ਸਾਡੇ ਸਿਰਜਣਹਾਰ ਵੱਲੋਂ ਮਿਲਣ ਵਾਲੀਆਂ ਬਰਕਤਾਂ ਦਾ ਹਮੇਸ਼ਾ ਆਨੰਦ ਮਾਣੋ
ਰੱਬ ਨੇ ਅਬਰਾਹਾਮ ਨਬੀ ਨਾਲ ਵਾਅਦਾ ਕੀਤਾ ਸੀ ਕਿ ਉਸ ਦੀ ਇਕ ਸੰਤਾਨ ਰਾਹੀਂ “ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।” (ਉਤਪਤ 22:18) ਉਹ ਸੰਤਾਨ ਕੌਣ ਸੀ?
ਲਗਭਗ 2,000 ਸਾਲ ਪਹਿਲਾਂ ਰੱਬ ਨੇ ਯਿਸੂ ਨੂੰ ਵੱਡੇ-ਵੱਡੇ ਚਮਤਕਾਰ ਕਰਨ ਦੀ ਤਾਕਤ ਦਿੱਤੀ। ਯਿਸੂ ਅਬਰਾਹਾਮ ਦੀ ਸੰਤਾਨ ਵਿੱਚੋਂ ਸੀ। ਇਨ੍ਹਾਂ ਚਮਤਕਾਰਾਂ ਤੋਂ ਪਤਾ ਲੱਗਾ ਕਿ ਅਬਰਾਹਾਮ ਨਾਲ ਕੌਮਾਂ ਨੂੰ ਬਰਕਤਾਂ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਯਿਸੂ ਰਾਹੀਂ ਪੂਰਾ ਹੋਣਾ ਸੀ।—ਗਲਾਤੀਆਂ 3:14.
ਯਿਸੂ ਦੁਆਰਾ ਕੀਤੇ ਚਮਤਕਾਰਾਂ ਦੀ ਮਦਦ ਨਾਲ ਲੋਕਾਂ ਦੀ ਇਹ ਪਛਾਣਨ ਵਿਚ ਮਦਦ ਹੋਈ ਕਿ ਰੱਬ ਨੇ ਉਸ ਨੂੰ ਮਨੁੱਖਜਾਤੀ ਨੂੰ ਬਰਕਤਾਂ ਦੇਣ ਲਈ ਚੁਣਿਆ ਹੈ। ਨਾਲੇ ਇਨ੍ਹਾਂ ਤੋਂ ਇਹ ਵੀ ਜ਼ਾਹਰ ਹੋਇਆ ਕਿ ਰੱਬ ਕਿਵੇਂ ਯਿਸੂ ਰਾਹੀਂ ਮਨੁੱਖਜਾਤੀ ਨੂੰ ਹਮੇਸ਼ਾ ਲਈ ਬਰਕਤਾਂ ਦੇਵੇਗਾ। ਗੌਰ ਕਰੋ ਕਿ ਸਾਨੂੰ ਯਿਸੂ ਦੇ ਚਮਤਕਾਰਾਂ ਤੋਂ ਉਸ ਦੇ ਕਿਹੜੇ ਕੁਝ ਵਧੀਆ ਗੁਣਾਂ ਦਾ ਪਤਾ ਲੱਗਦਾ ਹੈ।
ਕੋਮਲਤਾ—ਯਿਸੂ ਨੇ ਬੀਮਾਰਾਂ ਨੂੰ ਠੀਕ ਕੀਤਾ।
ਇਕ ਵਾਰ ਇਕ ਕੋੜ੍ਹੀ ਨੇ ਯਿਸੂ ਅੱਗੇ ਤਰਲੇ ਕੀਤੇ ਕਿ ਉਹ ਉਸ ਨੂੰ ਠੀਕ ਕਰ ਦੇਵੇ। ਯਿਸੂ ਨੇ ਉਸ ਨੂੰ ਛੂਹਿਆ ਅਤੇ ਕਿਹਾ: “ਮੈਂ ਚਾਹੁੰਦਾ ਹਾਂ।” ਉਸੇ ਵੇਲੇ ਉਸ ਦਾ ਕੋੜ੍ਹ ਗਾਇਬ ਹੋ ਗਿਆ।—ਮਰਕੁਸ 1:40-42.
ਖੁੱਲ੍ਹ-ਦਿਲੀ—ਯਿਸੂ ਨੇ ਭੁੱਖਿਆਂ ਨੂੰ ਖਾਣਾ ਖੁਆਇਆ।
ਯਿਸੂ ਨਹੀਂ ਚਾਹੁੰਦਾ ਸੀ ਕਿ ਲੋਕ ਭੁੱਖੇ ਵਾਪਸ ਜਾਣ। ਉਸ ਨੇ ਦੋ ਵਾਰ ਚਮਤਕਾਰੀ ਤਰੀਕੇ ਨਾਲ ਕੁਝ ਰੋਟੀਆਂ ਤੇ ਕੁਝ ਮੱਛੀਆਂ ਨਾਲ ਹਜ਼ਾਰਾਂ ਲੋਕਾਂ ਨੂੰ ਖਾਣਾ ਖੁਆਇਆ। (ਮੱਤੀ 14:17-21; 15:32-38) ਖਾਣਾ ਖਾਣ ਤੋਂ ਬਾਅਦ ਸਾਰੇ ਰੱਜ ਗਏ ਅਤੇ ਬਹੁਤ ਸਾਰਾ ਖਾਣਾ ਵੀ ਬਚ ਗਿਆ।
ਹਮਦਰਦ—ਯਿਸੂ ਨੇ ਮਰੇ ਲੋਕਾਂ ਨੂੰ ਜੀਉਂਦਾ ਕੀਤਾ।
ਇਕ ਵਿਧਵਾ ਦੇ ਇਕਲੌਤੇ ਮੁੰਡੇ ਦੀ ਮੌਤ ਹੋ ਗਈ ਸੀ। ਉਸ ਮੁੰਡੇ ਤੋਂ ਇਲਾਵਾ ਉਸ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਸੀ। ਯਿਸੂ ਨੂੰ ਵਿਧਵਾ ’ਤੇ “ਬੜਾ ਤਰਸ ਆਇਆ” ਜਿਸ ਕਰਕੇ ਉਸ ਨੇ ਮੁੰਡੇ ਨੂੰ ਜੀਉਂਦਾ ਕਰ ਦਿੱਤਾ।—ਲੂਕਾ 7:12-15.