ਸਿਗਰਟ ਪੀਣੀ ਛੱਡੋ—ਆਪਣਾ ਇਰਾਦਾ ਮਜ਼ਬੂਤ ਕਰੋ
ਸਿਗਰਟ ਪੀਣੀ ਛੱਡੋ—ਆਪਣਾ ਇਰਾਦਾ ਮਜ਼ਬੂਤ ਕਰੋ
“ਜੇ ਤੁਸੀਂ ਸਿਗਰਟ ਪੀਣੀ ਛੱਡਣੀ ਚਾਹੁੰਦੇ ਹੋ, ਤਾਂ ਪੱਕਾ ਇਰਾਦਾ ਕਰਨਾ ਜ਼ਰੂਰੀ ਹੈ ਕਿ ਇਸ ਆਦਤ ਉੱਤੇ ਕਾਬੂ ਪਾਉਣ ਵਿਚ ਤੁਸੀਂ ਕੋਈ ਕਸਰ ਨਹੀਂ ਛੱਡੋਗੇ। ਜਿਨ੍ਹਾਂ ਨੇ ਸਿਗਰਟ ਪੀਣੀ ਛੱਡੀ ਹੈ, ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ ਹੈ।”—“ਹੁਣੇ ਸਿਗਰਟ ਪੀਣੀ ਛੱਡੋ!”
ਕਹਿਣ ਦਾ ਭਾਵ ਕਿ ਜੇ ਤੁਸੀਂ ਸਿਗਰਟਾਂ ਪੀਣੀਆਂ ਛੱਡਣੀਆਂ ਚਾਹੁੰਦੇ ਹੋ, ਤਾਂ ਘੱਟੋ-ਘੱਟ ਤੁਹਾਡਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਹੈ। ਤਾਂ ਫਿਰ ਤੁਸੀਂ ਆਪਣਾ ਇਰਾਦਾ ਕਿਸ ਤਰ੍ਹਾਂ ਮਜ਼ਬੂਤ ਕਰ ਸਕਦੇ ਹੋ? ਜ਼ਰਾ ਸੋਚੋ ਕਿ ਸਿਗਰਟ ਛੱਡਣ ਨਾਲ ਤੁਹਾਨੂੰ ਕਿੰਨੇ ਫ਼ਾਇਦੇ ਹੋਣਗੇ।
ਤੁਹਾਡੇ ਪੈਸੇ ਬਚਣਗੇ। ਜੇ ਤੁਹਾਨੂੰ ਰੋਜ਼ ਇਕ ਪੈਕਟ ਪੀਣ ਦੀ ਆਦਤ ਹੈ, ਤਾਂ ਤੁਸੀਂ ਸਾਲ ਵਿਚ ਆਸਾਨੀ ਨਾਲ ਹਜ਼ਾਰਾਂ ਰੁਪਏ ਖ਼ਰਚ ਕਰ ਸਕਦੇ ਹੋ। “ਮੈਨੂੰ ਪਤਾ ਨਹੀਂ ਸੀ ਕਿ ਮੈਂ ਕਿੰਨੇ ਪੈਸੇ ਤਮਾਖੂ ’ਤੇ ਖ਼ਰਚ ਕਰਦਾ ਸੀ।”—ਗਿਆਨੂ, ਨੇਪਾਲ।
ਤੁਹਾਨੂੰ ਜ਼ਿੰਦਗੀ ਦਾ ਹੋਰ ਆਨੰਦ ਮਿਲੇਗਾ। “ਮੇਰੀ ਜ਼ਿੰਦਗੀ ਉਦੋਂ ਸ਼ੁਰੂ ਹੋਈ ਜਦੋਂ ਮੈਂ ਸਿਗਰਟ ਪੀਣੀ ਬੰਦ ਕੀਤੀ। ਅਤੇ ਮੇਰੀ ਜ਼ਿੰਦਗੀ ਅੱਜ-ਕੱਲ੍ਹ ਬਿਹਤਰ ਹੁੰਦੀ ਜਾ ਰਹੀ ਹੈ।” (ਰਜੀਨਾ, ਦੱਖਣੀ ਅਫ਼ਰੀਕਾ) ਜਦੋਂ ਲੋਕ ਸਿਗਰਟ ਪੀਣੀ ਬੰਦ ਕਰ ਦਿੰਦੇ ਹਨ, ਤਾਂ ਉਨ੍ਹਾਂ ਦੀਆਂ ਸੁਆਦ ਚੱਖਣ ਅਤੇ ਸੁੰਘਣ ਸ਼ਕਤੀਆਂ ਬਿਹਤਰ ਬਣਦੀਆਂ ਹਨ ਅਤੇ ਆਮ ਤੌਰ ਤੇ ਉਹ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਅਤੇ ਦੇਖਣ ਨੂੰ ਠੀਕ ਲੱਗਦੇ ਹਨ।
