ਇੰਟਰਨੈੱਟ ਫਰਾਡ—ਕੀ ਤੁਹਾਨੂੰ ਖ਼ਤਰਾ ਹੈ?
ਇੰਟਰਨੈੱਟ ਫਰਾਡ—ਕੀ ਤੁਹਾਨੂੰ ਖ਼ਤਰਾ ਹੈ?
ਵਿਲੀਅਮ ਇਕ ਰੀਟਾਇਰ ਹੋ ਚੁੱਕਾ ਟੀਚਰ ਹੈ ਜੋ ਫ਼ਲੋਰਿਡਾ, ਅਮਰੀਕਾ ਵਿਚ ਰਹਿੰਦਾ ਹੈ। ਉਸ ਨੂੰ ਇਕ ਈ-ਮੇਲ ਮਿਲਿਆ ਜੋ ਉਸ ਦੇ ਭਾਣੇ ਇੰਟਰਨੈੱਟ ਸੇਵਾ ਮੁਹੱਈਆ ਕਰਾਉਣ ਵਾਲੀ ਕੰਪਨੀ ਤੋਂ ਆਇਆ ਸੀ। ਈ-ਮੇਲ ਵਿਚ ਲਿਖਿਆ ਗਿਆ ਸੀ ਕਿ ਉਸ ਦੀ ਨਿੱਜੀ ਜਾਣਕਾਰੀ ਗੁਆਚ ਗਈ ਸੀ। ਵਿਲਿਅਮ ਨੇ ਨਾਲ ਦਿੱਤਾ ਫਾਰਮ ਭਰ ਕੇ ਵਾਪਸ ਭੇਜ ਦਿੱਤਾ। ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੀ ਨਿੱਜੀ ਜਾਣਕਾਰੀ ਕਿਸੇ ਸ਼ਿਵਾ ਨਾਂ ਦੇ ਅਪਰਾਧੀ ਦੇ ਹੱਥ ਲੱਗ ਗਈ ਸੀ ਜੋ ਨਿਊਯਾਰਕ ਦੇ ਕੁਈਨਜ਼ ਇਲਾਕੇ ਵਿਚ ਰਹਿੰਦਾ ਸੀ। ਅਗਲੇ ਦਿਨ ਸ਼ਿਵਾ ਨੇ ਵਿਲੀਅਮ ਦਾ ਕ੍ਰੈਡਿਟ ਕਾਰਡ ਨੰਬਰ ਵਰਤ ਕੇ ਇੰਟਰਨੈੱਟ ਰਾਹੀਂ ਫੋਟੋ ਆਈ. ਡੀ. ਪ੍ਰਿੰਟਰ ਖ਼ਰੀਦ ਲਿਆ। ਜੋ ਈ-ਮੇਲ ਵਿਲਿਅਮ ਨੂੰ ਮਿਲਿਆ, ਉਹ ਈ-ਮੇਲ ਸ਼ਿਵਾ ਨੇ 1,00,000 ਲੋਕਾਂ ਨੂੰ ਭੇਜਿਆ ਸੀ। ਜਾਂਚ-ਪੜਤਾਲ ਕਰਨ ਵਾਲੇ ਕਹਿੰਦੇ ਹਨ ਕਿ ਇਨ੍ਹਾਂ ਵਿੱਚੋਂ ਤਕਰੀਬਨ 100 ਲੋਕਾਂ ਨੇ ਧੋਖੇ ਵਿਚ ਆ ਕੇ ਇਸ ਈ-ਮੇਲ ਦਾ ਜਵਾਬ ਭੇਜਿਆ।
