ਪਿਆਰ ਠੰਢਾ ਕਿਉਂ ਪੈ ਜਾਂਦਾ ਹੈ?
ਪਿਆਰ ਠੰਢਾ ਕਿਉਂ ਪੈ ਜਾਂਦਾ ਹੈ?
“ਪਿਆਰ ਕਰਨਾ ਆਸਾਨ ਹੈ ਪਰ ਪਿਆਰ ਨਿਭਾਉਣਾ ਮੁਸ਼ਕਲ ਹੈ।”—ਡਾ. ਕੈਰਨ ਕਾਇਜ਼ਰ।
ਵਿਆਹੁਤਾ ਰਿਸ਼ਤਾ ਇਕ ਬਹੁਤ ਹੀ ਗੁੰਝਲਦਾਰ ਰਿਸ਼ਤਾ ਹੈ, ਅਤੇ ਬਹੁਤੇ ਲੋਕ ਤਿਆਰੀ ਕਰਨ ਤੋਂ ਬਗੈਰ ਹੀ ਇਸ ਵਿਚ ਕਦਮ ਰੱਖ ਲੈਂਦੇ ਹਨ। ਇਸ ਲਈ ਸ਼ਾਇਦ ਇੰਨੀ ਹੈਰਾਨੀ ਦੀ ਗੱਲ ਨਹੀਂ ਹੈ ਕਿ ਅਜਿਹੇ ਵਿਆਹੁਤਾ ਬੰਧਨਾਂ ਦੀ ਗਿਣਤੀ ਵਧਦੀ ਜਾਂਦੀ ਹੈ ਜਿਨ੍ਹਾਂ ਵਿਚ ਪਿਆਰ ਠੰਢਾ ਪੈ ਗਿਆ ਹੈ। ਡਾ. ਡੀਨ ਐੱਸ. ਈਡੇਲ ਕਹਿੰਦਾ ਹੈ ਕਿ “ਕਾਰ ਚਲਾਉਣ ਦਾ ਲਸੰਸ ਮਿਲਣ ਤੋਂ ਪਹਿਲਾਂ ਸਾਨੂੰ ਦਿਖਾਉਣਾ ਪੈਂਦਾ ਹੈ ਕਿ ਅਸੀਂ ਕਾਰ ਚਲਾ ਸਕਦੇ ਹਾਂ, ਪਰ ਵਿਆਹ ਦੇ ਲਸੰਸ ਲਈ ਸਿਰਫ਼ ਇਕ ਦਸਤਖਤ ਕਰਨ ਦੀ ਜ਼ਰੂਰਤ ਪੈਂਦੀ ਹੈ।”
ਇਸ ਲਈ, ਭਾਵੇਂ ਕਿ ਕੁਝ ਵਿਆਹੁਤਾ ਜੋੜੇ ਸੱਚ-ਮੁੱਚ ਖ਼ੁਸ਼ ਹਨ, ਦੂਸਰੇ ਕਈ ਮੁਸ਼ਕਲਾਂ ਅਨੁਭਵ ਕਰ ਰਹੇ ਹਨ। ਹੋ ਸਕਦਾ ਹੈ ਕਿ ਇਕ ਨੇ ਜਾਂ ਦੋਹਾਂ ਨੇ ਬੜੀਆਂ ਉਮੀਦਾਂ ਨਾਲ ਵਿਆਹ ਕਰਵਾਇਆ ਸੀ, ਪਰ ਹੁਣ ਉਨ੍ਹਾਂ ਨੂੰ ਪਤਾ ਨਹੀਂ ਕਿ ਇਸ ਰਿਸ਼ਤੇ ਨੂੰ ਸਫ਼ਲ ਬਣਾਉਣ ਲਈ ਕਿਨ੍ਹਾਂ ਗੁਣਾਂ ਦੀ ਜ਼ਰੂਰਤ ਹੈ। ਡਾ. ਹੈਰੀ ਰਾਇਸ ਨੇ ਸਮਝਾਇਆ ਕਿ “ਜਦੋਂ ਲੋਕ ਪਹਿਲਾਂ ਇਕ ਦੂਸਰੇ ਨੂੰ ਜਾਣਨ ਲੱਗਦੇ ਹਨ ਤਾਂ ਉਨ੍ਹਾਂ ਨੂੰ ਇਕ ਦੂਸਰੇ ਤੋਂ ਬਹੁਤ ਹੀ ਤਸੱਲੀ ਮਿਲਦੀ ਹੈ।” ਉਹ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਜਿਵੇਂ ਕਿ ਉਨ੍ਹਾਂ ਦੇ ਸਾਥੀ “ਤੋਂ ਇਲਾਵਾ ਦੁਨੀਆਂ ਵਿਚ ਹੋਰ ਕੋਈ ਵੀ ਉਨ੍ਹਾਂ ਵਾਂਗ ਨਹੀਂ ਸੋਚਦਾ। ਕਦੀ-ਕਦੀ ਇਹ ਅਹਿਸਾਸ ਹੌਲੀ-ਹੌਲੀ ਮਿਟ ਜਾਂਦਾ ਹੈ, ਅਤੇ ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਵਿਆਹੁਤਾ ਰਿਸ਼ਤੇ ਦਾ ਕਾਫ਼ੀ ਨੁਕਸਾਨ ਹੋ ਸਕਦਾ ਹੈ।”
ਖ਼ੁਸ਼ੀ ਦੀ ਗੱਲ ਇਹ ਹੈ ਕਿ ਕਈ ਵਿਆਹੁਤਾ ਰਿਸ਼ਤੇ ਇਸ ਹੱਦ ਤਕ ਨਹੀਂ ਪਹੁੰਚਦੇ। ਪਰ, ਆਓ ਆਪਾਂ ਉਨ੍ਹਾਂ ਕੁਝ ਗੱਲਾਂ ਵੱਲ ਧਿਆਨ ਦੇਈਏ ਜਿਨ੍ਹਾਂ ਕਰਕੇ ਸ਼ਾਇਦ ਪਿਆਰ ਠੰਢਾ ਪੈ ਜਾਂਦਾ ਹੈ।
ਸੁਪਨੇ ਦੇਖਣੇ—“ਮੈਂ ਇਸ ਦੀ ਉਮੀਦ ਨਹੀਂ ਸੀ ਰੱਖੀ”
ਰੋਜ਼ ਨਾਂ ਦੀ ਔਰਤ ਕਹਿੰਦੀ ਹੈ ਕਿ “ਜਦੋਂ ਮੇਰਾ ਤਾਂ ਜਿਮ ਦਾ ਵਿਆਹ ਹੋਇਆ ਤਾਂ ਮੈਂ ਸੋਚਿਆ ਸੀ ਕਿ ਸਾਡਾ ਰਿਸ਼ਤਾ ਕਹਾਣੀਆਂ ਦੇ ਇਕ ਰਾਜਕੁਮਾਰ ਅਤੇ ਰਾਜਕੁਮਾਰੀ ਵਰਗਾ ਹੋਵੇਗਾ—ਸਭ ਕੁਝ ਪਿਆਰ-ਮੁਹੱਬਤ, ਤੇ ਜਾਦੂ ਭਰਿਆ ਹੋਵੇਗਾ।” ਲੇਕਿਨ, ਕੁਝ ਦੇਰ ਬਾਅਦ ਰੋਜ਼ ਨੂੰ ਲੱਗਾ ਕਿ ਉਸ ਦੇ “ਰਾਜਕੁਮਾਰ” ਦਾ ਜਾਦੂ ਚਲਾ ਗਿਆ ਸੀ। ਉਹ ਕਹਿੰਦੀ ਹੈ ਕਿ “ਮੇਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ।”
ਕਈ ਫ਼ਿਲਮਾਂ, ਕਿਤਾਬਾਂ, ਅਤੇ ਗੀਤ ਪਿਆਰ-ਮੁਹੱਬਤ ਨੂੰ ਸੁਪਨੇ ਵਾਂਗ ਪੇਸ਼ ਕਰਦੇ ਹਨ। ਜਦੋਂ ਇਕ ਮੁੰਡਾ-ਕੁੜੀ ਇਕ ਦੂਸਰੇ ਨੂੰ ਜਾਣਨ ਲੱਗਦੇ ਹਨ ਤਾਂ ਹੋ ਸਕਦਾ ਹੈ ਕਿ ਉਹ ਮਹਿਸੂਸ ਕਰਨ ਕਿ ਉਨ੍ਹਾਂ ਦਾ ਸੁਪਨਾ ਸੱਚ ਹੋ ਰਿਹਾ ਹੈ; ਪਰ ਵਿਆਹ ਤੋਂ ਕੁਝ ਸਾਲ ਬਾਅਦ, ਉਹ ਸੋਚਣ ਲੱਗ ਪੈਂਦੇ ਹਨ ਕਿ ਹਾਂ, ਉਹ ਸੱਚ-ਮੁੱਚ ਇਕ ਸੁਪਨਾ ਹੀ ਦੇਖ ਰਹੇ ਸਨ! ਜਦੋਂ ਵਿਆਹੁਤਾ ਰਿਸ਼ਤਾ ਕਹਾਣੀਆਂ ਵਰਗਾ ਨਹੀਂ ਹੁੰਦਾ ਹੈ ਤਾਂ ਸ਼ਾਇਦ ਜੋੜਾ ਸੋਚਣ ਲੱਗ ਪੈਂਦਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਬਿਲਕੁਲ ਅਸਫ਼ਲ ਹੋ ਗਿਆ ਹੈ, ਉਦੋਂ ਵੀ ਜਦ ਉਸ ਨੂੰ ਸੁਧਾਰਿਆ ਜਾ ਵੀ ਸਕੇ।
