ਪਾਠਕਾਂ ਵੱਲੋਂ ਸਵਾਲ
ਪਹਿਰਾਬੁਰਜ ਜੂਨ 2020 ਦੇ ਲੇਖ “ਤੇਰਾ ਨਾਂ ਪਵਿੱਤਰ ਕੀਤਾ ਜਾਵੇ” ਵਿਚ ਯਹੋਵਾਹ ਦੇ ਨਾਂ ਅਤੇ ਉਸ ਦੇ ਰਾਜ ਕਰਨ ਦੇ ਹੱਕ ਬਾਰੇ ਸਾਡੀ ਸਮਝ ਵਿਚ ਕਿਹੜਾ ਸੁਧਾਰ ਕੀਤਾ ਗਿਆ ਸੀ?
ਉਸ ਲੇਖ ਵਿਚ ਅਸੀਂ ਸਿੱਖਿਆ ਸੀ ਕਿ ਅੱਜ ਦੂਤ ਅਤੇ ਇਨਸਾਨ ਇਕ ਅਹਿਮ ਮਸਲੇ ਦਾ ਸਾਮ੍ਹਣਾ ਕਰ ਰਹੇ ਹਨ। ਉਹ ਹੈ, ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨਾ। ਇਸ ਅਹਿਮ ਮਸਲੇ ਨਾਲ ਦੋ ਹੋਰ ਗੱਲਾਂ ਜੁੜੀਆਂ ਹੋਈਆਂ ਹਨ। ਉਹ ਹਨ, ਯਹੋਵਾਹ ਦੇ ਰਾਜ ਕਰਨ ਦਾ ਹੱਕ ਯਾਨੀ ਉਸ ਦੇ ਰਾਜ ਕਰਨ ਦਾ ਤਰੀਕਾ ਹੀ ਸਭ ਤੋਂ ਵਧੀਆ ਹੈ ਅਤੇ ਪਰਮੇਸ਼ੁਰ ਪ੍ਰਤੀ ਇਨਸਾਨਾਂ ਦੀ ਵਫ਼ਾਦਾਰੀ।
ਅਸੀਂ ਹੁਣ ਇਸ ਗੱਲ ʼਤੇ ਜ਼ੋਰ ਕਿਉਂ ਦਿੰਦੇ ਹਾਂ ਕਿ ਯਹੋਵਾਹ ਦਾ ਨਾਂ ਅਤੇ ਇਸ ਨਾਂ ਨੂੰ ਪਵਿੱਤਰ ਕਰਨਾ ਸਭ ਤੋਂ ਵੱਡਾ ਮਸਲਾ ਹੈ? ਆਓ ਆਪਾਂ ਤਿੰਨ ਕਾਰਨਾਂ ʼਤੇ ਗੌਰ ਕਰੀਏ।
ਪਹਿਲਾ, ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਯਹੋਵਾਹ ਦੇ ਨਾਂ ਯਾਨੀ ਉਸ ਦੀ ਨੇਕਨਾਮੀ ʼਤੇ ਹਮਲਾ ਕੀਤਾ। ਸ਼ੈਤਾਨ ਨੇ ਹੱਵਾਹ ਨੂੰ ਚਲਾਕੀ ਨਾਲ ਜੋ ਸਵਾਲ ਪੁੱਛਿਆ, ਉਸ ਤੋਂ ਲੱਗਾ ਕਿ ਯਹੋਵਾਹ ਖੁੱਲ੍ਹੇ ਦਿਲ ਵਾਲਾ ਪਰਮੇਸ਼ੁਰ ਨਹੀਂ ਹੈ। ਨਾਲੇ ਪਰਮੇਸ਼ੁਰ ਨੇ ਬਿਨਾਂ ਵਜ੍ਹਾ ਆਪਣੇ ਲੋਕਾਂ ʼਤੇ ਪਾਬੰਦੀਆਂ ਲਾਈਆਂ ਹਨ। ਫਿਰ ਯਹੋਵਾਹ ਨੇ ਜੋ ਗੱਲ ਕਹੀ ਸੀ, ਸ਼ੈਤਾਨ ਨੇ ਉਸ ਤੋਂ ਬਿਲਕੁਲ ਉਲਟ ਗੱਲ ਕਹੀ। ਉਸ ਨੇ ਕਿਹਾ ਕਿ ਪਰਮੇਸ਼ੁਰ ਝੂਠਾ ਹੈ। ਇਸ ਤਰ੍ਹਾਂ ਉਸ ਨੇ ਯਹੋਵਾਹ ਦੇ ਨਾਂ ਨੂੰ ਬਦਨਾਮ ਕੀਤਾ ਤੇ ਸ਼ੈਤਾਨ ਤੁਹਮਤਾਂ ਲਾਉਣ ਵਾਲਾ ਬਣ ਗਿਆ। (ਯੂਹੰ. 