ਕੁਈਨਜ਼ਲੈਂਡ, ਆਸਟ੍ਰੇਲੀਆ ਤੋਂ ਇਕ 56 ਸਾਲਾਂ ਦੀ ਔਰਤ ਨੇ ਇੰਟਰਨੈੱਟ ’ਤੇ ਇਕ ਆਦਮੀ ਨਾਲ ਰੋਮਾਂਸ ਸ਼ੁਰੂ ਕਰ ਲਿਆ। ਉਸ ਦੇ ਭਾਣੇ ਇਹ ਆਦਮੀ ਬ੍ਰਿਟੇਨ ਦਾ ਇੰਜੀਨੀਅਰ ਸੀ। ਉਸ ਨੇ ਇਸ ਬੰਦੇ ਨੂੰ 47,000 ਡਾਲਰ ਭੇਜ ਦਿੱਤੇ ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਅਸਲ ਵਿਚ ਇਹ ਆਦਮੀ 27 ਸਾਲਾਂ ਦਾ ਨਾਈਜੀਰੀਆ ਵਿਚ ਰਹਿੰਦਾ ਇਕ ਠੱਗ ਸੀ।
ਅਫ਼ਸੋਸ ਦੀ ਗੱਲ ਹੈ ਕਿ ਇੰਟਰਨੈੱਟ ਫਰਾਡ ਆਮ ਹੀ ਹੋ ਰਿਹਾ ਹੈ। ਇੰਟਰਨੈੱਟ ਬਾਰੇ 2010 ਦੀ ਇਕ ਸਾਲਾਨਾ ਰਿਪੋਰਟ ਵਿਚ ਕਿਹਾ ਗਿਆ ਸੀ: “ਇੰਟਰਨੈੱਟ ਵਰਤਣ ਵਾਲਿਆਂ ਲਈ ਖ਼ਤਰੇ ਇੰਨੇ ਵਧਦੇ ਜਾ ਰਹੇ ਹਨ ਕਿ ਲੋਕਾਂ ਨੂੰ ਅਰਬਾਂ ਹੀ ਡਾਲਰਾਂ ਦਾ ਨੁਕਸਾਨ ਹੋ ਰਿਹਾ ਹੈ। ਪਿਛਲੇ ਸਾਲ ਅਮਰੀਕਾ ਵਿਚ ਵਾਇਰਸ ਹਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਨ੍ਹਾਂ ਤੋਂ 40 ਪ੍ਰਤਿਸ਼ਤ ਪਰਿਵਾਰ ਪ੍ਰਭਾਵਿਤ ਹੋਏ ਹਨ। ਕਈ ਪਰਿਵਾਰਾਂ ਦੇ ਕੰਪਿਊਟਰਾਂ ਉੱਤੇ ਵਾਰ-ਵਾਰ ਵਾਇਰਸ ਹਮਲੇ ਹੋਏ ਹਨ।” ਇਹ ਦੇਖਣ ਤੋਂ ਪਹਿਲਾਂ ਕਿ ਤੁਸੀਂ ਇਨ੍ਹਾਂ ਹਮਲਿਆਂ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹੋ, ਆਓ ਪਹਿਲਾਂ ਆਪਾਂ ਦੇਖੀਏ ਕਿ ਅਪਰਾਧੀ ਕਿਹੜੇ ਵੱਖੋ-ਵੱਖਰੇ ਤਰੀਕੇ ਵਰਤ ਕੇ ਲੋਕਾਂ ਨੂੰ ਠੱਗਦੇ ਹਨ।
ਅਪਰਾਧੀ ਫਰਾਡ ਕਿਵੇਂ ਕਰਦੇ ਹਨ?