ਲੇਕਿਨ, ਵਿਆਹੁਤਾ ਰਿਸ਼ਤੇ ਤੋਂ ਕੁਝ-ਨਾ-ਕੁਝ ਉਮੀਦਾਂ ਰੱਖਣੀਆਂ ਬਿਲਕੁਲ ਜਾਇਜ਼ ਹੈ। ਮਿਸਾਲ ਲਈ, ਆਪਣੇ ਸਾਥੀ ਤੋਂ ਪਿਆਰ, ਆਦਰ, ਅਤੇ ਸਹਾਰੇ ਦੀ ਉਮੀਦ ਰੱਖਣੀ ਠੀਕ ਹੈ। ਲੇਕਿਨ, ਕਦੀ-ਕਦੀ ਇਹ ਉਮੀਦਾਂ ਵੀ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਭਾਰਤ ਵਿਚ ਮੀਨਾ ਨਾਂ ਦੀ ਇਕ ਜਵਾਨ ਕੁੜੀ ਕਹਿੰਦੀ ਹੈ ਕਿ “ਮੈਨੂੰ ਤਾਂ ਇੱਦਾਂ ਲੱਗਦਾ ਹੈ ਜਿੱਦਾਂ ਮੇਰਾ ਵਿਆਹ ਹੋਇਆ ਹੀ ਨਹੀਂ। . . . ਮੈਨੂੰ ਲੱਗਦਾ ਹੈ ਕਿ ਉਹ ਮੇਰੀ ਪਰਵਾਹ ਕਰਦਾ ਹੀ ਨਹੀਂ, ਤਾਂ ਮੈਂ ਬਿਲਕੁਲ ਇਕੱਲੀ ਹੀ ਹਾਂ।”
ਬੇਮੇਲ—“ਕਿਸੇ ਵੀ ਗੱਲ ਵਿਚ ਸਾਡੇ ਵਿਚਾਰ ਮਿਲਦੇ-ਜੁਲਦੇ ਨਹੀਂ”
ਇਕ ਔਰਤ ਕਹਿੰਦੀ ਹੈ ਕਿ “ਲਗਭਗ ਹਰੇਕ ਗੱਲ ਵਿਚ ਮੇਰੇ ਤੇ ਮੇਰੇ ਪਤੀ ਦੇ ਵਿਚਾਰ ਬਿਲਕੁਲ ਉਲਟ ਹਨ। ਮੈਂ ਉਸ ਨਾਲ ਵਿਆਹ ਕਰਵਾਉਣ
ਦੇ ਆਪਣੇ ਫ਼ੈਸਲੇ ਤੋਂ ਹਰ ਦਿਨ ਪਛਤਾਉਂਦੀ ਹਾਂ। ਸਾਡਾ ਕੋਈ ਵੀ ਮੇਲ ਨਹੀਂ ਹੈ।”ਆਮ ਤੌਰ ਤੇ, ਵਿਆਹ ਕਰ ਕੇ ਪਤੀ-ਪਤਨੀ ਜਲਦੀ ਪਛਾਣ ਲੈਂਦੇ ਹਨ ਕਿ ਉਹ ਇਕ ਦੂਸਰੇ ਨਾਲ ਇੰਨਾ ਰਲਦੇ-ਮਿਲਦੇ ਨਹੀਂ ਜਿੰਨਾ ਉਹ ਪਹਿਲਾਂ ਸੋਚਦੇ ਸਨ। ਡਾ. ਨੀਨਾ ਐੱਸ. ਫੀਲਡਜ਼ ਨੇ ਲਿਖਿਆ ਕਿ “ਵਿਆਹ ਤੋਂ ਬਾਅਦ ਪਤੀ-ਪਤਨੀ ਦੋਹਾਂ ਵਿਚ ਅਜਿਹੀਆਂ ਆਦਤਾਂ ਅਤੇ ਗੁਣ ਦਿਖਾਈ ਦੇਣ ਲੱਗਦੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਸ਼ਾਇਦ ਖ਼ੁਦ ਨਹੀਂ ਪਤਾ ਸੀ।”
