ਮਲੇਰੀਏ ਬਾਰੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ
ਵਿਸ਼ਵ ਸਿਹਤ ਸੰਗਠਨ ਨੇ ਅੰਦਾਜ਼ਾ ਲਾਇਆ ਹੈ ਕਿ 2013 ਵਿਚ 19,80,00,000 ਤੋਂ ਜ਼ਿਆਦਾ ਲੋਕ ਮਲੇਰੀਏ ਤੋਂ ਪੀੜਿਤ ਸਨ ਅਤੇ ਇਸ ਦੇ ਕਾਰਨ 5,84,000 ਜਾਨਾਂ ਚਲੀਆਂ ਗਈਆਂ। ਮਰਨ ਵਾਲਿਆਂ ਵਿਚ ਲਗਭਗ 83% ਬੱਚੇ ਸ਼ਾਮਲ ਸਨ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਸੀ। ਇਸ ਬੀਮਾਰੀ ਨੇ ਦੁਨੀਆਂ ਭਰ ਵਿਚ ਤਕਰੀਬਨ 100 ਦੇਸ਼ਾਂ ਅਤੇ ਇਲਾਕਿਆਂ ਵਿਚ ਕਹਿਰ ਢਾਹਿਆ ਜਿਸ ਕਾਰਨ ਲਗਭਗ 3 ਅਰਬ 20 ਕਰੋੜ ਲੋਕਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ।
1 ਮਲੇਰੀਆ ਕੀ ਹੈ?
ਮਲੇਰੀਆ ਸੂਖਮ ਜੀਵਾਂ ਤੋਂ ਫੈਲਣ ਵਾਲੀ ਬੀਮਾਰੀ ਹੈ। ਇਸ ਦੇ ਲੱਛਣ ਹਨ: ਬੁਖ਼ਾਰ, ਕਾਂਬਾ ਛਿੜਨਾ, ਪਸੀਨਾ ਆਉਣਾ, ਸਿਰਦਰਦ, ਸਰੀਰ ਟੁੱਟਣਾ, ਦਿਲ ਕੱਚਾ ਹੋਣਾ ਤੇ ਉਲਟੀ ਆਉਣੀ। ਕਦੇ-ਕਦੇ ਇਹ ਲੱਛਣ 48 ਤੋਂ 72 ਘੰਟਿਆਂ ਦੇ ਅੰਦਰ-ਅੰਦਰ ਦੁਬਾਰਾ ਦਿਖਾਈ ਦਿੰਦੇ ਹਨ ਜੋ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕਿਸ ਤਰ੍ਹਾਂ ਦੇ ਸੂਖਮ ਜੀਵਾਂ ਦੇ ਰਾਹੀਂ ਮਲੇਰੀਆ ਹੋਇਆ ਹੈ ਤੇ ਵਿਅਕਤੀ ਨੂੰ ਕਿੰਨੀ ਦੇਰ ਤੋਂ ਇਹ ਬੀਮਾਰੀ ਹੈ।
2 ਮਲੇਰੀਆ ਕਿਵੇਂ ਫੈਲਦਾ ਹੈ?
