ਮੁੱਖ ਪੰਨੇ ਤੋਂ
ਪੈਸੇ ਬਾਰੇ ਸਹੀ ਨਜ਼ਰੀਆ
ਇਕ ਕਹਾਵਤ ਹੈ: “ਪੈਸਾ ਲੋਕਾਂ ਨੂੰ ਉਂਗਲੀਆਂ ’ਤੇ ਨਚਾਉਂਦਾ ਹੈ।” ਇਸ ਗੱਲ ਵਿਚ ਕੁਝ ਤਾਂ ਸੱਚਾਈ ਹੈ। ਪੈਸੇ ਨਾਲ ਹੀ ਖਾਣਾ, ਕੱਪੜੇ ਅਤੇ ਘਰ ਖ਼ਰੀਦਿਆ ਜਾ ਸਕਦਾ ਹੈ ਜਾਂ ਕਿਰਾਇਆ ਦਿੱਤਾ ਜਾ ਸਕਦਾ ਹੈ। ਇਕ ਅਖ਼ਬਾਰ ਦਾ ਐਡੀਟਰ ਲਿਖਦਾ ਹੈ: “ਪੈਸਾ ਸਮਾਜ ਵਿਚ ਇਕ ਮਹੱਤਵਪੂਰਣ ਚੀਜ਼ ਬਣ ਗਿਆ ਹੈ। ਜੇ ਕਿਸੇ ਚੀਜ਼ ਦੇ ਵੱਟੇ ਪੈਸੇ ਨੂੰ ਹਟਾ ਦਿੱਤਾ ਜਾਵੇ, ਤਾਂ ਹਫੜਾ-ਦਫੜੀ ਮੱਚ ਜਾਵੇਗੀ ਤੇ ਇਕ ਹੀ ਮਹੀਨੇ ਵਿਚ ਜੰਗ ਛਿੜ ਜਾਵੇਗੀ।”
ਪਰ ਪੈਸਾ ਹੀ ਸਭ ਕੁਝ ਨਹੀਂ। ਨਾਰਵੇ ਦੇ ਇਕ ਕਵੀ ਆਰਨੇ ਗਾਰਬੋਰਗ ਨੇ ਕਿਹਾ ਕਿ ਪੈਸੇ ਨਾਲ “ਤੁਸੀਂ ਖਾਣਾ ਖ਼ਰੀਦ ਸਕਦੇ ਹੋ ਪਰ ਭੁੱਖ ਨਹੀਂ; ਦਵਾਈ ਖ਼ਰੀਦ ਸਕਦੇ ਹੋ ਪਰ ਸਿਹਤ ਨਹੀਂ; ਮਖਮਲੀ ਗੱਦੇ ਪਰ ਨੀਂਦ ਨਹੀਂ; ਗਿਆਨ ਪਰ ਅਕਲ ਨਹੀਂ; ਚਮਕ-ਦਮਕ ਪਰ ਸੁੰਦਰਤਾ ਨਹੀਂ; ਸ਼ਾਨ ਪਰ ਪਿਆਰ ਨਹੀਂ; ਮਨੋਰੰਜਨ ਪਰ ਖ਼ੁਸ਼ੀ ਨਹੀਂ; ਵਾਕਫ਼ੀ ਪਰ ਦੋਸਤੀ ਨਹੀਂ; ਨੌਕਰ ਪਰ ਵਫ਼ਾਦਾਰੀ ਨਹੀਂ; ਫ਼ੁਰਸਤ ਪਰ ਸ਼ਾਂਤੀ ਨਹੀਂ।”
ਜਿਹੜਾ ਵਿਅਕਤੀ ਪੈਸੇ ਬਾਰੇ ਸਹੀ ਨਜ਼ਰੀਆ ਰੱਖਦਾ ਹੈ, ਉਹ ਕਾਫ਼ੀ ਹੱਦ ਤਕ ਸੰਤੁਸ਼ਟ ਰਹਿ ਸਕਦਾ ਹੈ। ਕਿਉਂ? ਕਿਉਂਕਿ ਉਹ ਇਸ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦਾ ਜ਼ਰੀਆ ਸਮਝਦਾ ਹੈ ਨਾ ਕਿ ਇਸ ਪਿੱਛੇ ਭੱਜਦਾ ਹੈ। ਬਾਈਬਲ ਚੇਤਾਵਨੀ ਦਿੰਦੀ ਹੈ: ‘ਪੈਸੇ ਨਾਲ ਪਿਆਰ ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ ਅਤੇ ਪੈਸੇ ਨਾਲ ਪਿਆਰ ਹੋਣ ਕਰਕੇ ਕਈਆਂ ਨੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹਿਆ ਹੈ।’
