ਮੈਨੂੰ ਸੋਸ਼ਲ ਨੈੱਟਵਰਕਿੰਗ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?—ਪਹਿਲਾ ਭਾਗ
ਨੌਜਵਾਨ ਪੁੱਛਦੇ ਹਨ
ਮੈਨੂੰ ਸੋਸ਼ਲ ਨੈੱਟਵਰਕਿੰਗ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?—ਪਹਿਲਾ ਭਾਗ
“ਮੇਰੇ ਕੁਝ ਦੋਸਤ ਦੂਜੇ ਦੇਸ਼ਾਂ ਵਿਚ ਰਹਿੰਦੇ ਹਨ ਅਤੇ ਮੈਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਸੋਸ਼ਲ ਨੈੱਟਵਰਕ ਵਰਤਦੀ ਹਾਂ। ਭਾਵੇਂ ਕਿ ਉਹ ਮੈਥੋਂ ਦੂਰ ਹਨ, ਫਿਰ ਵੀ ਮੈਂ ਉਨ੍ਹਾਂ ਨਾਲ ਨੈੱਟਵਰਕ ਰਾਹੀਂ ਗੱਲ ਕਰ ਸਕਦੀ ਹਾਂ।”—ਸਿਮਰਨ, 17. *
“ਮੇਰੇ ਖ਼ਿਆਲ ਵਿਚ ਸੋਸ਼ਲ ਨੈੱਟਵਰਕਿੰਗ ਉੱਤੇ ਸਮਾਂ ਬਰਬਾਦ ਹੁੰਦਾ ਹੈ। ਆਲਸੀ ਲੋਕ ਨੈੱਟਵਰਕ ’ਤੇ ਗੱਲ ਕਰਦੇ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਦੋਸਤੀ ਬਣੀ ਰਹੇ, ਤਾਂ ਤੁਹਾਨੂੰ ਦੂਜਿਆਂ ਨਾਲ ਆਹਮੋ-ਸਾਮ੍ਹਣੇ ਗੱਲ ਕਰਨ ਦੀ ਲੋੜ ਹੈ।”—ਗੁਰਦੀਪ, 19.
ਉੱਪਰ ਦੱਸੇ ਕਿਹੜੇ ਵਿਚਾਰ ਨਾਲ ਤੁਹਾਡੇ ਵਿਚਾਰ ਮਿਲਦੇ-ਜੁਲਦੇ ਹਨ? ਤੁਹਾਡਾ ਜੋ ਵੀ ਵਿਚਾਰ ਹੋਵੇ, ਪਰ ਇਕ ਗੱਲ ਪੱਕੀ ਹੈ ਕਿ ਸੋਸ਼ਲ ਨੈੱਟਵਰਕਿੰਗ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਹੈ। * ਇਸ ਗੱਲ ਵੱਲ ਧਿਆਨ ਦਿਓ ਕਿ 5 ਕਰੋੜ ਲੋਕਾਂ ਤਕ ਪਹੁੰਚਣ ਲਈ ਰੇਡੀਓ ਨੂੰ 38 ਸਾਲ, ਟੈਲੀਵਿਯਨ ਨੂੰ 13 ਸਾਲ ਅਤੇ ਇੰਟਰਨੈੱਟ ਨੂੰ 4 ਸਾਲ ਲੱਗੇ ਹਨ। ਪਰ ਸਿਰਫ਼ 12 ਮਹੀਨਿਆਂ ਵਿਚ ਫੇਸਬੁੱਕ ਨਾਂ ਦੀ ਸੋਸ਼ਲ ਨੈੱਟਵਰਕਿੰਗ ਸਾਈਟ ਦੇ 20 ਕਰੋੜ ਮੈਂਬਰ ਬਣੇ ਹਨ!
ਹੇਠਾਂ ਲਿਖੀ ਗੱਲ ’ਤੇ ਨਿਸ਼ਾਨ ਲਾਓ ਕਿ ਉਹ ਸੱਚੀ ਹੈ ਜਾਂ ਝੂਠੀ:
ਸੋਸ਼ਲ ਨੈੱਟਵਰਕਿੰਗ ਸਾਈਟ ਵਰਤਣ ਵਾਲੇ ਜ਼ਿਆਦਾਤਰ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਹੁੰਦੇ ਹਨ। ․․․․․ ਸੱਚੀ ․․․․․ ਝੂਠੀ
ਜਵਾਬ: ਝੂਠੀ। ਇਹ ਮਸ਼ਹੂਰ ਸੋਸ਼ਲ ਨੈੱਟਵਰਕਿੰਗ ਸਾਈਟ ਵਰਤਣ ਵਾਲੇ ਦੋ ਤਿਹਾਈ ਲੋਕ 25 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ। 2009 ਵਿਚ ਉਨ੍ਹਾਂ ਲੋਕਾਂ ਦੀ ਗਿਣਤੀ ਵਿਚ ਜ਼ਿਆਦਾ ਵਾਧਾ ਹੋਇਆ ਸੀ ਜਿਨ੍ਹਾਂ ਦੀ ਉਮਰ 55 ਸਾਲ ਤੋਂ ਜ਼ਿਆਦਾ ਸੀ!
ਫਿਰ ਵੀ ਲੱਖਾਂ ਹੀ ਨੌਜਵਾਨ ਸੋਸ਼ਲ ਨੈੱਟਵਰਕ ਸਾਈਟ ਦੇ ਮੈਂਬਰ ਹਨ ਅਤੇ ਕਈ ਸਿਰਫ਼ ਇਸ ਸਹੂਲਤ ਨੂੰ ਹੀ ਦੂਜਿਆਂ ਨਾਲ ਗੱਲਬਾਤ ਕਰਨ ਲਈ ਵਰਤਦੇ ਹਨ। ਜੈਸਿਕਾ ਨਾਂ ਦੀ ਕੁੜੀ ਕਹਿੰਦੀ ਹੈ: “ਮੈਂ ਆਪਣੇ ਅਕਾਊਂਟ ਨੂੰ ਬੰਦ ਕਰ ਦਿੱਤਾ। ਪਰ ਕੋਈ ਵੀ ਮੇਰੇ ਨਾਲ ਗੱਲਬਾਤ ਕਰਨ ਲਈ ਮੈਨੂੰ ਫ਼ੋਨ ਨਹੀਂ ਸੀ ਕਰਦਾ, ਇਸ ਲਈ ਮੈਂ ਦੁਬਾਰਾ ਅਕਾਊਂਟ ਖੋਲ੍ਹ ਲਿਆ। ਇਸ ਤਰ੍ਹਾਂ ਲੱਗਦਾ ਹੈ ਕਿ ਲੋਕ ਤੁਹਾਨੂੰ ਭੁੱਲ ਜਾਂਦੇ ਹਨ ਜੇ ਤੁਸੀਂ ਸੋਸ਼ਲ ਨੈੱਟਵਰਕ ਸਾਈਟ ਦੇ ਮੈਂਬਰ ਨਹੀਂ ਹੋ!”