-
ਮਲੇਰੀਆ ਪ੍ਰੋਟੋਜੋਆ ਸੂਖਮ ਜੀਵਾਂ ਤੋਂ ਫੈਲਦਾ ਹੈ ਜਿਨ੍ਹਾਂ ਨੂੰ ਪਲਾਜ਼ਮੋਡੀਆ ਕਿਹਾ ਜਾਂਦਾ ਹੈ। ਇਹ ਜੀਵ ਐਨੋਫਲੀਜ਼ ਨਾਂ ਦੀ ਮਾਦਾ ਮੱਛਰ ਦੇ ਕੱਟਣ ਨਾਲ ਮਨੁੱਖ ਦੇ ਸਰੀਰ ਅੰਦਰ ਦਾਖ਼ਲ ਹੋ ਜਾਂਦੇ ਹਨ।
-
ਇਹ ਜੀਵ ਵਿਅਕਤੀ ਦੇ ਜਿਗਰ ਦੇ ਸੈੱਲਾਂ ਵਿਚ ਚਲਾ ਜਾਂਦਾ ਹੈ ਜਿੱਥੇ ਇਹ ਜੀਵ ਵਧਦੇ-ਫੁੱਲਦੇ ਹਨ।
-
ਜਦੋਂ ਜਿਗਰ ਦਾ ਸੈੱਲ ਟੁੱਟਦਾ ਹੈ, ਤਾਂ ਇਹ ਜੀਵ ਸੈੱਲ ਵਿੱਚੋਂ ਨਿਕਲਦੇ ਹਨ ਅਤੇ ਫਿਰ ਵਿਅਕਤੀ ਦੇ ਲਾਲ ਸੈੱਲਾਂ ਵਿਚ ਚਲੇ ਜਾਂਦੇ ਹਨ। ਉੱਥੇ ਵੀ ਇਹ ਜੀਵ ਵਧਦੇ-ਫੁੱਲਦੇ ਰਹਿੰਦੇ ਹਨ।
-
ਜਦੋਂ ਲਾਲ ਸੈੱਲ ਟੁੱਟਦਾ ਹੈ, ਤਾਂ ਇਸ ਵਿੱਚੋਂ ਸੂਖਮ ਜੀਵ ਨਿਕਲ ਆਉਂਦੇ ਹਨ ਅਤੇ ਇਹ ਹੋਰ ਲਾਲ ਸੈੱਲਾਂ ’ਤੇ ਹਮਲਾ ਕਰਦੇ ਹਨ।
-
ਲਾਲ ਸੈੱਲਾਂ ’ਤੇ ਹਮਲਾ ਅਤੇ ਇਨ੍ਹਾਂ ਦਾ ਟੁੱਟਣਾ ਚੱਲਦਾ ਰਹਿੰਦਾ ਹੈ। ਹਰ ਵਾਰ ਲਾਲ ਸੈੱਲ ਟੁੱਟਣ ਤੇ ਪੀੜਿਤ ਵਿਅਕਤੀ ਮਲੇਰੀਏ ਦੇ ਲੱਛਣ ਦਿਖਾਉਂਦਾ ਹੈ।
3 ਤੁਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ?
ਜੇ ਤੁਸੀਂ ਉਸ ਜਗ੍ਹਾ ਰਹਿੰਦੇ ਹੋ ਜਿੱਥੇ ਦੇ ਲੋਕਾਂ ਨੂੰ ਮਲੇਰੀਆ ਹੁੰਦਾ ਹੈ, ਤਾਂ . . .
-
ਮੱਛਰਦਾਨੀ ਵਰਤੋ ਤੇ ਇਸ ਦੇ ਨਾਲ-ਨਾਲ
-
ਮੱਛਰਦਾਨੀ ਉੱਤੇ ਮੱਛਰ ਮਾਰਨ ਵਾਲੀ ਦਵਾਈ ਛਿੜਕੋ।
-
ਮੱਛਰਦਾਨੀ ਵਿਚ ਕੋਈ ਛੇਕ ਨਹੀਂ ਹੋਣਾ ਚਾਹੀਦਾ ਜਾਂ ਇਹ ਫਟੀ ਹੋਈ ਨਹੀਂ ਹੋਣੀ ਚਾਹੀਦੀ।
-
ਮੱਛਰਦਾਨੀ ਨੂੰ ਗੱਦੇ ਦੇ ਥੱਲੇ ਪੂਰੀ ਤਰ੍ਹਾਂ ਫਸਾ ਦਿਓ
-
-
ਘਰ ਦੇ ਅੰਦਰ ਸਪਰੇਅ ਕਰੋ।
-