ਕਈ ਠੱਗ ਈ-ਮੇਲ ਦੇ ਜ਼ਰੀਏ ਲੋਕਾਂ ਨਾਲ ਸੰਪਰਕ ਕਰਦੇ ਹਨ। ਜਿਸ ਤਰ੍ਹਾਂ ਦਾ ਈ-ਮੇਲ ਵਿਲਿਅਮ ਨੂੰ ਮਿਲਿਆ ਸੀ, ਉਸ ਨੂੰ ਫੀਸ਼ਿੰਗ ਈ-ਮੇਲ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਮੱਛੀਆਂ ਨੂੰ ਫੜਨ ਲਈ ਉਨ੍ਹਾਂ ਨੂੰ ਕਿਸੇ ਚੀਜ਼ ਦਾ ਲਾਲਚ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਠੱਗ ਲੋਕਾਂ ਨੂੰ ਈ-ਮੇਲ ਦੇ ਜ਼ਰੀਏ ਕੋਈ ਨਾ ਕੋਈ
ਲਾਲਚ ਦੇ ਕੇ ਉਨ੍ਹਾਂ ਦਾ ਪਾਸਵਰਡ, ਕ੍ਰੈਡਿਟ ਕਾਰਡ ਨੰਬਰ ਜਾਂ ਬੈਂਕ ਅਕਾਊਂਟ ਦੀ ਜਾਣਕਾਰੀ ਲੈ ਲੈਂਦੇ ਹਨ। ਲੋਕ ਜਿਸ ਵੈੱਬ-ਸਾਈਟ ਉੱਤੇ ਇਹ ਜਾਣਕਾਰੀ ਦੇ ਰਹੇ ਹੁੰਦੇ ਹਨ, ਉਹ ਦੇਖਣ ਨੂੰ ਅਸਲੀ ਲੱਗਦੀ ਹੈ, ਪਰ ਇਹ ਹੁੰਦੀ ਨਕਲੀ ਹੈ। ਹੋ ਸਕਦਾ ਹੈ ਕਿ ਠੱਗ ਤੁਹਾਡਾ ਈ-ਮੇਲ ਪਤਾ ਲੈਣ ਲਈ ਈ-ਮੇਲ ਐਕਸਟ੍ਰੈਕਟਰ ਨਾਂ ਦਾ ਕੰਪਿਊਟਰ ਪ੍ਰੋਗ੍ਰਾਮ ਇਸਤੇਮਾਲ ਕਰਨ।ਕੁਝ ਅਜਿਹੇ ਫੀਸ਼ਿੰਗ ਈ-ਮੇਲ ਤੁਹਾਡੇ ਵੱਲੋਂ ਕੋਈ ਜਾਣਕਾਰੀ ਦੇਣ ਤੋਂ ਬਿਨਾਂ ਹੀ ਆਪਣਾ ਮਕਸਦ ਪੂਰਾ ਕਰ ਸਕਦੇ ਹਨ। ਤੁਹਾਡੇ ਵੱਲੋਂ ਆਪਣਾ ਈ-ਮੇਲ ਖੋਲ੍ਹਣ ਨਾਲ ਹੀ ਜਾਸੂਸੀ ਪ੍ਰੋਗ੍ਰਾਮ ਚਾਲੂ ਹੋ ਸਕਦਾ ਹੈ। ਅਜਿਹੇ ਪ੍ਰੋਗ੍ਰਾਮ ਉਹ ਸਾਰਾ ਕੁਝ ਰਿਕਾਰਡ ਕਰ ਸਕਦੇ ਹਨ ਜੋ ਕੁਝ ਤੁਸੀਂ ਕੰਪਿਊਟਰ ’ਤੇ ਕਰਦੇ ਹੋ। ਮਿਸਾਲ ਲਈ, ਕੁਝ ਪ੍ਰੋਗ੍ਰਾਮ ਤੁਹਾਡੇ ਵੱਲੋਂ ਦਬਾਈ ਹਰ ਕੀਅ ਨੂੰ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ ਉਹ ਤੁਹਾਡਾ ਪਾਸਵਰਡ ਅਤੇ ਨਿੱਜੀ ਜਾਣਕਾਰੀ ਚੁਰਾ ਲੈਂਦੇ ਹਨ। ਕੁਝ ਹੋਰ ਪ੍ਰੋਗ੍ਰਾਮ ਤੁਹਾਨੂੰ ਦੂਸਰੀਆਂ ਸਾਈਟਾਂ ’ਤੇ ਲੈ ਜਾਂਦੇ ਹਨ ਜਿੱਥੇ ਤੁਹਾਡੇ ਨਾਲ ਫਰਾਡ ਹੋ ਸਕਦਾ ਹੈ। ਕੀ ਤੁਸੀਂ ਆਪਣਾ ਬਚਾਅ ਕਰਨ ਲਈ ਕੁਝ ਕਰ ਸਕਦੇ ਹੋ?
