Skip to content

Skip to table of contents

ਤਲਾਕ ਬਾਰੇ ਚਾਰ ਗੱਲਾਂ

ਤਲਾਕ ਬਾਰੇ ਚਾਰ ਗੱਲਾਂ

ਘਰ ਦੀ ਹਾਲਤ ਦੇਖ ਕੇ ਤੁਸੀਂ ਜਾਂ ਤਾਂ ਇਸ ਨੂੰ ਢਾਹ ਸਕਦੇ ਹੋ ਜਾਂ ਇਸ ਦੀ ਮੁਰੰਮਤ ਕਰ ਸਕਦੇ ਹੋ।

ਕੀ ਤੁਹਾਡੀ ਵਿਆਹੁਤਾ ਜ਼ਿੰਦਗੀ ਦੀ ਵੀ ਇਹੀ ਹਾਲਤ ਹੋ ਗਈ ਹੈ? ਸ਼ਾਇਦ ਤੁਹਾਡੇ ਸਾਥੀ ਨੇ ਤੁਹਾਡੇ ਨਾਲ ਬੇਵਫ਼ਾਈ ਕੀਤੀ ਹੈ ਜਾਂ ਘਰ ਵਿਚ ਕਲੇਸ਼ ਰਹਿਣ ਕਰਕੇ ਤੁਹਾਡੀ ਜ਼ਿੰਦਗੀ ਵਿੱਚੋਂ ਖ਼ੁਸ਼ੀਆਂ ਉੱਡ ਗਈਆਂ ਹਨ। ਤੁਸੀਂ ਸ਼ਾਇਦ ਸੋਚਦੇ ਹੋ, ‘ਸਾਡਾ ਪਿਆਰ ਠੰਢਾ ਪੈ ਗਿਆ ਹੈ’ ਜਾਂ ‘ਹੁਣ ਨਹੀਂ ਸਾਡੀ ਦੋਹਾਂ ਦੀ ਨਿਭਣੀ’ ਜਾਂ ‘ਅਸੀਂ ਵਿਆਹ ਕਰਾ ਕੇ ਗ਼ਲਤੀ ਕੀਤੀ।’ ਸ਼ਾਇਦ ਤੁਸੀਂ ਇਹ ਵੀ ਸੋਚਦੇ ਹੋਵੋ ਕਿ ‘ਸਾਨੂੰ ਤਲਾਕ ਲੈ ਲੈਣਾ ਚਾਹੀਦਾ ਹੈ।’

ਕਾਹਲੀ ਕਰਨ ਨਾਲੋਂ ਸੋਚ-ਸਮਝ ਕੇ ਫ਼ੈਸਲਾ ਕਰੋ। ਤਲਾਕ ਲੈਣ ਨਾਲ ਮੁਸ਼ਕਲਾਂ ਹਮੇਸ਼ਾ ਖ਼ਤਮ ਨਹੀਂ ਹੁੰਦੀਆਂ। ਹਾਂ, ਭਾਵੇਂ ਕੁਝ ਮੁਸ਼ਕਲਾਂ ਖ਼ਤਮ ਹੋ ਜਾਂਦੀਆਂ ਹਨ, ਪਰ ਇਨ੍ਹਾਂ ਦੀ ਜਗ੍ਹਾ ਹੋਰ ਕਈ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਡਾਕਟਰ ਬਰੈਡ ਸਾਕਸ ਦਾ ਕਹਿਣਾ ਹੈ: “ਤਲਾਕ ਲੈਣ ਵਾਲੇ ਪਤੀ-ਪਤਨੀ ਸੁਪਨੇ ਲੈਂਦੇ ਹਨ ਕਿ ਇਸ ਨਾਲ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਖ਼ਤਮ ਹੋ ਜਾਣਗੀਆਂ ਤੇ ਉਹ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨਗੇ। ਪਰ ਇਹ ਸਿਰਫ਼ ਇਕ ਸੁਪਨਾ ਹੀ ਹੈ, ਹਕੀਕਤ ਨਹੀਂ। ਜਿਵੇਂ ਵਿਆਹ ਫੁੱਲਾਂ ਦੀ ਸੇਜ ਨਹੀਂ ਹੈ, ਉਸੇ ਤਰ੍ਹਾਂ ਤਲਾਕ ਲੈਣ ਨਾਲ ਜ਼ਿੰਦਗੀ ਦਾ ਰਾਹ ਕੰਢਿਆਂ ਤੋਂ ਬਿਨਾਂ ਨਹੀਂ ਹੈ।” ਇਸ ਲਈ, ਇਹ ਬਹੁਤ ਜ਼ਰੂਰੀ ਹੈ ਕਿ ਪਤੀ-ਪਤਨੀ ਸੋਚ-ਸਮਝ ਕੇ ਕਦਮ ਚੁੱਕਣ।

