ਪੜ੍ਹਨ ਵਿਚ ਕੀ ਰੱਖਿਆ ਹੈ?
ਨੌਜਵਾਨ ਪੁੱਛਦੇ ਹਨ . . .
ਪੜ੍ਹਨ ਵਿਚ ਕੀ ਰੱਖਿਆ ਹੈ?
“ਪੜ੍ਹਨਾ ਮੈਨੂੰ ਬਹੁਤ ਔਖਾ ਲੱਗਦਾ ਹੈ। ਇਸ ਨਾਲੋਂ ਜ਼ਿਆਦਾ ਮੈਨੂੰ ਟੈਲੀਵਿਯਨ ਦੇਖਣਾ ਪਸੰਦ ਹੈ।”—ਰੂਸ ਦੀ 13 ਸਾਲਾਂ ਦੀ ਮਾਰਗਾਰੀਟਾ।
“ਜੇ ਮੈਨੂੰ ਪੁੱਛਿਆ ਜਾਵੇ ਕਿ ਮੈਂ ਕਿਤਾਬ ਪੜ੍ਹਨੀ ਪਸੰਦ ਕਰਾਂਗਾ ਜਾਂ ਬਾਸਕਟਬਾਲ ਖੇਡਣਾ, ਤਾਂ ਮੈਂ ਇਹੀ ਕਹਾਂਗਾ ਕਿ ਮੈਂ ਬਾਸਕਟਬਾਲ ਖੇਡਣਾ ਪਸੰਦ ਕਰਾਂਗਾ।”—ਅਮਰੀਕਾ ਦਾ 19 ਸਾਲਾਂ ਦਾ ਔਸਕਰ।
ਤੁਸੀਂ ਇਸ ਲੇਖ ਨੂੰ ਪੜ੍ਹਨਾ ਸ਼ੁਰੂ ਕੀਤਾ ਹੈ, ਇਸ ਦਾ ਮਤਲਬ ਹੈ ਕਿ ਤੁਸੀਂ ਪੜ੍ਹਨ ਦੀ ਅਹਿਮੀਅਤ ਨੂੰ ਸਮਝਦੇ ਹੋ। ਲੇਕਿਨ ਹੋ ਸਕਦਾ ਹੈ ਕਿ ਤੁਹਾਡੇ ਲਈ ਕਿਤਾਬ ਪੜ੍ਹਨੀ ਜਾਂ ਰਸਾਲੇ ਵਿੱਚੋਂ ਸਿਰਫ਼ ਇਕ ਲੇਖ ਪੜ੍ਹਨਾ ਦਵਾਈ ਲੈਣ ਦੇ ਬਰਾਬਰ ਹੋਵੇ: ਤੁਹਾਨੂੰ ਪਤਾ ਹੈ ਕਿ ਦਵਾਈ ਲੈਣੀ ਜ਼ਰੂਰੀ ਹੈ, ਪਰ ਫਿਰ ਵੀ ਤੁਸੀਂ ਦਵਾਈ ਲੈਣੀ ਪਸੰਦ ਨਹੀਂ ਕਰਦੇ।
ਜਾਗਰੂਕ ਬਣੋ! ਦੇ ਪੱਤਰਕਾਰਾਂ ਨੇ 11 ਦੇਸ਼ਾਂ ਦੇ ਨੌਜਵਾਨਾਂ ਦੀ ਇਹ ਜਾਣਨ ਲਈ ਇੰਟਰਵਿਊ ਲਈ ਕਿ ਕਿਤਾਬਾਂ ਪੜ੍ਹਨ ਬਾਰੇ ਉਨ੍ਹਾਂ ਦੇ ਕੀ ਵਿਚਾਰ ਹਨ। ਉਨ੍ਹਾਂ ਦੇ ਵਿਚਾਰ ਹੇਠਾਂ ਦਿੱਤੇ ਗਏ ਹਨ।
ਤੁਹਾਨੂੰ ਪੜ੍ਹਨਾ ਇੰਨਾ ਔਖਾ ਕਿਉਂ ਲੱਗਦਾ ਹੈ?
