Skip to content

Skip to table of contents

ਬਾਈਬਲ ਕੀ ਕਹਿੰਦੀ ਹੈ

ਧਰਤੀ

ਧਰਤੀ

ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?

‘ਯਹੋਵਾਹ ਨੇ ਧਰਤੀ ਨੂੰ ਸਾਜਿਆ, ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ।’ਯਸਾਯਾਹ 45:18.

ਲੋਕੀ ਕੀ ਕਹਿੰਦੇ ਹਨ

ਕਈ ਦਾਅਵਾ ਕਰਦੇ ਹਨ ਕਿ ਧਰਤੀ ਨੂੰ ਕਿਸੇ ਸਿਰਜਣਹਾਰ ਨੇ ਨਹੀਂ ਬਣਾਇਆ ਹੈ। ਕੁਝ ਧਰਮ ਸਿਖਾਉਂਦੇ ਹਨ ਕਿ ਰੱਬ ਧਰਤੀ ਉੱਤੇ ਇਨਸਾਨਾਂ ਦਾ ਇਮਤਿਹਾਨ ਲੈਂਦਾ ਹੈ ਅਤੇ ਦੇਖਦਾ ਹੈ ਕਿ ਕਿਸ ਨੂੰ ਸਵਰਗ ਭੇਜਣਾ ਹੈ ਤੇ ਕਿਸ ਨੂੰ ਨਰਕ ਵਿਚ ਸੁੱਟਣਾ ਹੈ।

ਬਾਈਬਲ ਕੀ ਕਹਿੰਦੀ ਹੈ

ਬਾਈਬਲ ਦੱਸਦੀ ਹੈ ਕਿ “ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤਪਤ 1:1) ਉਸ ਨੇ ਪਹਿਲੇ ਇਨਸਾਨੀ ਜੋੜੇ ਨੂੰ ਕਿਹਾ: ‘ਵੱਧੋ, ਫੁਲੋ ਅਤੇ ਸਾਰੀ ਧਰਤੀ ਨੂੰ ਭਰ ਦੇਵੋ ਅਤੇ ਇਸ ਨੂੰ ਆਪਣੇ ਅਧਿਕਾਰ ਹੇਠ ਕਰ ਲਵੋ ਅਤੇ ਧਰਤੀ ਉੱਤੇ ਰਹਿ ਰਹੇ ਹਰ ਪ੍ਰਾਣੀ ਨੂੰ ਆਪਣੇ ਅਧਿਕਾਰ ਹੇਠ ਲੈ ਲਵੋ।’ (ਉਤਪਤ 1:28, CL) ਪਰ ਜੇ ਉਹ ਪਰਮੇਸ਼ੁਰ ਦਾ ਕਹਿਣਾ ਨਾ ਮੰਨਦੇ, ਤਾਂ ਉਨ੍ਹਾਂ ’ਤੇ ਮੌਤ ਆਉਣੀ ਸੀ। (ਉਤਪਤ 2:17) ਪਰਮੇਸ਼ੁਰ ਦਾ ਮਕਸਦ ਸੀ ਕਿ ਧਰਤੀ ਇਨਸਾਨਾਂ ਨਾਲ ਹਮੇਸ਼ਾ-ਹਮੇਸ਼ਾ ਲਈ ਵੱਸੀ ਰਹੇ। ਸਾਰੀ ਧਰਤੀ ਉੱਤੇ ਆਗਿਆਕਾਰ ਇਨਸਾਨ ਹੋਣੇ ਸਨ ਜਿਨ੍ਹਾਂ ਨੇ ਧਰਤੀ ਦੀ ਸਾਂਭ-ਸੰਭਾਲ ਕਰਨੀ ਸੀ ਅਤੇ ਹਮੇਸ਼ਾ ਦੀ ਜ਼ਿੰਦਗੀ ਜੀਉਣੀ ਸੀ।

ਕੀ ਧਰਤੀ ਨਾਸ਼ ਹੋ ਜਾਵੇਗੀ?

“ਤੈਂ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।”ਜ਼ਬੂਰਾਂ ਦੀ ਪੋਥੀ 104:5.

