Skip to content

Skip to table of contents

ਜੀਵਨੀ

ਯੁੱਧ ਤੇ ਸ਼ਾਂਤੀ ਦੇ ਸਮੇਂ ਯਹੋਵਾਹ ਨੇ ਸਾਨੂੰ ਤਾਕਤ ਦਿੱਤੀ

ਯੁੱਧ ਤੇ ਸ਼ਾਂਤੀ ਦੇ ਸਮੇਂ ਯਹੋਵਾਹ ਨੇ ਸਾਨੂੰ ਤਾਕਤ ਦਿੱਤੀ

ਪੌਲ: ਨਵੰਬਰ 1985 ਦੀ ਗੱਲ ਹੈ। ਅਸੀਂ ਪਹਿਲੀ ਵਾਰ ਮਿਸ਼ਨਰੀਆਂ ਵਜੋਂ ਸੇਵਾ ਕਰਨ ਲਈ ਪੱਛਮੀ ਅਫ਼ਰੀਕਾ ਦੇ ਦੇਸ਼ ਲਾਈਬੀਰੀਆ ਜਾ ਰਹੇ ਸੀ। ਮੈਂ ਤੇ ਮੇਰੀ ਪਤਨੀ ਐਨ ਬਹੁਤ ਖ਼ੁਸ਼ ਸੀ। ਸਾਡਾ ਹਵਾਈ ਜਹਾਜ਼ ਸੈਨੇਗਾਲ ਵਿਚ ਰੁਕਿਆ। ਐਨ ਨੇ ਕਿਹਾ: “ਬੱਸ ਇਕ ਘੰਟੇ ਵਿਚ ਆਪਾਂ ਲਾਈਬੀਰੀਆ ਪਹੁੰਚ ਜਾਣਾ!” ਉਦੋਂ ਹੀ ਇਹ ਘੋਸ਼ਣਾ ਕੀਤੀ ਗਈ: “ਲਾਈਬੀਰੀਆ ਜਾਣ ਵਾਲੇ ਯਾਤਰੀ ਇੱਥੇ ਹੀ ਉੱਤਰ ਜਾਣ ਕਿਉਂਕਿ ਉੱਥੇ ਵਿਰੋਧੀ ਗੁੱਟ ਨੇ ਸਰਕਾਰ ਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਹੈ।” ਅਗਲੇ 10 ਦਿਨਾਂ ਦੌਰਾਨ ਅਸੀਂ ਸੈਨੇਗਾਲ ਵਿਚ ਮਿਸ਼ਨਰੀਆਂ ਨਾਲ ਰਹੇ। ਉਸ ਸਮੇਂ ਦੌਰਾਨ ਅਸੀਂ ਖ਼ਬਰਾਂ ਸੁਣ ਰਹੇ ਸੀ ਕਿ ਲਾਈਬੀਰੀਆ ਵਿਚ ਲਾਸ਼ਾਂ ਦੇ ਢੇਰਾਂ ਦੇ ਢੇਰ ਲੱਗੀ ਜਾ ਰਹੇ ਹਨ ਤੇ ਕਰਫਿਊ ਲੱਗਾ ਹੋਇਆ ਹੈ। ਨਾਲੇ ਉਲੰਘਣਾ ਕਰਨ ਵਾਲਿਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਸੀ।

ਐਨ: ਕੁਝ ਲੋਕ ਖ਼ਤਰਾ ਮੁੱਲ ਲੈਣ ਲਈ ਤਿਆਰ ਰਹਿੰਦੇ ਹਨ, ਪਰ ਅਸੀਂ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਹਾਂ। ਸੱਚ ਦੱਸਾਂ ਤਾਂ ਮੈਨੂੰ ਬਚਪਨ ਤੋਂ ਹੀ “ਡਰਪੋਕ ਐਨੀ” ਕਿਹਾ ਜਾਂਦਾ ਹੈ। ਮੈਨੂੰ ਤਾਂ ਸੜਕ ਪਾਰ ਕਰਨ ਲੱਗਿਆਂ ਹੀ ਘਬਰਾਹਟ ਹੋਣ ਲੱਗ ਪੈਂਦੀ ਹੈ! ਪਰ ਅਸੀਂ ਠਾਣਿਆ ਸੀ ਕਿ ਅਸੀਂ ਲਾਈਬੀਰੀਆ ਵਿਚ ਸੇਵਾ ਕਰਨ ਜ਼ਰੂਰ ਜਾਵਾਂਗੇ, ਭਾਵੇਂ ਉੱਥੇ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਸੀ।

ਪੌਲ: ਮੈਂ ਤੇ ਐਨ ਇੰਗਲੈਂਡ ਵਿਚ ਪੈਦਾ ਹੋਏ ਸੀ। ਮੇਰਾ ਘਰ ਐਨ ਦੇ ਘਰ ਤੋਂ ਸਿਰਫ਼ 8 ਕਿਲੋਮੀਟਰ (5 ਮੀਲ) ਦੂਰ ਸੀ। ਮੇਰੇ ਮਾਪਿਆਂ ਤੇ ਐਨ ਦੇ ਮੰਮੀ ਨੇ ਹਮੇਸ਼ਾ ਸਾਨੂੰ ਹੱਲਾਸ਼ੇਰੀ ਦਿੱਤੀ ਕਿ ਅਸੀਂ ਪਾਇਨੀਅਰਿੰਗ ਕਰੀਏ। ਇਸ ਕਰਕੇ ਸਕੂਲ ਦੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਅਸੀਂ ਦੋਵੇਂ ਪਾਇਨੀਅਰਿੰਗ ਕਰਨ ਲੱਗ ਪਏ। ਉਹ ਸਾਡੇ ਫ਼ੈਸਲੇ ਤੋਂ ਬਹੁਤ ਖ਼ੁਸ਼ ਸਨ। ਜਦੋਂ ਮੈਂ 19 ਸਾਲਾਂ ਦਾ ਹੋਇਆ, ਤਾਂ ਮੈਨੂੰ ਬੈਥਲ ਵਿਚ ਸੇਵਾ ਕਰਨ ਦਾ ਸਨਮਾਨ ਮਿਲਿਆ ਤੇ 1982 ਵਿਚ ਸਾਡੇ ਵਿਆਹ ਤੋਂ ਬਾਅਦ ਐਨ ਵੀ ਮੇਰੇ ਨਾਲ ਆ ਗਈ।

8 ਸਤੰਬਰ 1985 ਨੂੰ ਗਿਲਿਅਡ ਗ੍ਰੈਜੂਏਸ਼ਨ ਵਾਲੇ ਦਿਨ

ਐਨ: ਭਾਵੇਂ ਸਾਨੂੰ ਬੈਥਲ ਵਿਚ ਸੇਵਾ ਕਰਨੀ ਬਹੁਤ ਪਸੰਦ ਸੀ, ਪਰ ਅਸੀਂ ਹਮੇਸ਼ਾ ਤੋਂ ਉੱਥੇ ਜਾ ਕੇ ਸੇਵਾ ਕਰਨੀ ਚਾਹੁੰਦੇ ਸੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਅਸੀਂ ਬੈਥਲ ਵਿਚ ਉਨ੍ਹਾਂ ਭੈਣਾਂ-ਭਰਾਵਾਂ ਨਾਲ ਸੇਵਾ ਕਰਦੇ ਸੀ ਜੋ ਪਹਿਲਾਂ ਮਿਸ਼ਨਰੀ ਸਨ। ਉਨ੍ਹਾਂ ਦੀ ਵਧੀਆ ਮਿਸਾਲ ਕਰਕੇ ਸਾਡੀ ਇਹ ਇੱਛਾ ਹੋਰ ਵੀ ਵਧ ਗਈ। ਅਸੀਂ ਤਿੰਨ ਸਾਲਾਂ ਤਕ ਹਰ ਰਾਤ ਇਸ ਬਾਰੇ ਪ੍ਰਾਰਥਨਾ ਕਰਦੇ ਰਹੇ। ਫਿਰ ਸਾਨੂੰ 1985 ਵਿਚ ਗਿਲਿਅਡ ਦੀ 79ਵੀਂ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ। ਉਦੋਂ ਸਾਡੇ ਪੈਰ ਜ਼ਮੀਨ ʼਤੇ ਹੀ ਨਹੀਂ ਲੱਗ ਰਹੇ ਸਨ। ਸਾਨੂੰ ਪੱਛਮੀ ਅਫ਼ਰੀਕਾ ਦੇ ਦੇਸ਼ ਲਾਈਬੀਰੀਆ ਭੇਜਿਆ ਗਿਆ।