“ਪੜ੍ਹਨ ਲਈ ਸਮਾਂ ਕੱਢਣਾ ਮੇਰੇ ਲਈ ਬਹੁਤ ਔਖਾ ਹੈ।”—ਜਰਮਨੀ ਦੀ 19 ਸਾਲਾਂ ਦੀ ਸੈਮਸੀਹਾਨ।
“ਪੜ੍ਹਨਾ ਬਹੁਤ ਔਖਾ ਕੰਮ ਹੈ ਤੇ ਮੈਨੂੰ ਮਿਹਨਤ ਕਰਨੀ ਪਸੰਦ ਨਹੀਂ।”—ਫ਼ਿਲਪੀਨ ਦਾ 19 ਸਾਲਾਂ ਦਾ ਇਜ਼ਿਕੇਲ।
“ਬੋਰਿੰਗ ਵਿਸ਼ਿਆਂ ਬਾਰੇ ਪੜ੍ਹਨਾ ਮੈਨੂੰ ਜ਼ਰਾ ਵੀ ਪਸੰਦ ਨਹੀਂ।”—ਇੰਗਲੈਂਡ ਦਾ 15 ਸਾਲਾਂ ਦਾ ਕ੍ਰਿਸ਼ਚਿਅਨ।
“ਛੋਟੀ ਜਿਹੀ ਕਿਤਾਬ ਤਾਂ ਸ਼ਾਇਦ ਮੈਂ ਪੜ੍ਹ ਲਵਾਂ, ਪਰ ਮੋਟੀ ਕਿਤਾਬ ਦੇਖ ਕੇ ਹੀ ਮੈਂ ਘਬਰਾ ਜਾਂਦੀ ਹਾਂ।”—ਜਪਾਨ ਦੀ 18 ਸਾਲਾਂ ਦੀ ਏਰਿਕੋ।
“ਪੜ੍ਹਦੇ-ਪੜ੍ਹਦੇ ਮੈਂ ਇੱਧਰ-ਉੱਧਰ ਦੀਆਂ ਗੱਲਾਂ ਬਾਰੇ ਸੋਚਣ ਲੱਗ ਪੈਂਦਾ ਹਾਂ ਤੇ ਮੇਰਾ ਧਿਆਨ ਝੱਟ ਭਟਕ ਜਾਂਦਾ ਹੈ।”—ਦੱਖਣੀ ਅਫ਼ਰੀਕਾ ਦਾ 13 ਸਾਲਾਂ ਦਾ ਫ਼੍ਰਾਂਸਿਸਕੋ।
ਮਸੀਹੀ ਨੌਜਵਾਨਾਂ ਨੂੰ ਬਾਈਬਲ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ। (ਜ਼ਬੂਰਾਂ ਦੀ ਪੋਥੀ 1:1-3) ਕੀ ਬਾਈਬਲ ਪੜ੍ਹਨੀ ਤੁਹਾਨੂੰ ਮੁਸ਼ਕਲ ਲੱਗਦੀ ਹੈ? ਜੇਕਰ ਹਾਂ, ਤਾਂ ਇਸ ਦਾ ਕੀ ਕਾਰਨ ਹੈ?
“ਬਾਈਬਲ ਬਹੁਤ ਮੋਟੀ ਕਿਤਾਬ ਹੈ। ਮੇਰੇ ਖ਼ਿਆਲ ਵਿਚ ਤਾਂ ਇਸ ਨੂੰ ਪੜ੍ਹਨ ਵਿਚ ਮੇਰੀ ਸਾਰੀ ਉਮਰ ਲੰਘ ਜਾਵੇਗੀ।”—ਰੂਸ ਦੀ 13 ਸਾਲਾਂ ਦੀ ਆਨਾ।
“ਬਾਈਬਲ ਦੇ ਕੁਝ ਹਿੱਸੇ ਸਮਝਣੇ ਇੰਨੇ ਔਖੇ ਹਨ ਕਿ ਪੜ੍ਹਨ ਵਿਚ ਜ਼ਰਾ ਮਜ਼ਾ ਨਹੀਂ ਆਉਂਦਾ।”—ਭਾਰਤ ਦਾ 11 ਸਾਲਾਂ ਦਾ ਜੈਜ਼ਰੀਏਲ।