ਲੋਕ ਸੋਸ਼ਲ ਨੈੱਟਵਰਕਿੰਗ ਨੂੰ ਕਿਉਂ ਪਸੰਦ ਕਰਦੇ ਹਨ? ਇਸ ਦਾ ਜਵਾਬ ਸਿੱਧਾ ਹੈ: ਕੁਦਰਤੀ ਹੈ ਕਿ ਇਨਸਾਨ ਇਕ-ਦੂਜੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਨ। ਅਤੇ ਸੋਸ਼ਲ ਨੈੱਟਵਰਕਿੰਗ ਦਾ ਇਹੋ ਹੀ ਮਕਸਦ ਹੈ। ਧਿਆਨ ਦਿਓ ਕਿ ਬਹੁਤ ਸਾਰੇ ਇਸ ਸਾਈਟ ਦੇ ਮੈਂਬਰ ਕਿਉਂ ਬਣਦੇ ਹਨ।
1. ਸਹੂਲਤ
“ਆਪਣੇ ਦੋਸਤਾਂ-ਮਿੱਤਰਾਂ ਨਾਲ ਗੱਲਬਾਤ ਕਰਨ ਲਈ ਸਮਾਂ ਕੱਢਣਾ ਸੌਖਾ ਨਹੀਂ ਹੁੰਦਾ, ਪਰ ਜਦੋਂ ਉਹ ਸਾਰੇ ਇਕ ਸਾਈਟ ਦੇ ਮੈਂਬਰ ਹੁੰਦੇ ਹਨ, ਤਾਂ ਇਹ ਕੰਮ ਆਸਾਨ ਹੋ ਜਾਂਦਾ ਹੈ।”—ਲੀਆ, 20.
“ਜਦੋਂ ਮੈਂ ਆਪਣੇ ਵਿਚਾਰ ਪੋਸਟ ਕਰਦੀ ਹਾਂ, ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮੈਂ ਆਪਣੇ ਸਾਰੇ ਦੋਸਤਾਂ ਨੂੰ ਇੱਕੋ ਵਾਰ ਈ-ਮੇਲ ਭੇਜੀ ਹੈ।”—ਕ੍ਰਿਸ਼ਮਾ, 20.
2. ਹਾਣੀਆਂ ਦਾ ਦਬਾਅ
“ਮੈਨੂੰ ਕੁਝ ਮੁੰਡੇ-ਕੁੜੀਆਂ ਪੁੱਛਦੇ ਰਹਿੰਦੇ ਹਨ ਕਿ ਮੈਂ ਉਨ੍ਹਾਂ ਦੀ ਫਰੈਂਡਸ਼ਿਪ ਲਿਸਟ ਵਿਚ ਆਪਣਾ ਨਾਂ ਸ਼ਾਮਲ ਕਰਾਂ, ਪਰ ਅਕਾਊਂਟ ਨਾ ਹੋਣ ਕਰਕੇ ਮੈਂ ਇੱਦਾਂ ਕਰ ਨਹੀਂ ਸਕਦੀ।”—ਨਤਾਸ਼ਾ, 22.
“ਜਦੋਂ ਮੈਂ ਲੋਕਾਂ ਨੂੰ ਦੱਸਦੀ ਹਾਂ ਕਿ ਮੈਂ ਅਕਾਊਂਟ ਨਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ, ਤਾਂ ਉਹ ਮੇਰੇ ਵੱਲ ਇੱਦਾਂ ਦੇਖਦੇ ਹਨ ਜਿਵੇਂ ਮੈਂ ਪਾਗਲ ਹੋਵਾਂ?”—ਮੋਨੀਕਾ, 18.
3. ਮੀਡੀਆ ਦਾ ਦਬਾਅ
“ਮੀਡੀਆ ਇਹ ਮੈਸਿਜ ਫੈਲਾਉਂਦਾ ਹੈ ਕਿ ਜੇ ਤੁਸੀਂ ਲੋਕਾਂ ਨਾਲ ਕਨੈਕਟਿਡ ਨਹੀਂ ਰਹਿੰਦੇ, ਤਾਂ ਤੁਹਾਡਾ ਕੋਈ ਵੀ ਦੋਸਤ ਨਹੀਂ ਹੋਵੇਗਾ। ਦੋਸਤਾਂ ਤੋਂ ਬਗੈਰ ਜ਼ਿੰਦਗੀ ਬੇਕਾਰ ਹੈ। ਇਸ ਲਈ ਜੇ ਤੁਸੀਂ ਸੋਸ਼ਲ ਨੈੱਟਵਰਕ ਨਹੀਂ ਵਰਤਦੇ, ਤਾਂ ਤੁਹਾਡੀ ਕੋਈ ਅਹਿਮੀਅਤ ਹੀ ਨਹੀਂ ਹੈ।”—ਕਟਰੀਨਾ, 18.
4. ਸਕੂਲ
“ਮੇਰੇ ਸਕੂਲ ਦੇ ਟੀਚਰ ਸੋਸ਼ਲ ਨੈੱਟਵਰਕ ਸਾਈਟ ਵਰਤਦੇ ਹਨ। ਕੁਝ ਟੀਚਰ ਸਾਨੂੰ ਇਹ ਦੱਸਣ ਲਈ ਮੈਸਿਜ ਪੋਸਟ ਕਰਦੇ ਹਨ ਕਿ ਸਾਡਾ ਟੈੱਸਟ ਕਦੋਂ ਹੈ। ਜੇ ਮੈਨੂੰ ਹਿਸਾਬ ਦਾ ਕੋਈ ਸਵਾਲ ਸਮਝ ਨਹੀਂ ਆਉਂਦਾ, ਤਾਂ ਮੈਂ ਆਪਣੇ ਟੀਚਰ ਦੀ ਵੌਲ ਯਾਨੀ ਪੇਜ ਉੱਤੇ ਮੈਸਿਜ ਪੋਸਟ ਕਰ ਦਿੰਦੀ ਹਾਂ, ਤਾਂ ਉਹ ਆਨ-ਲਾਈਨ ਮੇਰੀ ਮਦਦ ਕਰਦਾ ਹੈ।”—ਮਰੀਨਾ, 17.
5. ਕੰਮ
“ਨੌਕਰੀ ਲੱਭਣ ਵੇਲੇ ਕੁਝ ਲੋਕ ਦੂਜਿਆਂ ਨਾਲ ਗੱਲਬਾਤ ਕਰਨ ਲਈ ਸੋਸ਼ਲ ਨੈੱਟਵਰਕ ਦੀ ਵਰਤੋਂ ਕਰਦੇ ਹਨ। ਕਈ ਵਾਰ ਇਸ ਤਰ੍ਹਾਂ ਕਰਨ ਨਾਲ ਨੌਕਰੀ ਲੱਭਣ ਵਿਚ ਉਨ੍ਹਾਂ ਦੀ ਮਦਦ ਹੁੰਦੀ ਹੈ।”—ਪ੍ਰਿਆ, 20.