ਭੈਣਾਂ-ਭਰਾਵਾਂ ਦੇ ਪਿਆਰ ਤੋਂ ਤਾਕਤ ਮਿਲੀ

ਪੌਲ: ਸਾਨੂੰ ਲਾਈਬੀਰੀਆ ਜਾਣ ਲਈ ਜਿਹੜਾ ਵੀ ਪਹਿਲਾ ਜਹਾਜ਼ ਮਿਲਿਆ, ਅਸੀਂ ਉਸ ਵਿਚ ਬੈਠ ਗਏ। ਉੱਥੇ ਦਾ ਮਾਹੌਲ ਬਹੁਤ ਤਣਾਅ ਭਰਿਆ ਸੀ ਤੇ ਕਰਫਿਊ ਲੱਗਾ ਹੋਇਆ ਸੀ। ਜਦੋਂ ਕਿਸੇ ਕਾਰ ਦੀ ਅਚਾਨਕ ਆਵਾਜ਼ ਆਉਂਦੀ ਸੀ, ਤਾਂ ਬਾਜ਼ਾਰਾਂ ਵਿਚ ਹਫੜਾ-ਦਫੜੀ ਮੱਚ ਜਾਂਦੀ ਸੀ। ਆਪਣੇ ਆਪ ਨੂੰ ਸ਼ਾਂਤ ਕਰਨ ਲਈ ਅਸੀਂ ਹਰ ਰਾਤ ਜ਼ਬੂਰਾਂ ਦੀ ਕਿਤਾਬ ਦੇ ਕੁਝ ਹਿੱਸੇ ਪੜ੍ਹਦੇ ਸੀ। ਇੱਦਾਂ ਦੇ ਹਾਲਾਤ ਹੋਣ ਦੇ ਬਾਵਜੂਦ ਸਾਨੂੰ ਇਸ ਦੇਸ਼ ਵਿਚ ਮਿਸ਼ਨਰੀ ਸੇਵਾ ਕਰਨੀ ਪਸੰਦ ਸੀ। ਐਨ ਪ੍ਰਚਾਰ ਕਰਨ ਚਲੀ ਜਾਂਦੀ ਸੀ ਤੇ ਮੈਂ ਬੈਥਲ ਵਿਚ ਭਰਾ ਜੌਨ ਚੇਰੁਕ a ਨਾਲ ਕੰਮ ਕਰਦਾ ਸੀ। ਮੈਨੂੰ ਉਸ ਭਰਾ ਤੋਂ ਬਹੁਤ ਕੁਝ ਸਿੱਖਣ ਲਈ ਮਿਲਿਆ ਕਿਉਂਕਿ ਉਹ ਕਾਫ਼ੀ ਸਮੇਂ ਤੋਂ ਲਾਈਬੀਰੀਆ ਵਿਚ ਸੀ ਤੇ ਉੱਥੇ ਦੇ ਭੈਣਾਂ-ਭਰਾਵਾਂ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ।

ਐਨ: ਪਤਾ ਹੈ, ਸਾਨੂੰ ਲਾਈਬੀਰੀਆ ਛੇਤੀ ਹੀ ਇੰਨਾ ਕਿਉਂ ਪਸੰਦ ਆ ਗਿਆ? ਉੱਥੇ ਦੇ ਭੈਣਾਂ-ਭਰਾਵਾਂ ਕਰਕੇ! ਉਹ ਮਿਲਣਸਾਰ ਸਨ, ਸਾਨੂੰ ਦਿਲੋਂ ਪਿਆਰ ਕਰਦੇ ਸਨ ਤੇ ਸਭ ਤੋਂ ਜ਼ਿਆਦਾ ਉਹ ਯਹੋਵਾਹ ਨੂੰ ਪਿਆਰ ਕਰਦੇ ਸਨ। ਉਨ੍ਹਾਂ ਨਾਲ ਸਾਡੀ ਗੂੜ੍ਹੀ ਦੋਸਤੀ ਹੋ ਗਈ ਤੇ ਉਹ ਸਾਡਾ ਨਵਾਂ ਪਰਿਵਾਰ ਬਣ ਗਏ। ਉਨ੍ਹਾਂ ਨੇ ਸਾਨੂੰ ਚੰਗੀਆਂ ਸਲਾਹਾਂ ਦੇ ਕੇ ਸਾਡਾ ਹੌਸਲਾ ਵਧਾਇਆ। ਉੱਥੇ ਪ੍ਰਚਾਰ ਕਰ ਕੇ ਮਜ਼ਾ ਆ ਜਾਂਦਾ ਸੀ! ਘਰ-ਮਾਲਕ ਉਦੋਂ ਨਾਰਾਜ਼ ਹੋ ਜਾਂਦੇ ਸਨ ਜਦੋਂ ਅਸੀਂ ਉਨ੍ਹਾਂ ਦੇ ਘਰੋਂ ਛੇਤੀ ਤੁਰ ਪੈਂਦੇ ਸੀ। ਉੱਥੇ ਲੋਕ ਸੜਕਾਂ ʼਤੇ ਆਮ ਹੀ ਬਾਈਬਲ ਬਾਰੇ ਚਰਚਾ ਕਰਦੇ ਸਨ। ਤੁਸੀਂ ਬੱਸ ਜਾ ਕੇ ਉਨ੍ਹਾਂ ਦੀ ਗੱਲਬਾਤ ਵਿਚ ਸ਼ਾਮਲ ਹੋਣਾ ਸੀ। ਬਹੁਤ ਸਾਰੇ ਲੋਕ ਸਾਡੇ ਤੋਂ ਬਾਈਬਲ ਬਾਰੇ ਸਿੱਖਣਾ ਚਾਹੁੰਦੇ ਸਨ, ਪਰ ਸਾਡੇ ਲਈ ਉਨ੍ਹਾਂ ਸਾਰਿਆਂ ਨੂੰ ਸਮਾਂ ਦੇਣਾ ਮੁਸ਼ਕਲ ਹੋ ਜਾਂਦਾ ਸੀ। ਇੱਦਾਂ ਦੀਆਂ ਮੁਸ਼ਕਲਾਂ ਤਾਂ ਚੰਗੀਆਂ ਹੁੰਦੀਆਂ ਹਨ!

ਡਰ ਤਾਂ ਲੱਗਾ, ਪਰ ਯਹੋਵਾਹ ਤੋਂ ਤਾਕਤ ਮਿਲੀ

1990 ਵਿਚ ਲਾਈਬੀਰੀਆ ਦੇ ਬੈਥਲ ਵਿਚ ਭੱਜ ਕੇ ਆਏ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਦੇ ਹੋਏ

ਪੌਲ: ਚਾਰ ਸਾਲਾਂ ਤਕ ਥੋੜ੍ਹੀ-ਬਹੁਤੀ ਸ਼ਾਂਤੀ ਸੀ, ਪਰ 1989 ਵਿਚ ਹਾਲਾਤ ਇਕਦਮ ਬਦਲ ਗਏ। ਲਾਈਬੀਰੀਆ ਵਿਚ ਘਰੇਲੂ ਯੁੱਧ ਸ਼ੁਰੂ ਹੋ ਗਿਆ। ਸਰਕਾਰ ਦੇ ਵਿਰੋਧੀਆਂ ਨੇ 2 ਜੁਲਾਈ 1990 ਵਿਚ ਬੈਥਲ ਦੇ ਨੇੜੇ ਦੇ ਇਲਾਕੇ ʼਤੇ ਕਬਜ਼ਾ ਕਰ ਲਿਆ। ਤਿੰਨ ਮਹੀਨਿਆਂ ਤਕ ਅਸੀਂ ਕਿਸੇ ਨਾਲ ਵੀ ਸੰਪਰਕ ਨਹੀਂ ਕਰ ਪਾਏ, ਇੱਥੋਂ ਤਕ ਕਿ ਆਪਣੇ ਘਰਦਿਆਂ ਤੇ ਮੁੱਖ ਦਫ਼ਤਰ ਨਾਲ ਵੀ ਨਹੀਂ। ਹਰ ਪਾਸੇ ਉਥਲ-ਪੁਥਲ ਮਚੀ ਹੋਈ ਸੀ, ਖਾਣ-ਪੀਣ ਦੇ ਲਾਲੇ ਪਏ ਹੋਏ ਸਨ ਤੇ ਔਰਤਾਂ ਨਾਲ ਬਲਾਤਕਾਰ ਹੋ ਰਹੇ ਸਨ। 14 ਸਾਲਾਂ ਤਕ ਪੂਰੇ ਦੇਸ਼ ਵਿਚ ਇਹੀ ਹੁੰਦਾ ਰਿਹਾ।

