Skip to content

Skip to table of contents

ਦੁੱਖਾਂ ਤੋਂ ਬਗੈਰ ਜ਼ਿੰਦਗੀ ਇਕ ਭਰੋਸੇਯੋਗ ਵਾਅਦਾ

ਦੁੱਖਾਂ ਤੋਂ ਬਗੈਰ ਜ਼ਿੰਦਗੀ ਇਕ ਭਰੋਸੇਯੋਗ ਵਾਅਦਾ

“[ਪਰਮੇਸ਼ੁਰ] ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”—ਪ੍ਰਕਾਸ਼ ਦੀ ਕਿਤਾਬ 21:4.

ਕੀ ਅਸੀਂ ਭਰੋਸਾ ਕਰ ਸਕਦੇ ਹਾਂ ਕਿ ਇਹ ਸ਼ਾਨਦਾਰ ਵਾਅਦਾ ਪੂਰਾ ਹੋਵੇਗਾ? ਪਹਿਲੇ ਇਨਸਾਨ ਨੂੰ ਪਰਮੇਸ਼ੁਰ ਵੱਲੋਂ ਸ਼ੁਰੂ ਵਿਚ ਮਿਲੀ ਚੇਤਾਵਨੀ ਉੱਤੇ ਗੌਰ ਕਰੋ। ਪਰਮੇਸ਼ੁਰ ਨੇ ਆਦਮ ਨੂੰ ਕਿਹਾ ਸੀ ਕਿ ਜੇ ਉਹ ਉਸ ਦੀ ਆਗਿਆ ਦੀ ਪਾਲਣਾ ਨਹੀਂ ਕਰੇਗਾ, ਤਾਂ ‘ਉਹ ਜ਼ਰੂਰ ਮਰੇਗਾ।’ (ਉਤਪਤ 2:17) ਅਤੇ ਉਸ ਨਾਲ ਉਸੇ ਤਰ੍ਹਾਂ ਹੋਇਆ ਜਿਵੇਂ ਪਰਮੇਸ਼ੁਰ ਨੇ ਕਿਹਾ ਸੀ। ਇਸ ਗੱਲ ਦੇ ਨਾਲ-ਨਾਲ ਇਨਸਾਨ ਨੂੰ ਵਿਰਸੇ ਵਿਚ ਮਿਲੀ ਮੌਤ ਅਤੇ ਦੁੱਖ ਇਸ ਗੱਲ ਦਾ ਸਬੂਤ ਹਨ ਕਿ ਅਸੀਂ ਪਰਮੇਸ਼ੁਰ ਉੱਤੇ ਭਰੋਸਾ ਕਰ ਸਕਦੇ ਹਾਂ। ਤਾਂ ਫਿਰ ਕੀ ਭਵਿੱਖ ਬਾਰੇ ਪਰਮੇਸ਼ੁਰ ਦੇ ਵਾਅਦੇ ਉੱਤੇ ਸ਼ੱਕ ਕਰਨ ਦਾ ਸਾਡੇ ਕੋਲ ਕੋਈ ਕਾਰਨ ਹੈ ਕਿ ਉਹ ਧਰਤੀ ਉੱਤੇ ਦੁਬਾਰਾ ਸ਼ਾਨਦਾਰ ਹਾਲਾਤ ਲਿਆਵੇਗਾ?

ਪਰਮੇਸ਼ੁਰ ਦੇ ਗੁਣਾਂ ਨੂੰ ਵੀ ਯਾਦ ਕਰੋ ਜਿਨ੍ਹਾਂ ਬਾਰੇ ਅਸੀਂ ਪਿਛਲੇ ਲੇਖ ਵਿਚ ਚਰਚਾ ਕੀਤੀ ਸੀ। ਪਰਮੇਸ਼ੁਰ ਦਇਆਵਾਨ, ਪਿਆਰ ਕਰਨ ਵਾਲਾ ਅਤੇ ਇਨਸਾਫ਼-ਪਸੰਦ ਹੈ ਅਤੇ ਉਸ ਨੇ ਸਾਨੂੰ ਆਪਣੇ ਵਰਗਾ ਬਣਾਇਆ ਹੈ ਜਿਸ ਕਰਕੇ ਅਸੀਂ ਵੀ ਉਸ ਵਾਂਗ ਦੁੱਖਾਂ ਦਾ ਅੰਤ ਦੇਖਣਾ ਚਾਹੁੰਦੇ ਹਾਂ। ਇਸ ਤੋਂ ਇਲਾਵਾ, ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਅਤੇ ਲੋਕਾਂ ਦਾ ਰਵੱਈਆ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਜਲਦੀ ਹੀ ਕਦਮ ਚੁੱਕੇਗਾ।— “ਇਹ ਘਟਨਾਵਾਂ ਕਦੋਂ ਵਾਪਰਨਗੀਆਂ?” ਨਾਂ ਦੀ ਡੱਬੀ ਦੇਖੋ।