ਧਿਆਨ ਦਿਓ ਕਿ ਪੈਸਾ ਕੋਈ ਬੁਰੀ ਚੀਜ਼ ਨਹੀਂ ਹੈ, ਪਰ ਇਸ ਨਾਲ ਪਿਆਰ ਹੋਣਾ ਬੁਰੀ ਗੱਲ ਹੈ। ਪੈਸੇ ਦੀ ਹੱਦੋਂ ਵੱਧ ਚਾਹਤ ਰੱਖਣ ਨਾਲ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਵਿਚ ਫੁੱਟ ਪੈ ਸਕਦੀ ਹੈ। ਆਓ ਕੁਝ ਮਿਸਾਲਾਂ ਵੱਲ ਧਿਆਨ ਦੇਈਏ।
* “ਮੈਂ ਹਮੇਸ਼ਾ ਸੋਚਦਾ ਸੀ ਕਿ ਮੇਰਾ ਦੋਸਤ ਤਜਿੰਦਰ ਖ਼ੁਸ਼-ਮਿਜ਼ਾਜ ਤੇ ਈਮਾਨਦਾਰ ਆਦਮੀ ਹੈ। ਮੈਨੂੰ ਕਦੇ ਵੀ ਉਸ ਨਾਲ ਕੋਈ ਸਮੱਸਿਆ ਨਹੀਂ ਆਈ। ਫਿਰ ਮੈਂ ਉਸ ਨੂੰ ਆਪਣੀ ਕਾਰ ਵੇਚ ਦਿੱਤੀ। ਮੈਨੂੰ ਨਹੀਂ ਸੀ ਪਤਾ ਕਿ ਮੇਰੀ ਕਾਰ ਵਿਚ ਕੋਈ ਖ਼ਰਾਬੀ ਸੀ। ਉਸ ਨੇ ਮੇਰੀ ਕਾਰ ਖ਼ਰੀਦ ਲਈ ਤੇ ਅਸੀਂ ਲਿਖ-ਲਖਈਆ ਕਰ ਲਿਆ। ਤਿੰਨ ਮਹੀਨਿਆਂ ਬਾਅਦ ਕਾਰ ਖ਼ਰਾਬ ਹੋ ਗਈ। ਤਜਿੰਦਰ ਨੂੰ ਲੱਗਾ ਕਿ ਮੈਂ ਉਸ ਨੂੰ ਧੋਖਾ ਦਿੱਤਾ ਤੇ ਉਸ ਨੇ ਗੁੱਸੇ ਵਿਚ ਆ ਕੇ ਕਿਹਾ ਕਿ ਮੈਂ ਉਸ ਦੇ ਪੈਸੇ ਵਾਪਸ ਕਰਾਂ। ਮੈਂ ਹੈਰਾਨ ਰਹਿ ਗਿਆ! ਜਦੋਂ ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਗੁੱਸੇ ਵਿਚ ਆ ਕੇ ਲੜਾਈ ਕਰਨ ਤੇ ਉੱਤਰ ਆਇਆ। ਜਦੋਂ ਪੈਸੇ ਦਾ ਮਸਲਾ ਖੜ੍ਹਾ ਹੋਇਆ, ਤਾਂ ਤਜਿੰਦਰ ਉਹ ਮਿਲਣਸਾਰ ਤਜਿੰਦਰ ਨਹੀਂ ਰਿਹਾ ਜਿਸ ਨੂੰ ਮੈਂ ਜਾਣਦਾ ਸੀ।”
