨਹੀਂ ਪਾ ਦਿੱਤੇ, ਕੁਝ ਬਦਲ ਤਾਂ ਨਹੀਂ ਦਿੱਤਾ ਜਾਂ ਕੁਝ ਸ਼ਬਦ ਮਿਟਾ ਤਾਂ ਨਹੀਂ ਦਿੱਤੇ। ਪਰ ਇਨਸਾਨ ਨਾਮੁਕੰਮਲ ਹਨ ਜਿਸ ਕਰਕੇ ਇਨ੍ਹਾਂ ਨਕਲਨਵੀਸਾਂ ਤੋਂ ਕੁਝ ਛੋਟੀਆਂ-ਮੋਟੀਆਂ ਗ਼ਲਤੀਆਂ ਹੋਈਆਂ ਸਨ।
ਕੀ ਪਵਿੱਤਰ ਲਿਖਤਾਂ ਵਿਚ ਅੱਜ ਵੀ ਉਹੀ ਸੰਦੇਸ਼ ਹੈ ਜੋ ਰੱਬ ਨੇ ਨਬੀਆਂ ਰਾਹੀਂ ਲਿਖਵਾਇਆ ਸੀ?
ਅੱਜ ਪਵਿੱਤਰ ਲਿਖਤਾਂ ਦੀਆਂ ਹਜ਼ਾਰਾਂ ਹੀ ਹੱਥ-ਲਿਖਤਾਂ ਮੌਜੂਦ ਹਨ। ਜੇ ਕਿਸੇ ਹੱਥ-ਲਿਖਤ ਵਿਚ ਥੋੜ੍ਹਾ-ਬਹੁਤਾ ਬਦਲਾਅ ਹੋਇਆ ਹੈ, ਤਾਂ ਅਸੀਂ ਦੂਜੀਆਂ ਹੱਥ-ਲਿਖਤਾਂ ਨਾਲ ਤੁਲਨਾ ਕਰ ਕੇ ਗ਼ਲਤੀ ਨੂੰ ਆਸਾਨੀ ਨਾਲ ਫੜ ਸਕਦੇ ਹਾਂ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ jw.org ’ਤੇ “ਕੀ ਬਾਈਬਲ ਦੀਆਂ ਹੱਥ-ਲਿਖਤਾਂ ਨਾਲ ਛੇੜ-ਛਾੜ ਕੀਤੀ ਗਈ ਹੈ?” (ਹਿੰਦੀ) ਨਾਂ ਦਾ ਲੇਖ ਦੇਖੋ।
ਮਿਸਾਲ ਲਈ, 1947 ਵਿਚ ਮ੍ਰਿਤ ਸਾਗਰ ਦੇ ਨੇੜੇ ਕੁਝ ਪੁਰਾਣੀਆਂ ਪੋਥੀਆਂ ਮਿਲੀਆਂ। ਇਨ੍ਹਾਂ ਪੋਥੀਆਂ ਵਿਚ ਪਵਿੱਤਰ ਲਿਖਤਾਂ ਦੇ ਕੁਝ ਹਿੱਸੇ ਵੀ ਪਾਏ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਲਿਖਤਾਂ ਲਗਭਗ 2,000 ਸਾਲ ਪੁਰਾਣੀਆਂ ਹਨ। ਜਦੋਂ ਮਾਹਰਾਂ ਨੇ ਇਨ੍ਹਾਂ ਹੱਥ-ਲਿਖਤਾਂ ਦੀ ਤੁਲਨਾ ਅੱਜ ਮੌਜੂਦ ਪਵਿੱਤਰ ਲਿਖਤਾਂ ਨਾਲ ਕੀਤੀ, ਤਾਂ ਉਨ੍ਹਾਂ ਨੂੰ ਕੀ ਪਤਾ ਲੱਗਾ?
ਧਿਆਨ ਨਾਲ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਪਵਿੱਤਰ ਲਿਖਤਾਂ ਵਿਚ ਪਾਇਆ ਜਾਂਦਾ ਸੰਦੇਸ਼ ਇਨ੍ਹਾਂ ਪੁਰਾਣੀਆਂ ਹੱਥ-ਲਿਖਤਾਂ ਨਾਲ ਮੇਲ ਖਾਂਦਾ ਹੈ। * ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਰੱਬ ਨੇ ਪਵਿੱਤਰ ਲਿਖਤਾਂ ਵਿਚ ਪਾਇਆ ਜਾਂਦਾ ਸਹੀ ਸੰਦੇਸ਼ ਸਾਡੇ ਤਕ ਪਹੁੰਚਾਇਆ ਹੈ।
ਇਸ ਲਈ ਰੱਬ ਦਾ ਬਚਨ ਪੜ੍ਹਦਿਆਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਗੱਲ ਨੂੰ ਮਨ ਵਿਚ ਰੱਖਦਿਆਂ ਆਓ ਆਪਾਂ ਦੇਖੀਏ ਕਿ ਅਸੀਂ ਰੱਬ ਦੇ ਨਬੀਆਂ ਤੋਂ ਉਸ ਬਾਰੇ ਕੀ ਸਿੱਖ ਸਕਦੇ ਹਾਂ।
^ ਪੇਰਗ੍ਰੈਫ 7 ਗੀਜ਼ਾ ਵਰਮੀਸ ਦੁਆਰਾ ਅੰਗ੍ਰੇਜ਼ੀ ਵਿਚ ਪੂਰੀਆਂ ਮ੍ਰਿਤ ਸਾਗਰ ਦੀਆਂ ਪੋਥੀਆਂ, ਸਫ਼ਾ 16.