ਤੁਸੀਂ ਕੀ ਕਰ ਸਕਦੇ ਹੋ?
ਉਨ੍ਹਾਂ ਈ-ਮੇਲਾਂ ਤੋਂ ਖ਼ਬਰਦਾਰ ਰਹੋ ਜਿਨ੍ਹਾਂ ਵਿਚ ਸ਼ੱਕੀ ਲਿੰਕ ਹੁੰਦੇ ਹਨ। ਠੱਗ ਕਦੇ-ਕਦੇ ਟ੍ਰੋਜਨ ਹਾਰਸ ਨਾਂ ਦੇ ਵਾਇਰਸ ਨੂੰ ਹਥਿਆਰ ਬਣਾ ਕੇ ਤੁਹਾਡੇ ਕੰਪਿਊਟਰ ਤੋਂ ਤੁਹਾਡੀ ਨਿੱਜੀ ਜਾਣਕਾਰੀ ਚੁਰਾ ਲੈਂਦੇ ਹਨ। ਫੋਰਮ, ਅਸ਼ਲੀਲ ਸਾਈਟਾਂ, ਅਣਜਾਣ ਸ੍ਰੋਤ ਤੋਂ ਕੰਪਿਊਟਰ ਪ੍ਰੋਗ੍ਰਾਮ ਵੇਚਣ ਵਾਲੀਆਂ ਵੈੱਬ-ਸਾਈਟਾਂ ਅਤੇ ਸੋਸ਼ਲ ਨੈੱਟਵਰਕਿੰਗ ਸਾਈਟਾਂ ਦੇ ਜ਼ਰੀਏ ਵੀ ਠੱਗ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਜਾਸੂਸੀ ਪ੍ਰੋਗ੍ਰਾਮ ਚਾਲੂ ਕਰ ਕੇ ਤੁਹਾਡੀ ਨਿੱਜੀ ਜਾਣਕਾਰੀ ਚੁਰਾ ਸਕਦੇ ਹਨ। ਨਾਲੇ ਉਨ੍ਹਾਂ ਈ-ਮੇਲਾਂ ਦਾ ਜਵਾਬ ਨਾ ਦਿਓ ਜਿਨ੍ਹਾਂ ਵਿਚ ਇੰਨਾ ਮੁਨਾਫ਼ਾ ਦੇਣ ਦਾ ਵਾਅਦਾ ਕੀਤਾ ਹੁੰਦਾ ਹੈ ਕਿ ਤੁਹਾਨੂੰ ਯਕੀਨ ਹੀ ਨਹੀਂ ਆਉਂਦਾ।
ਸ਼ਾਇਦ ਤੁਹਾਨੂੰ ਇੰਟਰਨੈੱਟ ’ਤੇ ਅਜਿਹਾ ਕੋਈ ਮੈਸਿਜ ਮਿਲਿਆ ਹੋਵੇ: “ਤੁਹਾਡੇ ਕੰਪਿਊਟਰ ਨੂੰ ਖ਼ਤਰਾ ਹੈ! ਆਪਣੇ ਕੰਪਿਊਟਰ ਨੂੰ ਸੁਰੱਖਿਅਤ ਰੱਖਣ ਲਈ ਇੱਥੇ ਕਲਿੱਕ ਕਰੋ!” ਜਾਂ “ਫ੍ਰੀ ਸਕ੍ਰੀਨਸੇਵਰ ਲਈ ਇੱਥੇ ਕਲਿੱਕ ਕਰੋ।” ਜੇ ਤੁਸੀਂ ਉੱਥੇ ਕਲਿੱਕ ਕੀਤਾ, ਤਾਂ ਹੋ ਸਕਦਾ ਹੈ ਕਿ ਕੋਈ ਜਾਸੂਸੀ ਪ੍ਰੋਗ੍ਰਾਮ ਚਾਲੂ ਹੋ ਜਾਵੇ।