ਲੋਕੀ ਕੀ ਕਹਿੰਦੇ ਹਨ

ਸਾਇੰਸਦਾਨ ਕਹਿੰਦੇ ਹਨ ਕਿ ਧਰਤੀ ਕਈ ਤਰੀਕਿਆਂ ਨਾਲ ਤਬਾਹ ਜਾਂ ਵਿਰਾਨ ਹੋ ਸਕਦੀ ਹੈ। ਉਹ ਕਹਿੰਦੇ ਹਨ ਕਿ ਮਨੁੱਖਜਾਤੀ ਦਾ ਭਵਿੱਖ ਖ਼ਤਰੇ ਵਿਚ ਹੈ। ਹੋ ਸਕਦਾ ਹੈ ਕਿ ਛੋਟੇ-ਛੋਟੇ ਗ੍ਰਹਿ ਜਾਂ ਪੁਲਾੜ ਤੋਂ ਵੱਡੇ-ਵੱਡੇ ਪੱਥਰ ਧਰਤੀ ਨਾਲ ਟਕਰਾਉਣ, ਵੱਡੇ-ਵੱਡੇ ਜੁਆਲਾਮੁਖੀ ਫਟਣ, ਸੂਰਜ ਰੌਸ਼ਨੀ ਦੇਣੀ ਬੰਦ ਕਰ ਦੇਵੇ ਜਾਂ ਧਰਤੀ ਦਾ ਤਾਪਮਾਨ ਵਧ ਜਾਵੇ। ਨਾਲੇ ਉਹ ਕਹਿੰਦੇ ਹਨ ਕਿ ਇਨਸਾਨ ਆਪ ਹੀ ਪ੍ਰਮਾਣੂ ਯੁੱਧ ਰਾਹੀਂ ਦੁਨੀਆਂ ਤਬਾਹ ਕਰ ਦੇਣਗੇ ਜਾਂ ਫਿਰ ਅੱਤਵਾਦੀ ਵਾਇਰਸ ਤੇ ਬੈਕਟੀਰੀਆ ਰਾਹੀਂ ਜਾਨਲੇਵਾ ਬੀਮਾਰੀਆਂ ਫੈਲਾ ਦੇਣਗੇ।

ਬਾਈਬਲ ਕੀ ਕਹਿੰਦੀ ਹੈ

ਧਰਤੀ ਲਈ ਪਰਮੇਸ਼ੁਰ ਦਾ ਮਕਸਦ ਬਦਲਿਆ ਨਹੀਂ ਹੈ। ਪਰਮੇਸ਼ੁਰ ਦਾ ਬਚਨ ਸਾਫ਼-ਸਾਫ਼ ਕਹਿੰਦਾ ਹੈ: “ਧਰਤੀ ਸਦਾ ਅਟੱਲ ਹੈ।” (ਉਪਦੇਸ਼ਕ ਦੀ ਪੋਥੀ 1:4) ਇਸ ਤੋਂ ਇਲਾਵਾ, ਧਰਤੀ ਹਮੇਸ਼ਾ ਇਨਸਾਨਾਂ ਨਾਲ ਵੱਸੀ ਰਹੇਗੀ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”ਜ਼ਬੂਰਾਂ ਦੀ ਪੋਥੀ 37:29.

ਤੁਹਾਡੇ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?

ਧਰਤੀ ਦੇ ਤਬਾਹ ਹੋਣ ਦੀ ਗੱਲ ’ਤੇ ਯਕੀਨ ਰੱਖਣ ਵਾਲੇ ਕੁਝ ਲੋਕ ਇਸ ਦੀਆਂ ਕੁਦਰਤੀ ਚੀਜ਼ਾਂ ਦੇ ਕੀਮਤੀ ਭੰਡਾਰ ਨੂੰ ਲੁੱਟ-ਖਸੁੱਟ ਰਹੇ ਹਨ। ਇਸ ਕਾਰਨ ਹੋਰਾਂ ਨੂੰ ਭਵਿੱਖ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਅਤੇ ਉਹ ਸਿਰਫ਼ ਅੱਜ ਲਈ ਜੀਉਂਦੇ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ। ਪਰ ਜੇ ਅਸੀਂ ਮੰਨਦੇ ਹਾਂ ਕਿ ਅਸੀਂ ਹਮੇਸ਼ਾ ਇਸ ਧਰਤੀ ਉੱਤੇ ਜੀਉਂਦੇ ਰਹਿ ਸਕਦੇ ਹਾਂ, ਤਾਂ ਅਸੀਂ ਉਹ ਫ਼ੈਸਲੇ ਕਰਾਂਗੇ ਜਿਨ੍ਹਾਂ ਦਾ ਸਾਨੂੰ ਅਤੇ ਸਾਡੇ ਪਰਿਵਾਰਾਂ ਨੂੰ ਨਾ ਸਿਰਫ਼ ਅੱਜ, ਸਗੋਂ ਹਮੇਸ਼ਾ ਲਈ ਫ਼ਾਇਦਾ ਹੋਵੇਗਾ।

ਕੀ ਇਨਸਾਨਾਂ ਨੂੰ ਸਵਰਗ ਜਾਣ ਲਈ ਬਣਾਇਆ ਗਿਆ ਸੀ?