ਐਨ: ਕੁਝ ਕਬੀਲਿਆਂ ਦੇ ਲੋਕ ਦੂਜੇ ਕਬੀਲਿਆਂ ਦੇ ਲੋਕਾਂ ਨਾਲ ਲੜ ਰਹੇ ਸਨ ਤੇ ਉਨ੍ਹਾਂ ਨੂੰ ਜਾਨੋਂ ਮਾਰ ਰਹੇ ਸਨ। ਅਜੀਬੋ-ਗ਼ਰੀਬ ਕੱਪੜੇ ਪਹਿਨੀ ਹਥਿਆਰਾਂ ਨਾਲ ਲੈਸ ਲੋਕ ਸੜਕਾਂ ʼਤੇ ਘੁੰਮ ਰਹੇ ਸਨ ਤੇ ਹਰ ਘਰ ਨੂੰ ਲੁੱਟ ਰਹੇ ਸਨ। ਇਨ੍ਹਾਂ ਵਿੱਚੋਂ ਕੁਝ ਹਮਲਾਵਰਾਂ ਲਈ ਲੋਕਾਂ ਨੂੰ ਮਾਰਨਾ ਤਾਂ “ਮੁਰਗਿਆਂ ਨੂੰ ਹਲਾਲ” ਕਰਨ ਦੇ ਬਰਾਬਰ ਸੀ। ਉਨ੍ਹਾਂ ਨੇ ਨਾਕਿਆਂ ਕੋਲ ਲਾਸ਼ਾਂ ਦੇ ਢੇਰ ਲਾ ਦਿੱਤੇ, ਇੱਥੋਂ ਤਕ ਕਿ ਬੈਥਲ ਨੇੜੇ ਵੀ ਇੱਦਾਂ ਹੀ ਹੋ ਰਿਹਾ ਸੀ। ਬਹੁਤ ਸਾਰੇ ਵਫ਼ਾਦਾਰ ਗਵਾਹ ਮਾਰੇ ਗਏ ਜਿਨ੍ਹਾਂ ਵਿਚ ਸਾਡੇ ਦੋ ਪਿਆਰੇ ਮਿਸ਼ਨਰੀ ਵੀ ਸਨ।

ਹਮਲਾਵਰ ਦੂਜੇ ਕਬੀਲਿਆਂ ਦੇ ਲੋਕਾਂ ਨੂੰ ਲੱਭ-ਲੱਭ ਕੇ ਮਾਰ ਰਹੇ ਸਨ। ਇੱਦਾਂ ਦੇ ਹਾਲਾਤਾਂ ਵਿਚ ਗਵਾਹਾਂ ਨੇ ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਇਨ੍ਹਾਂ ਕਬੀਲਿਆਂ ਨਾਲ ਤਅੱਲਕ ਰੱਖਦੇ ਭੈਣਾਂ-ਭਰਾਵਾਂ ਨੂੰ ਲੁਕੋ ਲਿਆ। ਮਿਸ਼ਨਰੀਆਂ ਤੇ ਬੈਥਲ ਦੇ ਭੈਣਾਂ-ਭਰਾਵਾਂ ਨੇ ਵੀ ਇਸੇ ਤਰ੍ਹਾਂ ਕੀਤਾ। ਬੈਥਲ ਭੱਜ ਕੇ ਆਏ ਕੁਝ ਭੈਣ-ਭਰਾ ਉੱਪਰਲੇ ਕਮਰਿਆਂ ਵਿਚ ਰਹੇ ਤੇ ਕੁਝ ਹੇਠਲੇ ਕਮਰਿਆਂ ਵਿਚ। ਸਾਡੇ ਕਮਰੇ ਵਿਚ ਸਾਡੇ ਨਾਲ ਇਕ ਪਰਿਵਾਰ ਰਿਹਾ ਜਿਸ ਦੇ ਸੱਤ ਮੈਂਬਰ ਸਨ।

ਪੌਲ: ਹਮਲਾਵਰ ਰੋਜ਼ ਬੈਥਲ ਆ ਕੇ ਦੇਖਣ ਦੀ ਕੋਸ਼ਿਸ਼ ਕਰਦੇ ਸਨ ਕਿ ਅਸੀਂ ਕਿਸੇ ਨੂੰ ਲੁਕਾਇਆ ਤਾਂ ਨਹੀਂ। ਸਾਡੇ ਵਿੱਚੋਂ ਚਾਰ ਜਣੇ ਪਹਿਰਾ ਦਿੰਦੇ ਸਨ। ਦੋ ਜਣੇ ਖਿੜਕੀ ਵਿੱਚੋਂ ਨਿਗਰਾਨੀ ਕਰਦੇ ਸਨ ਜਦ ਕਿ ਦੋ ਜਣੇ ਬਾਹਰ ਗੇਟ ʼਤੇ ਜਾਂਦੇ ਸਨ। ਜੇ ਗੇਟ ʼਤੇ ਨਿਗਰਾਨੀ ਕਰਨ ਵਾਲਿਆਂ ਨੇ ਆਪਣੇ ਹੱਥ ਅੱਗੇ ਕੀਤੇ ਹੁੰਦੇ ਸਨ, ਤਾਂ ਇਸ ਦਾ ਮਤਲਬ ਸੀ ਕਿ ਸਭ ਠੀਕ-ਠਾਕ ਸੀ। ਪਰ ਜੇ ਉਨ੍ਹਾਂ ਨੇ ਹੱਥ ਪਿੱਛੇ ਕੀਤੇ ਹੁੰਦੇ ਸਨ, ਤਾਂ ਇਸ ਦਾ ਮਤਲਬ ਸੀ ਕਿ ਹਮਲਾਵਰ ਬਹੁਤ ਗੁੱਸੇ ਵਿਚ ਸਨ। ਇਸ ਲਈ ਖਿੜਕੀ ਵਿੱਚੋਂ ਨਿਗਰਾਨੀ ਕਰਨ ਵਾਲੇ ਫਟਾਫਟ ਭੈਣਾਂ-ਭਰਾਵਾਂ ਨੂੰ ਲੁਕੋ ਦਿੰਦੇ ਸਨ।

ਐਨ: ਕਈ ਹਫ਼ਤਿਆਂ ਬਾਅਦ ਗੁੱਸੇ ਨਾਲ ਭਰੇ-ਪੀਤੇ ਹਮਲਾਵਰ ਜ਼ਬਰਦਸਤੀ ਬੈਥਲ ਵਿਚ ਆ ਵੜੇ। ਮੈਂ ਖ਼ੁਦ ਨੂੰ ਤੇ ਇਕ ਭੈਣ ਨੂੰ ਬਾਥਰੂਮ ਵਿਚ ਬੰਦ ਕਰ ਲਿਆ। ਉੱਥੇ ਇਕ ਅਲਮਾਰੀ ਸੀ ਜਿਸ ਵਿਚ ਲੁਕਣ ਲਈ ਇਕ ਛੋਟਾ ਜਿਹਾ ਖ਼ਾਨਾ ਸੀ। ਉਹ ਭੈਣ ਕੱਠੀ-ਮੱਠੀ ਹੋ ਕੇ ਉਸ ਖ਼ਾਨੇ ਵਿਚ ਲੁਕ ਗਈ। ਮਸ਼ੀਨਗੰਨਾਂ ਨਾਲ ਲੈਸ ਉਹ ਹਮਲਾਵਰ ਉੱਪਰ ਆ ਗਏ। ਉਹ ਗੁੱਸੇ ਵਿਚ ਦਰਵਾਜ਼ਾ ਭੰਨਣ ਲੱਗੇ। ਪੌਲ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਿਹਾ: “ਮੇਰੀ ਪਤਨੀ ਅਜੇ ਬਾਥਰੂਮ ਵਿਚ ਹੈ।” ਮੈਂ ਜਦੋਂ ਅਲਮਾਰੀ ਦੇ ਖ਼ਾਨੇ ਨੂੰ ਬੰਦ ਕੀਤਾ, ਤਾਂ ਥੋੜ੍ਹਾ ਖੜਕਾ ਹੋ ਗਿਆ ਅਤੇ ਸ਼ੈਲਫ਼ਾਂ ʼਤੇ ਦੁਬਾਰਾ ਚੀਜ਼ਾਂ ਟਿਕਾਉਣ ਵਿਚ ਥੋੜ੍ਹਾ ਸਮਾਂ ਲੱਗ ਗਿਆ। ਮੈਂ ਡਰ ਨਾਲ ਥਰ-ਥਰ ਕੰਬਣ ਲੱਗ ਪਈ ਕਿਉਂਕਿ ਉਨ੍ਹਾਂ ਹਮਲਾਵਰਾਂ ਨੂੰ ਸ਼ੱਕ ਹੋ ਗਿਆ ਹੋਣਾ ਕਿ ਮੈਂ ਕੁਝ ਲੁਕੋ ਰਹੀ ਹਾਂ। ਮੈਂ ਹੁਣ ਦਰਵਾਜ਼ਾ ਖੋਲ੍ਹਾਂ ਤਾਂ ਖੋਲ੍ਹਾਂ ਕਿੱਦਾਂ? ਮੈਂ ਮਨ ਹੀ ਮਨ ਪ੍ਰਾਰਥਨਾ ਕੀਤੀ ਤੇ ਮਦਦ ਲਈ ਯਹੋਵਾਹ ਨੂੰ ਤਰਲੇ ਕੀਤੇ। ਫਿਰ ਮੈਂ ਦਰਵਾਜ਼ਾ ਖੋਲ੍ਹਿਆ ਤੇ ਸ਼ਾਂਤ ਹੋ ਕੇ ਉਨ੍ਹਾਂ ਨੂੰ ਦੁਆ-ਸਲਾਮ ਕੀਤੀ। ਉਨ੍ਹਾਂ ਵਿੱਚੋਂ ਇਕ ਜਣੇ ਨੇ ਮੈਨੂੰ ਧੱਕਾ ਦੇ ਕੇ ਪਿੱਛੇ ਕਰ ਦਿੱਤਾ ਤੇ ਸਿੱਧਾ ਅਲਮਾਰੀ ਵੱਲ ਚਲਾ ਗਿਆ। ਉਸ ਨੇ ਅਲਮਾਰੀ ਖੋਲ੍ਹ ਕੇ ਸ਼ੈਲਫ਼ਾਂ ʼਤੇ ਪਈਆਂ ਚੀਜ਼ਾਂ ਇੱਧਰ-ਉੱਧਰ ਖਿਲਾਰ ਦਿੱਤੀਆਂ। ਉਹ ਹੈਰਾਨ ਸੀ ਕਿ ਉਸ ਨੂੰ ਕੁਝ ਨਹੀਂ ਮਿਲਿਆ। ਫਿਰ ਉਸ ਨੇ ਤੇ ਉਸ ਦੇ ਸਾਥੀਆਂ ਨੇ ਉੱਪਰੋਂ ਲੈ ਕੇ ਥੱਲੇ ਤਕ ਸਾਰੇ ਕਮਰਿਆਂ ਦੀ ਤਲਾਸ਼ੀ ਲਈ, ਪਰ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ।