ਜੇ ਸੰਭਵ ਹੈ, ਤਾਂ ਦਰਵਾਜ਼ੇ ਖਿੜਕੀਆਂ ’ਤੇ ਜਾਲ਼ੀ ਲਾਓ ਅਤੇ ਏ. ਸੀ. ਤੇ ਪੱਖੇ ਵਰਤੋ ਜਿਸ ਕਾਰਨ ਮੱਛਰ ਇਕੱਠੇ ਨਹੀਂ ਹੋਣਗੇ।
-
ਹਲਕੇ ਰੰਗ ਦੇ ਕੱਪੜੇ ਪਹਿਨੋ ਜੋ ਤੁਹਾਡੇ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ।
-
ਜੇ ਸੰਭਵ ਹੈ, ਤਾਂ ਝਾੜੀਆਂ ਵਾਲੇ ਇਲਾਕਿਆਂ ਵਿਚ ਨਾ ਜਾਓ ਜਿੱਥੇ ਮੱਛਰ ਇਕੱਠੇ ਹੁੰਦੇ ਹਨ ਤੇ ਖੜ੍ਹੇ ਪਾਣੀ ਤੋਂ ਦੂਰ ਰਹੋ ਜਿੱਥੇ ਮੱਛਰ ਆਂਡੇ ਦਿੰਦੇ ਹਨ।
-
ਜੇ ਤੁਹਾਨੂੰ ਮਲੇਰੀਆ ਹੈ, ਤਾਂ ਫ਼ੌਰਨ ਇਲਾਜ ਕਰਾਓ।
ਜੇ ਤੁਸੀਂ ਅਜਿਹੀ ਜਗ੍ਹਾ ਜਾਣ ਬਾਰੇ ਸੋਚ ਰਹੇ ਹੋ ਜਿੱਥੇ ਮਲੇਰੀਏ ਦੀ ਬੀਮਾਰੀ ਹੈ, ਤਾਂ . . .
-
ਜਾਣ ਤੋਂ ਪਹਿਲਾਂ ਨਵੀਂ ਜਾਣਕਾਰੀ ਲਓ। ਇਕ ਜਗ੍ਹਾ ਮਲੇਰੀਆ ਫੈਲਾਉਣ ਵਾਲਾ ਸੂਖਮ ਜੀਵ ਸ਼ਾਇਦ ਹੋਰ ਥਾਂ ਮਲੇਰੀਆ ਫੈਲਾਉਣ ਵਾਲੇ ਜੀਵ ਤੋਂ ਵੱਖਰਾ ਹੋਵੇ। ਇਸ ਲਈ ਇਹ ਜਗ੍ਹਾ ’ਤੇ ਨਿਰਭਰ ਕਰਦਾ ਹੈ ਕਿ ਉੱਥੇ ਕਿਹੜੀ ਦਵਾਈ ਜ਼ਿਆਦਾ ਅਸਰਕਾਰੀ ਹੈ। ਨਾਲੇ ਆਪਣੇ ਡਾਕਟਰ ਨੂੰ ਇਹ ਵੀ ਦੱਸਣਾ ਅਕਲਮੰਦੀ ਹੋਵੇਗੀ ਕਿ ਤੁਹਾਨੂੰ ਆਪਣੀ ਸਿਹਤ ਸੰਬੰਧੀ ਕਿਹੜੀਆਂ ਚੀਜ਼ਾਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ।
-
ਉੱਥੇ ਹੁੰਦੇ ਸਮੇਂ ਇਸ ਲੇਖ ਵਿਚ ਦਿੱਤੀਆਂ ਹਿਦਾਇਤਾਂ ਨੂੰ ਮੰਨੋ ਜੋ ਉਸ ਇਲਾਕੇ ਦੇ ਲੋਕਾਂ ਲਈ ਹਨ ਜਿੱਥੇ ਮਲੇਰੀਆ ਹੈ।
-
ਜੇ ਤੁਹਾਨੂੰ ਮਲੇਰੀਆ ਹੈ, ਤਾਂ ਫ਼ੌਰਨ ਇਲਾਜ ਕਰਾਓ। ਧਿਆਨ ਰੱਖੋ ਕਿ ਲੱਛਣ ਇਨਫ਼ੈਕਸ਼ਨ ਹੋਣ ਤੋਂ ਬਾਅਦ ਇਕ ਤੋਂ ਚਾਰ ਹਫ਼ਤਿਆਂ ਦੇ ਅੰਦਰ-ਅੰਦਰ ਦਿਖਾਈ ਦੇ ਸਕਦੇ ਹਨ।