“ਮੈਂ ਆਪਣੇ ਕੰਮ ਲਈ ਨੈੱਟਵਰਕਿੰਗ ਸਾਈਟ ਦੀ ਵਰਤੋਂ ਕਰਦਾ ਹਾਂ। ਇਸ ਤਰ੍ਹਾਂ ਗਾਹਕ ਮੇਰੇ ਨਵੇਂ ਗ੍ਰਾਫਿਕ-ਡੀਜ਼ਾਈਨ ਪ੍ਰਾਜੈਕਟਾਂ ਨੂੰ ਦੇਖ ਸਕਦੇ ਹਨ।”—ਡੇਵਿਡ, 21.
ਕੀ ਤੁਹਾਨੂੰ ਸੋਸ਼ਲ ਨੈੱਟਵਰਕਿੰਗ ਅਕਾਊਂਟ ਖੋਲ੍ਹਣਾ ਚਾਹੀਦਾ ਹੈ? ਜੇ ਤੁਸੀਂ ਘਰ ਰਹਿੰਦੇ ਹੋ, ਤਾਂ ਇਹ ਫ਼ੈਸਲਾ ਤੁਹਾਡੇ ਮਾਤਾ-ਪਿਤਾ ਨੂੰ ਕਰਨ ਦੀ ਲੋੜ ਹੈ। * (ਕਹਾਉਤਾਂ 6:20) ਜੇ ਤੁਹਾਡੇ ਮਾਤਾ-ਪਿਤਾ ਨਹੀਂ ਚਾਹੁੰਦੇ ਕਿ ਤੁਸੀਂ ਅਕਾਊਂਟ ਖੋਲ੍ਹੋ, ਤਾਂ ਤੁਹਾਨੂੰ ਉਨ੍ਹਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ।—ਅਫ਼ਸੀਆਂ 6:1.
ਦੂਜੇ ਪਾਸੇ, ਕੁਝ ਮਾਤਾ-ਪਿਤਾ ਆਪਣੇ ਸਮਝਦਾਰ ਬੱਚਿਆਂ ਨੂੰ ਸੋਸ਼ਲ ਨੈੱਟਵਰਕਿੰਗ ਸਾਈਟ ਦੇ ਮੈਂਬਰ ਬਣਨ ਦੀ ਇਜਾਜ਼ਤ ਦੇ ਦਿੰਦੇ ਹਨ ਅਤੇ ਉਨ੍ਹਾਂ ’ਤੇ ਨਿਗਰਾਨੀ ਰੱਖਦੇ ਹਨ। ਜੇ ਤੁਹਾਡੇ ਮਾਤਾ-ਪਿਤਾ ਨੇ ਇਸ ਤਰ੍ਹਾਂ ਕੀਤਾ ਹੈ, ਤਾਂ ਕੀ ਉਹ ਤੁਹਾਡੇ ਨਿੱਜੀ ਮਾਮਲਿਆਂ ਵਿਚ ਦਖ਼ਲ ਦੇ ਰਹੇ ਹਨ? ਬਿਲਕੁਲ ਨਹੀਂ! ਭਾਵੇਂ ਸੋਸ਼ਲ ਨੈੱਟਵਰਕ ਸਾਈਟ ਬਹੁਤ ਫ਼ਾਇਦੇਮੰਦ ਹੋ ਸਕਦੀ ਹੈ, ਫਿਰ ਵੀ ਤੁਹਾਡੇ ਮਾਤਾ-ਪਿਤਾ ਦੀ ਇਹ ਚਿੰਤਾ ਜਾਇਜ਼ ਹੈ ਕਿ ਤੁਸੀਂ ਇਸ ਨੂੰ ਕਿਵੇਂ ਵਰਤੋਗੇ। ਅਸਲ ਵਿਚ ਸੋਸ਼ਲ ਨੈੱਟਵਰਕਿੰਗ ਸਾਈਟ, ਇੰਟਰਨੈੱਟ ਦੀਆਂ ਦੂਜੀਆਂ ਸਾਈਟਾਂ ਵਾਂਗ ਖ਼ਤਰਿਆਂ ਤੋਂ ਖਾਲੀ ਨਹੀਂ। ਜੇ ਤੁਹਾਡੇ ਮਾਤਾ-ਪਿਤਾ ਤੁਹਾਨੂੰ ਅਕਾਊਂਟ ਖੋਲ੍ਹਣ ਲਈ ਇਜਾਜ਼ਤ ਦੇ ਦੇਣ, ਤਾਂ ਤੁਸੀਂ ਇਨ੍ਹਾਂ ਖ਼ਤਰਿਆਂ ਤੋਂ ਕਿਵੇਂ ਬਚ ਸਕਦੇ ਹੋ?
ਸਾਵਧਾਨੀ ਨਾਲ “ਚਲਾਓ”
ਇੰਟਰਨੈੱਟ ਵਰਤਣ ਦੀ ਤੁਲਨਾ ਕਾਰ ਚਲਾਉਣ ਨਾਲ ਕੀਤੀ ਜਾ ਸਕਦੀ ਹੈ। ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਜਿਨ੍ਹਾਂ ਕੋਲ ਲਸੰਸ ਹੈ, ਉਨ੍ਹਾਂ ਵਿੱਚੋਂ ਸਾਰੇ ਖ਼ਿਆਲ ਨਾਲ ਗੱਡੀ ਨਹੀਂ ਚਲਾਉਂਦੇ। ਸੱਚ ਤਾਂ ਇਹ ਹੈ ਕਿ ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਗੱਡੀ ਚਲਾਉਣ ਕਰਕੇ ਭਿਆਨਕ ਹਾਦਸਿਆਂ ਦੇ ਸ਼ਿਕਾਰ ਹੋਏ ਹਨ।
ਇਹ ਗੱਲ ਇੰਟਰਨੈੱਟ ਵਰਤਣ ਵਾਲਿਆਂ ਬਾਰੇ ਵੀ ਸੱਚ ਹੈ। ਕੁਝ ਸਾਵਧਾਨੀ ਨਾਲ “ਚਲਾਉਂਦੇ” ਹਨ ਤੇ ਕੁਝ ਲਾਪਰਵਾਹੀ ਨਾਲ। ਜੇ ਤੁਹਾਡੇ ਮਾਤਾ-ਪਿਤਾ ਤੁਹਾਨੂੰ ਸੋਸ਼ਲ ਨੈੱਟਵਰਕਿੰਗ ਅਕਾਊਂਟ ਖੋਲ੍ਹਣ ਦੀ ਇਜਾਜ਼ਤ ਦਿੰਦੇ ਹਨ, ਤਾਂ ਉਹ ਤੁਹਾਡੇ ’ਤੇ ਭਰੋਸਾ ਕਰਦੇ ਹਨ ਕਿ ਤੁਸੀਂ ਇੰਟਰਨੈੱਟ ਦੇ ਇਸ ਖ਼ਤਰਨਾਕ ਹਿੱਸੇ ਨੂੰ ਚੰਗੀ ਤਰ੍ਹਾਂ ਵਰਤੋਗੇ। ਕੀ ਤੁਸੀਂ ਸਾਵਧਾਨੀ ਨਾਲ ਇੰਟਰਨੈੱਟ “ਚਲਾਉਂਦੇ” ਹੋ? ਕੀ ਤੁਸੀਂ ਸਾਬਤ ਕੀਤਾ ਹੈ ਕਿ ਤੁਸੀਂ ‘ਬੁੱਧ ਤੇ ਸੂਝ ਨੂੰ ਆਪਣੇ ਤੋਂ ਵੱਖ ਨਹੀਂ ਹੋਣ ਦਿੱਤਾ’?—ਕਹਾਉਤਾਂ 3:21, CL.