ਬਾਈਬਲ ਤਲਾਕ ਬਾਰੇ ਕੀ ਕਹਿੰਦੀ ਹੈ

ਬਾਈਬਲ ਮੁਤਾਬਕ ਤਲਾਕ ਕੋਈ ਮਾਮੂਲੀ ਗੱਲ ਨਹੀਂ ਹੈ। ਬਾਈਬਲ ਦੱਸਦੀ ਹੈ ਕਿ ਜੇ ਕੋਈ ਇਨਸਾਨ ਕਿਸੇ ਹੋਰ ਨਾਲ ਵਿਆਹ ਕਰਾਉਣ ਲਈ ਆਪਣੇ ਜੀਵਨ-ਸਾਥੀ ਨੂੰ ਛੋਟੀ ਜਿਹੀ ਗੱਲ ਪਿੱਛੇ ਤਲਾਕ ਦੇ ਦਿੰਦਾ ਹੈ, ਤਾਂ ਯਹੋਵਾਹ ਇਸ ਗੱਲ ਨਾਲ ਨਫ਼ਰਤ ਕਰਦਾ ਹੈ ਤੇ ਇਸ ਨੂੰ ਦਗਾਬਾਜ਼ੀ ਸਮਝਦਾ ਹੈ। (ਮਲਾਕੀ 2:13-16) ਵਿਆਹ ਜ਼ਿੰਦਗੀ ਭਰ ਦਾ ਰਿਸ਼ਤਾ ਹੈ। (ਮੱਤੀ 19:6) ਜਿਹੜੇ ਵਿਆਹ ਛੋਟੀਆਂ-ਮੋਟੀਆਂ ਗੱਲਾਂ ਕਰਕੇ ਟੁੱਟੇ ਹਨ, ਉਹ ਸ਼ਾਇਦ ਨਾ ਹੀ ਟੁੱਟਦੇ ਜੇ ਪਤੀ-ਪਤਨੀ ਇਕ-ਦੂਜੇ ਨੂੰ ਮਾਫ਼ ਕਰਨ ਲਈ ਤਿਆਰ ਹੁੰਦੇ।—ਮੱਤੀ 18:21, 22.

ਬਾਈਬਲ ਤਲਾਕ ਲੈਣ ਅਤੇ ਦੁਬਾਰਾ ਵਿਆਹ ਕਰਾਉਣ ਦਾ ਇੱਕੋ-ਇਕ ਕਾਰਨ ਦਿੰਦੀ ਹੈ। ਉਹ ਹੈ ਜਦ ਪਤੀ ਜਾਂ ਪਤਨੀ ਵਿਭਚਾਰ ਕਰਦਾ ਹੈ। (ਮੱਤੀ 19:9) ਜੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਸਾਥੀ ਨੇ ਤੁਹਾਡੇ ਨਾਲ ਬੇਵਫ਼ਾਈ ਕੀਤੀ ਹੈ, ਤਾਂ ਤੁਹਾਨੂੰ ਤਲਾਕ ਲੈਣ ਦਾ ਪੂਰਾ ਹੱਕ ਹੈ। ਦੂਜਿਆਂ ਨੂੰ ਤੁਹਾਡੇ ਉੱਤੇ ਤਲਾਕ ਲੈਣ ਜਾਂ ਨਾ ਲੈਣ ਦਾ ਦਬਾਅ ਨਹੀਂ ਪਾਉਣਾ ਚਾਹੀਦਾ। ਨਾਲੇ, ਇਸ ਲੇਖ ਵਿਚ ਤੁਹਾਨੂੰ ਤਲਾਕ ਲੈਣ ਜਾਂ ਨਾ ਲੈਣ ਦਾ ਸੁਝਾਅ ਨਹੀਂ ਦਿੱਤਾ ਜਾਵੇਗਾ। ਇਹ ਫ਼ੈਸਲਾ ਤੁਹਾਨੂੰ ਖ਼ੁਦ ਕਰਨਾ ਪਵੇਗਾ ਕਿਉਂਕਿ ਇਸ ਫ਼ੈਸਲੇ ਦੇ ਅੰਜਾਮ ਤੁਹਾਨੂੰ ਹੀ ਭੁਗਤਣੇ ਪੈਣਗੇ।—ਗਲਾਤੀਆਂ 6:5.

ਫਿਰ ਵੀ ਬਾਈਬਲ ਕਹਿੰਦੀ ਹੈ ਕਿ “ਸਿਆਣਾ ਵੇਖ ਭਾਲ ਕੇ ਚੱਲਦਾ ਹੈ।” (ਕਹਾਉਤਾਂ 14:15) ਭਾਵੇਂ ਬਾਈਬਲ ਮੁਤਾਬਕ ਤੁਸੀਂ ਤਲਾਕ ਲੈ ਸਕਦੇ ਹੋ, ਫਿਰ ਵੀ ਆਪਣੇ ਫ਼ੈਸਲੇ ਦੇ ਨਤੀਜਿਆਂ ਬਾਰੇ ਧਿਆਨ ਨਾਲ ਸੋਚੋ। (1 ਕੁਰਿੰਥੀਆਂ 6:12) ਇੰਗਲੈਂਡ ਵਿਚ ਰਹਿਣ ਵਾਲਾ ਡੇਵਿਡ, ਜੋ ਤਲਾਕ-ਸ਼ੁਦਾ ਹੈ, ਦੱਸਦਾ ਹੈ: “ਕਈਆਂ ਨੇ ਕਾਹਲੀ ਵਿਚ ਤਲਾਕ ਲੈਣ ਦਾ ਫ਼ੈਸਲਾ ਕੀਤਾ ਹੈ। ਪਰ ਮੈਂ ਆਪਣੇ ਤਜਰਬੇ ਤੋਂ ਕਹਿ ਸਕਦਾ ਹਾਂ ਕਿ ਇਸ ਬਾਰੇ ਸੋਚ-ਸਮਝ ਕੇ ਫ਼ੈਸਲਾ ਕਰਨ ਦੀ ਜ਼ਰੂਰਤ ਹੈ।” *

