ਸੰਸਾਰ ਉੱਤੇ ਨਜ਼ਰ
ਅਮਰੀਕਾ
ਮੁਲਜ਼ਮਾਂ ਦੀਆਂ ਕਾਰਾਂ ਦਾ ਪਿੱਛਾ ਕਰਨ ਲਈ ਪੁਲਸ ਤਕਨਾਲੋਜੀ ਵਰਤ ਰਹੀ ਹੈ ਤਾਂਕਿ ਕਿਸੇ ਦੀ ਜਾਨ ਖ਼ਤਰੇ ਵਿਚ ਨਾ ਪਵੇ। ਮਿਸਾਲ ਲਈ, ਪੁਲਸ ਦੀਆਂ ਕਾਰਾਂ ਦੇ ਮੋਹਰੇ ਇਕ ਮਸ਼ੀਨ ਲਾਈ ਗਈ ਹੈ ਜੋ ਹਵਾ ਦੇ ਪ੍ਰੈਸ਼ਰ ਨਾਲ ਇਕ ਗੋਲੀ ਵਰਗਾ ਯੰਤਰ ਮੁਲਜ਼ਮ ਦੀ ਕਾਰ ’ਤੇ ਮਾਰਦੀ ਹੈ ਜੋ ਕਾਰ ਨਾਲ ਚਿੰਬੜ ਜਾਂਦਾ ਹੈ। ਇਸ ਯੰਤਰ ਵਿਚ ਜੀ. ਪੀ. ਐੱਸ. ਲੱਗਾ ਹੁੰਦਾ ਹੈ ਜਿਸ ਰਾਹੀਂ ਮੁਲਜ਼ਮ ਦਾ ਪਿੱਛਾ ਹੌਲੀ ਰਫ਼ਤਾਰ ਨਾਲ ਕੀਤਾ ਜਾ ਸਕਦਾ ਹੈ।
ਭਾਰਤ
ਅੰਦਾਜ਼ਾ ਲਾਇਆ ਗਿਆ ਹੈ ਕਿ ਦਾਜ ਦੇ ਝਗੜੇ ਵਿਚ ਹਰ ਘੰਟੇ ਵਿਚ ਇਕ ਔਰਤ ਦੀ ਜਾਨ ਜਾਂਦੀ ਹੈ। ਭਾਵੇਂ ਕਿ ਸਰਕਾਰ ਨੇ ਦਾਜ ਲੈਣ-ਦੇਣ ’ਤੇ ਪਾਬੰਦੀ ਲਾਈ ਹੈ, ਫਿਰ ਵੀ 2012 ਵਿਚ 8,200 ਤੋਂ ਜ਼ਿਆਦਾ ਔਰਤਾਂ ਦਾ ਕਤਲ ਕੀਤਾ ਗਿਆ ਕਿਉਂਕਿ ਪਤੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਲੱਗਾ ਕਿ ਉਨ੍ਹਾਂ ਨੂੰ ਬਹੁਤ ਘੱਟ ਦਾਜ ਦਿੱਤਾ ਗਿਆ ਸੀ।
ਸਵਿਟਜ਼ਰਲੈਂਡ
ਐਲਪਾਈਨ ਸਵਿੱਫਟ ਨਾਂ ਦੀਆਂ ਤਿੰਨ ਚਿੜੀਆਂ ’ਤੇ ਛੋਟੇ ਸੈਂਸਰ ਲਾਏ ਗਏ। ਇਨ੍ਹਾਂ ਸੈਂਸਰਾਂ ਦੀ ਮਦਦ ਨਾਲ ਪਤਾ ਲੱਗਾ ਹੈ ਕਿ ਇਹ ਪੰਛੀ ਅਫ਼ਰੀਕਾ ਨੂੰ ਜਾਂਦਿਆਂ ਬਿਨਾਂ ਰੁਕੇ 200 ਤੋਂ ਜ਼ਿਆਦਾ ਦਿਨ ਉੱਡਦੇ ਰਹੇ। ਇਸ ਤੋਂ ਪਹਿਲਾਂ ਮੰਨਿਆ ਜਾਂਦਾ ਸੀ ਕਿ ਸਿਰਫ਼ ਸਮੁੰਦਰੀ ਜਾਨਵਰ ਲਗਾਤਾਰ ਇੰਨਾ ਲੰਬਾ ਸਮਾਂ ਸਫ਼ਰ ਕਰਦੇ ਸਨ।
ਉੱਤਰ-ਪੂਰਬੀ ਅਫ਼ਰੀਕਾ
ਸਮੁੰਦਰੀ ਲੁਟੇਰਿਆਂ ਨੇ ਅਪ੍ਰੈਲ 2005 ਤੋਂ ਲੈ ਕੇ ਦਸੰਬਰ 2012 ਦੌਰਾਨ ਅਫ਼ਰੀਕਾ ਦੇ ਉੱਤਰ-ਪੂਰਬੀ ਤਟ ਦੇ ਨੇੜਿਓਂ 179 ਸਮੁੰਦਰੀ ਜਹਾਜ਼ਾਂ ਨੂੰ ਅਗਵਾ ਕੀਤਾ ਸੀ। ਵਰਲਡ ਬੈਂਕ ਮੁਤਾਬਕ ਅਗਵਾਕਾਰਾਂ ਨੇ ਬਦਲੇ ਵਿਚ ਲਗਭਗ 41 ਕਰੋੜ 30 ਲੱਖ ਅਮਰੀਕੀ ਡਾਲਰ (24 ਅਰਬ 85 ਕਰੋੜ 7 ਲੱਖ ਰੁਪਏ) ਫਿਰੌਤੀ ਲਈ ਸੀ। (g14 10-E)