8:44) ਹੱਵਾਹ ਨੇ ਸ਼ੈਤਾਨ ਦੇ ਝੂਠ ʼਤੇ ਵਿਸ਼ਵਾਸ ਕਰ ਕੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ। ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਉਹ ਪਰਮੇਸ਼ੁਰ ਨੂੰ ਆਪਣਾ ਰਾਜਾ ਨਹੀਂ ਮੰਨਦੀ। (ਉਤ. 3:1-6) ਸ਼ੈਤਾਨ ਉਸ ਸਮੇਂ ਤੋਂ ਲੈ ਕੇ ਹੁਣ ਤਕ ਯਹੋਵਾਹ ਪਰਮੇਸ਼ੁਰ ਦੇ ਨਾਂ ਨੂੰ ਬਦਨਾਮ ਕਰਦਾ ਆਇਆ ਹੈ ਅਤੇ ਉਸ ਬਾਰੇ ਝੂਠੀਆਂ ਗੱਲਾਂ ਫੈਲਾਉਂਦਾ ਹੈ। ਸ਼ੈਤਾਨ ਦੇ ਝੂਠ ʼਤੇ ਯਕੀਨ ਕਰਨ ਵਾਲੇ ਲੋਕ ਸ਼ਾਇਦ ਯਹੋਵਾਹ ਦਾ ਕਹਿਣਾ ਨਾ ਮੰਨਣ। ਪਰ ਪਰਮੇਸ਼ੁਰ ਦੇ ਲੋਕਾਂ ਦੀਆਂ ਨਜ਼ਰਾਂ ਵਿਚ ਯਹੋਵਾਹ ਦੇ ਪਵਿੱਤਰ ਨਾਂ ਨੂੰ ਬਦਨਾਮ ਕਰਨਾ ਸਭ ਤੋਂ ਵੱਡੀ ਬੇਇਨਸਾਫ਼ੀ ਹੈ। ਦੁਨੀਆਂ ਵਿਚ ਦੁੱਖ-ਤਕਲੀਫ਼ਾਂ ਅਤੇ ਦੁਸ਼ਟਤਾ ਦੀ ਜੜ੍ਹ ਸ਼ੈਤਾਨ ਦਾ ਝੂਠ ਹੀ ਹੈ।
ਦੂਜਾ, ਸਾਰਿਆਂ ਦੇ ਭਲੇ ਲਈ ਯਹੋਵਾਹ ਨੇ ਆਪਣੇ ਨਾਂ ʼਤੇ ਲੱਗੇ ਦੋਸ਼ ਨੂੰ ਮਿਟਾਉਣ ਦਾ ਪੱਕਾ ਇਰਾਦਾ ਕੀਤਾ ਹੈ। ਯਹੋਵਾਹ ਲਈ ਸਭ ਤੋਂ ਜ਼ਰੂਰੀ ਗੱਲ ਇਹੀ ਹੈ। ਇਸੇ ਲਈ ਯਹੋਵਾਹ ਕਹਿੰਦਾ ਹੈ: “ਮੈਂ ਜ਼ਰੂਰ ਆਪਣੇ ਮਹਾਨ ਨਾਂ ਨੂੰ ਪਵਿੱਤਰ ਕਰਾਂਗਾ।” (ਹਿਜ਼. 36:23) ਨਾਲੇ ਯਿਸੂ ਨੇ ਕਿਹਾ ਸੀ: “ਤੇਰਾ ਨਾਂ ਪਵਿੱਤਰ ਕੀਤਾ ਜਾਵੇ।” (ਮੱਤੀ 6:9) ਇੱਥੇ ਉਸ ਨੇ ਸਾਫ਼-ਸਾਫ਼ ਦੱਸਿਆ ਕਿ ਯਹੋਵਾਹ ਦੇ ਸਾਰੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਵਿਚ ਸਭ ਤੋਂ ਅਹਿਮ ਗੱਲ ਕਿਹੜੀ ਹੋਣੀ ਚਾਹੀਦੀ ਹੈ। ਬਾਈਬਲ ਵਿਚ ਵਾਰ-ਵਾਰ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ʼਤੇ ਜ਼ੋਰ ਦਿੱਤਾ ਗਿਆ ਹੈ। ਜ਼ਰਾ ਕੁਝ ਉਦਾਹਰਣਾਂ ʼਤੇ ਗੌਰ ਕਰੋ: “ਯਹੋਵਾਹ ਦੇ ਨਾਂ ਦੀ ਮਹਿਮਾ ਕਰੋ ਜਿਸ ਦਾ ਉਹ ਹੱਕਦਾਰ ਹੈ।” (1 ਇਤਿ. 