ਆਓ ਅਸੀਂ ਹੁਣ ਇਨ੍ਹਾਂ ਚਾਰ ਜ਼ਰੂਰੀ ਗੱਲਾਂ ਵੱਲ ਧਿਆਨ ਦੇਈਏ ਜਿਨ੍ਹਾਂ ਬਾਰੇ ਤੁਹਾਨੂੰ ਸੋਚਣ ਦੀ ਲੋੜ ਹੈ। ਨੋਟ ਕਰੋ ਕਿ ਜਿਨ੍ਹਾਂ ਨੇ ਆਪਣਾ ਤਜਰਬਾ ਦੱਸਿਆ ਹੈ, ਉਨ੍ਹਾਂ ਵਿੱਚੋਂ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਉਨ੍ਹਾਂ ਨੇ ਗ਼ਲਤ ਕਦਮ ਚੁੱਕਿਆ। ਪਰ ਉਨ੍ਹਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਵਿਆਹ ਟੁੱਟਣ ਤੋਂ ਕੁਝ ਮਹੀਨਿਆਂ ਜਾਂ ਸਾਲਾਂ ਬਾਅਦ ਵੀ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ।

1 ਪੈਸੇ ਦੀ ਤੰਗੀ

ਇਟਲੀ ਵਿਚ ਰਹਿਣ ਵਾਲੀ ਡਾਨੀਏਲਾ ਦੇ ਵਿਆਹ ਨੂੰ 12 ਸਾਲ ਹੋ ਗਏ ਸਨ ਜਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦਾ ਕੰਮ ਤੇ ਕਿਸੇ ਔਰਤ ਨਾਲ ਚੱਕਰ ਚੱਲ ਰਿਹਾ ਸੀ। ਉਹ ਦੱਸਦੀ ਹੈ: “ਜਦ ਮੈਨੂੰ ਪਤਾ ਲੱਗਾ, ਤਾਂ ਉਹ ਔਰਤ ਛੇ ਮਹੀਨਿਆਂ ਦੀ ਗਰਭਵਤੀ ਸੀ।”

ਕੁਝ ਸਮਾਂ ਅਲੱਗ ਰਹਿਣ ਤੋਂ ਬਾਅਦ ਡਾਨੀਏਲਾ ਨੇ ਤਲਾਕ ਲੈਣ ਦਾ ਫ਼ੈਸਲਾ ਕੀਤਾ। ਉਹ ਕਹਿੰਦੀ ਹੈ: “ਮੈਂ ਆਪਣੇ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਮੇਰਾ ਪਤੀ ਮੇਰੇ ਨਾਲ ਬੇਵਫ਼ਾਈ ਕਰਦਾ ਰਿਹਾ।” ਡਾਨੀਏਲਾ ਦੇ ਖ਼ਿਆਲ ਵਿਚ ਉਸ ਨੇ ਤਲਾਕ ਲੈ ਕੇ ਸਹੀ ਫ਼ੈਸਲਾ ਕੀਤਾ, ਪਰ ਉਹ ਦੱਸਦੀ ਹੈ: “ਜਦ ਅਸੀਂ ਜੁਦਾ ਹੋਏ, ਤਾਂ ਮੇਰੇ ਲਈ ਆਪਣਾ ਗੁਜ਼ਾਰਾ ਤੋਰਨਾ ਬਹੁਤ ਹੀ ਔਖਾ ਹੋ ਗਿਆ। ਕਈ ਵਾਰ ਮੇਰੇ ਕੋਲ ਇਕ ਡੰਗ ਦੀ ਰੋਟੀ ਖਾਣ ਲਈ ਵੀ ਨਹੀਂ ਹੁੰਦੀ ਸੀ ਅਤੇ ਮੈਂ ਦੁੱਧ ਦਾ ਗਲਾਸ ਪੀ ਕੇ ਸੌਂ ਜਾਂਦੀ ਸੀ।”

ਸਪੇਨ ਵਿਚ ਰਹਿੰਦੀ ਮਾਰੀਆ ਨਾਲ ਵੀ ਇੱਦਾਂ ਹੀ ਹੋਇਆ। ਉਹ ਦੱਸਦੀ ਹੈ: “ਸਾਡਾ ਤਲਾਕ ਤਾਂ ਹੋ ਗਿਆ, ਪਰ ਉਹ ਸਾਨੂੰ ਕੋਈ ਪੈਸਾ ਨਹੀਂ ਦਿੰਦਾ ਅਤੇ ਮੈਨੂੰ ਉਸ ਦੇ ਕਰਜ਼ੇ ਚੁਕਾਉਣ ਲਈ ਜਾਨ ਮਾਰ ਕੇ ਕੰਮ ਕਰਨਾ ਪਿਆ। ਮੈਨੂੰ ਆਪਣੇ ਸੋਹਣੇ ਘਰ ਨੂੰ ਛੱਡ ਕੇ ਖ਼ਤਰਨਾਕ ਇਲਾਕੇ ਵਿਚ ਛੋਟੇ ਜਿਹੇ ਫਲੈਟ ਵਿਚ ਰਹਿਣਾ ਪਿਆ।”