ਹੁਣ ਅਸੀਂ ਇਸ ਲੇਖ ਵਿਚ ਸੋਸ਼ਲ ਨੈੱਟਵਰਕਿੰਗ ਦੇ ਦੋ ਪਹਿਲੂਆਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਵੱਲ ਤੁਹਾਨੂੰ ਖ਼ਾਸ ਧਿਆਨ ਦੇਣ ਦੀ ਲੋੜ
ਹੈ—ਤੁਹਾਡੀ ਪ੍ਰਾਈਵੇਸੀ ਅਤੇ ਤੁਹਾਡਾ ਸਮਾਂ। ਅਗਲੇ “ਨੌਜਵਾਨ ਪੁੱਛਦੇ ਹਨ” ਲੇਖ ਵਿਚ ਅਸੀਂ ਤੁਹਾਡੀ ਨੇਕਨਾਮੀ ਅਤੇ ਤੁਹਾਡੀ ਦੋਸਤੀ ਜਾਂ ਫਰੈਂਡਸ਼ਿਪ ਬਾਰੇ ਗੱਲ ਕਰਾਂਗੇ।ਤੁਹਾਡੀ ਪ੍ਰਾਈਵੇਸੀ
ਜਦੋਂ ਸੋਸ਼ਲ ਨੈੱਟਵਰਕਿੰਗ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਸ਼ਾਇਦ ਆਪਣੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਬਾਰੇ ਨਾ ਸੋਚੋ। ਸੋਸ਼ਲ ਨੈੱਟਵਰਕਿੰਗ ਦਾ ਇਹੀ ਤਾਂ ਮਕਸਦ ਹੈ ਕਿ ਅਸੀਂ ਦੂਸਰਿਆਂ ਵੱਲ ਦੋਸਤੀ ਦਾ ਹੱਥ ਵਧਾਈਏ। ਪਰ ਫਿਰ ਵੀ ਜੇ ਤੁਸੀਂ ਸਾਵਧਾਨ ਨਾ ਰਹੋ, ਤਾਂ ਤੁਸੀਂ ਖ਼ਤਰੇ ਵਿਚ ਪੈ ਸਕਦੇ ਹੋ।
ਮਿਸਾਲ ਲਈ, ਫ਼ਰਜ਼ ਕਰੋ ਕਿ ਤੁਹਾਡੇ ਕੋਲ ਬਹੁਤ ਸਾਰੇ ਪੈਸੇ ਹਨ। ਕੀ ਤੁਸੀਂ ਆਪਣੇ ਦੋਸਤਾਂ ਨਾਲ ਸੜਕ ਤੇ ਜਾਂਦੇ ਹੋਏ, ਸਾਰਿਆਂ ਨੂੰ ਦਿਖਾਓਗੇ ਕਿ ਤੁਹਾਡੇ ਕੋਲ ਕਿੰਨਾ ਪੈਸਾ ਹੈ? ਇੱਦਾਂ ਕਰਨਾ ਮੂਰਖਪੁਣਾ ਹੋਵੇਗਾ। ਤੁਹਾਡੇ ਤੋਂ ਕੋਈ ਵੀ ਪੈਸਾ ਲੁੱਟ ਕੇ ਲਿਜਾ ਸਕਦਾ ਹੈ! ਅਕਲਮੰਦੀ ਦੀ ਗੱਲ ਇਹ ਹੋਵੇਗੀ ਕਿ ਤੁਸੀਂ ਆਪਣੇ ਪੈਸੇ ਲੁਕੋ ਕੇ ਰੱਖੋ।
ਆਪਣੀ ਨਿੱਜੀ ਜਾਣਕਾਰੀ ਨੂੰ ਆਪਣੇ ਪੈਸੇ ਵਾਂਗ ਸਮਝੋ। ਹੁਣ ਹੇਠਾਂ ਦਿੱਤੀ ਲਿਸਟ ਨੂੰ ਦੇਖੋ ਅਤੇ ਉਨ੍ਹਾਂ ਗੱਲਾਂ ’ਤੇ ਨਿਸ਼ਾਨ ਲਗਾਓ ਜੋ ਤੁਸੀਂ ਕਿਸੇ ਅਜਨਬੀ ਨੂੰ ਨਹੀਂ ਦੱਸਣੀਆਂ ਚਾਹੁੰਦੇ।
․․․․․ ਮੇਰੇ ਘਰ ਦਾ ਪਤਾ
․․․․․ ਮੇਰਾ ਈ-ਮੇਲ
․․․․․ ਮੈਂ ਕਿਹੜੇ ਸਕੂਲ ਜਾਂਦਾ
․․․․․ ਮੈਂ ਕਦੋਂ ਘਰ ਹੁੰਦਾ
․․․․․ ਜਦੋਂ ਕੋਈ ਘਰ ਨਹੀਂ ਹੁੰਦਾ
․․․․․ ਮੇਰੀਆਂ ਫੋਟੋਆਂ
․․․․․ ਮੇਰੇ ਵਿਚਾਰ
․․․․․ ਮੇਰੀ ਪਸੰਦ ਅਤੇ ਸ਼ੌਕ
ਭਾਵੇਂ ਕਿ ਤੁਸੀਂ ਦੁਨੀਆਂ ਦੇ ਸਭ ਤੋਂ ਮਿਲਣਸਾਰ ਇਨਸਾਨ ਹੋ, ਪਰ ਕੋਈ ਸ਼ੱਕ ਨਹੀਂ ਕਿ ਤੁਸੀਂ ਸਹਿਮਤ ਹੋਵੋਗੇ ਕਿ ਉੱਪਰ ਦਿੱਤੀਆਂ ਗੱਲਾਂ ਵਿੱਚੋਂ ਕੁਝ ਗੱਲਾਂ ਤੁਹਾਨੂੰ ਅਜਨਬੀਆਂ ਨੂੰ ਨਹੀਂ ਦੱਸਣੀਆਂ ਚਾਹੀਦੀਆਂ। ਪਰ ਬਹੁਤ ਸਾਰੇ ਨੌਜਵਾਨਾਂ ਅਤੇ ਸਿਆਣਿਆਂ ਨੇ ਵੀ ਅਣਜਾਣੇ ਵਿਚ ਅਜਨਬੀਆਂ ਨਾਲ ਇਹ ਗੱਲਾਂ ਸਾਂਝੀਆਂ ਕੀਤੀਆਂ ਹਨ! ਤੁਸੀਂ ਇਸ ਫੰਦੇ ਤੋਂ ਕਿਵੇਂ ਬਚ ਸਕਦੇ ਹੋ?