ਇਸ ਦੇ ਨਤੀਜੇ ਵਜੋਂ, ਵਿਆਹ ਤੋਂ ਬਾਅਦ ਕੁਝ ਜੋੜੇ ਸ਼ਾਇਦ ਇਹ ਫ਼ੈਸਲਾ ਕਰਨ ਕਿ ਉਹ ਬਿਲਕੁਲ ਬੇਮੇਲ ਹਨ। ਡਾ. ਐਰਨ ਟੀ. ਬੈੱਕ ਕਹਿੰਦਾ ਹੈ ਕਿ “ਪਸੰਦਾਂ ਅਤੇ ਸੁਭਾਅ ਵਿਚ ਥੋੜ੍ਹਾ-ਬਹੁਤਾ ਮੇਲ ਹੋਣ ਤੋਂ ਇਲਾਵਾ, ਵਿਆਹ ਕਰਵਾਉਣ ਵੇਲੇ ਬਹੁਤਿਆਂ ਲੋਕਾਂ ਦੇ ਸਟਾਈਲਾਂ, ਆਦਤਾਂ, ਅਤੇ ਰਵੱਈਏ ਵਿਚ ਵੱਡੇ ਫ਼ਰਕ ਹੁੰਦੇ ਹਨ।” ਕਈ ਵਿਆਹੁਤਾ ਜੋੜੇ ਇਨ੍ਹਾਂ ਫ਼ਰਕਾਂ ਨਾਲ ਨਿਪਟਣਾ ਨਹੀਂ ਜਾਣਦੇ।
ਝਗੜੇ—“ਅਸੀਂ ਹਮੇਸ਼ਾ ਲੜਦੇ ਰਹਿੰਦੇ ਹਾਂ”
ਸਿੰਡੀ ਨਾਂ ਦੀ ਕੁੜੀ ਆਪਣੇ ਵਿਆਹੁਤਾ ਜੀਵਨ ਦੇ ਮੁਢਲਿਆਂ ਦਿਨਾਂ ਬਾਰੇ ਸੋਚ ਕੇ ਕਹਿੰਦੀ ਹੈ ਕਿ “ਅਸੀਂ ਹੈਰਾਨ ਸੀ ਕਿ ਅਸੀਂ ਕਿੰਨਾ ਲੜਦੇ-ਝਗੜਦੇ ਸੀ—ਅਸੀਂ ਹਮੇਸ਼ਾ ਚਿਲਾਉਂਦੇ ਸੀ, ਅਤੇ ਇਸ ਤੋਂ ਵੀ ਵੱਧ ਅਸੀਂ ਗੁੱਸੇ ਵਿਚ ਆ ਕੇ ਕਈਆਂ ਦਿਨਾਂ ਲਈ ਇਕ ਦੂਸਰੇ ਨਾਲ ਗੱਲ ਹੀ ਨਹੀਂ ਕਰਦੇ ਸੀ।”
ਵਿਆਹੁਤਾ ਰਿਸ਼ਤੇ ਵਿਚ ਅਣਬਣ ਤਾਂ ਜ਼ਰੂਰ ਹੋਵੇਗੀ। ਪਰ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ? ਡਾ. ਡੈਨੀਅਲ ਗੋਲਮਨ ਨੇ ਲਿਖਿਆ ਕਿ “ਇਕ ਚੰਗੇ ਵਿਆਹੁਤਾ ਰਿਸ਼ਤੇ ਵਿਚ ਪਤੀ-ਪਤਨੀ ਖੁੱਲ੍ਹੀ ਤਰ੍ਹਾਂ ਸ਼ਿਕਾਇਤ ਕਰ ਸਕਦੇ ਹਨ। ਪਰ, ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਸ਼ਿਕਾਇਤਾਂ ਗੁੱਸੇ ਵਿਚ ਆ ਕੇ ਕੀਤੀਆਂ ਜਾਂਦੀਆਂ ਹਨ, ਅਤੇ ਫਿਰ ਇਵੇਂ ਲੱਗਦਾ ਹੈ ਕਿ ਦੂਸਰੇ ਸਾਥੀ ਦੇ ਚਾਲ-ਚਲਣ ਉੱਤੇ ਹਮਲਾ ਕੀਤਾ ਜਾ ਰਿਹਾ ਹੈ।”
