ਤੁਹਾਡਾ ਭਵਿੱਖ ਤੁਹਾਡੇ ਹੱਥਾਂ ਵਿਚ ਹੈ
ਲਗਭਗ 3,500 ਸਾਲ ਪਹਿਲਾਂ ਯਹੋਵਾਹ ਪਰਮੇਸ਼ੁਰ ਨੇ ਉਸ ਦੀ ਭਗਤੀ ਕਰਨ ਵਾਲੇ ਸੇਵਕਾਂ ਨੂੰ ਦੱਸਿਆ ਕਿ ਵਧੀਆ ਭਵਿੱਖ ਪਾਉਣ ਲਈ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ। ਉਸ ਨੇ ਕਿਹਾ: “ਮੈਂ ਤੁਹਾਡੇ ਸਾਮ੍ਹਣੇ ਜ਼ਿੰਦਗੀ ਅਤੇ ਮੌਤ, ਬਰਕਤ ਅਤੇ ਸਰਾਪ ਰੱਖਦਾ ਹਾਂ। ਤੁਸੀਂ ਜ਼ਿੰਦਗੀ ਨੂੰ ਚੁਣੋ ਤਾਂਕਿ ਤੁਸੀਂ ਅਤੇ ਤੁਹਾਡੀ ਔਲਾਦ ਜੀਉਂਦੀ ਰਹੇ।”—ਬਿਵਸਥਾ ਸਾਰ 30:19.
ਜੇ ਉਹ ਸਹੀ ਫ਼ੈਸਲਾ ਕਰਦੇ, ਤਾਂ ਉਨ੍ਹਾਂ ਨੂੰ ਵਧੀਆ ਜ਼ਿੰਦਗੀ ਮਿਲਣੀ ਸੀ। ਅੱਜ ਸਾਨੂੰ ਵੀ ਇੱਦਾਂ ਦਾ ਫ਼ੈਸਲਾ ਕਰਨ ਦੀ ਲੋੜ ਹੈ। ਬਾਈਬਲ ਦੱਸਦੀ ਹੈ ਕਿ ਵਧੀਆ ਭਵਿੱਖ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ: ‘ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰੋ, ਉਸ ਦੀ ਗੱਲ ਸੁਣੋ।’—ਬਿਵਸਥਾ ਸਾਰ 30:20.
ਯਹੋਵਾਹ ਨੂੰ ਪਿਆਰ ਕਿਵੇਂ ਕਰੀਏ ਅਤੇ ਉਸ ਦੀ ਗੱਲ ਕਿਵੇਂ ਸੁਣੀਏ?
ਬਾਈਬਲ ਤੋਂ ਸਿੱਖੋ: ਯਹੋਵਾਹ ਨੂੰ ਪਿਆਰ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਬਾਈਬਲ ਵਿੱਚੋਂ ਉਸ ਬਾਰੇ ਸਿੱਖਣ ਦੀ ਲੋੜ ਹੈ। ਇੱਦਾਂ ਕਰ ਕੇ ਤੁਸੀਂ ਜਾਣੋਗੇ ਕਿ ਉਹ ਤੁਹਾਨੂੰ ਪਿਆਰ ਕਰਦਾ ਹੈ ਤੇ ਤੁਹਾਡਾ ਭਲਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਤੁਸੀਂ ਉਸ ਨੂੰ ਪ੍ਰਾਰਥਨਾ ਕਰੋ “ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਬਾਈਬਲ ਵਾਅਦਾ ਕਰਦੀ ਹੈ ਕਿ ਜੇ ਤੁਸੀਂ ਉਸ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰੋਗੇ, ਤਾਂ “ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8.
ਸਿੱਖੀਆਂ ਗੱਲਾਂ ਨੂੰ ਲਾਗੂ ਕਰੋ: ਬਾਈਬਲ ਵਿਚ ਦਿੱਤੀ ਵਧੀਆ ਸਲਾਹ ਮੰਨ ਕੇ ਤੁਸੀਂ ਪਰਮੇਸ਼ੁਰ ਦੀ ਗੱਲ ਸੁਣ ਸਕਦੇ ਹੋ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਸੀਂ ‘ਆਪਣੇ ਹਰ ਕੰਮ ਵਿਚ ਸਫ਼ਲ ਹੋਵੋਗੇ ਅਤੇ ਬੁੱਧ ਤੋਂ ਕੰਮ ਲਵੋਗੇ।’—ਯਹੋਸ਼ੁਆ 1:8.