“ਰੋਜ਼ ਬਾਈਬਲ ਪੜ੍ਹਨੀ ਮੇਰੇ ਲਈ ਬਹੁਤ ਮੁਸ਼ਕਲ ਹੈ ਕਿਉਂਕਿ ਮੇਰਾ ਕੋਈ ਪੱਕਾ ਰੁਟੀਨ ਨਹੀਂ ਹੈ।”—ਇੰਗਲੈਂਡ ਦੀ 19 ਸਾਲਾਂ ਦੀ ਐਲਸਾ।
“ਘਰ ਦਾ ਤੇ ਸਕੂਲ ਦਾ ਕੰਮ ਇੰਨਾ ਜ਼ਿਆਦਾ ਹੁੰਦਾ ਹੈ ਕਿ ਬਾਈਬਲ ਪੜ੍ਹਨ ਲਈ ਸਮਾਂ ਕੱਢਣਾ ਬਹੁਤ ਔਖਾ ਹੈ।”—ਮੈਕਸੀਕੋ ਦੀ 14 ਸਾਲਾਂ ਦੀ ਸੂਰੀਸਾਡਾਈ।
“ਮੇਰਾ ਜ਼ਿਆਦਾਤਰ ਸਮਾਂ ਆਪਣੇ ਸ਼ੌਕ ਪੂਰੇ ਕਰਨ ਵਿਚ ਲੱਗ ਜਾਂਦਾ ਹੈ। ਬਾਈਬਲ ਪੜ੍ਹਨ ਲਈ ਤਾਂ ਸਮਾਂ ਬਚਦਾ ਹੀ ਨਹੀਂ।”—ਜਪਾਨ ਦਾ 14 ਸਾਲਾਂ ਦਾ ਸ਼ੋ।
ਮੰਨਿਆ ਕਿ ਪੜ੍ਹਨਾ ਕੋਈ ਸੌਖਾ ਕੰਮ ਨਹੀਂ, ਪਰ ਕੀ ਇਸ ਦਾ ਕੋਈ ਫ਼ਾਇਦਾ ਹੈ? ਪੜ੍ਹਨ ਨਾਲ ਤੁਹਾਨੂੰ ਕੀ ਲਾਭ ਹੋਇਆ ਹੈ?
“ਪੜ੍ਹਨ ਨਾਲ ਮੇਰਾ ਗਿਆਨ ਵਧਿਆ ਹੈ ਅਤੇ ਹੁਣ ਮੈਂ ਦੂਸਰਿਆਂ ਨਾਲ ਗੱਲਬਾਤ ਕਰਨ ਤੋਂ ਸ਼ਰਮਾਉਂਦੀ ਨਹੀਂ।”—ਭਾਰਤ ਦੀ 14 ਸਾਲਾਂ ਦੀ ਮੋਨੀਸ਼ਾ।
“ਪੜ੍ਹਨ ਨਾਲ ਮੈਨੂੰ ਤਾਜ਼ਗੀ ਮਿਲਦੀ ਹੈ ਅਤੇ ਥੋੜ੍ਹੇ ਸਮੇਂ ਲਈ ਮੈਂ ਆਪਣੀਆਂ ਸਮੱਸਿਆਵਾਂ ਭੁੱਲ ਜਾਂਦੀ ਹਾਂ।”—ਆਸਟ੍ਰੇਲੀਆ ਦੀ 17 ਸਾਲਾਂ ਦੀ ਐਲੀਸਨ।
“ਪੜ੍ਹਨ ਨਾਲ ਮੈਂ ਉਨ੍ਹਾਂ ਦੇਸ਼ਾਂ ਦੀ ਸੈਰ ਕਰ ਲੈਂਦਾ ਹਾਂ, ਜਿਨ੍ਹਾਂ ਨੂੰ ਜਾਣ ਦਾ ਸ਼ਾਇਦ ਮੈਨੂੰ ਕਦੇ ਮੌਕਾ ਨਾ ਮਿਲੇ।”—ਦੱਖਣੀ ਅਫ਼ਰੀਕਾ ਦਾ 19 ਸਾਲਾਂ ਦਾ ਡੂਵੇਨ।
“ਦੂਸਰਿਆਂ ਨੂੰ ਪੁੱਛਣ ਦੀ ਬਜਾਇ ਮੈਂ ਆਪ ਕਿਤਾਬਾਂ-ਰਸਾਲੇ ਪੜ੍ਹ ਕੇ ਜਾਣਕਾਰੀ ਹਾਸਲ ਕਰ ਲੈਂਦਾ ਹਾਂ।”—ਮੈਕਸੀਕੋ ਦਾ 16 ਸਾਲਾਂ ਦਾ ਆਬੀਊ।
ਪੜ੍ਹਨ ਨੂੰ ਮਜ਼ੇਦਾਰ ਬਣਾਉਣ ਲਈ ਕਿਹੜੀ ਗੱਲ ਨੇ ਤੁਹਾਡੀ ਮਦਦ ਕੀਤੀ ਹੈ?