ਸੱਚਾਈ ਦਾ ਚਾਨਣ ਵਧਦਾ ਗਿਆ

ਪੌਲ: ਕਈ ਮਹੀਨਿਆਂ ਤਕ ਸਾਡੇ ਕੋਲ ਬਹੁਤ ਹੀ ਘੱਟ ਖਾਣ-ਪੀਣ ਦੀਆਂ ਚੀਜ਼ਾਂ ਸਨ। ਪਰ ਯਹੋਵਾਹ ਦੇ ਬਚਨ ਤੋਂ ਮਿਲਣ ਵਾਲੇ ਖਾਣੇ ਦੀ ਕੋਈ ਕਮੀ ਨਹੀਂ ਸੀ। ਬੈਥਲ ਵਿਚ ਸਵੇਰੇ-ਸਵੇਰੇ ਹੁੰਦੀ “ਬਾਈਬਲ ਹਵਾਲੇ ਦੀ ਚਰਚਾ” ਸਾਡੇ ਲਈ “ਨਾਸ਼ਤੇ” ਵਾਂਗ ਸੀ। ਅਸੀਂ ਦੱਸ ਨਹੀਂ ਸਕਦੇ ਕਿ ਇਸ ਤੋਂ ਸਾਨੂੰ ਕਿੰਨੀ ਤਾਕਤ ਮਿਲੀ!

ਜੇ ਅਸੀਂ ਤੇ ਹੋਰ ਭੈਣ-ਭਰਾ ਖਾਣ-ਪੀਣ ਦੀਆਂ ਚੀਜ਼ਾਂ ਲੈਣ ਬੈਥਲ ਤੋਂ ਬਾਹਰ ਚਲੇ ਜਾਂਦੇ, ਤਾਂ ਉਨ੍ਹਾਂ ਭੈਣਾਂ-ਭਰਾਵਾਂ ਦੀ ਜਾਨ ਜਾ ਸਕਦੀ ਸੀ ਜਿਨ੍ਹਾਂ ਨੂੰ ਅਸੀਂ ਲੁਕਾਇਆ ਸੀ। ਕਦੇ-ਕਦੇ ਤਾਂ ਯਹੋਵਾਹ ਬਿਲਕੁਲ ਸਹੀ ਸਮੇਂ ਅਤੇ ਅਜਿਹੇ ਤਰੀਕੇ ਨਾਲ ਸਾਡੀਆਂ ਲੋੜਾਂ ਪੂਰੀਆਂ ਕਰਦਾ ਸੀ ਜੋ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਸਨ। ਯਹੋਵਾਹ ਨੇ ਸੱਚੀਂ ਸਾਡੀ ਦੇਖ-ਭਾਲ ਕੀਤੀ ਅਤੇ ਡਰ ʼਤੇ ਕਾਬੂ ਪਾਉਣ ਵਿਚ ਸਾਡੀ ਮਦਦ ਕੀਤੀ।

ਭਾਵੇਂ ਦੇਸ਼ ਵਿਚ ਚਾਰੇ ਪਾਸੇ ਹਨੇਰਾ ਛਾਇਆ ਹੋਇਆ ਸੀ, ਪਰ ਸੱਚਾਈ ਦਾ ਚਾਨਣ ਵਧਦਾ ਜਾ ਰਿਹਾ ਸੀ। ਸਾਡੇ ਭੈਣਾਂ-ਭਰਾਵਾਂ ਨੂੰ ਵਾਰ-ਵਾਰ ਆਪਣੀਆਂ ਜਾਨਾਂ ਬਚਾਉਣ ਲਈ ਭੱਜਣਾ ਪਿਆ, ਫਿਰ ਵੀ ਉਨ੍ਹਾਂ ਨੇ ਆਪਣੀ ਨਿਹਚਾ ਪੱਕੀ ਰੱਖੀ ਤੇ ਸ਼ਾਂਤ ਰਹੇ। ਕੁਝ ਜਣਿਆਂ ਨੇ ਕਿਹਾ ਕਿ ਯੁੱਧ ਦੀ ਮਾਰ ਝੱਲਣ ਨਾਲ ਉਹ “ਮਹਾਂਕਸ਼ਟ ਲਈ ਤਿਆਰ” ਹੋ ਰਹੇ ਸਨ। ਬਜ਼ੁਰਗਾਂ ਤੇ ਨੌਜਵਾਨ ਭਰਾਵਾਂ ਨੇ ਦਲੇਰੀ ਨਾਲ ਅੱਗੇ ਆ ਕੇ ਭੈਣਾਂ-ਭਰਾਵਾਂ ਦੀ ਮਦਦ ਕੀਤੀ। ਜਦੋਂ ਭੈਣ-ਭਰਾ ਭੱਜ ਕੇ ਕਿਤੇ ਜਾਂਦੇ ਸਨ, ਤਾਂ ਉਹ ਇਕੱਠੇ ਰਹਿੰਦੇ ਸਨ ਤੇ ਉਸ ਨਵੇਂ ਇਲਾਕੇ ਵਿਚ ਪ੍ਰਚਾਰ ਕਰਦੇ ਸਨ। ਨਾਲੇ ਜੰਗਲਾਂ ਵਿਚ ਉਨ੍ਹਾਂ ਨੂੰ ਜੋ ਵੀ ਮਿਲਦਾ ਸੀ, ਉਸ ਨਾਲ ਉਹ ਸਾਦਾ ਜਿਹਾ ਕਿੰਗਡਮ ਹਾਲ ਬਣਾ ਕੇ ਸਭਾਵਾਂ ਕਰਦੇ ਸਨ। ਨਿਰਾਸ਼ਾ ਭਰੇ ਮਾਹੌਲ ਵਿਚ ਉਨ੍ਹਾਂ ਨੂੰ ਸਭਾਵਾਂ ਤੋਂ ਬਹੁਤ ਜ਼ਿਆਦਾ ਹੌਸਲਾ ਮਿਲਦਾ ਸੀ ਤੇ ਪ੍ਰਚਾਰ ਕਰ ਕੇ ਉਹ ਇਨ੍ਹਾਂ ਔਖੀਆਂ ਘੜੀਆਂ ਨੂੰ ਸਹਿ ਪਾਉਂਦੇ ਸਨ। ਜਦੋਂ ਰਾਹਤ ਦੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ ਸਨ, ਤਾਂ ਇਕ ਗੱਲ ਸਾਡੇ ਦਿਲ ਨੂੰ ਛੂਹ ਗਈ। ਜ਼ਿਆਦਾਤਰ ਭੈਣਾਂ-ਭਰਾਵਾਂ ਨੇ ਕੱਪੜਿਆਂ ਦੀ ਬਜਾਇ ਪ੍ਰਚਾਰ ਕਰਨ ਲਈ ਬੈਗਾਂ ਦੀ ਗੁਜ਼ਾਰਸ਼ ਕੀਤੀ। ਦੁਖੀ ਤੇ ਸਦਮੇ ਦੇ ਮਾਰੇ ਲੋਕ ਖ਼ੁਸ਼ ਖ਼ਬਰੀ ਸੁਣ ਰਹੇ ਸਨ। ਉਹ ਇਹ ਦੇਖ ਕੇ ਹੈਰਾਨ ਹੁੰਦੇ ਸਨ ਕਿ ਇੰਨੀਆਂ ਔਖੀਆਂ ਘੜੀਆਂ ਦੌਰਾਨ ਵੀ ਗਵਾਹ ਕਿੰਨੇ ਖ਼ੁਸ਼ ਹਨ ਤੇ ਉਨ੍ਹਾਂ ਨੇ ਕਿੱਦਾਂ ਸਹੀ ਨਜ਼ਰੀਆ ਬਣਾਈ ਰੱਖਿਆ ਹੈ! ਇੱਦਾਂ ਦੇ ਹਨੇਰੇ ਭਰੇ ਮਾਹੌਲ ਵਿਚ ਗਵਾਹ ਰੌਸ਼ਨੀ ਵਾਂਗ ਚਮਕ ਰਹੇ ਸਨ। (ਮੱਤੀ 5:14-16) ਇੰਨਾ ਹੀ ਨਹੀਂ, ਸਾਡੇ ਭੈਣਾਂ-ਭਰਾਵਾਂ ਦਾ ਜੋਸ਼ ਦੇਖ ਕੇ ਕੁਝ ਵਹਿਸ਼ੀ ਲੋਕ ਵੀ ਅੱਗੇ ਚੱਲ ਕੇ ਗਵਾਹ ਬਣ ਗਏ।