ਤੁਹਾਡੀ ਸਿਹਤ ਸੁਧਰ ਸਕਦੀ ਹੈ। “ਸਿਗਰਟਾਂ ਛੱਡਣ ਨਾਲ ਹਰ ਉਮਰ ਦੇ ਆਦਮੀਆਂ ਅਤੇ ਔਰਤਾਂ ਦਾ ਨਾ ਸਿਰਫ਼ ਗੰਭੀਰ ਖ਼ਤਰਿਆਂ ਤੋਂ ਬਚਾਅ ਹੁੰਦਾ ਹੈ, ਪਰ ਉਨ੍ਹਾਂ ਨੂੰ ਫ਼ੌਰਨ ਲਾਭ ਵੀ ਪਹੁੰਚਦਾ ਹੈ।”—ਅਮਰੀਕਾ ਵਿਚ ਰੋਗ ਨਿਯੰਤ੍ਰਣ ਅਤੇ ਰੋਕਥਾਮ ਕੇਂਦਰ।
ਤੁਹਾਡਾ ਆਤਮ-ਵਿਸ਼ਵਾਸ ਵਧੇਗਾ। “ਮੈਂ ਨਹੀਂ ਸੀ ਚਾਹੁੰਦਾ ਕਿ ਤਮਾਖੂ ਮੈਨੂੰ ਕਾਬੂ ਵਿਚ ਰੱਖੇ, ਸਗੋਂ ਮੈਂ ਆਪਣੇ ਆਪ ਨੂੰ ਕੰਟ੍ਰੋਲ ਵਿਚ ਰੱਖਣਾ ਚਾਹੁੰਦਾ ਸੀ। ਇਸ ਲਈ ਮੈਂ ਸਿਗਰਟ ਪੀਣੀ ਛੱਡ ਦਿੱਤੀ।”—ਹੈਨਿੰਗ, ਡੈਨਮਾਰਕ।
ਤੁਹਾਡੇ ਪਰਿਵਾਰ ਤੇ ਦੋਸਤ-ਮਿੱਤਰਾਂ ਨੂੰ ਫ਼ਾਇਦਾ ਹੋਵੇਗਾ। “ਸਿਗਰਟਾਂ ਨਾਲ . . . ਤੁਹਾਡੇ ਆਸ-ਪਾਸ ਰਹਿਣ ਵਾਲਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ। . . . ਅਧਿਐਨ ਦਿਖਾਉਂਦੇ ਹਨ ਕਿ ਸਿਗਰਟ ਦੇ ਧੂੰਏਂ ਕਰਕੇ ਹਰ ਸਾਲ ਹਜ਼ਾਰਾਂ ਲੋਕ ਫੇਫੜਿਆਂ ਦੇ ਕੈਂਸਰ ਅਤੇ ਦਿਲ ਦੀ ਬੀਮਾਰੀ ਦੇ ਸ਼ਿਕਾਰ ਹੁੰਦੇ ਹਨ।”—ਅਮੈਰੀਕਨ ਕੈਂਸਰ ਸੋਸਾਇਟੀ।
ਤੁਸੀਂ ਆਪਣੇ ਸਿਰਜਣਹਾਰ ਨੂੰ ਖ਼ੁਸ਼ ਕਰੋਗੇ। ‘ਹੇ ਪਿਆਰਿਓ ਆਓ, ਅਸੀਂ ਆਪਣੇ ਆਪ ਨੂੰ ਸਰੀਰ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰੀਏ।’ (2 ਕੁਰਿੰਥੀਆਂ 7:1) “ਤੁਸੀਂ ਆਪਣੀਆਂ ਦੇਹੀਆਂ ਨੂੰ . . . ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ।”—ਰੋਮੀਆਂ 12:1.
“ਜਦੋਂ ਮੈਨੂੰ ਸਮਝ ਲੱਗੀ ਕਿ ਪਰਮੇਸ਼ੁਰ ਉਨ੍ਹਾਂ ਚੀਜ਼ਾਂ ਨੂੰ ਮਨਜ਼ੂਰ ਨਹੀਂ ਕਰਦਾ ਜੋ ਸਰੀਰ ਨੂੰ ਮਲੀਨ ਕਰਦੀਆਂ ਹਨ, ਤਾਂ ਮੈਂ ਸਿਗਰਟਾਂ ਛੱਡਣ ਦਾ ਫ਼ੈਸਲਾ ਕੀਤਾ।”—ਸਿਲਵੀਆ, ਸਪੇਨ।
ਪਰ ਇਰਾਦਾ ਪੱਕਾ ਕਰਨਾ ਕਾਫ਼ੀ ਨਹੀਂ ਹੈ। ਸਾਨੂੰ ਦੂਜਿਆਂ ਦੀ ਮਦਦ ਦੀ ਵੀ ਜ਼ਰੂਰਤ ਪੈ ਸਕਦੀ ਹੈ ਜਿਵੇਂ ਪਰਿਵਾਰ ਦੇ ਮੈਂਬਰ ਅਤੇ ਦੋਸਤ। ਉਹ ਕੀ ਕਰ ਸਕਦੇ ਹਨ? (g10-E 05)