ਜੇ ਤੁਹਾਡੇ ਮਾਤਾ-ਪਿਤਾ ਤੁਹਾਨੂੰ ਅਕਾਊਂਟ ਖੋਲ੍ਹਣ ਦੀ ਇਜਾਜ਼ਤ ਦੇ ਦੇਣ, ਤਾਂ ਤੁਹਾਨੂੰ ਇਸ ਦੀਆਂ ਪ੍ਰਾਈਵੇਸੀ ਸੈਟਿੰਗਜ਼ ਨਾਲ ਪੂਰੀ ਤਰ੍ਹਾਂ ਵਾਕਫ਼ ਹੋਣ ਅਤੇ ਇਨ੍ਹਾਂ ਨੂੰ ਵਰਤਣ ਦੀ ਲੋੜ ਹੈ। ਨਿੱਜੀ ਜਾਣਕਾਰੀ ਦੀ ਰੱਖਿਆ ਕਰਨ ਦੀ ਗੱਲ ਨੈੱਟਵਰਕਿੰਗ ਸਾਈਟ ਉੱਤੇ ਨਾ ਛੱਡੋ। ਜੇ ਤੁਸੀਂ ਪ੍ਰਾਈਵੇਸੀ ਸੈਟਿੰਗਜ਼ ਨਹੀਂ ਕਰਦੇ, ਤਾਂ ਕੰਪਿਊਟਰ ਖ਼ੁਦ ਆਪਣੇ ਪ੍ਰੋਗ੍ਰਾਮ ਦੇ ਹਿਸਾਬ ਨਾਲ ਸੈਟਿੰਗਜ਼ ਕਰ ਦੇਵੇਗਾ ਜਿਸ ਨਾਲ ਸ਼ਾਇਦ ਜ਼ਿਆਦਾ ਲੋਕਾਂ ਨੂੰ ਤੁਹਾਡੇ ਪੇਜ ਨੂੰ ਦੇਖਣ ਅਤੇ ਉਸ ਉੱਤੇ ਆਪਣੇ ਵਿਚਾਰ ਪੋਸਟ ਕਰਨ ਦਾ ਮੌਕਾ ਮਿਲ ਜਾਵੇਗਾ। ਇਸ ਲਈ ਅਮਨ ਨਾਂ ਦੀ ਕੁੜੀ ਨੇ ਖ਼ੁਦ ਆਪਣੀਆਂ ਪ੍ਰਾਈਵੇਸੀ ਸੈਟਿੰਗਜ਼ ਕੀਤੀਆਂ ਤਾਂਕਿ ਸਿਰਫ਼ ਉਸ ਦੇ ਨਜ਼ਦੀਕੀ ਦੋਸਤ ਉਸ ਦੀਆਂ ਪੋਸਟ ਕੀਤੀਆਂ ਗੱਲਾਂ ਪੜ੍ਹ ਸਕਣ। ਉਹ ਕਹਿੰਦੀ ਹੈ: “ਮੇਰੇ ਕੁਝ ਦੋਸਤਾਂ ਦੇ ਦੋਸਤ ਹਨ ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ। ਮੈਂ ਨਹੀਂ ਚਾਹੁੰਦੀ ਕਿ ਉਹ ਅਜਨਬੀ ਮੇਰੇ ਵਿਚਾਰ ਪੜ੍ਹਨ।”
ਭਾਵੇਂ ਤੁਸੀਂ ਸਿਰਫ਼ ਆਪਣੇ ਨਜ਼ਦੀਕੀ ਦੋਸਤਾਂ ਨਾਲ ਗੱਲ ਕਰਦੇ ਹੋ, ਫਿਰ ਵੀ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ। 21 ਸਾਲ ਦੀ ਕਿਰਨ ਦੱਸਦੀ ਹੈ: “ਤੁਸੀਂ ਆਪਣੇ ਦੋਸਤਾਂ ਦੇ ਵਿਚਾਰਾਂ ਦੇ ਆਦੀ ਹੋ ਜਾਂਦੇ ਹੋ। ਇਸ ਲਈ ਤੁਸੀਂ ਹੱਦੋਂ ਵੱਧ ਆਪਣੇ ਬਾਰੇ ਜਾਣਕਾਰੀ ਪੋਸਟ ਕਰਨ ਲੱਗ ਪੈਂਦੇ ਹੋ।”
ਹਮੇਸ਼ਾ ਯਾਦ ਰੱਖੋ ਕਿ ਇੰਟਰਨੈੱਟ ਉੱਤੇ ਤੁਹਾਡੀ ਨਿੱਜੀ ਜਾਣਕਾਰੀ ‘ਪ੍ਰਾਈਵੇਟ’ ਨਹੀਂ ਰਹਿੰਦੀ। ਕਿਉਂ? ਗਵੇਨ ਸ਼ੋਰਗਨ ਓਕੀਫ ਨੇ ਸਾਈਬਰਸੇਫ ਨਾਂ ਦੀ ਆਪਣੀ ਕਿਤਾਬ ਵਿਚ ਕਿਹਾ: “ਵੱਡੀਆਂ ਵੈੱਬ-ਸਾਈਟਾਂ ਕੰਪਿਊਟਰ ਵਿਚ ਪਾਈ ਜਾਂਦੀ ਜਾਣਕਾਰੀ ਦੀ ਕਾਪੀ ਕਰ ਲੈਂਦੀਆਂ ਹਨ। ਜੋ ਅਸੀਂ ਇੰਟਰਨੈੱਟ ’ਤੇ ਪਾਉਂਦੇ ਹਾਂ, ਉਸ ਗੱਲ ਦੀ ਕਿਤੇ ਨਾ ਕਿਤੇ ਕਾਪੀ ਕੀਤੀ ਗਈ ਹੁੰਦੀ ਹੈ। ਜੇ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ, ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋਵਾਂਗੇ।”
ਤੁਹਾਡਾ ਸਮਾਂ
ਨਾ ਸਿਰਫ਼ ਤੁਹਾਡੀ ਪ੍ਰਾਈਵੇਸੀ, ਸਗੋਂ ਤੁਹਾਡੇ ਸਮੇਂ ਦੀ ਤੁਲਨਾ ਵੀ ਪੈਸੇ ਨਾਲ ਕੀਤੀ ਜਾ ਸਕਦੀ ਹੈ। ਕਹਿਣ ਦਾ ਭਾਵ ਹੈ ਕਿ ਤੁਹਾਨੂੰ ਆਪਣੇ ਸਮੇਂ ਨੂੰ ਖ਼ਿਆਲ ਨਾਲ ਵਰਤਣ ਦੀ ਲੋੜ ਹੈ। (ਉਪਦੇਸ਼ਕ ਦੀ ਪੋਥੀ 3:1) ਸੋਸ਼ਲ ਨੈੱਟਵਰਕਿੰਗ ਦੇ ਨਾਲ-ਨਾਲ ਇੰਟਰਨੈੱਟ ਦੀ ਕਿਸੇ ਵੀ ਸਾਈਟ ਦੇਖਣ ਵੇਲੇ ਇਹ ਸਭ ਤੋਂ ਵੱਡੀ ਚੁਣੌਤੀ ਸਾਬਤ ਹੁੰਦੀ ਹੈ। *
“ਮੈਂ ਕਈ ਵਾਰ ਕਹਿੰਦੀ ਹਾਂ ਕਿ ‘ਮੈਂ ਸਿਰਫ਼ ਇਕ ਮਿੰਟ ਵਾਸਤੇ ਇੰਟਰਨੈੱਟ ਵਰਤਾਂਗੀ।’ ਪਰ ਇਕ ਘੰਟੇ ਬਾਅਦ ਵੀ ਮੈਂ ਆਨ-ਲਾਈਨ ਹੁੰਦੀ ਹਾਂ।”—ਅੰਜੂ, 18.