ਭੈਣਾਂ-ਭਰਾਵਾਂ ਤੋਂ ਜੁਦਾ ਹੋਣ ਤੇ ਯਹੋਵਾਹ ਤੋਂ ਤਾਕਤ ਮਿਲੀ

ਪੌਲ: ਕਦੇ-ਕਦੇ ਸਾਨੂੰ ਲਾਈਬੀਰੀਆ ਛੱਡ ਕੇ ਦੂਜੇ ਦੇਸ਼ਾਂ ਵਿਚ ਜਾਣਾ ਪਿਆ, ਤਿੰਨ ਵਾਰ ਥੋੜ੍ਹੇ ਸਮੇਂ ਲਈ, ਪਰ ਦੋ ਵਾਰ ਤਾਂ ਪੂਰੇ ਸਾਲ ਲਈ। ਇਕ ਮਿਸ਼ਨਰੀ ਭੈਣ ਨੇ ਸਾਡੇ ਜਜ਼ਬਾਤਾਂ ਨੂੰ ਇਨ੍ਹਾਂ ਸ਼ਬਦਾਂ ਵਿਚ ਬਿਆਨ ਕੀਤਾ: “ਗਿਲਿਅਡ ਵਿਚ ਸਾਨੂੰ ਸਿਖਾਇਆ ਗਿਆ ਕਿ ਅਸੀਂ ਪੂਰਾ ਦਿਲ ਲਾ ਕੇ ਸੇਵਾ ਕਰੀਏ ਤੇ ਅਸੀਂ ਇੱਦਾਂ ਕੀਤਾ ਵੀ। ਇੱਦਾਂ ਦੇ ਮੁਸ਼ਕਲ ਹਾਲਾਤਾਂ ਵਿਚ ਆਪਣੇ ਭੈਣਾਂ-ਭਰਾਵਾਂ ਨੂੰ ਛੱਡ ਕੇ ਜਾਣ ਨਾਲ ਅਸੀਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਏ!” ਪਰ ਖ਼ੁਸ਼ੀ ਦੀ ਗੱਲ ਸੀ ਕਿ ਅਸੀਂ ਨੇੜੇ-ਤੇੜੇ ਦੇ ਦੇਸ਼ਾਂ ਵਿਚ ਰਹਿ ਕੇ ਵੀ ਲਾਈਬੀਰੀਆ ਦੇ ਭੈਣਾਂ-ਭਰਾਵਾਂ ਦੀ ਮਦਦ ਕਰ ਸਕੇ।

1997 ਵਿਚ ਲਾਈਬੀਰੀਆ ਵਾਪਸ ਆ ਕੇ ਅਸੀਂ ਬਹੁਤ ਖ਼ੁਸ਼ ਸੀ

ਐਨ: ਮਈ 1996 ਨੂੰ ਅਸੀਂ ਬੈਥਲ ਤੋਂ 16 ਕਿਲੋਮੀਟਰ (10 ਮੀਲ) ਦੂਰ ਇਕ ਸੁਰੱਖਿਅਤ ਜਗ੍ਹਾ ʼਤੇ ਜਾਣਾ ਚਾਹੁੰਦੇ ਸੀ। ਅਸੀਂ ਦੋਵੇਂ ਤੇ ਸਾਡੇ ਨਾਲ ਹੋਰ ਦੋ ਜਣੇ ਬੈਥਲ ਦੀ ਗੱਡੀ ਵਿਚ ਬੈਠ ਕੇ ਚਲੇ ਗਏ ਜਿਸ ਵਿਚ ਬ੍ਰਾਂਚ ਆਫ਼ਿਸ ਦੇ ਜ਼ਰੂਰੀ ਕਾਗ਼ਜ਼ਾਤ ਸਨ। ਉਸੇ ਵੇਲੇ ਸਾਡੇ ਇਲਾਕੇ ʼਤੇ ਹਮਲਾ ਹੋਇਆ। ਗੁੱਸੇਖ਼ੋਰ ਹਮਲਾਵਰਾਂ ਨੇ ਹਵਾ ਵਿਚ ਗੋਲੀਆਂ ਚਲਾਈਆਂ ਤੇ ਸਾਨੂੰ ਰੋਕਿਆ। ਉਨ੍ਹਾਂ ਨੇ ਸਾਨੂੰ ਤਿੰਨ ਜਣਿਆਂ ਨੂੰ ਗੱਡੀ ਵਿੱਚੋਂ ਧੂਹ ਕੇ ਬਾਹਰ ਕੱਢਿਆ ਤੇ ਪੌਲ ਸਮੇਤ ਗੱਡੀ ਲੈ ਕੇ ਅੱਗੇ ਚਲੇ ਗਏ। ਅਸੀਂ ਸੁੰਨ ਹੋ ਕੇ ਖੜ੍ਹੇ ਰਹੇ। ਫਿਰ ਅਚਾਨਕ ਅਸੀਂ ਦੇਖਿਆ ਕਿ ਪੌਲ ਭੀੜ ਵਿੱਚੋਂ ਤੁਰਿਆ ਆ ਰਿਹਾ ਸੀ ਤੇ ਉਸ ਦੇ ਮੱਥੇ ਤੋਂ ਖ਼ੂਨ ਚੋ ਰਿਹਾ ਸੀ। ਉਲਝਣ ਵਿਚ ਅਸੀਂ ਸੋਚਿਆ ਕਿ ਉਸ ਦੇ ਗੋਲੀ ਵੱਜੀ ਸੀ। ਫਿਰ ਅਸੀਂ ਸੋਚਿਆ ਕਿ ਜੇ ਉਸ ਦੇ ਗੋਲੀ ਵੱਜੀ ਹੁੰਦੀ, ਤਾਂ ਉਸ ਤੋਂ ਤੁਰ ਥੋੜ੍ਹਾ ਹੋਣਾ ਸੀ! ਉਨ੍ਹਾਂ ਹਮਲਾਵਰਾਂ ਵਿੱਚੋਂ ਕਿਸੇ ਨੇ ਪੌਲ ਦੇ ਮਾਰਿਆ ਤੇ ਉਸ ਨੂੰ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ। ਰੱਬ ਦਾ ਸ਼ੁਕਰ ਸੀ ਕਿ ਇਹ ਬੱਸ ਛੋਟੀ ਜਿਹੀ ਸੱਟ ਸੀ!