ਜੇ ਤੁਸੀਂ ਇੰਟਰਨੈੱਟ ਉੱਤੇ ਨੌਕਰੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਖ਼ਬਰਦਾਰ ਰਹੋ। ਠੱਗ ਨਕਲੀ ਸਾਈਟਾਂ ਇਸਤੇਮਾਲ ਕਰ ਕੇ “ਰਜਿਸਟ੍ਰੇਸ਼ਨ ਫੀਸ” ਇਕੱਠੀ ਕਰ ਲੈਂਦੇ ਹਨ ਅਤੇ ਤੁਹਾਡੀ ਨਿੱਜੀ ਜਾਣਕਾਰੀ ਵੀ ਚੁਰਾ ਲੈਂਦੇ ਹਨ।
ਅੱਜ-ਕੱਲ੍ਹ ਚੋਰ ਇੰਨੇ ਹੁਸ਼ਿਆਰ ਹਨ ਕਿ ਉਹ ਆਪਣੇ ਕੰਪਿਊਟਰ ’ਤੇ ਬੈਠਿਆਂ ਹੀ ਕੰਪਨੀਆਂ ਜਾਂ ਬੈਂਕਾਂ ਵਗੈਰਾ ਦੇ ਕੰਪਿਊਟਰਾਂ ਤੋਂ ਜਾਣਕਾਰੀ ਚੁਰਾ ਲੈਂਦੇ ਹਨ। ਜਨਵਰੀ 2007 ਵਿਚ ਅਪਰਾਧੀ ਹੈਕਰਾਂ ਨੇ ਅਮਰੀਕਾ ਵਿਚ ਇੱਕੋ ਨਾਂ ਦੇ ਵੱਡੇ-ਵੱਡੇ ਸਟੋਰਾਂ ਦੇ ਕੰਪਿਊਟਰਾਂ ਤੋਂ ਲੱਖਾਂ ਹੀ ਗਾਹਕਾਂ ਦੇ ਰਿਕਾਰਡਾਂ ਦੇ ਨਾਲ-ਨਾਲ ਉਨ੍ਹਾਂ ਦੇ ਕ੍ਰੈਡਿਟ ਕਾਰਡ ਨੰਬਰ ਚੁਰਾ ਲਏ। ਨਾਈਜੀਰੀਆ ਵਿਚ ਅਪਰਾਧੀਆਂ ਨੇ ਕਈ ਬੈਂਕਾਂ ਦੇ ਕੰਪਿਊਟਰਾਂ ਨੂੰ ਹੈਕ ਕਰ ਕੇ 15 ਲੱਖ ਲੋਕਾਂ ਦੇ ਆਈ. ਡੀ. ਨੰਬਰ ਚੁਰਾ ਲਏ ਤਾਂਕਿ ਉਹ ਏ. ਟੀ. ਐੱਮ. ਮਸ਼ੀਨਾਂ ਵਿੱਚੋਂ ਪੈਸੇ ਕਢਵਾ ਸਕਣ। ਹੁਣ ਇੰਟਰਨੈੱਟ ’ਤੇ ਇਹ ਕਾਲਾ ਧੰਦਾ ਵਧਦਾ ਜਾ ਰਿਹਾ ਹੈ ਜਿੱਥੇ ਬੇਈਮਾਨ ਕਾਮੇ ਅਤੇ ਹੈਕਰ ਚੁਰਾਏ ਗਏ ਕ੍ਰੈਡਿਟ ਕਾਰਡਾਂ ਦੀ ਜਾਣਕਾਰੀ ਅਤੇ ਲੋਕਾਂ ਦੀ ਨਿੱਜੀ ਜਾਣਕਾਰੀ ਵੇਚਦੇ ਹਨ। (g12-E 01)
[ਸਫ਼ਾ 11 ਉੱਤੇ ਡੱਬੀ]
ਫੀਸ਼ਿੰਗ ਈ-ਮੇਲ: ਅਜਿਹੇ ਈ-ਮੇਲ ਜਿਨ੍ਹਾਂ ਦੇ ਜ਼ਰੀਏ ਠੱਗ ਕੋਈ-ਨਾ-ਕੋਈ ਲਾਲਚ ਦੇ ਕੇ ਕਿਸੇ ਤੋਂ ਉਸ ਦਾ ਪਾਸਵਰਡ, ਕ੍ਰੈਡਿਟ ਕਾਰਡ ਨੰਬਰ ਜਾਂ ਬੈਂਕ ਅਕਾਊਂਟ ਦੀ ਜਾਣਕਾਰੀ ਲੈ ਲੈਂਦੇ ਹਨ। ਲੋਕ ਜਿਸ ਵੈੱਬ-ਸਾਈਟ ਉੱਤੇ ਇਹ ਜਾਣਕਾਰੀ ਦੇ ਰਹੇ ਹੁੰਦੇ ਹਨ, ਉਹ ਦੇਖਣ ਨੂੰ ਅਸਲੀ ਲੱਗਦੀ ਹੈ, ਪਰ ਇਹ ਹੁੰਦੀ ਨਕਲੀ
ਜਾਸੂਸੀ ਪ੍ਰੋਗ੍ਰਾਮ: ਇਹ ਪ੍ਰੋਗ੍ਰਾਮ ਉਹ ਸਾਰਾ ਕੁਝ ਰਿਕਾਰਡ ਕਰ ਲੈਂਦਾ ਹੈ ਜੋ ਕੁਝ ਤੁਸੀਂ ਕੰਪਿਊਟਰ ’ਤੇ ਕਰਦੇ ਹੋ
ਟ੍ਰੋਜਨ ਹਾਰਸ: ਅਜਿਹਾ ਪ੍ਰੋਗ੍ਰਾਮ ਜੋ ਤੁਹਾਡੇ ਕੰਪਿਊਟਰ ਦੀ ਸੁਰੱਖਿਆ ਨੂੰ ਤੋੜਨ ਲਈ ਬਣਾਇਆ ਗਿਆ ਹੈ। ਇਹ ਤੁਹਾਡੇ ਵੱਲੋਂ ਕੰਪਿਊਟਰ ’ਤੇ ਕੋਈ ਵੀ ਸਾਧਾਰਣ ਜਿਹਾ ਕੰਮ ਕਰਨ ਨਾਲ ਚਾਲੂ ਹੋ ਸਕਦਾ ਹੈ
[ਸਫ਼ੇ 12, 13 ਉੱਤੇ ਡੱਬੀ/ਤਸਵੀਰਾਂ]
ਫਰਾਡ ਦੇ ਸ਼ਿਕਾਰ ਹੋਣ ਤੋਂ ਬਚੋ