ਇਨ੍ਹਾਂ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਵਿਆਹ ਟੁੱਟਣ ਤੇ ਔਰਤਾਂ ਨੂੰ ਪੈਸਿਆਂ ਦੀ ਤੰਗੀ ਆ ਸਕਦੀ ਹੈ। ਅਸਲ ਵਿਚ, ਯੂਰਪ ਵਿਚ ਸੱਤ ਸਾਲ ਤਕ ਕੀਤੇ ਗਏ ਇਕ ਅਧਿਐਨ ਮੁਤਾਬਕ ਤਲਾਕ ਤੋਂ ਬਾਅਦ ਆਦਮੀਆਂ ਦੀ ਆਮਦਨ 11 ਪ੍ਰਤਿਸ਼ਤ ਵਧੀ, ਪਰ ਔਰਤਾਂ ਦੀ ਆਮਦਨ 17 ਪ੍ਰਤਿਸ਼ਤ ਘਟੀ। ਇਸ ਅਧਿਐਨ ਦੀ ਨਿਗਰਾਨ ਸਮਝਾਉਂਦੀ ਹੈ ਕਿ “ਤਲਾਕ ਤੋਂ ਬਾਅਦ ਕੁਝ ਔਰਤਾਂ ਦੀ ਜ਼ਿੰਦਗੀ ਬਹੁਤ ਔਖੀ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਨਾ ਸਿਰਫ਼ ਬੱਚਿਆਂ ਦੀ ਪਰਵਰਿਸ਼ ਕਰਨੀ ਪੈਂਦੀ ਹੈ, ਸਗੋਂ ਨੌਕਰੀ ਵੀ ਕਰਨੀ ਪੈਂਦੀ ਹੈ ਅਤੇ ਤਲਾਕ ਕਰਕੇ ਦਿਲ ਦੇ ਜ਼ਖ਼ਮਾਂ ਦੀ ਪੀੜ ਸਹਿਣੀ ਪੈਂਦੀ ਹੈ।” ਲੰਡਨ ਦੀ ਡੇਲੀ ਟੈਲੀਗ੍ਰਾਫ਼ ਅਖ਼ਬਾਰ ਨੇ ਲਿਖਿਆ ਕਿ ਕੁਝ ਵਕੀਲਾਂ ਦੇ ਮੁਤਾਬਕ “ਇਨ੍ਹਾਂ ਮੁਸ਼ਕਲਾਂ ਕਰਕੇ ਲੋਕ ਤਲਾਕ ਲੈਣ ਵਿਚ ਕਾਹਲੀ ਨਹੀਂ ਕਰਦੇ।”

ਕੀ ਹੋ ਸਕਦਾ ਹੈ: ਜੇ ਤੁਸੀਂ ਤਲਾਕ ਲੈਂਦੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਡੀ ਆਮਦਨ ਵੀ ਘੱਟ ਜਾਵੇ। ਤੁਹਾਨੂੰ ਸ਼ਾਇਦ ਆਪਣਾ ਮਕਾਨ ਵੀ ਬਦਲਣਾ ਪਵੇ। ਜੇ ਬੱਚੇ ਤੁਹਾਡੇ ਨਾਲ ਰਹਿਣਗੇ, ਤਾਂ ਉਨ੍ਹਾਂ ਦਾ ਅਤੇ ਆਪਣਾ ਵੀ ਖ਼ਿਆਲ ਰੱਖਣਾ ਔਖਾ ਹੋ ਸਕਦਾ ਹੈ।—1 ਤਿਮੋਥਿਉਸ 5:8.

2 ਬੱਚਿਆਂ ਦੀ ਪਰਵਰਿਸ਼

ਇੰਗਲੈਂਡ ਦੀ ਰਹਿਣ ਵਾਲੀ ਜੇਨ ਆਪਣੀ ਕਹਾਣੀ ਦੱਸਦੀ ਹੈ: “ਜਦ ਮੈਨੂੰ ਪਤਾ ਲੱਗਾ ਕਿ ਮੇਰਾ ਪਤੀ ਮੇਰੇ ਨਾਲ ਬੇਵਫ਼ਾਈ ਕਰ ਰਿਹਾ ਸੀ, ਤਾਂ ਮੈਨੂੰ ਝਟਕਾ ਲੱਗਾ। ਮੈਨੂੰ ਇਸ ਗੱਲ ਤੋਂ ਵੀ ਬਹੁਤ ਦੁੱਖ ਲੱਗਾ ਕਿ ਉਸ ਨੇ ਸਾਨੂੰ ਛੱਡ ਕੇ ਜਾਣ ਦਾ ਫ਼ੈਸਲਾ ਕੀਤਾ ਸੀ।” ਜੇਨ ਨੇ ਆਪਣੇ ਪਤੀ ਤੋਂ ਤਲਾਕ ਲਿਆ ਅਤੇ ਉਸ ਨੂੰ ਇਸ ਗੱਲ ਦਾ ਪਛਤਾਵਾ ਨਹੀਂ ਹੈ। ਪਰ ਫਿਰ ਵੀ ਉਹ ਮੰਨਦੀ ਹੈ ਕਿ “ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਮਾਂ ਅਤੇ ਪਿਓ ਦੋਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਬਹੁਤ ਔਖੀਆਂ ਹਨ। ਸਾਰੇ ਫ਼ੈਸਲੇ ਮੈਨੂੰ ਖ਼ੁਦ ਲੈਣੇ ਪਏ।”

ਸਪੇਨ ਦੀ ਰਹਿਣ ਵਾਲੀ ਗ੍ਰਾਸੀਏਲਾ ਨਾਲ ਵੀ ਇੱਦਾਂ ਹੀ ਹੋਇਆ ਸੀ। ਉਹ ਦੱਸਦੀ ਹੈ: “ਜਦ ਸਾਡਾ ਤਲਾਕ ਹੋਇਆ, ਤਾਂ ਸਾਡਾ 16 ਸਾਲਾਂ ਦਾ ਬੇਟਾ ਮੇਰੇ ਨਾਲ ਰਿਹਾ। ਮੇਰਾ ਬੇਟਾ ਜਵਾਨ ਹੋ ਰਿਹਾ ਸੀ, ਇਸ ਕਰਕੇ ਉਸ ਨੂੰ ਜ਼ਿੰਦਗੀ ਵਿਚ ਕੋਈ ਸੇਧ ਦੇਣ ਵਾਲਾ ਹੋਣਾ ਚਾਹੀਦਾ ਸੀ। ਪਰ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਇਕੱਲੀ ਆਪਣੇ ਬੇਟੇ ਦੀ ਕਿਵੇਂ ਮਦਦ ਕਰਾਂ। ਮੈਂ ਦਿਨ ਅਤੇ ਰਾਤ ਰੋਂਦੀ ਨੇ ਕੱਟੇ। ਮੈਨੂੰ ਲੱਗਦਾ ਸੀ ਕਿ ਮਾਂ ਹੋਣ ਦੇ ਨਾਤੇ ਮੇਰੇ ਤੋਂ ਆਪਣੇ ਬੇਟੇ ਦੀ ਪਰਵਰਿਸ਼ ਕਰਨ ਵਿਚ ਕਮੀ ਰਹਿ ਗਈ ਸੀ।”

ਜਦ ਤਲਾਕ ਹੋ ਜਾਂਦਾ ਹੈ, ਤਾਂ ਕਈ ਸਾਂਝੇ ਤੌਰ ਤੇ ਆਪਣੇ ਬੱਚੇ ਦੀ ਪਰਵਰਿਸ਼ ਕਰਦੇ ਹਨ। ਪਰ ਇਸ ਕਰਕੇ ਵੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਮਿਸਾਲ ਲਈ, ਬੱਚਿਆਂ ਨੂੰ ਕਦੋਂ ਮਿਲਣਾ ਹੈ, ਉਨ੍ਹਾਂ ਦੀ ਪਰਵਰਿਸ਼ ਲਈ ਕਿੰਨੇ ਖ਼ਰਚੇ ਦੀ ਲੋੜ ਹੈ ਜਾਂ ਕੌਣ ਉਨ੍ਹਾਂ ਨੂੰ ਤਾੜਨਾ ਦੇਵੇਗਾ। ਅਮਰੀਕਾ ਵਿਚ ਰਹਿਣ ਵਾਲੀ ਕ੍ਰਿਸਟੀਨ ਦਾ ਤਲਾਕ ਹੋਇਆ ਸੀ। ਉਸ ਦਾ ਕਹਿਣਾ ਹੈ ਕਿ “ਉਸ ਆਦਮੀ ਨਾਲ, ਜੋ ਤੁਹਾਡਾ ਪਤੀ ਹੁੰਦਾ ਸੀ ਬੱਚਿਆਂ ਦੀ ਪਰਵਰਿਸ਼ ਸੰਬੰਧੀ ਮਾਮਲਿਆਂ ਬਾਰੇ ਗੱਲਬਾਤ ਕਰਨੀ ਮੁਸ਼ਕਲ ਹੈ। ਤੁਹਾਡੇ ਮਨ ਵਿਚ ਸ਼ਾਇਦ ਆਪਣੇ ਪਤੀ ਲਈ ਗੁੱਸਾ ਜਾਂ ਨਾਰਾਜ਼ਗੀ ਹੋਵੇ। ਇਸ ਲਈ, ਜੇ ਤੁਸੀਂ ਇਨ੍ਹਾਂ ਭਾਵਨਾਵਾਂ ’ਤੇ ਕਾਬੂ ਨਹੀਂ ਰੱਖਦੇ, ਤਾਂ ਤੁਸੀਂ ਸ਼ਾਇਦ ਆਪਣੀ ਮਰਜ਼ੀ ਕਰਾਉਣ ਲਈ ਬੱਚੇ ਨੂੰ ਇਸਤੇਮਾਲ ਕਰਨ ਲੱਗ ਪਵੋ।”

ਕੀ ਹੋ ਸਕਦਾ ਹੈ: ਜੱਜ ਨੇ ਬੱਚੇ ਦੀ ਪਰਵਰਿਸ਼ ਕਰਨ ਦਾ ਜੋ ਇੰਤਜ਼ਾਮ ਕੀਤਾ ਹੈ, ਉਹ ਸ਼ਾਇਦ ਤੁਹਾਨੂੰ ਮਨਜ਼ੂਰ ਨਾ ਹੋਵੇ। ਜੇ ਤੁਸੀਂ ਬੱਚੇ ਦੀ ਪਰਵਰਿਸ਼ ਸਾਂਝੇ ਤੌਰ ਤੇ ਕਰ ਰਹੇ ਹੋ, ਤਾਂ ਹੋ ਸਕਦਾ ਹੈ ਕਿ ਜਿੱਥੇ ਪੈਸਿਆਂ ਅਤੇ ਬੱਚਿਆਂ ਨੂੰ ਮਿਲਣ ਦੀ ਗੱਲ ਆਉਂਦੀ ਹੈ, ਤੁਹਾਡਾ ਪਤੀ ਜਾਂ ਪਤਨੀ ਤੁਹਾਨੂੰ ਸ਼ਾਇਦ ਉੱਨਾ ਸਹਿਯੋਗ ਨਾ ਦੇਵੇ ਜਿੰਨਾ ਤੁਸੀਂ ਚਾਹੁੰਦੇ ਹੋ।