“ਮੈਂ ਇੰਟਰਨੈੱਟ ਦੀ ਆਦੀ ਹੋ ਚੁੱਕੀ ਸੀ। ਜਦੋਂ ਵੀ ਮੈਂ ਸਕੂਲੋਂ ਘਰ ਆਉਂਦੀ ਸੀ, ਤਾਂ ਮੈਂ ਘੰਟਿਆਂ-ਬੱਧੀ ਚੈੱਕ ਕਰਦੀ ਰਹਿੰਦੀ ਸੀ ਕਿ ਲੋਕਾਂ ਨੇ ਮੇਰੀਆਂ ਪੋਸਟ ਕੀਤੀਆਂ ਗੱਲਾਂ ਬਾਰੇ ਕੀ ਕਿਹਾ ਹੈ ਅਤੇ ਮੈਂ ਉਨ੍ਹਾਂ ਦੇ ਪੋਸਟ ਕੀਤੇ ਵਿਚਾਰ ਪੜ੍ਹਦੀ ਸੀ।”—ਸੀਮਾ, 16.
“ਮੈਂ ਆਪਣੇ ਮੋਬਾਇਲ ਤੋਂ ਇੰਟਰਨੈੱਟ ਦੇਖ ਸਕਦੀ ਸੀ, ਇਸ ਲਈ ਮੈਂ ਇਸ ਨੂੰ ਸਕੂਲ ਜਾਂਦਿਆਂ, ਸਕੂਲ ਹੁੰਦਿਆਂ ਅਤੇ ਘਰ ਆਉਂਦਿਆਂ ਦੇਖਦੀ ਸੀ। ਫਿਰ ਘਰ ਆ ਕੇ ਮੈਂ ਕੰਪਿਊਟਰ ਦੇ ਮੁਹਰੇ ਬੈਠ ਜਾਂਦੀ ਸੀ। ਮੈਨੂੰ ਪਤਾ ਸੀ ਕਿ ਮੈਨੂੰ ਇਸ ਦੀ ਆਦਤ ਪੈ ਗਈ ਸੀ, ਪਰ ਮੈਂ ਹਟਣਾ ਨਹੀਂ ਸੀ ਚਾਹੁੰਦੀ!”—ਰਿਐਨ, 17.
ਜੇ ਤੁਹਾਡੇ ਮਾਤਾ-ਪਿਤਾ ਤੁਹਾਨੂੰ ਸੋਸ਼ਲ ਨੈੱਟਵਰਕ ਸਾਈਟ ਵਰਤਣ ਦੀ ਇਜਾਜ਼ਤ ਦਿੰਦੇ ਹਨ, ਤਾਂ ਸੋਚੋ ਹਰ ਰੋਜ਼ ਇਸ ’ਤੇ ਕਿੰਨਾ ਸਮਾਂ ਲਾਉਣਾ ਠੀਕ ਹੋਵੇਗਾ। ਇਕ ਮਹੀਨੇ ਵਾਸਤੇ ਦੇਖੋ ਕਿ ਤੁਸੀਂ ਕਿੰਨਾ ਸਮਾਂ ਕਿਸੇ ਸੋਸ਼ਲ ਨੈੱਟਵਰਕਿੰਗ ਸਾਈਟ ’ਤੇ ਲਾਉਂਦੇ ਹੋ ਅਤੇ ਦੇਖੋ ਕਿ ਤੁਸੀਂ ਆਪਣੇ ਤੈਅ ਕੀਤੇ ਗਏ ਸਮੇਂ ਤੋਂ ਜ਼ਿਆਦਾ ਸਮਾਂ ਤਾਂ ਨਹੀਂ ਲਾ ਰਹੇ। ਯਾਦ ਰੱਖੋ ਕਿ ਤੁਹਾਡਾ ਸਮਾਂ ਤੁਹਾਡੇ ਪੈਸੇ ਵਾਂਗ ਕੀਮਤੀ ਹੈ। ਇਸ ਲਈ ਸੋਸ਼ਲ ਨੈੱਟਵਰਕ ਉੱਤੇ ਆਪਣਾ ਸਾਰਾ ਸਮਾਂ ਬਰਬਾਦ ਨਾ ਕਰੋ ਕਿਉਂਕਿ ਜ਼ਿੰਦਗੀ ਵਿਚ ਸੋਸ਼ਲ ਨੈੱਟਵਰਕਿੰਗ ਤੋਂ ਇਲਾਵਾ ਹੋਰ ਵੀ ਬਹੁਤ ਜ਼ਰੂਰੀ ਗੱਲਾਂ ਹਨ!—ਅਫ਼ਸੀਆਂ 5:15, 16; ਫ਼ਿਲਿੱਪੀਆਂ 1:10.
ਕੁਝ ਨੌਜਵਾਨਾਂ ਨੇ ਅਜਿਹੇ ਕਦਮ ਚੁੱਕੇ ਹਨ ਤਾਂਕਿ ਉਹ ਆਪਣਾ ਸਾਰਾ ਸਮਾਂ ਬਰਬਾਦ ਨਾ ਕਰਨ। ਮਿਸਾਲ ਲਈ, ਇਨ੍ਹਾਂ ਗੱਲਾਂ ਵੱਲ ਧਿਆਨ ਦਿਓ:
“ਮੈਂ ਆਪਣਾ ਅਕਾਊਂਟ ਬੰਦ ਕਰ ਕੇ ਦੇਖਿਆ ਕਿ ਮੇਰਾ ਕਿੰਨਾ ਸਮਾਂ ਬਚ ਜਾਂਦਾ ਸੀ। ਮੈਂ ਹੁਣ ਇੰਟਰਨੈੱਟ ਦੀ ਗ਼ੁਲਾਮ ਨਹੀਂ ਰਹੀ! ਕੁਝ ਹੀ ਸਮਾਂ ਪਹਿਲਾਂ ਮੈਂ ਦੁਬਾਰਾ ਆਪਣਾ ਅਕਾਊਂਟ ਖੋਲ੍ਹ ਲਿਆ, ਪਰ ਹੁਣ ਮੈਂ ਆਪਣੇ ’ਤੇ ਪੂਰਾ ਕੰਟ੍ਰੋਲ ਰੱਖਦੀ ਹਾਂ। ਕਈ-ਕਈ ਦਿਨ ਮੈਂ ਇੰਟਰਨੈੱਟ ’ਤੇ ਆਪਣੇ ਪੇਜ ਨੂੰ ਚੈੱਕ ਨਹੀਂ ਕਰਦੀ। ਕਈ ਵਾਰ ਤਾਂ ਮੈਂ ਚੈੱਕ ਕਰਨਾ ਬਿਲਕੁਲ ਹੀ ਭੁੱਲ ਜਾਂਦੀ ਹਾਂ। ਜੇ ਮੈਨੂੰ ਸੋਸ਼ਲ ਨੈੱਟਵਰਕਿੰਗ ਦੀ ਦੁਬਾਰਾ ਆਦਤ ਪੈ ਗਈ, ਤਾਂ ਮੈਂ ਆਪਣੇ ਅਕਾਊਂਟ ਨੂੰ ਬੰਦ ਕਰ ਦੇਵਾਂਗੀ।”—ਅਮਨ, 19.