ਨੇੜੇ ਹੀ ਇਕ ਫ਼ੌਜੀਆਂ ਦਾ ਟਰੱਕ ਸੀ ਜੋ ਡਰੇ ਹੋਏ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ। ਅਸੀਂ ਉਸ ਟਰੱਕ ਦੇ ਬਾਹਰ ਲਟਕ ਗਏ। ਡ੍ਰਾਈਵਰ ਨੇ ਬੜੀ ਤੇਜ਼ੀ ਨਾਲ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ ਤੇ ਅਸੀਂ ਮਸੀਂ-ਮਸੀਂ ਡਿਗਣੋਂ ਬਚੇ। ਅਸੀਂ ਰੁਕਣ ਲਈ ਉਸ ਦੇ ਤਰਲੇ ਕੀਤੇ, ਪਰ ਉਹ ਇੰਨਾ ਡਰਿਆ ਹੋਇਆ ਸੀ ਕਿ ਉਸ ਨੇ ਸਾਡੀ ਇਕ ਨਾ ਸੁਣੀ। ਅਸੀਂ ਜਿੱਦਾਂ-ਕਿੱਦਾਂ ਟਰੱਕ ਦੇ ਬਾਹਰ ਲਟਕੇ ਰਹੇ, ਪਰ ਜਦੋਂ ਅਸੀਂ ਮੰਜ਼ਲ ʼਤੇ ਪਹੁੰਚੇ, ਤਾਂ ਸਾਡੀਆਂ ਨਾੜਾਂ ਤੇ ਮਾਸਪੇਸ਼ੀਆਂ ਖਿੱਚ ਹੋਣ ਕਰਕੇ ਅਸੀਂ ਹਾਲੋ ਬੇਹਾਲ ਹੋ ਗਏ ਤੇ ਡਰ ਨਾਲ ਥਰ-ਥਰ ਕੰਬ ਰਹੇ ਸੀ।

ਪੌਲ: ਅਸੀਂ ਲਿੱਬੜੇ-ਤਿੱਬੜੇ ਤੇ ਫਟੇ ਕੱਪੜਿਆਂ ਵਿਚ ਖੜ੍ਹੇ ਇਕ-ਦੂਜੇ ਵੱਲ ਦੇਖ ਰਹੇ ਸੀ ਤੇ ਹੈਰਾਨ ਸੀ ਕਿ ਅਸੀਂ ਬਚ ਕਿੱਦਾਂ ਗਏ। ਫਿਰ ਅਸੀਂ ਗੋਲੀਆਂ ਨਾਲ ਭੁੰਨੇ ਹੋਏ ਇਕ ਹੈਲੀਕਾਪਟਰ ਨੇੜੇ ਖੁੱਲ੍ਹੇ ਮੈਦਾਨ ਵਿਚ ਰਾਤ ਕੱਟੀ ਜਿਸ ਦੀ ਹਾਲਤ ਖ਼ਸਤਾ ਸੀ। ਅਗਲੇ ਦਿਨ ਇਸੇ ਹੈਲੀਕਾਪਟਰ ਰਾਹੀਂ ਅਸੀਂ ਸੀਅਰਾ ਲਿਓਨ ਚਲੇ ਗਏ। ਅਸੀਂ ਪਰਮੇਸ਼ੁਰ ਦੇ ਬਹੁਤ ਸ਼ੁਕਰਗੁਜ਼ਾਰ ਸੀ ਕਿ ਸਾਡੀ ਜਾਨ ਬਚ ਗਈ, ਪਰ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀ ਚਿੰਤਾ ਸਤਾ ਰਹੀ ਸੀ।

ਯਹੋਵਾਹ ਨੇ ਇਕ ਨਵੀਂ ਮੁਸ਼ਕਲ ਸਹਿਣ ਦੀ ਤਾਕਤ ਦਿੱਤੀ

ਐਨ: ਅਸੀਂ ਸਹੀ-ਸਲਾਮਤ ਸੀਅਰਾ ਲਿਓਨ ਦੀ ਰਾਜਧਾਨੀ ਫ਼ਰੀ ਟਾਊਨ ਦੇ ਬੈਥਲ ਵਿਚ ਪਹੁੰਚ ਗਏ ਜਿੱਥੇ ਸਾਡਾ ਬਹੁਤ ਧਿਆਨ ਰੱਖਿਆ ਗਿਆ। ਪਰ ਮੈਨੂੰ ਪਿਛਲੀਆਂ ਖ਼ੌਫ਼ਨਾਕ ਯਾਦਾਂ ਸਤਾਉਣ ਲੱਗੀਆਂ। ਦਿਨੇ ਮੈਂ ਬਹੁਤ ਚੁਕੰਨੀ ਤੇ ਡਰੀ-ਡਰੀ ਰਹਿੰਦੀ ਸੀ ਕਿ ਕਿਤੇ ਕੁਝ ਹੋ ਨਾ ਜਾਵੇ। ਮੈਂ ਚੰਗੀ ਤਰ੍ਹਾਂ ਸੋਚ ਨਹੀਂ ਸੀ ਪਾਉਂਦੀ, ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮੇਰੇ ਆਲੇ-ਦੁਆਲੇ ਜੋ ਹੋ ਰਿਹਾ ਸੀ, ਉਹ ਸੱਚ-ਮੁੱਚ ਹੋ ਰਿਹਾ ਸੀ ਜਾਂ ਕੋਈ ਸੁਪਨਾ ਸੀ। ਨਾਲੇ ਰਾਤ ਨੂੰ ਅਚਾਨਕ ਮੇਰੀ ਨੀਂਦ ਖੁੱਲ੍ਹ ਜਾਂਦੀ ਸੀ, ਮੈਂ ਪਸੀਨੇ ਨਾਲ ਭਿੱਜੀ ਹੁੰਦੀ ਸੀ, ਡਰ ਨਾਲ ਥਰ-ਥਰ ਕੰਬ ਰਹੀ ਹੁੰਦੀ ਸੀ ਅਤੇ ਮੈਨੂੰ ਲੱਗਦਾ ਸੀ ਕਿ ਹੁਣ ਕੁਝ ਬੁਰਾ ਹੋਣ ਵਾਲਾ ਹੈ। ਮੇਰੇ ਲਈ ਸਾਹ ਲੈਣਾ ਔਖਾ ਹੋ ਜਾਂਦਾ ਸੀ। ਪੌਲ ਮੈਨੂੰ ਬਾਹਾਂ ਵਿਚ ਲੈ ਲੈਂਦਾ ਸੀ ਤੇ ਮੇਰੇ ਨਾਲ ਪ੍ਰਾਰਥਨਾ ਕਰਦਾ ਸੀ। ਅਸੀਂ ਉਦੋਂ ਤਕ ਰਾਜ ਦੇ ਗੀਤ ਗਾਉਂਦੇ ਰਹਿੰਦੇ ਸੀ ਜਦ ਤਕ ਮੈਂ ਕੰਬਣੋਂ ਨਹੀਂ ਸੀ ਹਟ ਜਾਂਦੀ। ਮੈਨੂੰ ਲੱਗਦਾ ਸੀ ਕਿ ਮੈਂ ਪਾਗਲ ਹੋ ਰਹੀ ਹਾਂ ਤੇ ਹੁਣ ਮੇਰੇ ਤੋਂ ਮਿਸ਼ਨਰੀ ਸੇਵਾ ਨਹੀਂ ਹੋਣੀ।