ਜਦ ਇਹ ਸੱਚ ਹੋਵੇ, ਤਾਂ ਗੱਲਬਾਤ ਕਰਨ ਦਾ ਸਮਾਂ ਮੈਦਾਨੇ-ਜੰਗ ਵਿਚ ਕਦਮ ਰੱਖਣ ਵਰਗਾ ਹੁੰਦਾ ਹੈ। ਆਪਣਿਆਂ-ਆਪਣਿਆਂ ਵਿਚਾਰਾਂ ਉੱਤੇ ਦ੍ਰਿੜ੍ਹਤਾ ਨਾਲ ਸਫ਼ਾਈ ਪੇਸ਼ ਕੀਤੀ ਜਾਂਦੀ ਹੈ ਅਤੇ ਸ਼ਬਦਾਂ ਨੂੰ ਗੱਲਬਾਤ ਕਰਨ ਦੇ ਔਜ਼ਾਰਾਂ ਵਜੋਂ ਨਹੀਂ ਪਰ ਤਲਵਾਰਾਂ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਮਾਹਰਾਂ ਦਾ ਇਕ ਸਮੂਹ ਕਹਿੰਦਾ ਹੈ ਕਿ “ਜਿਨ੍ਹਾਂ ਝਗੜਿਆਂ ਉੱਤੇ ਕਾਬੂ ਨਹੀਂ ਰੱਖਿਆ ਜਾਂਦਾ ਉਨ੍ਹਾਂ ਵਿਚ ਸਭ ਤੋਂ ਨੁਕਸਾਨ ਕਰਨ ਵਾਲੀ ਗੱਲ ਇਹ ਹੈ ਕਿ ਵਿਆਹੁਤਾ ਸਾਥੀ ਅਜਿਹੀਆਂ ਗੱਲਾਂ ਕਹਿ ਬੈਠਦੇ ਹਨ ਜੋ ਉਨ੍ਹਾਂ ਦੇ ਪੂਰੇ ਰਿਸ਼ਤੇ ਨੂੰ ਖ਼ਤਰੇ ਵਿਚ ਪਾਉਂਦੀਆਂ ਹਨ।”
ਉਦਾਸੀਨਤਾ—“ਅਸੀਂ ਤਾਂ ਹਾਰ ਮੰਨ ਲਈ ਹੈ”
ਪੰਜਾਂ ਸਾਲਾਂ ਤੋਂ ਵਿਆਹੀ ਹੋਈ ਇਕ ਔਰਤ ਨੇ ਕਿਹਾ: “ਮੈਂ ਤਾਂ ਆਪਣੇ ਵਿਆਹੁਤਾ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੀ ਛੱਡ ਦਿੱਤੀ ਹੈ। ਮੈਂ ਜਾਣਦੀ ਹਾਂ ਕਿ ਸਾਡਾ ਰਿਸ਼ਤਾ ਹੁਣ ਕਦੀ ਵੀ ਠੀਕ ਨਹੀਂ ਹੋਵੇਗਾ। ਮੈਨੂੰ ਤਾਂ ਸਿਰਫ਼ ਆਪਣੇ ਬੱਚਿਆਂ ਦਾ ਫ਼ਿਕਰ ਹੈ।”
ਇਹ ਕਿਹਾ ਗਿਆ ਹੈ ਕਿ ਅਸਲ ਵਿਚ ਪਿਆਰ ਦਾ ਉਲਟ ਨਫ਼ਰਤ ਨਹੀਂ ਬਲਕਿ ਉਦਾਸੀਨਤਾ ਹੈ। ਅਸਲ ਵਿਚ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਵਿਚ ਬੇਪਰਵਾਹੀ, ਯਾਨੀ ਕਿ ਉਦਾਸੀਨਤਾ, ਨਫ਼ਰਤ ਜਿੰਨਾ ਨੁਕਸਾਨ ਪਹੁੰਚਾ ਸਕਦੀ ਹੈ।