“ਮੈਂ ਅਕਸਰ ‘ਨੈੱਟਵਰਕ ਤੋਂ ਛੁੱਟੀ’ ਲੈਂਦੀ ਰਹਿੰਦੀ ਹਾਂ ਯਾਨੀ ਮੈਂ ਕੁਝ ਮਹੀਨਿਆਂ ਲਈ ਆਪਣਾ ਅਕਾਊਂਟ ਬੰਦ ਕਰ ਦਿੰਦੀ ਹਾਂ, ਬਾਅਦ ਵਿਚ ਫਿਰ ਉਸ ਨੂੰ ਖੋਲ੍ਹ ਲੈਂਦੀ ਹਾਂ। ਮੈਂ ਇਸ ਤਰ੍ਹਾਂ ਉਦੋਂ ਕਰਦੀ ਹਾਂ ਜਦੋਂ ਮੈਨੂੰ ਲੱਗੇ ਕਿ ਮੈਂ ਹੱਦੋਂ ਵੱਧ ਇੰਟਰਨੈੱਟ ’ਤੇ ਸਮਾਂ ਲਾਉਂਦੀ ਹਾਂ। ਹੁਣ ਮੈਂ ਇਸ ਨੂੰ ਵਰਤਣਾ ਪਹਿਲਾਂ ਜਿੰਨਾ ਜ਼ਰੂਰੀ ਨਹੀਂ ਸਮਝਦੀ। ਇਸ ’ਤੇ ਮੈਨੂੰ ਜੋ ਕੰਮ ਹੁੰਦਾ ਹੈ, ਉਸ ਨੂੰ ਪੂਰਾ ਕਰ ਕੇ ਮੈਂ ਇਸ ਨੂੰ ਬੰਦ ਕਰ ਦਿੰਦੀ ਹਾਂ।”—ਜੋਤੀ, 22.
ਮੁੱਖ ਗੱਲ
ਸੋਸ਼ਲ ਨੈੱਟਵਰਕਿੰਗ ਬਾਰੇ ਇਕ ਹੋਰ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਗੱਲ ਨੂੰ ਸਮਝਣ ਲਈ ਹੇਠਾਂ ਦੱਸੀਆਂ ਗੱਲਾਂ ਵਿੱਚੋਂ ਤੁਹਾਨੂੰ ਜਿਹੜੀ ਗੱਲ ਠੀਕ ਲੱਗਦੀ ਹੈ, ਉਸ ਉੱਤੇ ✔ ਲਗਾਓ।
ਸੋਸ਼ਲ ਨੈੱਟਵਰਕਿੰਗ ਸਾਈਟ ਮੁੱਖ ਤੌਰ ਤੇ . . .
(ੳ) ․․․․․ ਇਕ ਬਿਜ਼ਨਿਸ ਹੈ।
(ਅ) ․․․․․ ਇਕ ਸੋਸ਼ਲ ਕਲੱਬ ਹੈ।
(ੲ) ․․․․․ ਇਕ ਕਿਸਮ ਦਾ ਮਨੋਰੰਜਨ ਹੈ।
ਮੰਨੋ ਜਾਂ ਨਾ ਮੰਨੋ, ਸਹੀ ਜਵਾਬ ਬਿਜ਼ਨਿਸ ਹੈ। ਸੋਸ਼ਲ ਨੈੱਟਵਰਕਿੰਗ ਦਾ ਮਕਸਦ ਮੁਨਾਫ਼ਾ ਕਮਾਉਣਾ ਹੈ, ਖ਼ਾਸ ਕਰਕੇ ਇਸ਼ਤਿਹਾਰਾਂ ਦੁਆਰਾ। ਇਸ਼ਤਿਹਾਰ ਦੇਣ ਵਾਲਿਆਂ ਲਈ ਨੈੱਟਵਰਕ ਦੀ ਉਦੋਂ ਕੀਮਤ ਵਧਦੀ ਹੈ ਜਦੋਂ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਦੇ ਮੈਂਬਰ ਬਣਦੇ ਹਨ ਅਤੇ ਉਹ ਅੱਗੇ ਆਪਣੇ ਪੋਸਟ ਹੋਰਾਂ ਨਾਲ ਸਾਂਝੇ ਕਰਦੇ ਹਨ। ਜਿੰਨਾ ਜ਼ਿਆਦਾ ਸਮਾਂ ਤੁਸੀਂ ਜਾਂ ਕੋਈ ਹੋਰ ਨੈੱਟਵਰਕਿੰਗ ’ਤੇ ਲਾਉਂਦਾ ਹੈ, ਉੱਨੇ ਹੀ ਜ਼ਿਆਦਾ ਇਸ਼ਤਿਹਾਰ ਦੇਖੇ ਜਾਣਗੇ।
ਜੇ ਤੁਸੀਂ ਇੰਟਰਨੈੱਟ ’ਤੇ ਜ਼ਿਆਦਾ ਲੋਕਾਂ ਨਾਲ ਨਿੱਜੀ ਜਾਣਕਾਰੀ ਸਾਂਝੀ ਕਰਦੇ ਹੋ ਜਾਂ ਆਪਣਾ ਜ਼ਿਆਦਾ ਸਮਾਂ ਬਰਬਾਦ ਕਰਦੇ ਹੋ, ਤਾਂ ਸੋਸ਼ਲ ਨੈੱਟਵਰਕ ਦਾ ਕੁਝ ਵੀ ਨਹੀਂ ਵਿਗੜੇਗਾ। ਇਸ਼ਤਿਹਾਰ ਦੇਣ ਵਾਲਿਆਂ ਨੂੰ ਤਾਂ ਇਸ ਦਾ ਫ਼ਾਇਦਾ ਹੀ ਫ਼ਾਇਦਾ ਹੈ। ਤਾਂ ਫਿਰ, ਜੇ ਤੁਸੀਂ ਸੋਸ਼ਲ ਨੈੱਟਵਰਕਿੰਗ ਦੇ ਮੈਂਬਰ ਹੋ, ਤਾਂ ਆਪਣੀ ਨਿੱਜੀ ਜਾਣਕਾਰੀ ਦੀ ਰੱਖਿਆ ਕਰੋ ਅਤੇ ਧਿਆਨ ਰੱਖੋ ਕਿ ਤੁਸੀਂ ਇਸ ’ਤੇ ਕਿੰਨਾ ਕੁ ਸਮਾਂ ਲਾਉਂਦੇ ਹੋ। (g11-E 07)
ਅਗਲੇ “ਨੌਜਵਾਨ ਪੁੱਛਦੇ ਹਨ” . . . ਲੇਖ ਵਿਚ
ਸੋਸ਼ਲ ਨੈੱਟਵਰਕ ਤੁਹਾਡੀ ਨੇਕਨਾਮੀ ਅਤੇ ਤੁਹਾਡੀ ਦੋਸਤੀ ’ਤੇ ਅਸਰ ਪਾ ਸਕਦਾ ਹੈ। ਪੜ੍ਹ ਕੇ ਦੇਖੋ ਕਿਵੇਂ।
