Skip to content

Skip to table of contents

ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ?

ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ?

ਪਾਦਰੀ ਇਸ ਸਵਾਲ ਦਾ ਜਵਾਬ ਜਾਣਨ ਦਾ ਦਾਅਵਾ ਕਰਦੇ ਹਨ। ਉਹ ਅਕਸਰ ਇਹ ਸਿੱਖਿਆ ਦਿੰਦੇ ਹਨ ਕਿ ਰੱਬ ਉਨ੍ਹਾਂ ਨੂੰ ਦੁੱਖਾਂ ਦੇ ਰੂਪ ਵਿਚ ਸਜ਼ਾ ਦੇ ਰਿਹਾ ਹੈ। ਮਿਸਾਲ ਲਈ, ਹੈਟੀ ਵਿਚ ਭੁਚਾਲ਼ ਆਉਣ ਤੋਂ ਕੁਝ ਦਿਨਾਂ ਬਾਅਦ ਰਾਜਧਾਨੀ ਵਿਚ ਇਕ ਪਾਦਰੀ ਨੇ ਆਪਣੀ ਮੰਡਲੀ ਨੂੰ ਕਿਹਾ ਕਿ ਇਹ ਆਫ਼ਤ ਰੱਬ ਵੱਲੋਂ ਆਈ ਸੀ। ਦੂਸਰੇ ਇੰਨੇ ਕੱਟੜ ਵਿਚਾਰਾਂ ਵਾਲੇ ਨਹੀਂ ਹਨ। ਅਮਰੀਕਾ ਵਿਚ ਧਰਮਾਂ ਦੀ ਇਕ ਪ੍ਰੋਫ਼ੈਸਰ ਨੇ ਕਿਹਾ ਕਿ ਕਈ ਲੋਕ ਇਹ ਮੰਨਦੇ ਹਨ: “ਇਹ ਇਕ ਭੇਤ ਹੈ ਕਿ ਰੱਬ ਆਫ਼ਤਾਂ ਕਿਉਂ ਲਿਆਉਂਦਾ ਹੈ ਅਤੇ ਇਸ ਬਾਰੇ ਸਾਨੂੰ ਸਵਾਲ ਕਰਨ ਦਾ ਹੱਕ ਨਹੀਂ। ਸਾਨੂੰ ਸਿਰਫ਼ ਰੱਬ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ।”

ਕੀ ਪਰਮੇਸ਼ੁਰ ਵਾਕਈ ਇਨਸਾਨਾਂ ਨੂੰ ਦੁੱਖ ਦਿੰਦਾ ਹੈ? ਬਾਈਬਲ ਸਾਫ਼-ਸਾਫ਼ ਜਵਾਬ ਦਿੰਦੀ ਹੈ ਕਿ ਦੁੱਖਾਂ ਪਿੱਛੇ ਰੱਬ ਦਾ ਹੱਥ ਨਹੀਂ ਹੈ। ਯਹੋਵਾਹ ਪਰਮੇਸ਼ੁਰ ਦਾ ਇਹ ਮਕਸਦ ਨਹੀਂ ਸੀ ਕਿ ਇਨਸਾਨ ਦੁੱਖ ਝੱਲਣ। ਪਰ ਪਹਿਲੇ ਇਨਸਾਨੀ ਜੋੜੇ ਨੇ ਪਰਮੇਸ਼ੁਰ ਦੇ ਰਾਜ ਖ਼ਿਲਾਫ਼ ਬਗਾਵਤ ਕੀਤੀ ਅਤੇ ਆਪਣੇ ਲਈ ਖ਼ੁਦ ਮਿਆਰ ਕਾਇਮ ਕੀਤੇ ਕਿ ਉਨ੍ਹਾਂ ਲਈ ਕੀ ਚੰਗਾ ਸੀ ਤੇ ਕੀ ਮਾੜਾ। ਪਰਮੇਸ਼ੁਰ ਦਾ ਲੜ ਛੱਡਣ ਕਰਕੇ ਉਨ੍ਹਾਂ ਨੂੰ ਦੁਖਦਾਈ ਨਤੀਜੇ ਭੁਗਤਣੇ ਪਏ। ਉਨ੍ਹਾਂ ਦੇ ਗ਼ਲਤ ਫ਼ੈਸਲੇ ਦੇ ਅਸਰ ਅੱਜ ਤਾਈਂ ਸਾਡੇ ਉੱਤੇ ਹਨ। ਪਰ ਇਹ ਗੱਲ ਪੱਕੀ ਹੈ ਕਿ ਪਰਮੇਸ਼ੁਰ ਨੇ ਦੁਨੀਆਂ ਨੂੰ ਦੁੱਖ ਨਹੀਂ ਦਿੱਤੇ। ਬਾਈਬਲ ਕਹਿੰਦੀ ਹੈ: “ਜਦੋਂ ਕਿਸੇ ਉੱਤੇ ਕੋਈ ਪਰੀਖਿਆ ਆਉਂਦੀ ਹੈ, ਤਾਂ ਉਹ ਇਹ ਨਾ ਕਹੇ: ‘ਪਰਮੇਸ਼ੁਰ ਮੇਰੀ ਪਰੀਖਿਆ ਲੈ ਰਿਹਾ ਹੈ।’ ਕਿਉਂਕਿ ਨਾ ਤਾਂ ਕੋਈ ਬੁਰੇ ਇਰਾਦੇ ਨਾਲ ਪਰਮੇਸ਼ੁਰ ਦੀ ਪਰੀਖਿਆ ਲੈ ਸਕਦਾ ਹੈ ਅਤੇ ਨਾ ਹੀ ਪਰਮੇਸ਼ੁਰ ਆਪ ਇਸ ਇਰਾਦੇ ਨਾਲ ਕਿਸੇ ਦੀ ਪਰੀਖਿਆ ਲੈਂਦਾ ਹੈ।” (ਯਾਕੂਬ 1:13) ਦੁੱਖ ਕਿਸੇ ਉੱਤੇ ਵੀ ਆ ਸਕਦੇ ਹਨ, ਉਨ੍ਹਾਂ ਉੱਤੇ ਵੀ ਜਿਨ੍ਹਾਂ ਉੱਤੇ ਪਰਮੇਸ਼ੁਰ ਦੀ ਮਿਹਰ ਹੈ। ਇਹ ਦੇਖਣ ਲਈ ਅਗਲੀਆਂ ਮਿਸਾਲਾਂ ਉੱਤੇ ਧਿਆਨ ਦਿਓ:

