ਸਾਡੇ ਸਿਰਜਣਹਾਰ ਨੂੰ ਸਾਡੀ ਪਰਵਾਹ ਹੈ
1. ਸਾਡਾ ਸਿਰਜਣਹਾਰ ਸੂਰਜ ਚਾੜ੍ਹਦਾ ਹੈ
ਸੂਰਜ ਦੀ ਰੌਸ਼ਨੀ ਨਾਲ ਹੀ ਪੌਦੇ ਵਧਦੇ ਹਨ, ਉਨ੍ਹਾਂ ’ਤੇ ਪੱਤੇ ਅਤੇ ਫਲ ਲੱਗਦੇ ਹਨ। ਦਰਖ਼ਤ ਦੀਆਂ ਜੜ੍ਹਾਂ ਧਰਤੀ ਦਾ ਪਾਣੀ ਸੋਖ ਲੈਂਦੀਆਂ ਹਨ ਅਤੇ ਇਹ ਪੱਤਿਆਂ ਤਕ ਆ ਜਾਂਦਾ ਹੈ। ਫਿਰ ਇਹ ਪਾਣੀ ਭਾਫ਼ ਬਣ ਕੇ ਉੱਡ ਜਾਂਦਾ ਹੈ। ਜ਼ਰਾ ਸੋਚੋ ਕਿ ਜੇ ਸੂਰਜ ਨਾ ਹੁੰਦਾ, ਤਾਂ ਕੀ ਇਹ ਸਾਰਾ ਕੁਝ ਮੁਮਕਿਨ ਹੁੰਦਾ।
2. ਸਾਡਾ ਸਿਰਜਣਹਾਰ ਮੀਂਹ ਵਰ੍ਹਾਉਂਦਾ ਹੈ
ਰੱਬ ਹੀ ਧਰਤੀ ’ਤੇ ਮੀਂਹ ਵਰ੍ਹਾਉਂਦਾ ਹੈ ਜਿਸ ਕਰਕੇ ਭਰਪੂਰ ਫ਼ਸਲ ਹੁੰਦੀ ਹੈ। ਇੱਦਾਂ ਉਹ ਸਾਨੂੰ ਬਹੁਤ ਕੁਝ ਖਾਣ ਲਈ ਦਿੰਦਾ ਹੈ ਅਤੇ ਸਾਡਾ ਦਿਲ ਆਨੰਦ ਨਾਲ ਭਰ ਦਿੰਦਾ ਹੈ।
3. ਸਾਡਾ ਸਿਰਜਣਹਾਰ ਸਾਨੂੰ ਖਾਣਾ ਅਤੇ ਕੱਪੜੇ ਦਿੰਦਾ ਹੈ
ਜਿੱਦਾਂ ਇਕ ਪਿਤਾ ਆਪਣੇ ਬੱਚਿਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਅਤੇ ਪਹਿਨਣ ਲਈ ਕੱਪੜੇ ਦਿੰਦਾ ਹੈ, ਉਸੇ ਤਰ੍ਹਾਂ ਰੱਬ ਵੀ ਸਾਡਾ ਖ਼ਿਆਲ ਰੱਖਦਾ ਹੈ। ਗੌਰ ਕਰੋ ਕਿ ਪਵਿੱਤਰ ਲਿਖਤਾਂ ਵਿਚ ਇਸ ਬਾਰੇ ਕੀ ਲਿਖਿਆ ਹੈ: “ਜ਼ਰਾ ਆਕਾਸ਼ ਦੇ ਪੰਛੀਆਂ ਵੱਲ ਧਿਆਨ ਨਾਲ ਦੇਖੋ, ਉਹ ਨਾ ਬੀਜਦੇ, ਨਾ ਵੱਢਦੇ ਤੇ ਨਾ ਹੀ ਕੋਠੀਆਂ ਵਿਚ ਇਕੱਠਾ ਕਰਦੇ ਹਨ; ਪਰ ਫਿਰ ਵੀ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦਾ ਢਿੱਡ ਭਰਦਾ ਹੈ। ਕੀ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ?”—ਮੱਤੀ 6:25, 26.