ਸਿਰਫ਼ ਯਹੋਵਾਹ ਪਰਮੇਸ਼ੁਰ ਹੀ ਇਨਸਾਨਾਂ ਦਾ ਦੁੱਖ ਦੂਰ ਕਰਨ ਦੇ ਕਾਬਲ ਕਿਉਂ ਹੈ? ਉਹ ਆਪਣੇ ਪੁੱਤਰ ਯਿਸੂ ਰਾਹੀਂ ਦੁੱਖਾਂ ਦੇ ਬੁਨਿਆਦੀ ਕਾਰਨਾਂ ਨੂੰ ਮਿਟਾ ਸਕਦਾ ਹੈ ਅਤੇ ਉਸ ਨੇ ਇਸ ਤਰ੍ਹਾਂ ਕਰਨ ਦਾ ਇੰਤਜ਼ਾਮ ਵੀ ਕੀਤਾ ਹੈ।

ਨਿੱਜੀ ਫ਼ੈਸਲੇ।

ਸਾਡੇ ਪੂਰਵਜ ਆਦਮ ਦੇ ਫ਼ੈਸਲੇ ਕਰਕੇ ਹਰ ਇਨਸਾਨ ਨੂੰ ਬੁਰੇ ਨਤੀਜੇ ਭੁਗਤਣੇ ਪਏ ਹਨ। ਪੌਲੁਸ ਰਸੂਲ ਨੇ ਲਿਖਿਆ: “ਸਾਰੀ ਸ੍ਰਿਸ਼ਟੀ ਮਿਲ ਕੇ ਹਉਕੇ ਭਰ ਰਹੀ ਹੈ ਅਤੇ ਹੁਣ ਤਕ ਦੁੱਖ ਝੱਲ ਰਹੀ ਹੈ।” (ਰੋਮੀਆਂ 8:22) ਦੁੱਖਾਂ ਨੂੰ ਦੂਰ ਕਰਨ ਲਈ ਜਿਹੜਾ ਹੱਲ ਪਰਮੇਸ਼ੁਰ ਨੇ ਲੱਭਿਆ ਹੈ, ਉਹ ਨਿਆਂ ਅਤੇ ਦਇਆ ਨਾਲ ਭਰਪੂਰ ਹੈ ਅਤੇ ਬਿਲਕੁਲ ਸਾਦਾ ਹੈ। ਰੋਮੀਆਂ 6:23 ਵਿਚ ਸਮਝਾਇਆ ਹੈ: “ਪਾਪ ਕਰਨ ਦੀ ਮਜ਼ਦੂਰੀ ਮੌਤ ਹੈ, ਪਰ ਪਰਮੇਸ਼ੁਰ ਜੋ ਵਰਦਾਨ ਦਿੰਦਾ ਹੈ, ਉਹ ਹੈ ਸਾਡੇ ਪ੍ਰਭੂ ਮਸੀਹ ਯਿਸੂ ਰਾਹੀਂ ਹਮੇਸ਼ਾ ਦੀ ਜ਼ਿੰਦਗੀ।”

ਮੁਕੰਮਲ ਇਨਸਾਨ ਯਿਸੂ ਨੇ ਜ਼ਿੰਦਗੀ ਵਿਚ ਕੋਈ ਪਾਪ ਨਹੀਂ ਕੀਤਾ ਸੀ। ਤਸੀਹੇ ਦੀ ਸੂਲ਼ੀ ਉੱਤੇ ਉਸ ਦੀ ਮੌਤ ਯਾਨੀ ਕੁਰਬਾਨੀ ਸਦਕਾ ਆਗਿਆਕਾਰ ਇਨਸਾਨ ਪਾਪ ਅਤੇ ਮੌਤ ਤੋਂ ਛੁਟਕਾਰਾ ਪਾ ਸਕਦੇ ਹਨ। ਹੁਣ ਸਾਡੇ ਕੋਲ ਅਜਿਹੀ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਹੈ ਜਿੱਥੇ ਸਾਡੇ ਵਿਚ ਗ਼ਲਤ ਫ਼ੈਸਲੇ ਕਰਨ ਦਾ ਝੁਕਾਅ ਨਹੀਂ ਹੋਵੇਗਾ। ਉਹ ਲੋਕ ਵੀ ਖ਼ਤਮ ਹੋ ਜਾਣਗੇ ਜਿਹੜੇ ਜਾਣ-ਬੁੱਝ ਕੇ ਦੂਸਰਿਆਂ ਨੂੰ ਦੁੱਖ ਦਿੰਦੇ ਹਨ ਕਿਉਂਕਿ “ਕੁਕਰਮੀ ਤਾਂ ਛੇਕੇ ਜਾਣਗੇ।”—ਜ਼ਬੂਰਾਂ ਦੀ ਪੋਥੀ 37:9.