  • ਅਲੀਸ਼ਾ ਨਬੀ ਨੂੰ ਇਕ ਜਾਨਲੇਵਾ ਬੀਮਾਰੀ ਲੱਗੀ ਹੋਈ ਸੀ।—2 ਰਾਜਿਆਂ 13:14.

  • ਪੌਲੁਸ ਰਸੂਲ ਨੇ ਲਿਖਿਆ ਕਿ ਉਹ ਅਕਸਰ ‘ਭੁੱਖਾ-ਪਿਆਸਾ ਅਤੇ ਲੀਰਾਂ ਪਾਈ ਫਿਰਦਾ ਸੀ ਅਤੇ ਬੇਘਰ ਸੀ ਅਤੇ ਦੂਜਿਆਂ ਦੀਆਂ ਬਦਸਲੂਕੀਆਂ ਸਹਿੰਦਾ ਸੀ।’—1 ਕੁਰਿੰਥੀਆਂ 4:11.

  • ਇਪਾਫ਼ਰੋਦੀਤੁਸ ਨਾਂ ਦਾ ਮਸੀਹੀ ਬੀਮਾਰ ਅਤੇ “ਨਿਰਾਸ਼” ਸੀ।—ਫ਼ਿਲਿੱਪੀਆਂ 2:25, 26.

ਬਾਈਬਲ ਵਿਚ ਅਸੀਂ ਕਿਤੇ ਵੀ ਨਹੀਂ ਪੜ੍ਹਦੇ ਕਿ ਪਰਮੇਸ਼ੁਰ ਇਨ੍ਹਾਂ ਤਿੰਨਾਂ ਆਦਮੀਆਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇ ਰਿਹਾ ਸੀ। ਪਰ ਬਾਈਬਲ ਦੱਸਦੀ ਹੈ ਕਿ ਦੁੱਖਾਂ ਦਾ ਜ਼ਿੰਮੇਵਾਰ ਪਰਮੇਸ਼ੁਰ ਨਹੀਂ ਹੈ। ਇਸ ਵਿਚ ਇਹ ਵੀ ਦੱਸਿਆ ਹੈ ਕਿ ਦੁੱਖਾਂ ਦੇ ਅਕਸਰ ਤਿੰਨ ਬੁਨਿਆਦੀ ਕਾਰਨ ਹੁੰਦੇ ਹਨ।