16:29; ਜ਼ਬੂ. 96:8) “ਉਸ ਦੇ ਮਹਿਮਾਵਾਨ ਨਾਂ ਦਾ ਗੁਣਗਾਨ ਕਰ।” (ਜ਼ਬੂ. 66:2) “ਮੈਂ ਹਮੇਸ਼ਾ ਤੇਰੇ ਨਾਂ ਦੀ ਮਹਿਮਾ ਕਰਾਂਗਾ।” (ਜ਼ਬੂ. 86:12) ਇਕ ਵਾਰ ਯਰੂਸ਼ਲਮ ਦੇ ਮੰਦਰ ਵਿਚ ਯਿਸੂ ਨੇ ਪ੍ਰਾਰਥਨਾ ਵਿਚ ਕਿਹਾ, “ਹੇ ਪਿਤਾ, ਆਪਣੇ ਨਾਂ ਦੀ ਮਹਿਮਾ ਕਰ,” ਤਾਂ ਯਹੋਵਾਹ ਨੇ ਸਵਰਗ ਤੋਂ ਖ਼ੁਦ ਜਵਾਬ ਦਿੱਤਾ: “ਮੈਂ ਇਸ ਦੀ ਮਹਿਮਾ ਕੀਤੀ ਹੈ ਅਤੇ ਦੁਬਾਰਾ ਕਰਾਂਗਾ।”—ਯੂਹੰ. 12:28. a
ਤੀਜਾ, ਯਹੋਵਾਹ ਦਾ ਮਕਸਦ ਉਸ ਦੇ ਨਾਂ ਯਾਨੀ ਨੇਕਨਾਮੀ ਨਾਲ ਜੁੜਿਆ ਹੋਇਆ ਹੈ। ਜ਼ਰਾ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅਖ਼ੀਰ ਵਿਚ ਆਖ਼ਰੀ ਪਰੀਖਿਆ ਤੋਂ ਬਾਅਦ ਯਹੋਵਾਹ ਦੇ ਨਾਂ ਦੀ ਅਹਿਮੀਅਤ ʼਤੇ ਗੌਰ ਕਰੋ। ਕੀ ਉਸ ਵੇਲੇ ਵੀ ਦੂਤਾਂ ਅਤੇ ਇਨਸਾਨਾਂ ਸਾਮ੍ਹਣੇ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨ ਦਾ ਅਹਿਮ ਮਸਲਾ ਖੜ੍ਹਾ ਰਹੇਗਾ? ਇਸ ਸਵਾਲ ਦਾ ਜਵਾਬ ਜਾਣਨ ਲਈ ਆਓ ਆਪਾਂ ਇਸ ਮਸਲੇ ਵਿਚ ਸ਼ਾਮਲ ਦੋ ਗੱਲਾਂ ʼਤੇ ਗੌਰ ਕਰੀਏ। ਇਹ ਹਨ, ਇਨਸਾਨਾਂ ਦੀ ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਅਤੇ ਯਹੋਵਾਹ ਦੇ ਰਾਜ ਕਰਨ ਦਾ ਹੱਕ। ਕੀ ਆਖ਼ਰੀ ਪਰੀਖਿਆ ਦੇ ਸਮੇਂ ਯਹੋਵਾਹ ਪ੍ਰਤੀ ਵਫ਼ਾਦਾਰੀ ਸਾਬਤ ਕਰਨ ਤੋਂ ਬਾਅਦ ਵੀ ਇਨਸਾਨਾਂ ਨੂੰ