“ਮੇਰੇ ਮਾਪਿਆਂ ਨੇ ਮੈਨੂੰ ਛੋਟੀ ਉਮਰ ਤੋਂ ਹੀ ਉੱਚੀ ਆਵਾਜ਼ ਵਿਚ ਪੜ੍ਹਨਾ ਸਿਖਾਇਆ।”—ਭਾਰਤ ਦੀ 18 ਸਾਲਾਂ ਦੀ ਤਾਨੀਆ।
“ਮੇਰੇ ਮਾਪਿਆਂ ਨੇ ਮੈਨੂੰ ਪੜ੍ਹਦੇ ਵੇਲੇ ਮਨ ਵਿਚ ਘਟਨਾਵਾਂ ਦੀ ਤਸਵੀਰ ਬਣਾਉਣ ਦੀ ਸਲਾਹ ਦਿੱਤੀ।”—ਇੰਗਲੈਂਡ ਦਾ 18 ਸਾਲਾਂ ਦਾ ਡਾਨਿਏਲ।
“ਮੇਰੇ ਪਿਤਾ ਜੀ ਨੇ ਮੈਨੂੰ ਇਹ ਸਲਾਹ ਦਿੱਤੀ ਕਿ ਮੈਂ ਬਾਈਬਲ ਦੀ ਉਹ ਕਿਤਾਬ ਪੜ੍ਹਨੀ ਸ਼ੁਰੂ ਕਰਾਂ ਜਿਹੜੀ ਮੈਨੂੰ ਜ਼ਿਆਦਾ ਪਸੰਦ ਹੈ, ਜਿਵੇਂ ਕਿ ਜ਼ਬੂਰਾਂ ਦੀ ਪੋਥੀ ਅਤੇ ਕਹਾਉਤਾਂ। ਹੁਣ ਬਾਈਬਲ ਪੜ੍ਹਨੀ ਮੇਰੇ ਲਈ ਬੋਝ ਨਹੀਂ, ਸਗੋਂ ਮੈਂ ਇਸ ਨੂੰ ਪੜ੍ਹ ਕੇ ਬਹੁਤ ਆਨੰਦ ਮਾਣਦੀ ਹਾਂ।”—ਦੱਖਣੀ ਅਫ਼ਰੀਕਾ ਦੀ 16 ਸਾਲਾਂ ਦੀ ਚੈਰੀਨ।
“ਮੇਰੇ ਪੈਦਾ ਹੁੰਦਿਆਂ ਹੀ ਮੇਰੇ ਮਾਪਿਆਂ ਨੇ ਮੇਰੇ ਲਈ ਕਿਤਾਬਾਂ ਖ਼ਰੀਦ ਕੇ ਰੱਖ ਲਈਆਂ ਸਨ। ਅਤੇ ਜਦ ਮੈਂ ਚਾਰ ਸਾਲਾਂ ਦੀ ਹੋਈ, ਤਾਂ ਉਨ੍ਹਾਂ ਨੇ ਮੇਰੇ ਲਈ ਇਕ ਮੇਜ਼ ਖ਼ਰੀਦੀ ਅਤੇ ਸ਼ੈਲਫ਼ ਬਣਾ ਕੇ ਇਹ ਸਾਰੀਆਂ ਕਿਤਾਬਾਂ ਉਸ ਉੱਤੇ ਰੱਖ ਦਿੱਤੀਆਂ।”—ਜਪਾਨ ਦੀ 14 ਸਾਲਾਂ ਦੀ ਆਰੀ।
ਤੁਹਾਡੇ ਖ਼ਿਆਲ ਵਿਚ ਬਾਈਬਲ ਨੂੰ ਪੜ੍ਹਨਾ ਇੰਨਾ ਜ਼ਰੂਰੀ ਕਿਉਂ ਹੈ?