ਫਰਾਡ ਦੇ ਸ਼ਿਕਾਰ ਹੋਣ ਤੋਂ ਬਚਣ ਲਈ ਹੇਠਾਂ ਦੱਸੇ ਕਦਮ ਚੁੱਕੋ:
1 ਧਿਆਨ ਰੱਖੋ ਕਿ ਤੁਹਾਡੇ ਕੰਪਿਊਟਰ ਦੀ ਫਾਇਰਵਾਲ ਹਮੇਸ਼ਾ ਚਾਲੂ ਹੈ ਅਤੇ ਤੁਸੀਂ ਆਪਣਾ ਓਪਰੇਟਿੰਗ ਸਿਸਟਮ, ਪ੍ਰੋਗ੍ਰਾਮ ਅਤੇ ਐਂਟੀ-ਵਾਇਰਸ ਸੌਫਟਵੇਅਰ ਸਮੇਂ-ਸਮੇਂ ਤੇ ਅਪਡੇਟ ਕਰ ਰਹੇ ਹੋ।
2 ਸਮੇਂ-ਸਮੇਂ ਤੇ ਆਪਣੀਆਂ ਫਾਈਲਾਂ ਦੀ ਕਾਪੀ ਬਣਾਓ ਅਤੇ ਕਾਪੀਆਂ ਨੂੰ ਸੰਭਾਲ ਕੇ ਰੱਖੋ।
3 ਸਮਝ ਤੋਂ ਕੰਮ ਲਓ। ਇੰਟਰਨੈੱਟ ਉੱਤੇ ਦਿੱਤੀ ਜਾਣਕਾਰੀ ’ਤੇ ਜਲਦੀ ਭਰੋਸਾ ਨਾ ਕਰੋ। ਕਹਾਉਤਾਂ 14:15 ਕਹਿੰਦਾ ਹੈ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।”
4 ਲਾਲਚ ਨਾ ਕਰੋ। (ਲੂਕਾ 12:15) “ਫ੍ਰੀ” ਆਫਰਾਂ ਜਾਂ ਉਨ੍ਹਾਂ ਵੈੱਬ-ਸਾਈਟਾਂ ਤੋਂ ਖ਼ਬਰਦਾਰ ਰਹੋ ਜੋ ਬਹੁਤ ਹੀ ਘੱਟ ਕੀਮਤ ਤੇ ਚੀਜ਼ਾਂ ਵੇਚਦੀਆਂ ਹਨ। ਇਹ ਤੁਹਾਨੂੰ ਲਲਚਾਉਣ ਲਈ ਫੀਸ਼ਿੰਗ ਈ-ਮੇਲ ਹੋ ਸਕਦੇ ਹਨ।
5 ਬਿਨਾਂ ਮੰਗੇ ਈ-ਮੇਲ ਜਾਂ ਇੰਸਟੈਂਟ ਮੈਸਿਜਾਂ ਤੋਂ ਖ਼ਬਰਦਾਰ ਰਹੋ, ਖ਼ਾਸਕਰ ਜੇ ਇਨ੍ਹਾਂ ਵਿਚ ਕੋਈ ਲਿੰਕ ਹੋਣ ਜਾਂ ਤੁਹਾਡੀ ਨਿੱਜੀ ਜਾਣਕਾਰੀ ਮੰਗੀ ਜਾਵੇ ਜਿਵੇਂ ਕਿ ਦੁਬਾਰਾ ਪਾਸਵਰਡ ਪੁੱਛਣਾ।—ਕਹਾਉਤਾਂ 11:15.