ਆਪਣੀ ਵਫ਼ਾਦਾਰੀ ਬਣਾਈ ਰੱਖਣ ਲਈ ਜੱਦੋ-ਜਹਿਦ ਕਰਨੀ ਪਵੇਗੀ? ਨਹੀਂ। ਉਸ ਵੇਲੇ ਇਨਸਾਨ ਮੁਕੰਮਲ ਹੋ ਚੁੱਕੇ ਹੋਣਗੇ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਪਰਖਿਆ ਜਾ ਚੁੱਕਾ ਹੋਵੇਗਾ। ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਮਿਲ ਚੁੱਕਾ ਹੋਵੇਗਾ। ਨਾਲੇ ਉਦੋਂ ਇਹ ਸਾਬਤ ਕਰਨ ਦੀ ਲੋੜ ਨਹੀਂ ਹੋਵੇਗੀ ਕਿ ਸਿਰਫ਼ ਯਹੋਵਾਹ ਨੂੰ ਹੀ ਰਾਜ ਕਰਨ ਦਾ ਹੱਕ ਹੈ ਅਤੇ ਉਸ ਦਾ ਰਾਜ ਕਰਨ ਦਾ ਤਰੀਕਾ ਹੀ ਸਹੀ ਹੈ। ਉਸ ਵੇਲੇ ਸਵਰਗ ਅਤੇ ਧਰਤੀ ʼਤੇ ਰਹਿਣ ਵਾਲਿਆਂ ਵਿਚ ਏਕਤਾ ਹੋਵੇਗੀ ਅਤੇ ਉਹ ਯਹੋਵਾਹ ਦੀ ਹਕੂਮਤ ਨੂੰ ਕਬੂਲ ਕਰਨਗੇ। ਪਰ ਕੀ ਉਦੋਂ ਵੀ ਯਹੋਵਾਹ ਦੇ ਲੋਕਾਂ ਲਈ ਉਸ ਦਾ ਨਾਂ ਸਭ ਤੋਂ ਅਹਿਮ ਹੋਵੇਗਾ?ਉਦੋਂ ਤਕ ਯਹੋਵਾਹ ਦਾ ਨਾਂ ਪੂਰੀ ਤਰ੍ਹਾਂ ਪਵਿੱਤਰ ਹੋ ਚੁੱਕਾ ਹੋਵੇਗਾ ਅਤੇ ਉਸ ਦੇ ਨਾਂ ʼਤੇ ਲੱਗਾ ਕਲੰਕ ਪੂਰੀ ਤਰ੍ਹਾਂ ਮਿਟ ਚੁੱਕਾ ਹੋਵੇਗਾ। ਪਰ ਉਦੋਂ ਵੀ ਸਵਰਗ ਅਤੇ ਧਰਤੀ ʼਤੇ ਉਸ ਦੇ ਵਫ਼ਾਦਾਰ ਸੇਵਕਾਂ ਲਈ ਯਹੋਵਾਹ ਦਾ ਨਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੋਵੇਗਾ। ਕਿਉਂ? ਕਿਉਂਕਿ ਉਹ ਦੇਖਣਗੇ ਕਿ ਯਹੋਵਾਹ ਸ਼ਾਨਦਾਰ ਕੰਮ ਕਰਦਾ ਜਾ ਰਿਹਾ ਹੈ। ਜ਼ਰਾ ਗੌਰ ਕਰੋ ਕਿ ਉਸ ਸਮੇਂ ਯਿਸੂ ਨਿਮਰ ਹੋ ਕੇ ਰਾਜ ਯਹੋਵਾਹ ਨੂੰ ਵਾਪਸ ਕਰ ਦੇਵੇਗਾ ਅਤੇ “ਪਰਮੇਸ਼ੁਰ ਹੀ ਸਾਰਿਆਂ ਲਈ ਸਭ ਕੁਝ” ਹੋਵੇਗਾ। (1 ਕੁਰਿੰ. 15:28) ਇਸ ਤੋਂ ਬਾਅਦ ਧਰਤੀ ʼਤੇ ਸਾਰੇ ਇਨਸਾਨ “ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ” ਦਾ ਆਨੰਦ ਮਾਣਨਗੇ। (ਰੋਮੀ. 8:21) ਨਾਲੇ ਯਹੋਵਾਹ ਉਸ ਵੇਲੇ ਆਪਣਾ ਮਕਸਦ ਪੂਰਾ ਕਰ ਕੇ ਸਵਰਗ ਅਤੇ ਧਰਤੀ ʼਤੇ ਰਹਿਣ ਵਾਲਿਆਂ ਨੂੰ ਇਕ ਪਰਿਵਾਰ ਬਣਾ ਦੇਵੇਗਾ।—ਅਫ਼. 1:10.