“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype
[ਫੁਟਨੋਟ]
^ ਪੈਰਾ 3 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।
^ ਪੈਰਾ 5 ਸੋਸ਼ਲ ਨੈੱਟਵਰਕ ਅਜਿਹੀ ਵੈੱਬ-ਸਾਈਟ ਹੈ ਜਿੱਥੇ ਹਰ ਮੈਂਬਰ ਆਪਣਾ-ਆਪਣਾ ਅਕਾਊਂਟ ਖੋਲ੍ਹ ਕੇ ਆਪਣੇ ਦੋਸਤਾਂ ਨਾਲ ਗੱਲਬਾਤ ਕਰ ਸਕਦਾ ਹੈ।
^ ਪੈਰਾ 24 ਜਾਗਰੂਕ ਬਣੋ! ਰਸਾਲਾ ਸੁਝਾਅ ਨਹੀਂ ਦਿੰਦਾ ਕਿ ਤੁਹਾਨੂੰ ਕਿਹੜੀ ਨੈੱਟਵਰਕ ਸਾਈਟ ਵਰਤਣੀ ਜਾਂ ਨਹੀਂ ਵਰਤਣੀ ਚਾਹੀਦੀ। ਮਸੀਹੀਆਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਇੰਟਰਨੈੱਟ ਵਰਤਦਿਆਂ ਉਹ ਬਾਈਬਲ ਦੇ ਕਿਸੇ ਵੀ ਸਿਧਾਂਤ ਦੇ ਖ਼ਿਲਾਫ਼ ਨਾ ਜਾਣ।—1 ਤਿਮੋਥਿਉਸ 1:5, 19.
^ ਪੈਰਾ 47 ਹੋਰ ਜਾਣਕਾਰੀ ਲਈ ਅਪ੍ਰੈਲ-ਜੂਨ 2011 ਦੇ ਜਾਗਰੂਕ ਬਣੋ! ਵਿਚ “ਨੌਜਵਾਨ ਪੁੱਛਦੇ ਹਨ . . . ਕੀ ਮੈਂ ਤਕਨਾਲੋਜੀ ਦੇ ਜਾਲ ਵਿਚ ਫੱਸਿਆ ਹੋਇਆ ਹਾਂ?” ਨਾਂ ਦਾ ਲੇਖ ਦੇਖੋ। ਸਫ਼ਾ 18 ’ਤੇ “ਮੈਂ ਆਨ-ਲਾਈਨ ਸੋਸ਼ਲ ਨੈੱਟਵਰਕ ਦੀ ਸ਼ਿਕਾਰ ਬਣੀ” ਨਾਂ ਦੀ ਡੱਬੀ ਵੱਲ ਖ਼ਾਸ ਧਿਆਨ ਦਿਓ।
[ਸਫ਼ਾ 15 ਉੱਤੇ ਸੁਰਖੀ]
5 ਕਰੋੜ ਲੋਕਾਂ ਤਕ ਪਹੁੰਚਣ ਲਈ ਰੇਡੀਓ ਨੂੰ 38 ਸਾਲ ਲੱਗੇ
[ਸਫ਼ਾ 15 ਉੱਤੇ ਸੁਰਖੀ]
ਹਾਲ ਹੀ ਵਿਚ ਸਿਰਫ਼ ਇਕ ਸਾਲ ਦੌਰਾਨ ਫੇਸਬੁੱਕ ਨਾਂ ਦੀ ਸੋਸ਼ਲ ਨੈੱਟਵਰਕਿੰਗ ਸਾਈਟ ਦੇ 20 ਕਰੋੜ ਮੈਂਬਰ ਬਣ ਗਏ
[ਸਫ਼ਾ 17 ਉੱਤੇ ਡੱਬੀ]
ਆਪਣੇ ਮਾਤਾ-ਪਿਤਾ ਨੂੰ ਪੁੱਛੋ
ਆਨ-ਲਾਈਨ ਪ੍ਰਾਈਵੇਸੀ ਬਾਰੇ ਆਪਣੇ ਮਾਤਾ-ਪਿਤਾ ਨਾਲ ਗੱਲ ਕਰੋ। ਕਿਹੜੀਆਂ ਗੱਲਾਂ ਅਜਨਬੀਆਂ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਅਤੇ ਕਿਉਂ? ਇੰਟਰਨੈੱਟ ਦੇ ਕਿਸੇ ਵੀ ਹਿੱਸੇ ’ਤੇ ਕਿਹੜੀ ਜਾਣਕਾਰੀ ਪੋਸਟ ਕਰਨ ਨਾਲ ਖ਼ਤਰਾ ਹੋ ਸਕਦਾ ਹੈ? ਆਪਣੇ ਮਾਤਾ-ਪਿਤਾ ਨੂੰ ਇਹ ਵੀ ਪੁੱਛੋ ਕਿ ਦੂਸਰਿਆਂ ਨਾਲ ਇੰਟਰਨੈੱਟ ’ਤੇ ਅਤੇ ਆਹਮੋ-ਸਾਮ੍ਹਣੇ ਬੈਠ ਕੇ ਗੱਲਾਂ ਕਰਨ ਵਿਚ ਤੁਹਾਨੂੰ ਕਿੰਨਾ ਕੁ ਸਮਾਂ ਲਾਉਣਾ ਚਾਹੀਦਾ ਹੈ। ਉਹ ਕਿਹੜੀਆਂ ਤਬਦੀਲੀਆਂ ਕਰਨ ਦਾ ਸੁਝਾਅ ਦਿੰਦੇ ਹਨ?
[ਸਫ਼ਾ 16 ਉੱਤੇ ਤਸਵੀਰ]
ਇੰਟਰਨੈੱਟ ’ਤੇ ਤੁਹਾਡੀਆਂ ਨਿੱਜੀ ਗੱਲਾਂ ‘ਪ੍ਰਾਈਵੇਟ’ ਨਹੀਂ ਰਹਿੰਦੀਆਂ
[ਸਫ਼ਾ 17 ਉੱਤੇ ਤਸਵੀਰ]
ਸਮਾਂ ਪੈਸੇ ਦੀ ਤਰ੍ਹਾਂ ਹੈ। ਜੇ ਤੁਸੀਂ ਇੱਕੋ ਵਾਰ ਇਸ ਨੂੰ ਖ਼ਰਚ ਲਓ, ਤਾਂ ਲੋੜ ਪੈਣ ਤੇ ਤੁਹਾਡੇ ਕੋਲ ਕੁਝ ਨਹੀਂ ਬਚੇਗਾ