6 ਅਜਿਹੇ ਪਾਸਵਰਡ ਵਰਤੋ ਜੋ ਦੂਜਿਆਂ ਲਈ ਬੁੱਝਣੇ ਔਖੇ ਹੋਣ। ਸਮੇਂ-ਸਮੇਂ ਤੇ ਆਪਣਾ ਇੰਟਰਨੈੱਟ ਪਾਸਵਰਡ ਬਦਲਦੇ ਰਹੋ ਅਤੇ ਵੱਖੋ-ਵੱਖਰੇ ਅਕਾਊਂਟਾਂ ਲਈ ਇੱਕੋ ਪਾਸਵਰਡ ਨਾ ਵਰਤੋ।
7 ਸਿਰਫ਼ ਜਾਣੀਆਂ-ਪਛਾਣੀਆਂ ਅਤੇ ਸੁਰੱਖਿਅਤ ਵੈੱਬ-ਸਾਈਟਾਂ ਨੂੰ ਹੀ ਆਪਣੇ ਕ੍ਰੈਡਿਟ ਕਾਰਡ ਜਾਂ ਬੈਂਕ ਅਕਾਊਂਟ ਦੀ ਜਾਣਕਾਰੀ ਦਿਓ।
8 ਧਿਆਨ ਨਾਲ ਵੈੱਬ ਦੇ ਪਤਿਆਂ ਨੂੰ ਸਹੀ-ਸਹੀ ਟਾਈਪ ਕਰੋ, ਖ਼ਾਸ ਕਰਕੇ ਵਿੱਤੀ ਸੰਸਥਾਵਾਂ ਦੇ ਪਤੇ। ਇਕ ਅੱਖਰ ਗ਼ਲਤ ਪੈ ਜਾਣ ਤੇ ਤੁਹਾਨੂੰ ਕਿਸੇ ਫਰੇਬੀ ਵੈੱਬ-ਸਾਈਟ ’ਤੇ ਲਿਜਾਇਆ ਜਾ ਸਕਦਾ ਹੈ।
9 ਕੋਈ ਵੀ ਗੁਪਤ ਜਾਣਕਾਰੀ ਭੇਜਣ ਤੋਂ ਪਹਿਲਾਂ ਫਾਈਲ ਦਾ ਨਾਂ ਐਨਕ੍ਰਿਪਟ ਕਰੋ, ਜਿਵੇਂ ਕ੍ਰੈਡਿਟ ਕਾਰਡ ਦੀ ਜਾਣਕਾਰੀ। ਕੰਮ ਖ਼ਤਮ ਹੁੰਦਿਆਂ ਹੀ ਵੈੱਬ-ਸਾਈਟ ਬੰਦ ਕਰ ਦਿਓ।
10 ਧਿਆਨ ਨਾਲ ਕ੍ਰੈਡਿਟ ਕਾਰਡ ਦੀਆਂ ਰਸੀਦਾਂ ਨੂੰ ਬੈਂਕ ਸਟੇਟਮੈਂਟ ਨਾਲ ਅਕਸਰ ਮਿਲਾ ਕੇ ਦੇਖੋ। ਜਦੋਂ ਵੀ ਤੁਹਾਨੂੰ ਕੋਈ ਗੱਲ ਠੀਕ ਨਾ ਲੱਗੇ, ਤਾਂ ਫ਼ੌਰਨ ਹੀ ਬੈਂਕ ਨਾਲ ਸੰਪਰਕ ਕਰੋ।
11 ਅਸੁਰੱਖਿਅਤ ਵਾਇਰਲੈੱਸ (Wi-Fi) ਕੁਨੈਕਸ਼ਨ ਇਸਤੇਮਾਲ ਕਰਦਿਆਂ ਧਿਆਨ ਰੱਖੋ ਕਿਉਂਕਿ ਚੋਰ ਤੁਹਾਡੀ ਜਾਣਕਾਰੀ ਚੁਰਾ ਸਕਦੇ ਹਨ ਅਤੇ ਤੁਹਾਨੂੰ ਫਰੇਬੀ ਵੈੱਬ-ਸਾਈਟਾਂ ’ਤੇ ਲਿਜਾ ਸਕਦੇ ਹਨ।
12 ਜਦੋਂ “ਕੀ ਅਸੀਂ ਇਸ ਪਾਸਵਰਡ ਨੂੰ ਯਾਦ ਰੱਖੀਏ?” ਸਵਾਲ ਪੁੱਛਿਆ ਜਾਂਦਾ ਹੈ, ਤਾਂ ਨਾਂਹ ਕਰ ਦਿਓ। ਟ੍ਰੋਜਨ ਪ੍ਰੋਗ੍ਰਾਮ ਤੁਹਾਡਾ ਪਾਸਵਰਡ ਚੁਰਾ ਸਕਦੇ ਹਨ।