3 ਤਲਾਕ ਦਾ ਤੁਹਾਡੇ ਉੱਤੇ ਅਸਰ

ਇੰਗਲੈਂਡ ਦੇ ਰਹਿਣ ਵਾਲੇ ਮਾਰਕ ਦੀ ਪਤਨੀ ਨੇ ਦੋ ਵਾਰ ਉਸ ਨਾਲ ਬੇਵਫ਼ਾਈ ਕੀਤੀ। ਉਹ ਕਹਿੰਦਾ ਹੈ: “ਜਦ ਉਸ ਨੇ ਦੂਸਰੀ ਵਾਰ ਇਸ ਤਰ੍ਹਾਂ ਕੀਤਾ, ਤਾਂ ਮੈਨੂੰ ਡਰ ਸੀ ਕਿ ਉਹ ਦੁਬਾਰਾ ਇੱਦਾਂ ਕਰੇਗੀ।” ਮਾਰਕ ਨੇ ਆਪਣੀ ਪਤਨੀ ਤੋਂ ਤਲਾਕ ਲੈ ਲਿਆ, ਪਰ ਉਹ ਅਜੇ ਵੀ ਉਸ ਨੂੰ ਪਿਆਰ ਕਰਦਾ ਸੀ। ਉਹ ਅੱਗੇ ਦੱਸਦਾ ਹੈ: “ਲੋਕ ਸੋਚਦੇ ਹਨ ਕਿ ਜੇ ਉਹ ਮੇਰੀ ਪਤਨੀ ਬਾਰੇ ਬੁਰਾ-ਭਲਾ ਕਹਿਣਗੇ, ਤਾਂ ਮੈਨੂੰ ਚੰਗਾ ਲੱਗੇਗਾ, ਪਰ ਇਸ ਤਰ੍ਹਾਂ ਨਹੀਂ ਹੈ। ਦਿਲ ਵਿੱਚੋਂ ਕਿਸੇ ਲਈ ਪਿਆਰ ਇਕਦਮ ਨਹੀਂ ਮਿਟਦਾ।”

ਡੇਵਿਡ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦਾ ਦਿਲ ਟੁੱਟ ਗਿਆ ਜਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੇ ਕਿਸੇ ਗ਼ੈਰ-ਮਰਦ ਨਾਲ ਸੰਬੰਧ ਸਨ। ਉਹ ਕਹਿੰਦਾ ਹੈ: “ਮੈਂ ਤਾਂ ਹੱਕਾ-ਬੱਕਾ ਰਹਿ ਗਿਆ। ਮੇਰਾ ਸੁਪਨਾ ਸੀ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਗੁਜ਼ਾਰਾਂਗਾ।” ਡੇਵਿਡ ਨੇ ਤਲਾਕ ਲੈਣ ਦਾ ਫ਼ੈਸਲਾ ਕੀਤਾ, ਪਰ ਇਸ ਨੇ ਉਸ ਦੇ ਮਨ ਵਿਚ ਇਹ ਸ਼ੱਕ ਪੈਦਾ ਕਰ ਦਿੱਤਾ, “ਮੈਂ ਕਿਸੇ ਦੇ ਵੀ ਪਿਆਰ ਦੇ ਲਾਇਕ ਨਹੀਂ ਹਾਂ। ਜੇ ਮੈਂ ਦੁਬਾਰਾ ਵਿਆਹ ਕੀਤਾ, ਤਾਂ ਕਿਤੇ ਉਹ ਵੀ ਮੈਨੂੰ ਛੱਡ ਕੇ ਨਾ ਚਲੀ ਜਾਵੇ। ਰਿਸ਼ਤਿਆਂ ਤੋਂ ਮੇਰਾ ਭਰੋਸਾ ਉੱਠ ਗਿਆ ਹੈ।”

ਜੇ ਤੁਹਾਡਾ ਤਲਾਕ ਹੋਇਆ ਹੈ, ਤਾਂ ਸ਼ਾਇਦ ਤੁਸੀਂ ਅੰਦਰੋਂ ਗਮ, ਦੁੱਖ, ਗੁੱਸਾ ਜਾਂ ਨਾਰਾਜ਼ਗੀ ਨਾਲ ਭਰੇ ਹੋਏ ਹੋਵੋ। ਇਕ ਪਾਸੇ, ਹੋ ਸਕਦਾ ਕਿ ਤੁਸੀਂ ਆਪਣੇ ਪਹਿਲੇ ਜੀਵਨ-ਸਾਥੀ ਨਾਲ ਅਜੇ ਵੀ ਪਿਆਰ ਕਰਦੇ ਹੋ। (ਉਤਪਤ 2:24) ਜਾਂ ਦੂਜੇ ਪਾਸੇ ਸ਼ਾਇਦ ਤੁਹਾਡੇ ਮਨ ਵਿਚ ਕੁੜੱਤਣ ਭਰ ਗਈ ਹੋਵੇ। ਗ੍ਰਾਸੀਏਲਾ, ਜਿਸ ਦਾ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਕਿੰਨੇ ਸਾਲ ਬਾਅਦ ਵੀ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਵੇਂ ਹੋ ਗਿਆ ਅਤੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਜੋ ਵੀ ਹੋਇਆ, ਉਸ ਕਰਕੇ ਤੁਸੀਂ ਬੇਇੱਜ਼ਤੀ ਮਹਿਸੂਸ ਕਰਦੇ ਹੋ। ਜਦ ਤੁਸੀਂ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਸੋਚਦੇ ਹੋ, ਤਾਂ ਮਿੱਠੀਆਂ ਯਾਦਾਂ ਤੁਹਾਡੇ ਮਨ ਵਿਚ ਆਉਂਦੀਆਂ ਹਨ। ਫਿਰ ਤੁਸੀਂ ਸੋਚਦੇ ਹੋ: ‘ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਉਹ ਮੇਰੇ ਬਿਨਾਂ ਰਹਿ ਨਹੀਂ ਸਕਦਾ। ਕੀ ਇਹ ਸਭ ਕੁਝ ਝੂਠ ਸੀ? ਇਹ ਕਿਉਂ ਹੋਇਆ?’”