“ਅਕਾਸ਼ ਯਹੋਵਾਹ ਦੇ ਅਕਾਸ਼ ਹਨ, ਪਰ ਧਰਤੀ ਉਹ ਨੇ ਮਨੁੱਖ ਮਾਤ੍ਰ ਦੇ ਵੰਸ ਨੂੰ ਦਿੱਤੀ ਹੈ।”ਜ਼ਬੂਰਾਂ ਦੀ ਪੋਥੀ 115:16.

ਲੋਕੀ ਕੀ ਕਹਿੰਦੇ ਹਨ

ਕਈ ਮੰਨਦੇ ਹਨ ਕਿ ਸਾਰੇ ਚੰਗੇ ਲੋਕ ਸਵਰਗ ਜਾਂਦੇ ਹਨ।

ਬਾਈਬਲ ਕੀ ਕਹਿੰਦੀ ਹੈ

ਸਵਰਗ ਪਰਮੇਸ਼ੁਰ ਦਾ ਹੈ, ਪਰ ਧਰਤੀ ਇਨਸਾਨਾਂ ਲਈ ਹੈ। ਬਾਈਬਲ ਦੱਸਦੀ ਹੈ ਕਿ ਧਰਤੀ ਲੋਕਾਂ ਨਾਲ ਵੱਸੀ ਰਹੇਗੀ। ਯਿਸੂ ਪਹਿਲਾ ਸ਼ਖ਼ਸ ਸੀ ਜੋ ਸਵਰਗ ਗਿਆ ਅਤੇ ਬਾਈਬਲ ਦੱਸਦੀ ਹੈ ਕਿ ਕੁਝ ਲੋਕਾਂ ਨੂੰ ਚੁਣਿਆ ਗਿਆ ਹੈ ਜੋ ਇਕ ਖ਼ਾਸ ਮਕਸਦ ਲਈ ਸਵਰਗ ਜਾਣਗੇ। ਉਹ ਯਿਸੂ ਦੇ ਨਾਲ ‘ਧਰਤੀ ਉੱਤੇ ਰਾਜਿਆਂ ਵਜੋਂ ਰਾਜ ਕਰਨਗੇ।’ਪ੍ਰਕਾਸ਼ ਦੀ ਕਿਤਾਬ 5:9, 10; ਲੂਕਾ 12:32; ਯੂਹੰਨਾ 3:13.

ਤੁਹਾਡੇ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?

ਬਾਈਬਲ ਨਹੀਂ ਸਿਖਾਉਂਦੀ ਕਿ ਸਾਰੇ ਲੋਕ ਸਵਰਗ ਜਾਂਦੇ ਹਨ। ਜੇ ਰੱਬ ਨੇ ਸਾਰਿਆਂ ਨੂੰ ਸਵਰਗ ਹੀ ਲੈ ਕੇ ਜਾਣਾ ਹੁੰਦਾ, ਤਾਂ ਇਸ ਦਾ ਮਤਲਬ ਇਹ ਹੁੰਦਾ ਕਿ ਉਹ ਧਰਤੀ ਲਈ ਆਪਣਾ ਮਕਸਦ ਪੂਰਾ ਕਰਨ ਦੇ ਕਾਬਲ ਨਹੀਂ ਹੈ ਅਤੇ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦੇਣ ਦੇ ਉਸ ਦੇ ਸਾਰੇ ਵਾਅਦੇ ਝੂਠੇ ਹਨ। ਇਸ ਦੀ ਬਜਾਇ, ਰੱਬ ਵਾਅਦਾ ਕਰਦਾ ਹੈ: “ਯਹੋਵਾਹ ਨੂੰ ਉਡੀਕ ਅਤੇ ਉਹ ਦੇ ਰਾਹ ਦੀ ਪਾਲਨਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ ਭਈ ਤੂੰ ਧਰਤੀ ਦਾ ਵਾਰਸ ਬਣੇਂ।”ਜ਼ਬੂਰਾਂ ਦੀ ਪੋਥੀ 37:34. ▪ (g14-E 12)