“ਬਾਈਬਲ ਬਾਰੇ ਲੋਕਾਂ ਦੇ ਕਈ ਗ਼ਲਤ ਵਿਚਾਰ ਹਨ। ਇਸ ਲਈ ਬਿਹਤਰ ਹੈ ਜੇ ਅਸੀਂ ਆਪ ਪੜ੍ਹ ਕੇ ਦੇਖੀਏ ਕਿ ਸੱਚਾਈ ਕੀ ਹੈ।” (ਰਸੂਲਾਂ ਦੇ ਕਰਤੱਬ 17:11)—ਅਮਰੀਕਾ ਦਾ 15 ਸਾਲਾਂ ਦਾ ਮੈਥਿਊ।
“ਬਾਈਬਲ ਨੂੰ ਸਮਝਣ ਲਈ ਕਾਫ਼ੀ ਸੋਚ-ਵਿਚਾਰ ਕਰਨਾ ਪੈਂਦਾ ਹੈ। ਪਰ ਇਸ ਨੂੰ ਪੜ੍ਹਨ ਨਾਲ ਮੈਂ ਹੁਣ ਪੂਰੇ ਭਰੋਸੇ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੂਸਰਿਆਂ ਨਾਲ ਗੱਲ ਕਰ ਸਕਦੀ ਹਾਂ।” (1 ਤਿਮੋਥਿਉਸ 4:13)—ਇੰਗਲੈਂਡ ਦੀ 19 ਸਾਲਾਂ ਦੀ ਜੇਨ।
“ਜਦੋਂ ਮੈਂ ਬਾਈਬਲ ਪੜ੍ਹਦਾ ਹਾਂ, ਤਾਂ ਮੈਨੂੰ ਇਵੇਂ ਲੱਗਦਾ ਹੈ ਜਿਵੇਂ ਯਹੋਵਾਹ ਖ਼ੁਦ ਮੇਰੇ ਨਾਲ ਗੱਲ ਕਰ ਰਿਹਾ ਹੋਵੇ। ਇਸ ਦਾ ਮੇਰੇ ਦਿਲ ਉੱਤੇ ਗਹਿਰਾ ਅਸਰ ਪੈਂਦਾ ਹੈ।” (ਇਬਰਾਨੀਆਂ 4:12)—ਭਾਰਤ ਦਾ 15 ਸਾਲਾਂ ਦਾ ਓਬੇਡਾਯਾ।
“ਹੁਣ ਮੈਨੂੰ ਬਾਈਬਲ ਪੜ੍ਹਨੀ ਚੰਗੀ ਲੱਗਣ ਲੱਗ ਪਈ ਹੈ ਕਿਉਂਕਿ ਇਸ ਤੋਂ ਇਕ ਤਾਂ ਮੈਨੂੰ ਚੰਗੀ ਸਲਾਹ ਮਿਲਦੀ ਹੈ ਅਤੇ ਦੂਜਾ ਮੈਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਮੇਰੇ ਬਾਰੇ ਕੀ ਸੋਚਦਾ ਹੈ।” (ਯਸਾਯਾਹ 48:17, 18)—ਰੂਸ ਦੀ 14 ਸਾਲਾਂ ਦੀ ਵਿਕਟੋਰੀਆ।
ਬਾਈਬਲ ਅਤੇ ਬਾਈਬਲ-ਆਧਾਰਿਤ ਕਿਤਾਬਾਂ-ਰਸਾਲੇ ਪੜ੍ਹਨ ਲਈ ਤੁਸੀਂ ਸਮਾਂ ਕਦੋਂ ਕੱਢਦੇ ਹੋ?