ਪਰ, ਅਫ਼ਸੋਸ ਦੀ ਗੱਲ ਹੈ ਕਿ ਕੁਝ ਵਿਆਹੁਤਾ ਸਾਥੀ ਬੇਮੁਹੱਬਤੇ ਰਿਸ਼ਤੇ ਦੇ ਇੰਨੇ ਆਦੀ ਹੋ ਗਏ ਹਨ ਕਿ ਉਹ ਇਸ ਵਿਚ ਤਬਦੀਲੀ ਦੀ ਕੋਈ ਉਮੀਦ ਰੱਖਦੇ ਹੀ ਨਹੀਂ। ਮਿਸਾਲ ਲਈ, 23 ਸਾਲਾਂ ਤੋਂ ਵਿਆਹੇ ਇਕ ਪਤੀ ਨੇ ਕਿਹਾ ਕਿ ਉਸ ਦਾ ਵਿਆਹੁਤਾ ਜੀਵਨ “ਅਜਿਹੀ ਨੌਕਰੀ ਕਰਨ ਵਾਂਗ ਹੈ ਜਿਸ ਨੂੰ ਤੁਸੀਂ ਪਸੰਦ ਨਹੀਂ ਕਰਦੇ।” ਉਹ ਅੱਗੇ ਕਹਿੰਦਾ ਹੈ ਕਿ “ਅਜਿਹੀ ਹਾਲਤ ਵਿਚ ਤੁਸੀਂ ਜਿੰਨਾ ਕੁ ਹੋ ਸਕੇ ਕਰਦੇ ਹੋ।” ਇਸੇ ਤਰ੍ਹਾਂ ਸੱਤ ਸਾਲਾਂ ਤੋਂ ਵਿਆਹੀ ਹੋਈ ਵੈਂਡੀ ਨਾਂ ਦੀ ਇਕ ਪਤਨੀ ਨੇ ਆਪਣੇ ਪਤੀ ਨਾਲ ਆਪਣੇ ਰਿਸ਼ਤੇ ਨੂੰ ਬਿਹਤਰ ਬਣਾਉਣ ਵਿਚ ਹਾਰ ਮੰਨ ਲਈ ਹੈ। ਉਹ ਕਹਿੰਦੀ ਹੈ ਕਿ “ਮੈਂ ਕਈ ਵਾਰ ਕੋਸ਼ਿਸ਼ ਕੀਤੀ ਹੈ, ਪਰ ਉਹ ਤਾਂ ਕੋਈ ਕੋਸ਼ਿਸ਼ ਕਰਦਾ ਹੀ ਨਹੀਂ। ਇਸ ਕਾਰਨ ਮੈਨੂੰ ਡਿਪਰੈਸ਼ਨ ਹੋ ਗਿਆ ਸੀ, ਅਤੇ ਮੈਂ ਫਿਰ ਤੋਂ ਇਸ ਤਰ੍ਹਾਂ ਬੀਮਾਰ ਨਹੀਂ ਹੋਣਾ ਚਾਹੁੰਦੀ। ਜਦੋਂ ਮੈਂ ਉਮੀਦ ਕਰਨ ਲੱਗਦੀ ਹਾਂ ਤਾਂ ਮੇਰੇ ਦਿਲ ਨੂੰ ਸਿਰਫ਼ ਠੇਸ ਪਹੁੰਚਦੀ ਹੈ। ਇਸ ਲਈ, ਬਿਹਤਰ ਹੈ ਕਿ ਮੈਂ ਕੋਈ ਵੀ ਉਮੀਦ ਨਾ ਰੱਖਾਂ—ਮੈਂ ਖ਼ੁਸ਼ ਤਾਂ ਨਹੀਂ ਹੋਵਾਂਗੀ, ਪਰ ਮੈਨੂੰ ਡਿਪਰੈਸ਼ਨ ਵੀ ਨਹੀਂ ਹੋਵੇਗਾ।”
ਸੁਪਨੇ ਦੇਖਣੇ, ਬੇਮੇਲ ਹੋਣਾ, ਝਗੜੇ, ਅਤੇ ਉਦਾਸੀਨਤਾ ਸਿਰਫ਼ ਕੁਝ ਹੀ ਗੱਲਾਂ ਹਨ ਜਿਨ੍ਹਾਂ ਕਾਰਨ ਵਿਆਹੁਤਾ ਰਿਸ਼ਤਿਆਂ ਵਿਚ ਪਿਆਰ ਠੰਢਾ ਪੈ ਜਾਂਦਾ ਹੈ। ਜ਼ਾਹਰ ਹੈ ਕਿ ਹੋਰ ਵੀ ਬਹੁਤ ਗੱਲਾਂ ਹਨ—ਇਨ੍ਹਾਂ ਵਿੱਚੋਂ ਕੁਝ ਗੱਲਾਂ ਸਫ਼ੇ 5 ਦੀ ਡੱਬੀ ਵਿਚ ਦੱਸੀਆਂ ਗਈਆਂ ਹਨ। ਲੇਕਿਨ, ਇਨ੍ਹਾਂ ਕਾਰਨਾਂ ਦੇ ਬਾਵਜੂਦ, ਕੀ ਉਨ੍ਹਾਂ ਵਿਆਹੁਤਾ ਜੋੜਿਆਂ ਲਈ ਕੋਈ ਉਮੀਦ ਹੈ ਜੋ ਬੇਮੁਹੱਬਤੇ ਬੰਧਨ ਵਿਚ ਕੈਦ ਹੋਏ ਮਹਿਸੂਸ ਕਰਦੇ ਹਨ?