ਵੇਲੇ-ਕੁਵੇਲੇ ਵਾਪਰਦੀਆਂ ਘਟਨਾਵਾਂ ਤੇ ਨਾਮੁਕੰਮਲਤਾ।

ਪਰਮੇਸ਼ੁਰ ਵੱਲੋਂ ਚੁਣੇ ਹੋਏ ਰਾਜੇ ਯਿਸੂ ਮਸੀਹ ਕੋਲ ਕੁਦਰਤੀ ਸ਼ਕਤੀਆਂ ਉੱਤੇ ਕਾਬੂ ਪਾਉਣ ਦੀ ਤਾਕਤ ਹੈ। ਪਹਿਲੀ ਸਦੀ ਈਸਵੀ ਵਿਚ ਯਿਸੂ ਅਤੇ ਉਸ ਦੇ ਰਸੂਲ ਇਕ ਕਿਸ਼ਤੀ ਵਿਚ ਸਨ ਜਦੋਂ ਇਕ “ਬਹੁਤ ਵੱਡਾ ਤੂਫ਼ਾਨ ਆ ਗਿਆ ਅਤੇ ਲਹਿਰਾਂ ਜ਼ੋਰ-ਜ਼ੋਰ ਨਾਲ ਕਿਸ਼ਤੀ ਨਾਲ ਟਕਰਾਉਣ ਲੱਗੀਆਂ ਤੇ ਕਿਸ਼ਤੀ ਪਾਣੀ ਨਾਲ ਭਰਨ ਲੱਗ ਪਈ।” ਯਿਸੂ ਸੁੱਤਾ ਸੀ, ਇਸ ਲਈ ਉਸ ਨੂੰ ਮਦਦ ਕਰਨ ਲਈ ਜਗਾਇਆ ਗਿਆ। “ਉਹ ਉੱਠਿਆ ਅਤੇ ਉਸ ਨੇ ਹਨੇਰੀ ਨੂੰ ਝਿੜਕਿਆ ਅਤੇ ਝੀਲ ਨੂੰ ਕਿਹਾ: “ਚੁੱਪ! ਸ਼ਾਂਤ ਹੋ ਜਾ!” ਅਤੇ ਹਨੇਰੀ ਰੁਕ ਗਈ ਅਤੇ ਸਭ ਕੁਝ ਸ਼ਾਂਤ ਹੋ ਗਿਆ।” ਇਹ ਦੇਖ ਕੇ ਉਸ ਦੇ ਰਸੂਲ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਨੇ ਕਿਹਾ: “ਹਨੇਰੀ ਅਤੇ ਝੀਲ ਵੀ ਇਸ ਦਾ ਕਹਿਣਾ ਮੰਨਦੀਆਂ ਹਨ।”—ਮਰਕੁਸ 4:37-41.

ਯਿਸੂ ਦੇ ਰਾਜ ਅਧੀਨ ਆਗਿਆਕਾਰ ਇਨਸਾਨ ‘ਸੁਖ ਨਾਲ ਵੱਸਣਗੇ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹਿਣਗੇ।’ (ਕਹਾਉਤਾਂ 1:33) ਉਸ ਸਮੇਂ ਉਨ੍ਹਾਂ ਨੂੰ ਕੁਦਰਤੀ ਆਫ਼ਤਾਂ ਦਾ ਵੀ ਸਾਮ੍ਹਣਾ ਨਹੀਂ ਕਰਨਾ ਪਵੇਗਾ। ਇਸ ਤੋਂ ਇਲਾਵਾ ਧਰਤੀ ਦਾ ਨੁਕਸਾਨ ਕਰਨ ਵਾਲੇ, ਅਸੁਰੱਖਿਅਤ ਇਮਾਰਤਾਂ ਬਣਾਉਣ ਵਾਲੇ, ਕੁਦਰਤ ਵੱਲੋਂ ਮਿਲਦੀਆਂ ਚੇਤਾਵਨੀਆਂ ਨੂੰ ਅਣਗੌਲਿਆਂ ਕਰਨ ਵਾਲੇ ਅਤੇ ਹੋਰ ਗ਼ਲਤੀਆਂ ਕਰਨ ਵਾਲੇ ਨਾ ਰਹਿਣਗੇ। ਉਸ ਵੇਲੇ ਨਾ ਹੀ ਕੋਈ ਗ਼ਲਤ ਸਮੇਂ ਤੇ ਗ਼ਲਤ ਜਗ੍ਹਾ ਹੋਣ ਕਰਕੇ ਦੁੱਖ ਭੋਗੇਗਾ।