ਨਿੱਜੀ ਫ਼ੈਸਲੇ

“ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।” (ਗਲਾਤੀਆਂ 6:7) ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਕੋਈ ਇਨਸਾਨ ਸਿਗਰਟ ਪੀਣ, ਲਾਪਰਵਾਹੀ ਨਾਲ ਗੱਡੀ ਚਲਾਉਣ ਜਾਂ ਫ਼ਜ਼ੂਲਖ਼ਰਚੀ ਕਰਨ ਦਾ ਫ਼ੈਸਲਾ ਕਰੇ, ਤਾਂ ਇਸ ਦੇ ਬੁਰੇ ਨਤੀਜਿਆਂ ਲਈ ਉਹ ਖ਼ੁਦ ਜ਼ਿੰਮੇਵਾਰ ਹੁੰਦਾ ਹੈ।

ਅਸੀਂ ਸ਼ਾਇਦ ਦੂਸਰਿਆਂ ਦੇ ਸੁਆਰਥੀ ਫ਼ੈਸਲਿਆਂ ਕਰਕੇ ਵੀ ਦੁੱਖ ਝੱਲੀਏ। ਇਨਸਾਨਾਂ ਨੇ ਨਾਜ਼ੀ ਜ਼ੁਲਮਾਂ ਤੋਂ ਲੈ ਕੇ ਬੱਚਿਆਂ ਨਾਲ ਬਦਫ਼ੈਲੀ ਵਰਗੇ ਘਿਣਾਉਣੇ ਕੰਮ ਕੀਤੇ ਹਨ। ਖ਼ੁਦ ਫ਼ੈਸਲੇ ਕਰਨ ਦੀ ਆਜ਼ਾਦੀ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਕੁਝ ਲੋਕਾਂ ਨੇ ਅਜਿਹੇ ਫ਼ੈਸਲੇ ਕੀਤੇ ਹਨ ਜਿਨ੍ਹਾਂ ਕਰਕੇ ਦੂਜਿਆਂ ਨੂੰ ਦੁੱਖ ਝੱਲਣੇ ਪਏ ਹਨ।

ਵੇਲੇ-ਕੁਵੇਲੇ ਵਾਪਰਦੀਆਂ ਘਟਨਾਵਾਂ

ਪਹਿਲੀ ਸਦੀ ਈਸਵੀ ਵਿਚ ਯਰੂਸ਼ਲਮ ਵਿਚ ਇਕ ਵੱਡਾ ਸਾਰਾ ਬੁਰਜ ਡਿਗ ਪਿਆ ਜਿਸ ਕਰਕੇ 18 ਲੋਕ ਮਾਰੇ ਗਏ। ਇਸ ਘਟਨਾ ਦੇ ਸ਼ਿਕਾਰ ਲੋਕਾਂ ਦੀ ਗੱਲ ਕਰਦਿਆਂ ਯਿਸੂ ਨੇ ਕਿਹਾ: “ਜਿਹੜੇ ਅਠਾਰਾਂ ਲੋਕ ਸੀਲੋਮ ਦਾ ਬੁਰਜ ਡਿਗਣ ਕਰਕੇ ਮਰੇ ਸਨ, ਤੁਹਾਡੇ ਖ਼ਿਆਲ ਵਿਚ ਕੀ ਉਹ ਯਰੂਸ਼ਲਮ ਦੇ ਬਾਕੀ ਸਾਰੇ ਲੋਕਾਂ ਨਾਲੋਂ ਜ਼ਿਆਦਾ ਪਾਪੀ ਸਨ? ਨਹੀਂ, ਮੈਂ ਤੁਹਾਨੂੰ ਕਹਿੰਦਾ ਹਾਂ, ਇਸ ਤਰ੍ਹਾਂ ਨਹੀਂ ਸੀ।” (ਲੂਕਾ 13:4, 5) ਯਿਸੂ ਨੂੰ ਪਤਾ ਸੀ ਕਿ ਇਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਨੇ ਸਜ਼ਾ ਨਹੀਂ ਦਿੱਤੀ ਸੀ। ਉਹ ਜਾਣਦਾ ਸੀ ਕਿ ਪਰਮੇਸ਼ੁਰ ਦੇ ਬਚਨ ਵਿਚ ਲਿਖਿਆ ਹੋਇਆ ਸੀ: “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, CL) ਕਈ ਬਿਪਤਾਵਾਂ ਦੇ ਸ਼ਿਕਾਰ ਇਸ ਲਈ ਹੁੰਦੇ ਹਨ ਕਿਉਂਕਿ ਉਹ ਗ਼ਲਤ ਸਮੇਂ ਤੇ ਗ਼ਲਤ ਜਗ੍ਹਾ ਹੁੰਦੇ ਹਨ। ਜਾਂ ਉਹ ਕਿਸੇ ਹੋਰ ਦੀ ਗ਼ਲਤੀ ਕਰਕੇ ਬਿਪਤਾ ਦੇ ਸ਼ਿਕਾਰ ਹੁੰਦੇ ਹਨ। ਮਿਸਾਲ ਲਈ, ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਲੋਕੀ ਉਦੋਂ ਜ਼ਿਆਦਾ ਦੁੱਖ ਭੁਗਤਦੇ ਹਨ ਜਦੋਂ ਉਹ ਚੇਤਾਵਨੀਆਂ ਨੂੰ ਅਣਗੌਲਿਆਂ ਕਰਦੇ ਹਨ ਅਤੇ ਇਮਾਰਤਾਂ ਇੰਨੀਆਂ ਮਜ਼ਬੂਤ ਨਹੀਂ ਬਣਾਉਂਦੇ ਕਿ ਉਹ ਤੂਫ਼ਾਨੀ ਮੌਸਮ ਜਾਂ ਭੁਚਾਲ਼ਾਂ ਦਾ ਸਾਮ੍ਹਣਾ ਕਰ ਸਕਣ। ਨਤੀਜੇ ਵਜੋਂ ਵੇਲੇ-ਕੁਵੇਲੇ ਵਾਪਰਦੀਆਂ ਘਟਨਾਵਾਂ ਕਾਰਨ ਜ਼ਿਆਦਾ ਲੋਕ ਪ੍ਰਭਾਵਿਤ ਹੁੰਦੇ ਹਨ ਤੇ ਜ਼ਿਆਦਾ ਦੁੱਖ ਸਹਿੰਦੇ ਹਨ।