“ਬਾਈਬਲ ਪੜ੍ਹਨ ਲਈ ਮੈਂ ਇਕ ਪੱਕਾ ਸਮਾਂ ਰੱਖਿਆ ਹੈ। ਮੈਂ ਰੋਜ਼ ਸਵੇਰੇ ਬਾਈਬਲ ਦਾ ਇਕ ਅਧਿਆਇ ਪੜ੍ਹਦੀ ਹਾਂ।”—ਬ੍ਰਾਜ਼ੀਲ ਦੀ 17 ਸਾਲਾਂ ਦੀ ਲਾਈਸ।
“ਮੈਂ ਬਾਈਬਲ ਅਤੇ ਸੰਸਥਾ ਦੀਆਂ ਹੋਰ ਕਿਤਾਬਾਂ ਸਕੂਲ ਨੂੰ ਜਾਂਦੇ ਤੇ ਆਉਂਦੇ ਵਕਤ ਟ੍ਰੇਨ ਵਿਚ ਪੜ੍ਹਦਾ ਹਾਂ। ਮੈਂ ਪਿਛਲੇ ਚਾਰ ਸਾਲਾਂ ਤੋਂ ਇਸ ਤਰ੍ਹਾਂ ਕਰਦਾ ਆਇਆ ਹਾਂ।”—ਜਪਾਨ ਦਾ 19 ਸਾਲਾਂ ਦਾ ਤਾਇਚੀ।
“ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਬਾਈਬਲ ਪੜ੍ਹਦੀ ਹਾਂ।”—ਰੂਸ ਦੀ 15 ਸਾਲਾਂ ਦੀ ਮਰਿਯਾ।
“ਮੈਂ ਹਰ ਦਿਨ ‘ਪਹਿਰਾਬੁਰਜ’ ਜਾਂ ‘ਜਾਗਰੂਕ ਬਣੋ!’ ਰਸਾਲੇ ਦੇ ਚਾਰ ਸਫ਼ੇ ਪੜ੍ਹਦੀ ਹਾਂ। ਇਸ ਤਰ੍ਹਾਂ ਮੈਂ ਨਵੇਂ ਅੰਕਾਂ ਦੇ ਆਉਣ ਤੋਂ ਪਹਿਲਾਂ ਪਿਛਲਾ ਅੰਕ ਪੂਰਾ ਪੜ੍ਹ ਲੈਂਦੀ ਹਾਂ।”—ਜਪਾਨ ਦੀ 18 ਸਾਲਾਂ ਦੀ ਏਰਿਕੋ।
“ਰੋਜ਼ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਮੈਂ ਬਾਈਬਲ ਪੜ੍ਹਦਾ ਹਾਂ।”—ਇੰਗਲੈਂਡ ਦਾ 17 ਸਾਲਾਂ ਦਾ ਜੇਮਜ਼।
ਯਾਕੂਬ 4:8) ਇਸ ਲਈ ਭਾਵੇਂ ਤੁਹਾਨੂੰ ਪੜ੍ਹਨਾ ਔਖਾ ਲੱਗਦਾ ਹੈ, ਫਿਰ ਵੀ ਹਾਰ ਨਾ ਮੰਨੋ! (g 5/06)
ਉੱਪਰ ਦਿੱਤੀਆਂ ਟਿੱਪਣੀਆਂ ਤੋਂ ਜ਼ਾਹਰ ਹੁੰਦਾ ਹੈ ਕਿ ਪੜ੍ਹਨ ਨਾਲ ਤੁਹਾਡਾ ਆਤਮ-ਵਿਸ਼ਵਾਸ ਤੇ ਗਿਆਨ ਵਧਦਾ ਹੈ। ਬਾਈਬਲ ਅਤੇ ਇਸ ਰਸਾਲੇ ਵਰਗੇ ਹੋਰ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨ ਨਾਲ ਤੁਹਾਨੂੰ “ਪਰਮੇਸ਼ੁਰ ਦੇ ਨੇੜੇ” ਜਾਣ ਵਿਚ ਯਾਨੀ ਉਸ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਵਿਚ ਵੀ ਮਦਦ ਮਿਲਦੀ ਹੈ। (ਇਸ ਬਾਰੇ ਸੋਚੋ
◼ ਤੁਹਾਡੇ ਲਈ ਪਰਮੇਸ਼ੁਰ ਦਾ ਬਚਨ ਪੜ੍ਹਨਾ ਜ਼ਰੂਰੀ ਕਿਉਂ ਹੈ?
◼ ਬਾਈਬਲ ਅਤੇ ਬਾਈਬਲ ਬਾਰੇ ਹੋਰ ਪ੍ਰਕਾਸ਼ਨ ਪੜ੍ਹਨ ਲਈ ਤੁਸੀਂ “ਸਮੇਂ ਨੂੰ ਲਾਭਦਾਇਕ” ਤਰੀਕੇ ਨਾਲ ਕਿਵੇਂ ਵਰਤ ਸਕਦੇ ਹੋ?—ਅਫ਼ਸੀਆਂ 5:15, 16.