ਇਹ ਸਾਰਾ ਕੁਝ ਹੋਣ ਤੋਂ ਬਾਅਦ ਸਵਰਗ ਅਤੇ ਧਰਤੀ ਉੱਤੇ ਯਹੋਵਾਹ ਦੇ ਪਰਿਵਾਰ ʼਤੇ ਕੀ ਅਸਰ ਪਵੇਗਾ? ਬਿਨਾਂ ਸ਼ੱਕ, ਸਾਡੇ ਵਿਚ ਉਦੋਂ ਵੀ ਯਹੋਵਾਹ ਦੇ ਨਾਂ ਦੀ ਵਡਿਆਈ ਕਰਦੇ ਰਹਿਣ ਦੀ ਜ਼ਬਰਦਸਤ ਇੱਛਾ ਹੋਵੇਗੀ। ਪਰਮੇਸ਼ੁਰ ਨੇ ਜ਼ਬੂਰਾਂ ਦੇ ਲਿਖਾਰੀ ਦਾਊਦ ਨੂੰ ਇਹ ਲਿਖਣ ਲਈ ਉਕਸਾਇਆ: “ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ . . . ਯੁਗਾਂ-ਯੁਗਾਂ ਤਕ ਉਸ ਦੇ ਮਹਿਮਾਵਾਨ ਨਾਂ ਦੀ ਵਡਿਆਈ ਹੁੰਦੀ ਰਹੇ।” (ਜ਼ਬੂ. 72:18, 19) ਸਾਡੇ ਕੋਲ ਹਮੇਸ਼ਾ ਇਸ ਤਰ੍ਹਾਂ ਕਰਦੇ ਰਹਿਣ ਦੇ ਨਵੇਂ ਅਤੇ ਹੈਰਾਨੀਜਨਕ ਕਾਰਨ ਹੋਣਗੇ।
ਯਹੋਵਾਹ ਦੇ ਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ। ਜਦੋਂ ਅਸੀਂ ਉਸ ਦੇ ਨਾਂ ਬਾਰੇ ਸੋਚਦੇ ਹਾਂ, ਤਾਂ ਸਾਡੇ ਮਨ ਵਿਚ ਸਭ ਤੋਂ ਪਹਿਲਾਂ ਉਸ ਦੇ ਪਿਆਰ ਦਾ ਖ਼ਿਆਲ ਆਉਂਦਾ ਹੈ। (1 ਯੂਹੰ. 4:8) ਅਸੀਂ ਹਮੇਸ਼ਾ ਯਾਦ ਰੱਖਾਂਗੇ ਕਿ ਪਿਆਰ ਹੋਣ ਕਰਕੇ ਹੀ ਯਹੋਵਾਹ ਨੇ ਸਾਨੂੰ ਬਣਾਇਆ ਹੈ, ਪਿਆਰ ਹੋਣ ਕਰਕੇ ਹੀ ਉਸ ਨੇ ਰਿਹਾਈ ਦੀ ਕੀਮਤ ਦਾ ਪ੍ਰਬੰਧ ਕੀਤਾ ਅਤੇ ਪਿਆਰ ਹੋਣ ਕਰਕੇ ਹੀ ਉਹ ਸਹੀ ਤਰੀਕੇ ਨਾਲ ਰਾਜ ਕਰਦਾ ਹੈ। ਪਰ ਅਸੀਂ ਹਮੇਸ਼ਾ ਦੇਖਾਂਗੇ ਕਿ ਯਹੋਵਾਹ ਕਿਵੇਂ ਸਾਡੇ ʼਤੇ ਪਿਆਰ ਵਰਸਾਉਂਦਾ ਰਹੇਗਾ। ਇਸ ਕਰਕੇ ਅਸੀਂ ਹਮੇਸ਼ਾ ਆਪਣੇ ਪਿਤਾ ਦੇ ਨੇੜੇ ਜਾਣ ਅਤੇ ਉਸ ਦੇ ਮਹਿਮਾਵਾਨ ਨਾਂ ਦੀ ਵਡਿਆਈ ਕਰਨ ਲਈ ਪ੍ਰੇਰਿਤ ਹੋਵਾਂਗੇ।—ਜ਼ਬੂ. 73:28.