ਦਇਆ ਦਾ ਬਸ ਇੱਕੋ ਕਦਮ
ਭਾਰਤ ਦੇ ਗੁਜਰਾਤ ਪ੍ਰਾਂਤ ਵਿਚ ਜੌਨ ਦੇ ਪਿਤਾ ਜੀ ਦਾ ਬਪਤਿਸਮਾ ਲਗਭਗ 1950 ਦੇ ਅਖ਼ੀਰ ਵਿਚ ਹੋਇਆ। ਪਰ ਜੌਨ, ਉਸ ਦੀ ਮੰਮੀ ਜੀ ਅਤੇ ਉਸ ਦੇ ਪੰਜ ਭੈਣ-ਭਰਾ ਕੱਟੜ ਕੈਥੋਲਿਕ ਸਨ। ਇਸ ਕਰਕੇ ਉਹ ਆਪਣੇ ਪਿਤਾ ਜੀ ਦਾ ਵਿਰੋਧ ਕਰਨ ਲੱਗੇ।
ਇਕ ਦਿਨ ਜੌਨ ਦੇ ਪਿਤਾ ਜੀ ਨੇ ਉਸ ਨੂੰ ਇਕ ਲਿਫ਼ਾਫ਼ਾ ਦਿੱਤਾ ਅਤੇ ਮੰਡਲੀ ਦੇ ਇਕ ਭਰਾ ਨੂੰ ਦੇਣ ਲਈ ਕਿਹਾ। ਪਰ ਉਸ ਸਵੇਰ ਇਕ ਟੀਨ ਦਾ ਪੀਪਾ ਖੋਲ੍ਹਦੇ ਹੋਏ ਜੌਨ ਦੀ ਉਂਗਲੀ ’ਤੇ ਬੁਰੀ ਤਰ੍ਹਾਂ ਸੱਟ ਲੱਗ ਗਈ। ਉਹ ਆਪਣੇ ਪਿਤਾ ਜੀ ਦਾ ਕਹਿਣਾ ਮੰਨਣਾ ਚਾਹੁੰਦਾ ਸੀ ਇਸ ਲਈ ਉਸ ਨੇ ਸੱਟ ’ਤੇ ਲੀਰ ਲਪੇਟੀ ਅਤੇ ਲਿਫ਼ਾਫ਼ਾ ਦੇਣ ਚਲਾ ਗਿਆ।
ਜਦੋਂ ਜੌਨ ਉਸ ਭਰਾ ਦੇ ਘਰ ਪਹੁੰਚਿਆ, ਤਾਂ ਉਸ ਨੂੰ ਭਰਾ ਦੀ ਪਤਨੀ ਮਿਲੀ ਜੋ ਯਹੋਵਾਹ ਦੀ ਗਵਾਹ ਸੀ। ਲਿਫ਼ਾਫ਼ਾ ਲੈਣ ਲੱਗਿਆ ਉਸ ਨੇ ਦੇਖਿਆ ਕਿ ਜੌਨ ਦੀ ਉਂਗਲ ’ਤੇ ਸੱਟ ਲੱਗੀ ਸੀ। ਉਸ ਨੇ ਜੌਨ ਨੂੰ ਪੁੱਛਿਆ, ‘ਕੀ ਉਹ ਉਸ ਦੇ ਪੱਟੀ ਕਰ ਦੇਵੇ?’ ਉਸ ਭੈਣ ਨੇ ਦਵਾਈ ਨਾਲ ਜੌਨ ਦੇ ਜ਼ਖ਼ਮ ਨੂੰ ਸਾਫ਼ ਕਰ ਕੇ ਪੱਟੀ ਬੰਨ੍ਹੀ। ਫਿਰ ਉਸ ਨੇ ਜੌਨ ਲਈ ਗਰਮਾ-ਗਰਮ ਚਾਹ ਬਣਾਈ। ਭੈਣ ਉਸ ਦੌਰਾਨ ਜੌਨ ਨਾਲ ਦੋਸਤਾਨਾ ਤਰੀਕੇ ਨਾਲ ਬਾਈਬਲ ਦੀਆਂ ਗੱਲਾਂ ਕਰਦੀ ਰਹੀ।
ਉਸ ਭੈਣ ਦੇ ਦਇਆ ਭਰੇ ਕਦਮ ਕਰਕੇ ਜੌਨ ਦਾ ਯਹੋਵਾਹ ਦੇ ਗਵਾਹਾਂ ਪ੍ਰਤੀ ਨਜ਼ਰੀਆ ਬਦਲਣਾ ਸ਼ੁਰੂ ਹੋ ਗਿਆ। ਇਸ ਲਈ ਜੌਨ ਨੇ ਉਸ ਨੂੰ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਦੋ ਸਵਾਲ ਪੁੱਛੇ ਜੋ ਕੈਥੋਲਿਕ ਧਰਮ ਦੀਆਂ ਸਿੱਖਿਆਵਾਂ ਤੋਂ ਬਹੁਤ ਵੱਖਰੇ ਸਨ। ਉਸ ਨੇ ਪੁੱਛਿਆ, ‘ਕੀ ਯਿਸੂ ਹੀ ਰੱਬ ਹੈ ਅਤੇ ਕੀ ਮਸੀਹੀਆਂ ਨੂੰ ਮਰੀਅਮ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?’ ਭੈਣ ਨੇ ਗੁਜਰਾਤੀ ਬੋਲਣੀ ਸਿੱਖੀ ਸੀ ਇਸ ਕਰਕੇ ਉਸ ਨੇ ਜੌਨ ਨੂੰ ਗੁਜਰਾਤੀ ਵਿਚ ਜਵਾਬ ਦਿੱਤੇ। ਉਸ ਨੇ ਬਾਈਬਲ ਵਿੱਚੋਂ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਸ ਨੂੰ ਪੜ੍ਹਨ ਲਈ “ਰਾਜ ਦੀ ਇਸ ਖ਼ੁਸ਼ ਖ਼ਬਰੀ” ਨਾਂ ਦੀ ਪੁਸਤਿਕਾ ਦਿੱਤੀ।
ਜਦੋਂ ਜੌਨ ਨੇ ਉਹ ਪੁਸਤਿਕਾ ਪੜ੍ਹੀ, ਤਾਂ ਉਸ ਨੂੰ ਪਤਾ ਲੱਗ ਗਿਆ ਕਿ ਇਹੀ ਸੱਚਾਈ ਸੀ। ਬਾਅਦ ਵਿਚ ਉਹ ਆਪਣੇ ਚਰਚ ਦੇ ਪਾਦਰੀ ਕੋਲ ਗਿਆ ਅਤੇ ਉਸ ਨੇ ਉਹੀ ਦੋ ਸਵਾਲ ਪੁੱਛੇ। ਪਾਦਰੀ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਚੜ੍ਹ ਗਿਆ। ਉਸ ਨੇ ਜੌਨ ’ਤੇ ਚਿਲਾਉਂਦੇ ਹੋਏ ਕਿਹਾ: “ਤੂੰ ਸ਼ੈਤਾਨ ਬਣ ਗਿਆ ਹੈਂ! ਚੱਲ ਮੈਨੂੰ ਬਾਈਬਲ ਵਿੱਚੋਂ ਦਿਖਾ ਕਿ ਕਿੱਥੇ ਲਿਖਿਆ ਹੈ ਕਿ ਯਿਸੂ ਰੱਬ ਨਹੀਂ ਹੈ। ਇਹ ਵੀ ਦਿਖਾ ਕਿ ਕਿੱਥੇ ਲਿਖਿਆ ਹੈ ਕਿ ਅਸੀਂ ਮਰੀਅਮ ਦੀ ਪੂਜਾ ਨਹੀਂ ਕਰ ਸਕਦੇ। ਦਿਖਾ ਮੈਨੂੰ!” ਪਾਦਰੀ ਦਾ ਰਵੱਈਆ ਦੇਖ ਕੇ ਜੌਨ ਹੱਕਾ-ਬੱਕਾ ਰਹਿ ਗਿਆ। ਉਸ ਨੇ ਪਾਦਰੀ ਨੂੰ ਕਿਹਾ ਕਿ ਅੱਜ ਤੋਂ ਬਾਅਦ ਉਹ ਕਦੇ ਭੁੱਲ ਕੇ ਵੀ ਚਰਚ ਵਿਚ ਪੈਰ ਨਹੀਂ ਰੱਖੇਗਾ। ਫਿਰ ਉਸ ਦਿਨ ਤੋਂ ਬਾਅਦ ਉਸ ਨੇ ਕਦੇ ਚਰਚ ਵੱਲ ਦੇਖਿਆ ਵੀ ਨਹੀਂ।
ਜੌਨ ਨੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਸੱਚਾਈ ਸਿੱਖ ਕੇ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਥੋੜ੍ਹੇ ਸਮੇਂ ਬਾਅਦ ਉਸ ਦੇ ਪਰਿਵਾਰ ਦੇ ਹੋਰ ਵੀ ਜੀਅ ਸੱਚਾਈ ਵਿਚ ਆ ਗਏ। 60 ਸਾਲ ਬਾਅਦ ਵੀ ਜੌਨ ਦੀ ਉਂਗਲੀ ’ਤੇ ਉਸ ਸੱਟ ਦਾ ਨਿਸ਼ਾਨ ਹੈ। ਇਹ ਨਿਸ਼ਾਨ ਦੇਖ ਕੇ ਉਸ ਨੂੰ ਚੇਤੇ ਆਉਂਦਾ ਹੈ ਕਿ ਕਿਸੇ ਮਸੀਹੀ ਨੇ ਉਸ ਨੂੰ ਦਇਆ ਦਿਖਾਈ ਸੀ ਅਤੇ ਉਸ ਦਇਆ ਕਰਕੇ ਉਹ ਜ਼ਿੰਦਗੀ ਭਰ ਯਹੋਵਾਹ ਦੀ ਸੇਵਾ ਕਰ ਪਾਇਆ।—2 ਕੁਰਿੰ. 6:4, 6.