‘ਦੁਨੀਆਂ ਦਾ ਹਾਕਮ’

ਬਾਈਬਲ ਕਹਿੰਦੀ ਹੈ: “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।” (ਯੂਹੰਨਾ 12:31; 1 ਯੂਹੰਨਾ 5:19) “ਦੁਸ਼ਟ” ਸ਼ੈਤਾਨ ਹੈ ਜੋ ਇਕ ਸ਼ਕਤੀਸ਼ਾਲੀ ਦੂਤ ਹੈ। ਉਸ ਬਾਰੇ ਕਿਹਾ ਗਿਆ ਹੈ ਕਿ ਉਹ ‘ਇਸ ਦੁਨੀਆਂ ਦੀ ਸੋਚ ਉੱਤੇ ਅਧਿਕਾਰ ਰੱਖਣ ਵਾਲਾ ਹਾਕਮ ਹੈ। ਇਹ ਸੋਚ ਦੁਨੀਆਂ ਵਿਚ ਹਵਾ ਵਾਂਗ ਫੈਲੀ ਹੋਈ ਹੈ ਅਤੇ ਹੁਣ ਅਣਆਗਿਆਕਾਰ ਲੋਕਾਂ ਉੱਤੇ ਇਸ ਸੋਚ ਦਾ ਅਸਰ ਦਿਖਾਈ ਦਿੰਦਾ ਹੈ।’ (ਅਫ਼ਸੀਆਂ 2:2) ਕੁਝ ਅਪਰਾਧ ਜਿਵੇਂ ਕਤਲੇਆਮ ਅਤੇ ਬੱਚਿਆਂ ਨਾਲ ਬਦਫ਼ੈਲੀ ਆਦਿ ਇੰਨੇ ਖ਼ੌਫ਼ਨਾਕ ਕੰਮ ਹਨ ਕਿ ਕਈ ਲੋਕਾਂ ਨੂੰ ਇਹ ਮੰਨਣਾ ਔਖਾ ਲੱਗਦਾ ਹੈ ਕਿ ਇਨ੍ਹਾਂ ਪਿੱਛੇ ਸਿਰਫ਼ ਇਨਸਾਨ ਦਾ ਹੱਥ ਹੈ।

ਪਰ ਕੀ ਇਸ ਦਾ ਇਹ ਮਤਲਬ ਹੈ ਕਿ ਪਰਮੇਸ਼ੁਰ ਨੂੰ ਸਾਡੇ ਦੁੱਖਾਂ ਦੀ ਕੋਈ ਪਰਵਾਹ ਨਹੀਂ? ਕੀ ਉਹ ਸਾਡੇ ਦੁੱਖਾਂ ਨੂੰ ਖ਼ਤਮ ਕਰਨ ਲਈ ਕੁਝ ਕਰ ਸਕਦਾ ਹੈ ਅਤੇ ਕੀ ਉਹ ਕਰੇਗਾ ਵੀ? (g11-E 07)