ਫਿਰ ਕੁਝ ਅਜਿਹਾ ਹੋਇਆ ਜੋ ਮੈਂ ਕਦੇ ਨਹੀਂ ਭੁੱਲ ਸਕਦੀ। ਉਸੇ ਹਫ਼ਤੇ ਸਾਨੂੰ ਦੋ ਰਸਾਲੇ ਮਿਲੇ। ਇਕ ਸੀ, 8 ਜੂਨ 1996 ਦਾ ਜਾਗਰੂਕ ਬਣੋ! (ਅੰਗ੍ਰੇਜ਼ੀ) ਜਿਸ ਵਿਚ “ਡਰ ਅਤੇ ਘਬਰਾਹਟ ਦੇ ਦੌਰੇ ਪੈਣ ਤੇ ਕੀ ਕਰੀਏ?” ਨਾਂ ਦਾ ਇਕ ਲੇਖ ਸੀ। ਹੁਣ ਮੈਂ ਸਮਝ ਗਈ ਕਿ ਮੈਨੂੰ ਕੀ ਹੋ ਰਿਹਾ ਸੀ। ਦੂਜਾ ਰਸਾਲਾ ਸੀ, 15 ਮਈ 1996 ਦਾ ਪਹਿਰਾਬੁਰਜ। ਇਸ ਵਿਚ “ਉਹ ਆਪਣਾ ਬਲ ਕਿੱਥੋਂ ਹਾਸਲ ਕਰਦੇ ਹਨ?” ਨਾਂ ਦਾ ਇਕ ਲੇਖ ਸੀ। ਇਸ ਪਹਿਰਾਬੁਰਜ ਵਿਚ ਇਕ ਤਿਤਲੀ ਦੀ ਤਸਵੀਰ ਦਿੱਤੀ ਗਈ ਸੀ ਜਿਸ ਦਾ ਇਕ ਖੰਭ ਟੁੱਟਾ ਹੋਇਆ ਸੀ। ਇਸ ਲੇਖ ਵਿਚ ਸਮਝਾਇਆ ਗਿਆ ਸੀ ਕਿ ਜਿਵੇਂ ਇਕ ਤਿਤਲੀ ਬੁਰੀ ਤਰ੍ਹਾਂ ਟੁੱਟੇ ਹੋਏ ਖੰਭਾਂ ਦੇ ਬਾਵਜੂਦ ਖਾਣਾ ਖਾਂਦੀ ਤੇ ਉੱਡਦੀ ਰਹਿੰਦੀ ਹੈ, ਉਸੇ ਤਰ੍ਹਾਂ ਅਸੀਂ ਵੀ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਦੂਜਿਆਂ ਦੀ ਮਦਦ ਕਰਦੇ ਰਹਿ ਸਕਦੇ ਹਾਂ, ਭਾਵੇਂ ਅਸੀਂ ਅੰਦਰੋਂ ਪੂਰੀ ਤਰ੍ਹਾਂ ਟੁੱਟੇ ਹੀ ਕਿਉਂ ਨਾ ਹੋਈਏ। ਸਾਨੂੰ ਮਜ਼ਬੂਤ ਕਰਨ ਲਈ ਇਹ ਰਸਾਲੇ ਯਹੋਵਾਹ ਵੱਲੋਂ ਬਿਲਕੁਲ ਸਹੀ ਸਮੇਂ ਤੇ ਦਿੱਤਾ ਭੋਜਨ ਸਨ। (ਮੱਤੀ 24:45) ਮੈਂ ਇੱਦਾਂ ਦੇ ਹੋਰ ਲੇਖਾਂ ਦੀ ਖੋਜਬੀਨ ਕੀਤੀ ਤੇ ਉਨ੍ਹਾਂ ਨੂੰ ਸੰਭਾਲ ਕੇ ਇਕ ਫਾਈਲ ਵਿਚ ਰੱਖ ਲਿਆ। ਇਨ੍ਹਾਂ ਨਾਲ ਮੇਰੀ ਬਹੁਤ ਮਦਦ ਹੋਈ। ਸਮੇਂ ਦੇ ਬੀਤਣ ਨਾਲ ਮੇਰੀ ਹਾਲਤ ਸੁਧਰਨ ਲੱਗੀ ਤੇ ਮੇਰਾ ਡਰ ਘਟਣ ਲੱਗਾ।

ਯਹੋਵਾਹ ਨੇ ਨਵੀਂ ਜ਼ਿੰਮੇਵਾਰੀ ਮੁਤਾਬਕ ਢਲ਼ਣ ਲਈ ਤਾਕਤ ਦਿੱਤੀ

ਪੌਲ: ਅਸੀਂ ਜਦੋਂ ਵੀ ਆਪਣੇ ਘਰ ਲਾਈਬੀਰੀਆ ਵਾਪਸ ਜਾਂਦੇ ਸੀ, ਤਾਂ ਅਸੀਂ ਬਹੁਤ ਖ਼ੁਸ਼ ਹੁੰਦੇ ਸੀ। ਸਾਲ 2004 ਦੇ ਅਖ਼ੀਰ ਤਕ ਉੱਥੇ ਸੇਵਾ ਕਰਦਿਆਂ ਸਾਨੂੰ ਲਗਭਗ 20 ਸਾਲ ਹੋ ਗਏ। ਹੁਣ ਯੁੱਧ ਖ਼ਤਮ ਹੋ ਚੁੱਕਾ ਸੀ ਤੇ ਬ੍ਰਾਂਚ ਆਫ਼ਿਸ ਵਿਚ ਉਸਾਰੀ ਦੇ ਕੰਮ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਸਨ। ਫਿਰ ਅਚਾਨਕ ਸਾਨੂੰ ਇਕ ਨਵੀਂ ਜ਼ਿੰਮੇਵਾਰੀ ਲੈਣ ਲਈ ਪੁੱਛਿਆ ਗਿਆ।

ਇਹ ਸਾਡੀ ਬਹੁਤ ਵੱਡੀ ਪਰਖ ਸੀ। ਅਸੀਂ ਲਾਈਬੀਰੀਆ ਦੇ ਭੈਣਾਂ-ਭਰਾਵਾਂ ਨਾਲ ਇੰਨਾ ਪਿਆਰ ਕਰਦੇ ਸੀ ਕਿ ਉਹ ਸਾਡੇ ਲਈ ਇਕ ਪਰਿਵਾਰ ਵਾਂਗ ਸਨ। ਅਸੀਂ ਉਨ੍ਹਾਂ ਦੀ ਜੁਦਾਈ ਨੂੰ ਕਿੱਦਾਂ ਝੱਲ ਸਕਾਂਗੇ? ਪਰ ਅਸੀਂ ਸੋਚਿਆ ਕਿ ਅਸੀਂ ਆਪਣੇ ਘਰਦਿਆਂ ਨੂੰ ਛੱਡ ਕੇ ਗਿਲਿਅਡ ਗਏ ਸੀ ਤੇ ਦੇਖਿਆ ਸੀ ਕਿ ਖ਼ੁਦ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡ ਕੇ ਸਾਨੂੰ ਕਿੰਨੀਆਂ ਬਰਕਤਾਂ ਮਿਲੀਆਂ ਸਨ! ਇਸ ਲਈ ਅਸੀਂ ਨਵੀਂ ਜ਼ਿੰਮੇਵਾਰੀ ਸਵੀਕਾਰ ਕਰ ਲਈ ਤੇ ਸਾਨੂੰ ਨੇੜੇ ਹੀ ਘਾਨਾ ਦੇਸ਼ ਭੇਜਿਆ ਗਿਆ।

ਐਨ: ਲਾਈਬੀਰੀਆ ਛੱਡਣ ਵੇਲੇ ਅਸੀਂ ਬਹੁਤ ਰੋਏ, ਪਰ ਅਸੀਂ ਉਦੋਂ ਬਹੁਤ ਹੈਰਾਨ ਹੋਏ ਜਦੋਂ ਇਕ ਸਮਝਦਾਰ ਤੇ ਸਿਆਣੀ ਉਮਰ ਦੇ ਭਰਾ ਫਰੈਂਕ ਨੇ ਸਾਨੂੰ ਕਿਹਾ: “ਤੁਸੀਂ ਸਾਨੂੰ ਭੁੱਲ ਜਾਇਓ!” ਫਿਰ ਉਸ ਨੇ ਸਮਝਾਇਆ: “ਅਸੀਂ ਜਾਣਦੇ ਹਾਂ ਕਿ ਤੁਸੀਂ ਸਾਨੂੰ ਕਦੇ ਨਹੀਂ ਭੁੱਲੋਗੇ, ਪਰ ਤੁਸੀਂ ਜੀ-ਜਾਨ ਲਾ ਕੇ ਨਵੀਂ ਜ਼ਿੰਮੇਵਾਰੀ ਨਿਭਾਇਓ। ਇਹ ਜ਼ਿੰਮੇਵਾਰੀ ਯਹੋਵਾਹ ਵੱਲੋਂ ਹੈ, ਇਸ ਲਈ ਉੱਥੇ ਦੇ ਭੈਣਾਂ-ਭਰਾਵਾਂ ʼਤੇ ਆਪਣਾ ਧਿਆਨ ਲਾਇਓ।” ਇਸ ਗੱਲ ਤੋਂ ਸਾਨੂੰ ਉੱਥੇ ਜਾ ਕੇ ਸੇਵਾ ਕਰਨ ਦੀ ਤਾਕਤ ਮਿਲੀ ਜਿੱਥੇ ਅਸੀਂ ਬਹੁਤ ਘੱਟ ਜਣਿਆਂ ਨੂੰ ਜਾਣਦੇ ਸੀ ਤੇ ਜਿੱਥੇ ਸਾਡੇ ਲਈ ਸਾਰਾ ਕੁਝ ਨਵਾਂ ਸੀ।