ਕੀ ਹੋ ਸਕਦਾ ਹੈ: ਤੁਹਾਨੂੰ ਆਪਣੇ ਸਾਥੀ ’ਤੇ ਬਹੁਤ ਗੁੱਸਾ ਆਉਂਦਾ ਹੋਣਾ, ਖ਼ਾਸ ਕਰਕੇ ਇਸ ਲਈ ਕਿ ਉਸ ਨੇ ਤੁਹਾਡੇ ਨਾਲ ਬੁਰਾ ਸਲੂਕ ਕੀਤਾ। ਕਦੇ-ਕਦੇ ਤੁਸੀਂ ਬਹੁਤ ਇਕੱਲਾਪਣ ਮਹਿਸੂਸ ਕਰੋ।—ਕਹਾਉਤਾਂ 14:29; 18:1.

4 ਬੱਚਿਆਂ ਉੱਤੇ ਤਲਾਕ ਦਾ ਅਸਰ

ਸਪੇਨ ਵਿਚ ਰਹਿਣ ਵਾਲਾ ਹੋਜ਼ੇ ਤਲਾਕ-ਸ਼ੁਦਾ ਹੈ। ਉਹ ਦੱਸਦਾ ਹੈ: “ਮੇਰੀ ਜ਼ਿੰਦਗੀ ਤਬਾਹ ਹੋ ਗਈ ਜਦ ਮੈਨੂੰ ਪਤਾ ਲੱਗਾ ਕਿ ਮੇਰੀ ਪਤਨੀ ਦਾ ਮੇਰੇ ਜੀਜੇ ਨਾਲ ਚੱਕਰ ਚੱਲ ਰਿਹਾ ਸੀ। ਮੈਂ ਮਰ ਜਾਣਾ ਚਾਹੁੰਦਾ ਸੀ।” ਹੋਜ਼ੇ ਦੇ ਦੋ ਲੜਕੇ ਉਦੋਂ ਦੋ ਅਤੇ ਚਾਰ ਸਾਲਾਂ ਦੇ ਸਨ ਅਤੇ ਉਨ੍ਹਾਂ ਉੱਤੇ ਵੀ ਆਪਣੀ ਮਾਂ ਦੇ ਇਸ ਮਾੜੇ ਕੰਮ ਦਾ ਅਸਰ ਪਿਆ। “ਉਹ ਕੁਝ ਸਮਝ ਨਹੀਂ ਸਕਦੇ ਸਨ। ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਆਪਾਂ ਤਿੰਨੇ ਮੇਰੀ ਮਾਂ ਅਤੇ ਮੇਰੀ ਭੈਣ ਨਾਲ ਕਿਉਂ ਰਹਿ ਰਹੇ ਸਨ, ਪਰ ਉਨ੍ਹਾਂ ਦੀ ਮਾਂ ਉਨ੍ਹਾਂ ਦੇ ਫੁੱਫੜ ਨਾਲ ਰਹਿ ਰਹੀ ਸੀ। ਜੇ ਮੈਂ ਕਿਤੇ ਜਾਂਦਾ ਸੀ, ਤਾਂ ਉਹ ਪੁੱਛਦੇ ਸਨ ‘ਤੁਸੀਂ ਘਰ ਕਦੋਂ ਆਓਗੇ?’ ਜਾਂ ‘ਡੈਡੀ ਸਾਨੂੰ ਛੱਡ ਕੇ ਨਾ ਜਾਓ!’”

ਲੋਕ ਭੁੱਲ ਜਾਂਦੇ ਹਨ ਕਿ ਤਲਾਕ ਦਾ ਬੱਚਿਆਂ ਉੱਤੇ ਅਸਰ ਪੈਂਦਾ ਹੈ। ਪਰ ਉਦੋਂ ਕੀ ਜੇ ਮਾਂ-ਪਿਓ ਦਾ ਲੜਾਈ ਝਗੜਾ ਹੁੰਦਾ ਹੀ ਰਹਿੰਦਾ ਹੈ? ਕੀ ਇਨ੍ਹਾਂ ਹਾਲਾਤਾਂ ਵਿਚ ਤਲਾਕ ਲੈ ਲੈਣਾ “ਬੱਚਿਆਂ ਲਈ ਬਿਹਤਰ ਹੈ”? ਹਾਲ ਹੀ ਦੇ ਸਮੇਂ ਵਿਚ ਲੋਕ ਸੋਚਣ ਲੱਗ ਪਏ ਹਨ ਕਿ ਤਲਾਕ ਬੱਚਿਆਂ ਲਈ ਚੰਗਾ ਨਹੀਂ ਹੈ—ਖ਼ਾਸ ਕਰਕੇ ਜਦ ਪਤੀ-ਪਤਨੀ ਵਿਚ ਸਮੱਸਿਆਵਾਂ ਇੰਨੀਆਂ ਗੰਭੀਰ ਨਹੀਂ ਹੁੰਦੀਆਂ। ਤਲਾਕ ਬਾਰੇ ਇਕ ਕਿਤਾਬ ਵਿਚ ਲਿਖਿਆ ਹੈ: “ਜਿਹੜੇ ਪਤੀ-ਪਤਨੀ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼ ਨਹੀਂ ਹਨ, ਉਹ ਇਹ ਜਾਣ ਕੇ ਹੈਰਾਨ ਹੋਣਗੇ ਕਿ ਇਸ ਤਰ੍ਹਾਂ ਹੁੰਦੇ ਹੋਏ ਵੀ ਬੱਚੇ ਆਪਣੀ ਜ਼ਿੰਦਗੀ ਤੋਂ ਖ਼ੁਸ਼ ਹੁੰਦੇ ਹਨ। ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਨ੍ਹਾਂ ਦੇ ਮੰਮੀ-ਡੈਡੀ ਅਲੱਗ-ਅਲੱਗ ਕਮਰਿਆਂ ਵਿਚ ਸੌਂਦੇ ਹਨ, ਪਰ ਇਸ ਗੱਲ ਤੋਂ ਤਸੱਲੀ ਹੁੰਦੀ ਹੈ ਕਿ ਪੂਰਾ ਪਰਿਵਾਰ ਇੱਕੋ ਛੱਤ ਥੱਲੇ ਰਹਿੰਦਾ ਹੈ।”