[ਸਫ਼ਾ 5 ਉੱਤੇ ਡੱਬੀ/ਤਸਵੀਰ]
ਕੁਝ ਹੋਰ ਗੱਲਾਂ ਜਿਸ ਕਾਰਨ ਵਿਆਹੁਤਾ ਬੰਧਨ ਵਿਚ ਪਿਆਰ ਠੰਢਾ ਪੈਂਦਾ ਹੈ
• ਪੈਸੇ: “ਅਸੀਂ ਸ਼ਾਇਦ ਸੋਚੀਏ ਕਿ ਖ਼ਰਚਿਆਂ ਦਾ ਹਿਸਾਬ ਰੱਖਣ ਦੁਆਰਾ ਇਕ ਜੋੜਾ ਮਜ਼ਬੂਤ ਬਣੇਗਾ ਕਿਉਂਕਿ ਉਨ੍ਹਾਂ ਨੂੰ ਏਕਤਾ ਵਿਚ ਕੰਮ ਕਰਨਾ ਪੈਂਦਾ ਹੈ, ਗੁਜ਼ਾਰਾ ਤੋੜਨ ਲਈ ਆਪਣੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਪੈਂਦੀਆਂ ਹਨ, ਅਤੇ ਉਹ ਆਪਣੇ ਕੰਮਾਂ ਦੇ ਚੰਗੇ ਨਤੀਜਿਆਂ ਦਾ ਆਨੰਦ ਮਾਣਦੇ ਹਨ। ਪਰ, ਜੋ ਚੀਜ਼ ਇਕ ਜੋੜੇ ਨੂੰ ਇਕਮੁੱਠ ਕਰ ਸਕਦੀ ਹੈ ਉਹੀ ਅਕਸਰ ਉਨ੍ਹਾਂ ਨੂੰ ਇਕ ਦੂਸਰੇ ਤੋਂ ਜੁਦਾ ਕਰ ਦਿੰਦੀ ਹੈ।”—ਡਾ. ਐਰਨ ਟੀ. ਬੈੱਕ.
• ਮਾਪੇ ਹੋਣਾ: “ਅਸੀਂ ਦੇਖਿਆ ਹੈ ਕਿ 67 ਫੀ ਸਦੀ ਵਿਆਹੁਤਾ ਜੋੜੇ ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਘੱਟ ਸੰਤੁਸ਼ਟੀ ਮਹਿਸੂਸ ਕਰਦੇ ਹਨ, ਅਤੇ ਉਨ੍ਹਾਂ ਵਿਚਕਾਰ ਅੱਠ ਗੁਣਾ ਜ਼ਿਆਦਾ ਝਗੜੇ ਹੁੰਦੇ ਹਨ। ਇਸ ਦਾ ਕਾਰਨ ਕੁਝ ਹੱਦ ਤਕ ਇਹ ਹੈ ਕਿ ਮਾਪੇ ਬਹੁਤ ਥੱਕ ਜਾਂਦੇ ਹਨ ਅਤੇ ਉਨ੍ਹਾਂ ਕੋਲ ਇਕ ਦੂਸਰੇ ਲਈ ਬਹੁਤਾ ਸਮਾਂ ਨਹੀਂ ਹੁੰਦਾ।”—ਡਾ. ਜੌਨ ਗੌਟਮਨ.
• ਧੋਖਾ ਦੇਣਾ: “ਬੇਵਫ਼ਾਈ ਵਿਚ ਧੋਖਾ ਸ਼ਾਮਲ ਹੁੰਦਾ ਹੈ, ਅਤੇ ਧੋਖੇ ਦਾ ਸਾਫ਼-ਸਾਫ਼ ਮਤਲਬ ਵਿਸ਼ਵਾਸਘਾਤ ਹੁੰਦਾ ਹੈ। ਵਿਸ਼ਵਾਸ ਨੂੰ ਇਕ ਲੰਬੇ ਸਮੇਂ ਦੇ ਸਫ਼ਲ ਵਿਆਹ ਦੀ ਸਭ ਤੋਂ ਅਹਿਮ ਚੀਜ਼ ਕਿਹਾ ਗਿਆ ਹੈ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਧੋਖਾ ਇਕ ਵਿਆਹੁਤਾ ਰਿਸ਼ਤੇ ਨੂੰ ਤਬਾਹ ਕਰ ਸਕਦਾ ਹੈ।”—ਡਾ. ਨੀਨਾ ਐੱਸ. ਫੀਲਡਜ਼.
• ਜਿਨਸੀ ਸੰਬੰਧ: “ਹੈਰਾਨੀ ਦੀ ਗੱਲ ਹੈ ਕਿ ਜਦੋਂ ਲੋਕ ਤਲਾਕ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰਦੇ ਹਨ, ਤਾਂ ਇਹ ਗੱਲ ਆਮ ਹੁੰਦੀ ਹੈ ਕਿ ਵਿਆਹੁਤਾ ਜੋੜੇ ਵਿਚਕਾਰ ਕਈਆਂ ਸਾਲਾਂ ਤੋਂ ਕੋਈ ਜਿਨਸੀ ਸੰਬੰਧ ਨਹੀਂ ਰਹੇ ਹਨ। ਕੁਝ ਜੋੜਿਆਂ ਵਿਚ ਅਜਿਹਾ ਰਿਸ਼ਤਾ ਕਦੀ ਕਾਇਮ ਹੀ ਨਹੀਂ ਕੀਤਾ ਗਿਆ ਸੀ, ਅਤੇ ਦੂਸਰਿਆਂ ਜੋੜਿਆਂ ਵਿਚ ਜਿਨਸੀ ਸੰਬੰਧ ਸਿਰਫ਼ ਇਕ ਦੂਸਰੇ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਲਈ ਹੁੰਦੇ ਸਨ।”—ਜੁਡਿਥ ਐੱਸ. ਵਾਲਰਸਟਾਈਨ, ਇਕ ਕਲਿਨਕੀ ਮਨੋਵਿਗਿਆਨੀ।
[ਸਫ਼ਾ 6 ਉੱਤੇ ਡੱਬੀ/ਤਸਵੀਰ]
ਬੱਚਿਆਂ ਉੱਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ?