ਦੀਪਕ:ਕਿਮੀ: “ਨਸਰੀਮ ਮੇਰੀ ਇੱਕੋ-ਇਕ ਭੈਣ ਹੈ। ਸਾਡੀ ਹਮੇਸ਼ਾ ਦੋਵਾਂ ਦੀ ਬਹੁਤ ਬਣਦੀ ਸੀ। ਇਸ ਲਈ ਮੈਂ ਕਦੇ ਨਹੀਂ ਸੀ ਸੋਚਿਆ ਕਿ ਪੈਸੇ ਕਾਰਨ ਸਾਡੇ ਰਿਸ਼ਤੇ ਵਿਚ ਦਰਾੜ ਪੈ ਜਾਵੇਗੀ। ਪਰ ਇੱਦਾਂ ਹੀ ਹੋਇਆ। ਜਦੋਂ ਮੇਰੇ ਮਾਤਾ-ਪਿਤਾ ਗੁਜ਼ਰ ਗਏ, ਤਾਂ ਉਹ ਸਾਡੇ ਲਈ ਥੋੜ੍ਹੀ ਜਿਹੀ ਵਿਰਾਸਤ ਛੱਡ ਗਏ ਅਤੇ ਉਨ੍ਹਾਂ ਨੇ ਵਸੀਅਤ ਵਿਚ ਕਿਹਾ ਸੀ ਕਿ ਸਾਨੂੰ ਬਰਾਬਰ ਪੈਸੇ ਮਿਲਣ। ਮੇਰੀ ਭੈਣ ਮੇਰੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ਼ ਗਈ ਤੇ ਆਪਣੇ ਹਿੱਸੇ ਨਾਲੋਂ ਜ਼ਿਆਦਾ ਪੈਸੇ ਮੰਗਣ ਲੱਗ ਪਈ। ਪਰ ਮੈਂ ਆਪਣੇ ਮਾਪਿਆਂ ਦੀ ਮਰਜ਼ੀ ਮੁਤਾਬਕ ਚੱਲਣਾ ਚਾਹੁੰਦੀ ਸੀ ਜਿਸ ਕਰਕੇ ਮੇਰੀ ਭੈਣ ਗੁੱਸੇ ਨਾਲ ਭੜਕ ਉੱਠੀ ਤੇ ਧਮਕੀਆਂ ਦੇਣ ਲੱਗ ਪਈ। ਅੱਜ ਤਕ ਉਹ ਮੇਰੇ ਨਾਲ ਗੁੱਸੇ ਹੈ।”
ਪੈਸਾ ਅਤੇ ਪੱਖ-ਪਾਤ
ਪੈਸੇ ਬਾਰੇ ਗ਼ਲਤ ਨਜ਼ਰੀਆ ਹੋਣ ਕਰਕੇ ਲੋਕ ਦੂਸਰਿਆਂ ਬਾਰੇ ਗ਼ਲਤ ਸੋਚਣ ਲੱਗ ਪੈਂਦੇ ਹਨ। ਮਿਸਾਲ ਲਈ, ਇਕ ਅਮੀਰ ਵਿਅਕਤੀ ਸੋਚ ਸਕਦਾ ਹੈ ਕਿ ਗ਼ਰੀਬ ਲੋਕ ਆਲਸੀ ਹੁੰਦੇ ਹਨ ਜਿਸ ਕਰਕੇ ਉਨ੍ਹਾਂ ਦੇ ਹਾਲਾਤ ਨਹੀਂ ਸੁਧਰਦੇ। ਜਾਂ ਗ਼ਰੀਬ ਲੋਕ ਜਲਦਬਾਜ਼ੀ ਵਿਚ ਸ਼ਾਇਦ ਇਹ ਸਿੱਟਾ ਕੱਢ ਲੈਣ ਕਿ ਜਿਨ੍ਹਾਂ ਕੋਲ ਜ਼ਿਆਦਾ ਪੈਸਾ ਹੈ, ਉਹ ਧਨ-ਦੌਲਤ ਪਿੱਛੇ ਭੱਜਦੇ ਹਨ ਜਾਂ ਲਾਲਚੀ ਹੁੰਦੇ ਹਨ। ਅਮੀਰ ਪਰਿਵਾਰ ਵਿਚ ਪੈਦਾ ਹੋਈ ਇਕ 17 ਸਾਲ ਦੀ ਕੁੜੀ ਲੀਨੀ ਇਸ ਤਰ੍ਹਾਂ ਦੇ ਪੱਖ-ਪਾਤ ਦਾ ਸ਼ਿਕਾਰ ਹੋਈ ਸੀ। ਉਹ ਕਹਿੰਦੀ ਹੈ:
ਪੈਸੇ ਬਾਰੇ ਬਾਈਬਲ ਦੀ ਸਲਾਹ ਅੱਜ ਵੀ ਉੱਨੀ ਅਸਰਕਾਰੀ ਹੈ ਜਿੰਨੀ ਉਦੋਂ ਸੀ ਜਦੋਂ ਇਹ ਲਿਖੀ ਗਈ ਸੀ
“ਮੈਂ ਅਜਿਹੀ ਕੁੜੀ ਵਜੋਂ ਜਾਣੀ ਜਾਂਦੀ ਸੀ ਜਿਸ ਦਾ ਡੈਡੀ ਬਹੁਤ ਪੈਸੇ ਕਮਾਉਂਦਾ ਸੀ। ਇਸ ਲਈ ਮੈਨੂੰ ਅਕਸਰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਸਨ: ‘ਜੇ ਤੈਨੂੰ ਕੁਝ ਚਾਹੀਦਾ ਹੈ, ਤੈਨੂੰ ਤਾਂ ਬਸ ਆਪਣੇ ਡੈਡੀ ਨੂੰ ਕਹਿਣ ਦੀ ਲੋੜ ਹੈ’ ਜਾਂ ‘ਸੌਰੀ ਅਸੀਂ ਸਾਰੇ ਤੇਰੇ ਵਾਂਗ ਅਮੀਰ ਨਹੀਂ ਤੇ ਤੇਰੇ ਪਰਿਵਾਰ ਵਾਂਗ ਵਧੀਆ-ਵਧੀਆ ਕਾਰਾਂ ਨਹੀਂ ਖ਼ਰੀਦ ਸਕਦੇ।’ ਅਖ਼ੀਰ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਉਹ ਇੱਦਾਂ ਦੀਆਂ ਗੱਲਾਂ ਕਹਿਣੀਆਂ ਬੰਦ ਕਰਨ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਉਨ੍ਹਾਂ ਦੀਆਂ ਗੱਲਾਂ ਤੋਂ ਮੈਨੂੰ ਕਿਉਂ ਠੇਸ ਪਹੁੰਚਦੀ ਸੀ। ਮੈਂ ਇਸ ਤਰ੍ਹਾਂ ਦੇ ਇਨਸਾਨ ਵਜੋਂ ਨਹੀਂ ਜਾਣੀ ਜਾਣਾ ਚਾਹੁੰਦੀ ਸੀ ਜਿਸ ਕੋਲ ਬਹੁਤ ਸਾਰਾ ਪੈਸਾ ਹੈ, ਬਲਕਿ ਇਸ ਤਰ੍ਹਾਂ ਦੇ ਇਨਸਾਨ ਵਜੋਂ ਜਾਣੀ ਜਾਣਾ ਚਾਹੁੰਦੀ ਸੀ ਜੋ ਦੂਜਿਆਂ ਦੇ ਭਲੇ ਲਈ ਕੁਝ ਕਰਦਾ ਹੈ।”
ਬਾਈਬਲ ਕੀ ਕਹਿੰਦੀ ਹੈ
ਬਾਈਬਲ ਨਾ ਤਾਂ ਪੈਸੇ ਦੀ ਨਿੰਦਿਆ ਕਰਦੀ ਹੈ ਤੇ ਨਾ ਹੀ ਉਨ੍ਹਾਂ ਲੋਕਾਂ ਦੀ ਨੁਕਤਾਚੀਨੀ ਕਰਦੀ ਹੈ ਜਿਨ੍ਹਾਂ ਕੋਲ ਬਹੁਤ ਸਾਰਾ ਪੈਸਾ ਹੈ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕਿਸੇ ਕੋਲ ਕਿੰਨਾ ਪੈਸਾ ਹੈ, ਪਰ ਫ਼ਰਕ ਇਸ ਨਾਲ ਪੈਂਦਾ ਹੈ ਕਿ ਉਸ ਕੋਲ ਜੋ ਕੁਝ ਹੈ ਤੇ ਉਹ ਜੋ ਕੁਝ ਪਾਉਣਾ ਚਾਹੁੰਦਾ ਹੈ, ਉਸ ਬਾਰੇ ਉਸ ਦਾ ਰਵੱਈਆ ਕਿਹੋ ਜਿਹਾ ਹੈ। ਪੈਸੇ ਬਾਰੇ ਬਾਈਬਲ ਸਹੀ ਸਲਾਹ ਦਿੰਦੀ ਹੈ ਅਤੇ ਇਹ ਅੱਜ ਵੀ ਉੱਨੀ ਹੀ ਅਸਰਕਾਰੀ ਹੈ ਜਿੰਨੀ ਉਦੋਂ ਸੀ ਜਦੋਂ ਇਹ ਲਿਖੀ ਗਈ ਸੀ। ਕੁਝ ਮਿਸਾਲਾਂ ਵੱਲ ਧਿਆਨ ਦਿਓ।
ਬਾਈਬਲ ਕਹਿੰਦੀ ਹੈ: ‘ਤੂੰ ਧਨ ਇਕੱਠਾ ਕਰਨ ਲਈ ਲੋੜ ਤੋਂ ਅਧਿਕ ਕੋਸ਼ਿਸ਼ ਨਾ ਕਰ।’
ਇਕ ਕਿਤਾਬ ਕਹਿੰਦੀ ਹੈ ਕਿ ਜਿਹੜੇ ਲੋਕ ਸਿਰਫ਼ ਜ਼ਿਆਦਾ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ “ਮਾਨਸਿਕ ਤਣਾਅ ਵਿਚ ਰਹਿੰਦੇ ਹਨ। ਨਾਲੇ ਉਨ੍ਹਾਂ ਨੂੰ ਸਿਹਤ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਵੇਂ ਕਿ ਗਲ਼ਾ ਦੁਖਣਾ, ਕਮਰ ਦਰਦ ਅਤੇ ਸਿਰਦਰਦ। ਇਸ ਤੋਂ ਇਲਾਵਾ, ਉਹ ਸ਼ਾਇਦ ਜ਼ਿਆਦਾ ਸ਼ਰਾਬ ਪੀਣ ਤੇ ਨਸ਼ੇ ਕਰਨ ਲੱਗ ਪੈਣ। ਪੈਸਿਆਂ ਦੇ ਚੱਕਰਾਂ ਵਿਚ ਪੈਣ ਨਾਲ ਲੋਕਾਂ ਦੀ ਜ਼ਿੰਦਗੀ ਵਿਚ ਉਦਾਸੀ ਛਾ ਜਾਂਦੀ ਹੈ।”
ਸੰਤੁਸ਼ਟ ਇਨਸਾਨ ਨੂੰ ਵੀ ਕਦੇ-ਕਦੇ ਪੈਸੇ ਦੀ ਚਿੰਤਾ ਹੋ ਸਕਦੀ ਹੈ। ਪਰ ਉਹ ਪੈਸੇ ਦੀ ਜ਼ਿਆਦਾ ਚਿੰਤਾ ਨਹੀਂ ਕਰਦਾ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਜ਼ਿੰਦਗੀ ਵਿਚ ਕਿਹੜੀ ਚੀਜ਼ ਜ਼ਿਆਦਾ ਅਹਿਮੀਅਤ ਰੱਖਦੀ ਹੈ। ਮਿਸਾਲ ਲਈ, ਇਕ ਸੰਤੁਸ਼ਟ ਇਨਸਾਨ ਆਪਣਾ ਪੈਸਾ ਡੁੱਬਣ ਤੇ ਕੋਈ ਖ਼ਤਰਨਾਕ ਕਦਮ ਨਹੀਂ ਚੁੱਕੇਗਾ। ਇਸ ਦੀ ਬਜਾਇ, ਉਹ ਪੌਲੁਸ ਰਸੂਲ ਵਰਗਾ ਰਵੱਈਆ ਰੱਖਣ ਦੀ ਕੋਸ਼ਿਸ਼ ਕਰੇਗਾ ਜਿਸ ਨੇ ਲਿਖਿਆ: “ਮੈਂ ਥੋੜ੍ਹੇ ਵਿਚ ਵੀ ਤੇ ਬਹੁਤੇ ਵਿਚ ਵੀ ਗੁਜ਼ਾਰਾ ਕਰਨਾ ਜਾਣਦਾ ਹਾਂ। ਜ਼ਿੰਦਗੀ ਵਿਚ ਮੇਰੇ ਹਾਲਾਤ ਚਾਹੇ ਜੋ ਵੀ ਹੋਣ, ਭਾਵੇਂ ਮੇਰੇ ਕੋਲ ਕੁਝ ਖਾਣ ਲਈ ਹੋਵੇ ਜਾਂ ਨਾ ਹੋਵੇ, ਚਾਹੇ ਮੇਰੇ ਕੋਲ ਬਹੁਤ ਕੁਝ ਹੋਵੇ ਜਾਂ ਫਿਰ ਮੈਂ ਤੰਗੀਆਂ ਕੱਟਦਾ ਹੋਵਾਂ, ਮੈਂ ਸੰਤੁਸ਼ਟ ਰਹਿਣ ਦਾ ਰਾਜ਼ ਜਾਣਿਆ ਹੈ।”
ਬਾਈਬਲ ਕਹਿੰਦੀ ਹੈ: “ਜਿਹੜਾ ਆਪਣੇ ਧਨ ਉੱਤੇ ਆਸਰਾ ਰੱਖਦਾ ਹੈ ਉਹ ਡਿੱਗ ਪਵੇਗਾ।”
ਕਈ ਖੋਜਕਾਰ ਕਹਿੰਦੇ ਹਨ ਕਿ ਪੈਸਿਆਂ ਕਰਕੇ ਬਹੁਤ ਸਾਰੇ ਵਿਆਹ ਤਲਾਕ ਦੀ ਨੌਬਤ ਤਕ ਪਹੁੰਚ ਜਾਂਦੇ ਹਨ। ਪੈਸਾ ਆਤਮ-ਹੱਤਿਆ ਦਾ ਵੀ ਕਾਰਨ ਬਣਦਾ ਹੈ। ਕੁਝ ਲੋਕ ਪੈਸੇ ਨੂੰ ਵਿਆਹ ਵੇਲੇ ਖਾਧੀਆਂ ਕਸਮਾਂ ਜਾਂ ਜ਼ਿੰਦਗੀ ਨਾਲੋਂ ਵੀ ਜ਼ਿਆਦਾ ਜ਼ਰੂਰੀ ਸਮਝਦੇ ਹਨ! ਇਸ ਦੇ ਉਲਟ, ਜਿਨ੍ਹਾਂ ਲੋਕਾਂ ਦਾ ਪੈਸੇ ਬਾਰੇ ਸਹੀ ਨਜ਼ਰੀਆ ਹੁੰਦਾ ਹੈ, ਉਹ ਪੈਸੇ ’ਤੇ ਭਰੋਸਾ ਨਹੀਂ ਰੱਖਦੇ। ਇਸ ਦੀ ਬਜਾਇ, ਉਹ ਯਿਸੂ ਦੇ ਇਨ੍ਹਾਂ ਸ਼ਬਦਾਂ ਵਿਚ ਪਾਈ ਜਾਂਦੀ ਬੁੱਧ ਨੂੰ ਸਮਝਦੇ ਹਨ: “ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।”
ਤੁਹਾਡਾ ਪੈਸੇ ਬਾਰੇ ਕੀ ਨਜ਼ਰੀਆ ਹੈ?
ਆਪਣੀ ਜਾਂਚ ਕਰ ਕੇ ਤੁਹਾਨੂੰ ਸ਼ਾਇਦ ਪਤਾ ਲੱਗੇ ਕਿ ਤੁਹਾਨੂੰ ਪੈਸੇ ਬਾਰੇ ਸਹੀ ਨਜ਼ਰੀਆ ਰੱਖਣ ਦੀ ਲੋੜ ਹੈ। ਮਿਸਾਲ ਲਈ, ਆਪਣੇ ਆਪ ਤੋਂ ਇਹ ਸਵਾਲ ਪੁੱਛੋ।
-
ਕੀ ਮੈਂ ਰਾਤੋ-ਰਾਤ ਅਮੀਰ ਬਣਨ ਦੀਆਂ ਸਕੀਮਾਂ ਵੱਲ ਖਿੱਚਿਆ ਜਾਂਦਾ ਹੈ?
-
ਕੀ ਮੈਨੂੰ ਪੈਸੇ ਦੇ ਮਾਮਲੇ ਵਿਚ ਖੁੱਲ੍ਹ-ਦਿਲਾ ਬਣਨਾ ਔਖਾ ਲੱਗਦਾ ਹੈ?