ਪੌਲ: ਪਰ ਜਲਦੀ ਹੀ ਘਾਨਾ ਦੇ ਭੈਣਾਂ-ਭਰਾਵਾਂ ਨਾਲ ਸਾਡਾ ਪਿਆਰ ਪੈ ਗਿਆ ਤੇ ਉਹ ਸਾਡਾ ਨਵਾਂ ਪਰਿਵਾਰ ਬਣ ਗਏ। ਉੱਥੇ ਬਹੁਤ ਸਾਰੇ ਗਵਾਹ ਸਨ! ਅਸੀਂ ਆਪਣੇ ਨਵੇਂ ਦੋਸਤਾਂ ਦੀ ਪੱਕੀ ਨਿਹਚਾ ਤੇ ਵਫ਼ਾਦਾਰੀ ਤੋਂ ਬਹੁਤ ਕੁਝ ਸਿੱਖਿਆ। ਘਾਨਾ ਵਿਚ 13 ਸਾਲਾਂ ਤਕ ਸੇਵਾ ਕਰਨ ਤੋਂ ਬਾਅਦ ਸਾਨੂੰ ਇਕ ਨਵੀਂ ਜ਼ਿੰਮੇਵਾਰੀ ਮਿਲੀ। ਸਾਨੂੰ ਪੂਰਬੀ ਅਫ਼ਰੀਕਾ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਲਈ ਕਿਹਾ ਗਿਆ ਜੋ ਕੀਨੀਆ ਵਿਚ ਸੀ। ਇਹ ਤਾਂ ਸੱਚ ਹੈ ਕਿ ਸਾਨੂੰ ਘਾਨਾ ਤੇ ਲਾਈਬੀਰੀਆ ਦੇ ਭੈਣਾਂ-ਭਰਾਵਾਂ ਦੀ ਬਹੁਤ ਯਾਦ ਆਉਂਦੀ ਸੀ। ਪਰ ਜਲਦੀ ਹੀ ਅਸੀਂ ਕੀਨੀਆ ਦੇ ਵਫ਼ਾਦਾਰ ਭੈਣਾਂ-ਭਰਾਵਾਂ ਨਾਲ ਦੋਸਤੀ ਕਰ ਲਈ। ਅਸੀਂ ਹੁਣ ਵੀ ਇਸ ਵੱਡੇ ਇਲਾਕੇ ਵਿਚ ਸੇਵਾ ਕਰ ਰਹੇ ਹਾਂ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ।

2023 ਵਿਚ ਆਪਣੇ ਨਵੇਂ ਦੋਸਤਾਂ ਨਾਲ ਕੀਨੀਆ ਵਿਚ

ਬੀਤੀ ਜ਼ਿੰਦਗੀ ʼਤੇ ਇਕ ਨਜ਼ਰ

ਐਨ: ਕਈ ਸਾਲਾਂ ਤਕ ਮੈਂ ਡਰ ਨਾਲ ਕੰਬਦੀ ਰਹੀ। ਖ਼ਤਰਨਾਕ ਜਾਂ ਤਣਾਅ ਭਰੇ ਹਾਲਾਤਾਂ ਕਰਕੇ ਅਸੀਂ ਬੀਮਾਰ ਹੋ ਸਕਦੇ ਹਾਂ ਤੇ ਸਾਡੇ ਅੰਦਰ ਖ਼ੌਫ਼ ਪੈਦਾ ਹੋ ਸਕਦਾ ਹੈ। ਅਸੀਂ ਇਹ ਉਮੀਦ ਨਹੀਂ ਕਰਦੇ ਕਿ ਯਹੋਵਾਹ ਸਾਨੂੰ ਚਮਤਕਾਰੀ ਤਰੀਕੇ ਨਾਲ ਇਨ੍ਹਾਂ ਗੱਲਾਂ ਤੋਂ ਬਚਾਵੇਗਾ। ਜਦੋਂ ਮੈਂ ਗੋਲੀਆਂ ਤੇ ਮਿਸਾਈਲਾਂ ਦੀਆਂ ਆਵਾਜ਼ਾਂ ਸੁਣਦੀ ਹਾਂ, ਤਾਂ ਘਬਰਾਹਟ ਨਾਲ ਮੇਰੇ ਢਿੱਡ ਵਿਚ ਗੰਢ ਜਿਹੀ ਬੱਝ ਜਾਂਦੀ ਹੈ ਤੇ ਮੇਰੇ ਹੱਥ ਸੁੰਨ ਹੋ ਜਾਂਦੇ ਹਨ। ਪਰ ਮੈਂ ਸਿੱਖਿਆ ਹੈ ਕਿ ਸਾਨੂੰ ਮਜ਼ਬੂਤ ਰੱਖਣ ਲਈ ਯਹੋਵਾਹ ਜੋ ਵੀ ਤਾਕਤ ਦਿੰਦਾ ਹੈ, ਉਸ ʼਤੇ ਅਸੀਂ ਨਿਰਭਰ ਰਹੀਏ ਜਿਸ ਵਿਚ ਭੈਣਾਂ-ਭਰਾਵਾਂ ਦਾ ਸਾਥ ਵੀ ਸ਼ਾਮਲ ਹੈ। ਨਾਲੇ ਜਦੋਂ ਅਸੀਂ ਯਹੋਵਾਹ ਦੀ ਸੇਵਾ ਨਾਲ ਜੁੜੇ ਕੰਮਾਂ ਵਿਚ ਲੱਗੇ ਰਹਿੰਦੇ ਹਾਂ, ਤਾਂ ਉਹ ਜ਼ਿੰਮੇਵਾਰੀ ਨਿਭਾਉਣ ਵਿਚ ਸਾਡੀ ਮਦਦ ਕਰਦਾ ਹੈ।

ਪੌਲ: ਸ਼ਾਇਦ ਕੁਝ ਜਣੇ ਪੁੱਛਣ: “ਕੀ ਤੁਹਾਨੂੰ ਮਿਸ਼ਨਰੀ ਸੇਵਾ ਪਸੰਦ ਹੈ?” ਦੇਸ਼ ਸੋਹਣੇ ਹੋ ਸਕਦੇ ਹਨ, ਪਰ ਉੱਥੇ ਵੀ ਉਥਲ-ਪੁਥਲ ਹੋ ਸਕਦੀ ਹੈ ਤੇ ਹਾਲਾਤ ਖ਼ਤਰਨਾਕ ਹੋ ਸਕਦੇ ਹਨ। ਤਾਂ ਫਿਰ ਅਸੀਂ ਦੇਸ਼ ਨਾਲੋਂ ਵੀ ਜ਼ਿਆਦਾ ਕਿਸ ਨੂੰ ਪਿਆਰ ਕਰਦੇ ਹਾਂ? ਆਪਣੇ ਅਨਮੋਲ ਭੈਣਾਂ-ਭਰਾਵਾਂ ਨੂੰ ਜੋ ਸਾਡਾ ਪਰਿਵਾਰ ਹਨ। ਭਾਵੇਂ ਸਾਡੇ ਪਿਛੋਕੜ ਅਲੱਗ-ਅਲੱਗ ਹਨ, ਪਰ ਸਾਡੀ ਸੋਚ ਇੱਕੋ ਜਿਹੀ ਹੈ। ਅਸੀਂ ਸੋਚਦੇ ਸੀ ਕਿ ਸਾਨੂੰ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਭੇਜਿਆ ਗਿਆ ਸੀ, ਪਰ ਸੱਚਾਈ ਤਾਂ ਇਹ ਹੈ ਕਿ ਉਨ੍ਹਾਂ ਨੇ ਸਾਡਾ ਹੌਸਲਾ ਵਧਾਇਆ।

ਅਸੀਂ ਜਿੱਥੇ ਵੀ ਗਏ ਉੱਥੇ ਸਾਨੂੰ ਇਕ ਚਮਤਕਾਰ ਦੇਖਣ ਨੂੰ ਮਿਲਿਆ। ਉਹ ਹੈ, ਸਾਡਾ ਭਾਈਚਾਰਾ! ਜਦੋਂ ਤਕ ਅਸੀਂ ਇਕ ਮੰਡਲੀ ਦਾ ਹਿੱਸਾ ਹਾਂ, ਉਦੋਂ ਤਕ ਇਹੀ ਸਾਡਾ ਘਰ ਤੇ ਪਰਿਵਾਰ ਹੈ। ਸਾਨੂੰ ਪੂਰਾ ਯਕੀਨ ਹੈ ਕਿ ਜੇ ਅਸੀਂ ਯਹੋਵਾਹ ʼਤੇ ਭਰੋਸਾ ਕਰਦੇ ਰਹਾਂਗੇ, ਤਾਂ ਉਹ ਸਾਨੂੰ ਹਰ ਹਾਲਾਤ ਨੂੰ ਸਹਿਣ ਦੀ ਤਾਕਤ ਦੇਵੇਗਾ।​—ਫ਼ਿਲਿ. 4:13.

a 15 ਮਾਰਚ 1973 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਭਰਾ ਜੌਨ ਚੇਰੁਕ ਦੀ ਜੀਵਨੀ “ਮੈਂ ਪਰਮੇਸ਼ੁਰ ਅਤੇ ਮਸੀਹ ਦਾ ਸ਼ੁਕਰਗੁਜ਼ਾਰ ਹਾਂ” ਦੇਖੋ।