ਕੀ ਤੁਹਾਡੇ ਵਿਆਹੁਤਾ ਰਿਸ਼ਤੇ ਦੀ ਹਾਲਤ ਦਾ ਤੁਹਾਡੇ ਬੱਚਿਆਂ ਉੱਤੇ ਅਸਰ ਪੈ ਸਕਦਾ ਹੈ? ਡਾ. ਜੌਨ. ਗੌਟਮਨ ਨੇ 20 ਕੁ ਸਾਲਾਂ ਤੋਂ ਵਿਆਹੁਤਾ ਜੋੜਿਆਂ ਬਾਰੇ ਰਿਸਰਚ ਕੀਤੀ ਹੈ ਅਤੇ ਉਸ ਦੇ ਅਨੁਸਾਰ ਇਸ ਸਵਾਲ ਦਾ ਜਵਾਬ ਹੈ, ਹਾਂ। ਉਸ ਨੇ ਕਿਹਾ “ਦਸਾਂ ਸਾਲਾਂ ਦੀਆਂ ਦੋ ਖੋਜਾਂ ਤੋਂ ਸਾਨੂੰ ਪਤਾ ਲੱਗਾ ਕਿ ਜਿਨ੍ਹਾਂ ਛੋਟੇ ਬੱਚਿਆਂ ਦੇ ਮਾਪੇ ਖ਼ੁਸ਼ ਨਹੀਂ ਸਨ ਖੇਡਣ ਸਮੇਂ ਉਨ੍ਹਾਂ ਦੇ ਦਿਲ ਦੀ ਧੜਕਣ ਜ਼ਿਆਦਾ ਤੇਜ਼ ਹੁੰਦੀ ਸੀ ਅਤੇ ਉਹ ਆਪਣੇ ਆਪ ਨੂੰ ਸ਼ਾਂਤ ਨਹੀਂ ਕਰ ਸਕਦੇ ਸਨ। ਸਮੇਂ ਦੇ ਬੀਤਣ ਨਾਲ, ਵਿਆਹੁਤਾ ਜੀਵਨ ਦੇ ਝਗੜਿਆਂ ਕਾਰਨ ਬੱਚਿਆਂ ਦੀ ਪੜ੍ਹਾਈ ਵਿਚ ਫ਼ਰਕ ਪੈ ਜਾਂਦਾ ਹੈ, ਉਹ ਘੱਟ ਤਰੱਕੀ ਕਰਨ ਲੱਗਦੇ ਹਨ ਚਾਹੇ ਉਹ ਜਿੰਨੇ ਮਰਜ਼ੀ ਹੁਸ਼ਿਆਰ ਕਿਉਂ ਨਾ ਹੋਣ।” ਇਸ ਦੇ ਉਲਟ, ਡਾ. ਗੌਟਮਨ ਕਹਿੰਦਾ ਹੈ ਕਿ ਜਿਨ੍ਹਾਂ ਵਿਆਹੁਤਾ ਜੋੜਿਆਂ ਦਾ ਚੰਗਾ ਰਿਸ਼ਤਾ ਹੈ ਉਨ੍ਹਾਂ ਦੇ ਬੱਚੇ “ਪੜ੍ਹਾਈ ਵਿਚ ਤਰੱਕੀ ਕਰਦੇ ਹਨ ਅਤੇ ਲੋਕਾਂ ਨਾਲ ਮਿਲਣਾ-ਜੁਲਣਾ ਜਾਣਦੇ ਹਨ, ਕਿਉਂਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਦਿਖਾਇਆ ਹੈ ਕਿ ਉਨ੍ਹਾਂ ਨੂੰ ਦੂਸਰਿਆਂ ਨਾਲ ਕਿਸ ਤਰ੍ਹਾਂ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਪਰੇਸ਼ਾਨੀਆਂ ਬਾਰੇ ਕੀ ਕਰਨਾ ਚਾਹੀਦਾ ਹੈ।”