ਧਰਤੀ ਉੱਤੇ ਹੁੰਦਿਆਂ ਯਿਸੂ ਨੇ ਆਪਣੇ ਰਾਜ ਅਧੀਨ ਮਿਲਣ ਵਾਲੀ ਇਕ ਹੋਰ ਬਰਕਤ ਦਾ ਜ਼ਿਕਰ ਕੀਤਾ ਸੀ ਜਦੋਂ ਵੇਲੇ-ਕੁਵੇਲੇ ਵਾਪਰਨ ਵਾਲੀਆਂ ਘਟਨਾਵਾਂ ਕਾਰਨ ਹੁੰਦੇ ਦੁੱਖ ਦੂਰ ਕੀਤੇ ਜਾਣਗੇ। ਉਸ ਨੇ ਕਿਹਾ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ।” (ਯੂਹੰਨਾ 11:25) ਜੀ ਹਾਂ, ਯਿਸੂ ਉਨ੍ਹਾਂ ਲੱਖਾਂ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਤਾਕਤ ਅਤੇ ਤਮੰਨਾ ਰੱਖਦਾ ਹੈ ਜੋ ਕੁਦਰਤੀ ਆਫ਼ਤਾਂ ਕਰਕੇ ਮਰ ਚੁੱਕੇ ਹਨ। ਕੀ ਇਹ ਖੋਖਲਾ ਵਾਅਦਾ ਹੈ? ਯਿਸੂ ਨੇ ਧਰਤੀ ਉੱਤੇ ਹੁੰਦਿਆਂ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰ ਕੇ ਇਸ ਉਮੀਦ ਵਿਚ ਸਾਡਾ ਭਰੋਸਾ ਪੱਕਾ ਕੀਤਾ ਹੈ। ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰਨ ਦੇ ਤਿੰਨ ਬਿਰਤਾਂਤ ਬਾਈਬਲ ਵਿਚ ਪਾਏ ਜਾਂਦੇ ਹਨ।—ਮਰਕੁਸ 5:38-43; ਲੂਕਾ 7:11-15; ਯੂਹੰਨਾ 11:38-44.

‘ਦੁਨੀਆਂ ਦਾ ਹਾਕਮ।’

ਪਰਮੇਸ਼ੁਰ ਨੇ ਮਸੀਹ ਯਿਸੂ ਨੂੰ ਨਿਯੁਕਤ ਕੀਤਾ ਹੈ ਕਿ ਉਹ “ਸ਼ੈਤਾਨ ਨੂੰ ਖ਼ਤਮ ਕਰੇ ਜਿਸ ਕੋਲ ਮੌਤ ਦੇ ਹਥਿਆਰ ਹਨ।” (ਇਬਰਾਨੀਆਂ 2:14) ਯਿਸੂ ਨੇ ਕਿਹਾ: “ਇਸ ਦੁਨੀਆਂ ਦਾ ਨਿਆਂ ਹੁਣ ਕੀਤਾ ਜਾ ਰਿਹਾ ਹੈ; ਹੁਣ ਦੁਨੀਆਂ ਦੇ ਹਾਕਮ ਨੂੰ ਬਾਹਰ ਕੱਢਿਆ ਜਾਵੇਗਾ।” (ਯੂਹੰਨਾ 12:31) ਯਿਸੂ ਦੁਨੀਆਂ ਤੋਂ ਸ਼ੈਤਾਨ ਦਾ ਪ੍ਰਭਾਵ ਹਟਾ ਕੇ ‘ਉਸ ਦੇ ਕੰਮਾਂ ਨੂੰ ਨਾਸ਼ ਕਰੇਗਾ।’ (1 ਯੂਹੰਨਾ 3:8) ਜ਼ਰਾ ਕਲਪਨਾ ਕਰੋ ਕਿ ਉਸ ਸਮੇਂ ਲੋਕ ਕਿਹੋ ਜਿਹੇ ਹੋਣਗੇ ਜਦੋਂ ਸ਼ੈਤਾਨ ਦਾ ਲਾਲਚੀ, ਭ੍ਰਿਸ਼ਟ ਅਤੇ ਖ਼ੁਦਗਰਜ਼ ਰਵੱਈਆ ਨਹੀਂ ਰਹੇਗਾ! (g11-E 07)