[ਸਫ਼ਾ 22 ਉੱਤੇ ਡੱਬੀ]
ਪੜ੍ਹੀਆਂ ਗੱਲਾਂ ਦਾ ਸੰਬੰਧ ਹੋਰਨਾਂ ਗੱਲਾਂ ਨਾਲ ਜੋੜੋ
ਪੜ੍ਹੀਆਂ ਗੱਲਾਂ ਦਾ ਸੰਬੰਧ ਆਪਣੀ ਜ਼ਿੰਦਗੀ ਅਤੇ ਆਪਣੇ ਆਲੇ-ਦੁਆਲੇ ਦੇ ਮਾਹੌਲ ਨਾਲ ਜੋੜੋ। ਪੜ੍ਹਦੇ ਵੇਲੇ ਆਪਣੇ ਆਪ ਨੂੰ ਪੁੱਛੋ:
◼ ਇਸ ਜਾਣਕਾਰੀ ਦਾ ਪਹਿਲਾਂ ਪੜ੍ਹੀਆਂ ਗੱਲਾਂ ਨਾਲ ਕੀ ਸੰਬੰਧ ਹੈ? ਇੱਥੇ ਜਿਨ੍ਹਾਂ ਹਾਲਾਤਾਂ ਜਾਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਗਿਆ ਹੈ, ਕੀ ਇਸ ਦਾ ਉਨ੍ਹਾਂ ਗੱਲਾਂ ਨਾਲ ਕੋਈ ਮੇਲ ਹੈ ਜੋ ਮੈਂ ਪਹਿਲਾਂ ਕਿਸੇ ਹੋਰ ਕਿਤਾਬ, ਰਸਾਲੇ ਜਾਂ ਕਹਾਣੀ ਵਿਚ ਪੜ੍ਹੀਆਂ ਹਨ? ਇੱਥੇ ਜਿਨ੍ਹਾਂ ਲੋਕਾਂ ਬਾਰੇ ਗੱਲ ਕੀਤੀ ਗਈ ਹੈ, ਕੀ ਇਹ ਲੋਕ ਉਨ੍ਹਾਂ ਲੋਕਾਂ ਵਰਗੇ ਹਨ ਜਿਨ੍ਹਾਂ ਬਾਰੇ ਮੈਂ ਪਹਿਲਾਂ ਪੜ੍ਹ ਚੁੱਕਾ ਹਾਂ?
◼ ਇਸ ਜਾਣਕਾਰੀ ਦਾ ਮੇਰੀ ਜ਼ਿੰਦਗੀ ਨਾਲ ਕੀ ਸੰਬੰਧ ਹੈ? ਇਨ੍ਹਾਂ ਗੱਲਾਂ ਦਾ ਮੇਰੇ ਹਾਲਾਤਾਂ, ਮੇਰੇ ਸਭਿਆਚਾਰ ਅਤੇ ਮੇਰੀਆਂ ਮੁਸ਼ਕਲਾਂ ਨਾਲ ਕੀ ਸੰਬੰਧ ਹੈ? ਕੀ ਮੈਂ ਇਸ ਜਾਣਕਾਰੀ ਨੂੰ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਨ ਜਾਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਵਰਤ ਸਕਦਾ ਹਾਂ?
◼ ਮੇਰੇ ਆਲੇ-ਦੁਆਲੇ ਦੇ ਮਾਹੌਲ ਨਾਲ ਇਸ ਜਾਣਕਾਰੀ ਦਾ ਕੀ ਸੰਬੰਧ ਹੈ? ਇਸ ਜਾਣਕਾਰੀ ਤੋਂ ਮੈਨੂੰ ਕੁਦਰਤ, ਆਲੇ-ਦੁਆਲੇ ਦੇ ਮਾਹੌਲ, ਵੱਖੋ-ਵੱਖਰੇ ਲੋਕਾਂ ਜਾਂ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਕੀ ਪਤਾ ਲੱਗਦਾ ਹੈ? ਇਸ ਜਾਣਕਾਰੀ ਤੋਂ ਮੈਨੂੰ ਸਿਰਜਣਹਾਰ ਬਾਰੇ ਕੀ ਪਤਾ ਲੱਗਦਾ ਹੈ?