-
ਕੀ ਮੈਂ ਉਨ੍ਹਾਂ ਲੋਕਾਂ ਨੂੰ ਦੋਸਤ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਜੋ ਹਰ ਵੇਲੇ ਪੈਸੇ ਤੇ ਆਪਣੀਆਂ ਚੀਜ਼ਾਂ ਬਾਰੇ ਹੀ ਗੱਲਾਂ ਕਰਦੇ ਰਹਿੰਦੇ ਹਨ?
-
ਕੀ ਮੈਂ ਪੈਸਾ ਕਮਾਉਣ ਲਈ ਝੂਠ ਜਾਂ ਬੇਈਮਾਨੀ ਵਾਲੇ ਕੰਮਾਂ ਦਾ ਸਹਾਰਾ ਲੈਂਦਾ ਹਾਂ?
-
ਕੀ ਪੈਸੇ ਕਰਕੇ ਮੈਂ ਆਪਣੇ ਆਪ ਨੂੰ ਵੱਡਾ ਸਮਝਦਾ ਹਾਂ?
-
ਕੀ ਮੈਂ ਹਰ ਵੇਲੇ ਪੈਸੇ ਬਾਰੇ ਹੀ ਸੋਚਦਾ ਰਹਿੰਦਾ ਹਾਂ?
-
ਕੀ ਪੈਸੇ ਬਾਰੇ ਮੇਰੇ ਰਵੱਈਏ ਕਰਕੇ ਮੇਰੀ ਸਿਹਤ ਅਤੇ ਪਰਿਵਾਰਕ ਜ਼ਿੰਦਗੀ ’ਤੇ ਮਾੜਾ ਅਸਰ ਪੈਂਦਾ ਹੈ?
ਦੂਜਿਆਂ ਨੂੰ ਦੇਣ ਦੁਆਰਾ ਖੁੱਲ੍ਹ-ਦਿਲੇ ਬਣੋ
ਜੇ ਇਨ੍ਹਾਂ ਵਿੱਚੋਂ ਕਿਸੇ ਵੀ ਸਵਾਲ ਦਾ ਜਵਾਬ ਹਾਂ ਹੈ, ਤਾਂ ਆਪਣੇ ਦਿਮਾਗ਼ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦੇ ਖ਼ਿਆਲ ਕੱਢਣ ਅਤੇ ਲਾਲਚ ਤੋਂ ਬਚਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨ ਤੋਂ ਬਚੋ ਜੋ ਪੈਸੇ ਅਤੇ ਚੀਜ਼ਾਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦੇ ਹਨ। ਇਸ ਦੀ ਬਜਾਇ, ਉਨ੍ਹਾਂ ਲੋਕਾਂ ਨਾਲ ਮਿਲੋ-ਗਿਲੋ ਜੋ ਚੀਜ਼ਾਂ ਨਾਲੋਂ ਜ਼ਿਆਦਾ ਅਹਿਮੀਅਤ ਉੱਚੇ-ਸੁੱਚੇ ਨੈਤਿਕ ਅਸੂਲਾਂ ਨੂੰ ਦਿੰਦੇ ਹਨ।
ਕਦੇ ਵੀ ਪੈਸੇ ਨਾਲ ਪਿਆਰ ਨੂੰ ਆਪਣੇ ਦਿਲ ਵਿਚ ਜੜ੍ਹ ਨਾ ਫੜਨ ਦਿਓ। ਪੈਸੇ ਬਾਰੇ ਸਹੀ ਨਜ਼ਰੀਆ ਰੱਖੋ ਤੇ ਹਮੇਸ਼ਾ ਆਪਣੇ ਦੋਸਤਾਂ, ਪਰਿਵਾਰ ਅਤੇ ਸਿਹਤ ਦਾ ਖ਼ਿਆਲ ਰੱਖੋ। ਇਸ ਤਰ੍ਹਾਂ ਤੁਸੀਂ ਦਿਖਾਓਗੇ ਕਿ ਪੈਸੇ ਬਾਰੇ ਤੁਹਾਡਾ ਨਜ਼ਰੀਆ ਸਹੀ ਹੈ। (g15-E 09)
^ ਪੈਰਾ 7 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।