ਇਹ ਸੱਚ ਹੈ ਕਿ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਲੜਾਈ ਬਾਰੇ ਪਤਾ ਹੁੰਦਾ ਹੈ ਅਤੇ ਉਨ੍ਹਾਂ ਦੇ ਦਿਲਾਂ-ਦਿਮਾਗ਼ਾਂ ਉੱਤੇ ਮਾੜਾ ਅਸਰ ਪੈ ਸਕਦਾ ਹੈ। ਪਰ ਇਹ ਸੋਚਣਾ ਗ਼ਲਤ ਹੋ ਸਕਦਾ ਹੈ ਕਿ ਤਲਾਕ ਲੈਣ ਨਾਲ ਬੱਚਿਆਂ ਨੂੰ ਫ਼ਾਇਦਾ ਹੋਵੇਗਾ। ਇਕ ਕਿਤਾਬ ਦੀ ਲੇਖਿਕਾ ਨੇ ਕਿਹਾ: “ਭਾਵੇਂ ਪਤੀ-ਪਤਨੀ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼ ਨਹੀਂ ਹਨ, ਫਿਰ ਵੀ ਜਦੋਂ ਉਹ ਇਕੱਠੇ ਰਹਿੰਦੇ ਹਨ, ਤਾਂ ਉਹ ਆਪਣੇ ਬੱਚਿਆਂ ਨੂੰ ਸੰਜਮ ਨਾਲ ਬਾਕਾਇਦਾ ਤਾੜਨਾ ਦੇ ਸਕਦੇ ਹਨ ਅਤੇ ਬੱਚੇ ਤਾੜਨਾ ਨੂੰ ਸਵੀਕਾਰ ਕਰਦੇ ਹਨ।”

ਕੀ ਹੋ ਸਕਦਾ ਹੈ: ਤਲਾਕ ਲੈਣ ਨਾਲ ਤੁਹਾਡੇ ਬੱਚਿਆਂ ਉੱਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ, ਖ਼ਾਸ ਕਰਕੇ ਜੇ ਤੁਸੀਂ ਉਨ੍ਹਾਂ ਨੂੰ ਆਪਣੇ ਮੰਮੀ ਜਾਂ ਡੈਡੀ ਨਾਲ ਚੰਗਾ ਰਿਸ਼ਤਾ ਕਾਇਮ ਰੱਖਣ ਲਈ ਨਹੀਂ ਕਹਿੰਦੇ।— “ਵਿਚਾਲੇ ਫਸ ਗਈ” ਨਾਂ ਦੀ ਡੱਬੀ ਦੇਖੋ।

ਇਸ ਲੇਖ ਵਿਚ ਅਸੀਂ ਚਾਰ ਨੁਕਤਿਆਂ ਵੱਲ ਧਿਆਨ ਦਿੱਤਾ ਹੈ ਜਿਨ੍ਹਾਂ ਬਾਰੇ ਤੁਹਾਨੂੰ ਤਲਾਕ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਹੈ, ਜੇ ਤੁਹਾਡੇ ਸਾਥੀ ਨੇ ਤੁਹਾਡੇ ਨਾਲ ਬੇਵਫ਼ਾਈ ਕੀਤੀ ਹੈ, ਤਾਂ ਫ਼ੈਸਲਾ ਤੁਹਾਡਾ ਹੈ। ਤੁਸੀਂ ਜੋ ਵੀ ਫ਼ੈਸਲਾ ਕਰੋਗੇ, ਇਹ ਯਾਦ ਰੱਖੋ ਕਿ ਇਸ ਦੇ ਨਤੀਜੇ ਵੀ ਨਿਕਲਣਗੇ। ਤਲਾਕ ਲੈਣ ਤੋਂ ਬਾਅਦ ਆਉਣ ਵਾਲੀਆਂ ਚੁਣੌਤੀਆਂ ਤੋਂ ਜਾਣੂ ਹੋਵੋ ਅਤੇ ਉਨ੍ਹਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋਵੋ।

ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਸ਼ਾਇਦ ਸੋਚੋ ਕਿ ਬਿਹਤਰੀ ਇਸੇ ਵਿਚ ਹੈ ਕਿ ਤੁਸੀਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਸੁਧਾਰੋ। ਪਰ ਕੀ ਇਸ ਤਰ੍ਹਾਂ ਹੋ ਸਕਦਾ ਹੈ? (g10-E 02)

^ ਪੈਰਾ 8 ਇਸ ਲੇਖ ਵਿਚ ਨਾਂ ਬਦਲ ਦਿੱਤੇ ਗਏ ਹਨ।