“ਜੰਗਲੀ ਫੁੱਲਾਂ ਤੋਂ ਸਿੱਖੋ, ਉਹ ਕਿਵੇਂ ਵਧਦੇ-ਫੁੱਲਦੇ ਹਨ . . . ; ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਰਾਜਾ ਸੁਲੇਮਾਨ ਨੇ ਵੀ ਕਦੇ ਇਨ੍ਹਾਂ ਫੁੱਲਾਂ ਜਿੰਨੇ ਸ਼ਾਨਦਾਰ ਕੱਪੜੇ ਨਹੀਂ ਪਾਏ, ਭਾਵੇਂ ਉਸ ਦੀ ਇੰਨੀ ਸ਼ਾਨੋ-ਸ਼ੌਕਤ ਸੀ। . . . ਜੇ ਪਰਮੇਸ਼ੁਰ ਇਨ੍ਹਾਂ ਨੂੰ ਇੰਨਾ ਸੋਹਣਾ ਬਣਾ ਸਕਦਾ ਹੈ, ਤਾਂ . . . ਕੀ ਉਹ ਤੁਹਾਨੂੰ ਪਹਿਨਣ ਲਈ ਕੱਪੜੇ ਨਹੀਂ ਦੇਵੇਗਾ?”—ਮੱਤੀ 6:28-30.
ਖਾਣ-ਪੀਣ ਅਤੇ ਕੱਪੜਿਆਂ ਤੋਂ ਇਲਾਵਾ ਰੱਬ ਸਾਡੀਆਂ ਬਾਕੀ ਲੋੜਾਂ ਵੀ ਪੂਰੀਆਂ ਕਰ ਸਕਦਾ ਹੈ। ਜੇ ਅਸੀਂ ਉਸ ਦੀ ਇੱਛਾ ਮੁਤਾਬਕ ਕੰਮ ਕਰੀਏ, ਤਾਂ ਉਹ ਸਾਨੂੰ ਬਰਕਤਾਂ ਦੇਵੇਗਾ। ਹੋ ਸਕਦਾ ਹੈ ਕਿ ਉਹ ਫਲ-ਸਬਜ਼ੀਆਂ ਉਗਾਉਣ ਲਈ ਕੀਤੀਆਂ ਸਾਡੀਆਂ ਕੋਸ਼ਿਸ਼ਾਂ ’ਤੇ ਬਰਕਤ ਪਾਵੇ ਜਾਂ ਅਜਿਹਾ ਕੰਮ ਲੱਭਣ ਵਿਚ ਸਾਡੀ ਮਦਦ ਕਰੇ ਜਿਸ ਨਾਲ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰ ਸਕੀਏ।—ਮੱਤੀ 6:32, 33.
ਜਦੋਂ ਤੁਸੀਂ ਸੂਰਜ, ਮੀਂਹ, ਪੰਛੀ ਅਤੇ ਸੋਹਣੇ ਫੁੱਲ ਦੇਖਦੇ ਹੋ, ਤਾਂ ਕੀ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਇਨ੍ਹਾਂ ਨੂੰ ਬਣਾਉਣ ਵਾਲੇ ਨਾਲ ਪਿਆਰ ਕਰੋ? ਅਗਲੇ ਲੇਖ ਵਿਚ ਅਸੀਂ ਇਸ ਗੱਲ ’ਤੇ ਗੌਰ ਕਰਾਂਗੇ ਕਿ ਰੱਬ ਨੇ ਇਨਸਾਨਾਂ ਤਕ ਆਪਣਾ ਸੰਦੇਸ਼ ਕਿੱਦਾਂ ਪਹੁੰਚਾਇਆ।