ਕੀ ਤੁਸੀਂ ਜਾਣਦੇ ਹੋ?
ਬਾਈਬਲ ਸਮਿਆਂ ਵਿਚ ਮੁਖ਼ਤਿਆਰ ਜਾਂ ਪ੍ਰਬੰਧਕ ਦੀ ਕੀ ਜ਼ਿੰਮੇਵਾਰੀ ਹੁੰਦੀ ਸੀ?
ਬਾਈਬਲ ਸਮਿਆਂ ਵਿਚ ਇਕ ਪ੍ਰਬੰਧਕ ਕਿਸੇ ਹੋਰ ਵਿਅਕਤੀ ਦੇ ਘਰ-ਬਾਰ ਜਾਂ ਉਸ ਦੀ ਜ਼ਮੀਨ-ਜਾਇਦਾਦ ਦੀ ਸਾਂਭ-ਸੰਭਾਲ ਕਰਦਾ ਹੁੰਦਾ ਸੀ। ਜਿਸ ਇਬਰਾਨੀ ਅਤੇ ਯੂਨਾਨੀ ਸ਼ਬਦ ਦਾ ਅਨੁਵਾਦ “ਪ੍ਰਬੰਧਕ” ਕੀਤਾ ਗਿਆ ਹੈ, ਉਸ ਨੂੰ ਕਈ ਵਾਰ ਨਿਗਰਾਨ ਜਾਂ ਘਰ-ਬਾਰ ਸੰਭਾਲਣ ਵਾਲੇ ਵਿਅਕਤੀ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਜਦੋਂ ਯਾਕੂਬ ਦਾ ਮੁੰਡਾ ਯੂਸੁਫ਼ ਮਿਸਰ ਵਿਚ ਗ਼ੁਲਾਮ ਸੀ, ਉਸ ਵੇਲੇ ਉਹ ਆਪਣੇ ਮਾਲਕ ਦੇ ਘਰ ਦਾ ਪ੍ਰਬੰਧਕ ਬਣ ਗਿਆ। ਦਰਅਸਲ, ਉਸ ਦੇ ਮਿਸਰੀ ਮਾਲਕ ਨੇ “ਜੋ ਕੁਝ ਉਹ ਦਾ ਸੀ ਉਸ [ਯੂਸੁਫ਼] ਦੇ ਹੱਥ ਵਿੱਚ ਦੇ ਦਿੱਤਾ।” (ਉਤ. 39:2-6) ਬਾਅਦ ਵਿਚ, ਜਦੋਂ ਯੂਸੁਫ਼ ਮਿਸਰ ਵਿਚ ਖ਼ੁਦ ਸ਼ਕਤੀਸ਼ਾਲੀ ਹਾਕਮ ਬਣ ਗਿਆ, ਤਾਂ ਉਸ ਨੇ ਆਪਣੇ ਘਰ ’ਤੇ ਇਕ ਪ੍ਰਬੰਧਕ ਨਿਯੁਕਤ ਕੀਤਾ।—ਉਤ. 44:4.
ਯਿਸੂ ਦੇ ਦਿਨਾਂ ਵਿਚ ਜ਼ਮੀਨਾਂ ਦੇ ਮਾਲਕ ਆਪਣੀਆਂ ਜ਼ਮੀਨਾਂ ਤੋਂ ਦੂਰ ਅਕਸਰ ਸ਼ਹਿਰਾਂ ਵਿਚ ਰਹਿੰਦੇ ਸਨ। ਇਸ ਲਈ ਇਨ੍ਹਾਂ ਨੇ ਆਪਣੇ ਖੇਤਾਂ ਵਿਚ ਮਜ਼ਦੂਰਾਂ ਦੇ ਰੋਜ਼ਮੱਰਾ ਦੇ ਕੰਮਾਂ ਦੀ ਨਿਗਰਾਨੀ ਲਈ ਪ੍ਰਬੰਧਕ ਨਿਯੁਕਤ ਕੀਤੇ ਹੁੰਦੇ ਸਨ।
ਪ੍ਰਬੰਧਕ ਬਣਨ ਦੇ ਕੌਣ ਕਾਬਲ ਸੀ? ਪਹਿਲੀ ਸਦੀ ਦੇ ਰੋਮੀ ਲਿਖਾਰੀ ਕੌਲੂਮੀਲਾ ਨੇ ਕਿਹਾ ਕਿ ਉਸ ਨੌਕਰ ਨੂੰ ਪ੍ਰਬੰਧਕ ਨਿਯੁਕਤ ਕੀਤਾ ਜਾਣਾ ਚਾਹੀਦਾ ਸੀ ਜਿਸ ਨੇ ਖੇਤਾਂ ਵਿਚ “ਵਧੀਆ ਕੰਮ ਕਰਨਾ ਸਿੱਖਿਆ ਸੀ।” ਪ੍ਰਬੰਧਕ ਇਕ ਅਜਿਹਾ ਵਿਅਕਤੀ ਹੋਣਾ ਚਾਹੀਦਾ ਸੀ ਜਿਸ ਵਿਚ “ਅਜਿਹੇ ਗੁਣ ਹੋਣ ਜਿਸ ਕਰਕੇ ਉਹ ਲਾਪਰਵਾਹੀ ਕੀਤੇ ਬਿਨਾਂ ਅਤੇ ਬੇਰਹਿਮ ਤਰੀਕੇ ਨਾਲ ਪੇਸ਼ ਆਏ ਬਿਨਾਂ ਆਪਣੇ ਅਧਿਕਾਰ ਦੀ ਵਰਤੋਂ ਕਰ ਸਕੇ।” ਉਸ ਨੇ ਅੱਗੇ ਦੱਸਿਆ: “ਇਨ੍ਹਾਂ ਗੱਲਾਂ ਦੇ ਨਾਲ-ਨਾਲ ਉਸ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਸ ਨੂੰ ਜਿਹੜੀਆਂ ਗੱਲਾਂ ਨਹੀਂ ਪਤਾ, ਉਨ੍ਹਾਂ ਬਾਰੇ ਇਹ ਨਹੀਂ ਸੋਚਣਾ ਚਾਹੀਦਾ ਕਿ ਉਸ ਨੂੰ ਪਤਾ ਹਨ। ਨਾਲੇ ਉਸ ਨੂੰ ਹਮੇਸ਼ਾ ਸਿੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ।”
ਪਰਮੇਸ਼ੁਰ ਦੇ ਬਚਨ ਵਿਚ ਮਸੀਹੀ ਮੰਡਲੀ ਵਿਚ ਕੀਤੇ ਜਾਂਦੇ ਕੁਝ ਕੰਮਾਂ ਨੂੰ ਦਰਸਾਉਣ ਲਈ ਪ੍ਰਬੰਧਕ ਅਤੇ ਉਸ ਦੇ ਕੰਮ ਦੀ ਮਿਸਾਲ ਦਿੱਤੀ ਗਈ ਹੈ। ਮਿਸਾਲ ਲਈ, ਪਤਰਸ ਰਸੂਲ ਨੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ: “ਅਪਾਰ ਕਿਰਪਾ ਕਰ ਕੇ ਤੁਹਾਨੂੰ ਹੁਨਰ ਬਖ਼ਸ਼ੇ ਹਨ। ਵਧੀਆ ਅਤੇ ਜ਼ਿੰਮੇਵਾਰ ਸੇਵਕਾਂ [ਯਾਨੀ ਪ੍ਰਬੰਧਕਾਂ] ਦੇ ਤੌਰ ਤੇ, ਤੁਸੀਂ ਆਪਣੇ ਹੁਨਰ ਇਕ-ਦੂਜੇ ਦੀ ਸੇਵਾ ਕਰਨ ਲਈ ਵਰਤੋ।”—1 ਪਤ. 4:10.
ਯਿਸੂ ਨੇ ਖ਼ੁਦ ਪ੍ਰਬੰਧਕ ਦੀ ਮਿਸਾਲ ਵਰਤੀ ਸੀ ਜੋ ਲੂਕਾ 16:1-8 ਵਿਚ ਦਰਜ ਹੈ। ਇਸ ਤੋਂ ਇਲਾਵਾ, ਰਾਜੇ ਵਜੋਂ ਆਪਣੀ ਮੌਜੂਦਗੀ ਬਾਰੇ ਭਵਿੱਖਬਾਣੀ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ ਕਿ ਉਹ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਜਾਂ “ਵਫ਼ਾਦਾਰ . . . ਪ੍ਰਬੰਧਕ” ਨਿਯੁਕਤ ਕਰੇਗਾ। ਇਸ ਪ੍ਰਬੰਧਕ ਦੀ ਮੁੱਖ ਜ਼ਿੰਮੇਵਾਰੀ ਆਖ਼ਰੀ ਦਿਨਾਂ ਦੌਰਾਨ ਮਸੀਹ ਦੇ ਚੇਲਿਆਂ ਨੂੰ ਲਗਾਤਾਰ ਪਰਮੇਸ਼ੁਰ ਦਾ ਗਿਆਨ ਦੇਣ ਦੀ ਹੋਣੀ ਸੀ। (ਮੱਤੀ 24:45-47; ਲੂਕਾ 12:42) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਨਿਹਚਾ ਮਜ਼ਬੂਤ ਕਰਨ ਵਾਲੇ ਪ੍ਰਕਾਸ਼ਨ ਮਿਲਦੇ ਹਨ ਜੋ ਵਫ਼ਾਦਾਰ ਪ੍ਰਬੰਧਕ ਤਿਆਰ ਕਰਦਾ ਹੈ ਅਤੇ ਇਸ ਨੂੰ ਦੁਨੀਆਂ ਭਰ ਵਿਚ ਉਪਲਬਧ ਕਰਾਉਂਦਾ ਹੈ।